image caption: -ਰਜਿੰਦਰ ਸਿੰਘ ਪੁਰੇਵਾਲ

ਖਤਰਨਾਕ ਅਪਰਾਧੀ ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਕਿਉਂ ਮਿਲ ਰਹੀ ਏ, ਜਦ ਕਿ ਸਜ਼ਾ ਭੁਗਤਣ ਦੇ ਬਾਵਜੂਦ ਬੰਦੀ ਸਿਖਾਂ ਦੀ ਰਿਹਾਈ ਕਿਉਂ ਨਹੀਂ?

ਖਤਰਨਾਕ ਅਪਰਾਧੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੀਤੇ ਹਫਤੇ ਸਿਆਸੀ ਪ੍ਰਭਾਵ ਅਧੀਨ ਮੁੜ ਜੇਲ੍ਹ ਤੋਂ ਬਾਹਰ ਆ ਗਿਆ ਹੈ| ਡੇਰਾ ਮੁਖੀ ਨੂੰ ਬੀਤੇ ਦਿਨ ਹੀ 40 ਦਿਨਾਂ ਲਈ ਪੈਰੋਲ ਮਿਲੀ ਸੀ| ਉਹ ਪਿਛਲੇ 54 ਦਿਨਾਂ ਵਿਚ ਦੂਜੀ ਵਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ  ਬਾਹਰ ਆਇਆ ਹੈ| ਇਸ ਸਮੇਂ ਉਹ ਯੂ.ਪੀ. ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਠਹਿਰਿਆ ਹੋਇਆ ਹੈ| ਯਾਦ ਰਹੇ ਕਿ 2019-20: ਸੌਦਾ ਸਾਧ ਦੀਆਂ 6 ਪੈਰੋਲ ਅਰਜ਼ੀਆਂ ਰੱਦ ਕੀਤੀਆ ਗਈਆਂ ਸਨ| 2020: ਗੁੜਗਾਓਂ ਦੇ ਇੱਕ ਹਸਪਤਾਲ ਵਿੱਚ ਦਾਖਲ ਉਸਦੀ ਬੀਮਾਰ ਮਾਂ ਨੂੰ ਮਿਲਣ ਲਈ 24 ਅਕਤੂਬਰ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ| 2021: ਉਸਦੀ ਬੀਮਾਰ ਮਾਂ ਨੂੰ ਮਿਲਣ ਲਈ 21 ਮਈ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ| ਸਾਲ 2022 ਵਿਚ ਤਿੰਨ ਵਾਰ ਪੈਰੋਲ ਮਿਲੀ ਸੀ ਅਤੇ ਉਹ 91 ਦਿਨਾਂ ਲਈ ਜੇਲ੍ਹ ਤੋਂ ਬਾਹਰ ਰਿਹਾ ਸੀ| ਫਰਵਰੀ ਵਿੱਚ 21 ਦਿਨ (ਪੰਜਾਬ ਵਿਧਾਨ ਸਭਾ ਚੋਣਾਂ), ਜੂਨ ਵਿੱਚ 30 ਦਿਨ (ਹਰਿਆਣਾ ਮਿਉਂਸਪਲ ਚੋਣਾਂ) ਅਤੇ ਅਕਤੂਬਰ ਵਿੱਚ 40 ਦਿਨ (ਆਦਮਪੁਰ, ਹਰਿਆਣਾ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ) ਪੈਰੋਲ ਮਿਲੀ ਸੀ|
2023: 21 ਜਨਵਰੀ ਤੋਂ 40 ਦਿਨਾਂ ਦੀ ਪੈਰੋਲ ਸ਼ੁਰੂ ਹੋਈ ਹੈ| ਉਹ 25 ਜਨਵਰੀ ਨੂੰ ਸਾਬਕਾ ਡੇਰਾ ਮੁਖੀ ਦੀ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਿਰਸਾ ਜਾਵੇਗਾ| ਇਸ ਦੌਰਾਨ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਸਰਕਾਰ ਸਿਆਸੀ ਲਾਭ ਲੈਣ ਲਈ ਵਾਰ-ਵਾਰ ਸੌਦੇ ਸਾਧ ਨੂੰ ਪੈਰੋਲ ਦੇਕੇ ਡੇਰੇ ਅੱਗੇ ਝੁਕ ਰਹੀ ਹੈ| ਸਰਕਾਰੀ ਤੰਤਰ ਉਸ ਦੇ ਸਾਹਮਣੇ ਦੱਬਿਆ ਹੋਇਆ ਹੈ| ਉਸਦੇ ਕਾਰਣ ਜਾਂਚ ਅਤੇ ਮੁਕੱਦਮੇ ਪ੍ਰਭਾਵਿਤ ਹੋ ਰਹੇ ਹਨ| ਨਿਆਂਪਾਲਿਕਾ ਉਸਨੂੰ 4 ਮਾਮਲਿਆਂ ਵਿਚ ਸਜ਼ਾ ਚੁਕੀ ਹੈ, ਉਹ ਖਤਰਨਾਕ ਵਹਿਸ਼ੀ  ਅਪਰਾਧੀ ਹੈ| ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ| ਦੂਜੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਕਹਿਣਾ ਹੈ ਕਿ ਪੈਰੋਲ ਨਿਯਮਾਂ ਅਨੁਸਾਰ ਦਿੱਤੀ ਗਈ ਹੈ| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਖੋ ਵਖ ਬਿਆਨਾਂ ਰਾਹੀਂ ਡੇਰਾ ਮੁਖੀ ਨੂੰ ਇਕ ਵਾਰ ਮੁੜ ਪੈਰੋਲ ਦੇਣ ਦੀ ਨਿਖੇਧੀ ਕੀਤੀ ਹੈ| ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਜਦਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਵੀ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ|
ਸ਼੍ਰੋਮਣੀ  ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਸੌਦਾ ਸਾਧ ਨੂੰ ਪ੍ਰੋਡੰਕਸ਼ਨ ਵਰੰਟ ਤੇ ਪੰਜਾਬ ਲਿਆਂਦਾ ਜਾਵੇ| ਉਨ੍ਹਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸੱਤਾ ਵਿਚ ਆਉਣ &rsquoਤੇ ਬੇਅਦਬੀ ਦੇ ਮਾਮਲੇ ਨੂੰ 24 ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਵੀ ਕੀਤਾ ਸੀ|
ਅਸਲ ਗਲ ਇਹ ਹੈ ਕਿ ਕੇਂਦਰ ਸਰਕਾਰ ਸੌਦਾ ਸਾਧ ਨੂੰ ਆਪਣੇ ਵੋਟ ਬੈਂਕ ਲਈ ਵਰਤ ਕੇ ਖਤਰਨਾਕ ਅਪਰਾਧੀ ਸੌਦਾ ਸਾਧ ਦੀ ਪੁਸ਼ਤ ਪਨਾਹੀ ਕਰ ਰਹੀ ਹੈ| ਜੇਕਰ ਕਤਲ ਅਤੇ ਜਬਰ-ਜਨਾਹ ਵਰਗੇ ਸੰਗੀਨ ਮਾਮਲਿਆਂ ਦੇ ਦੋਸ਼ੀ ਪੈਰੋਲ ਤੇ ਛੱਡੇ ਜਾ ਸਕਦੇ ਹਨ ਤਾਂ ਕੌਮੀ ਹੱਕਾਂ ਅਤੇ ਹਿੱਤਾਂ ਲਈ ਸੰਘਰਸ਼ ਕਰਨ ਵਾਲੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਿੱਚ ਪ੍ਰਧਾਨ ਮੰਤਰੀ ਦੀ ਕੀ ਮੁਸ਼ਕਲ ਹੈ? ਮੋਦੀ ਸਰਕਾਰ ਦੀ ਇਹ ਦੋਗਲੀ ਨੀਤੀ ਸਿੱਖਾਂ ਵਿੱਚ ਬੇਵਿਸਾਹੀ ਪੈਦਾ ਕਰ ਰਹੀ ਹੈ| ਬੰਦੀ ਸਿੰਘਾਂ ਨੂੰ ਤਿੰਨ-ਤਿੰਨ ਦਹਾਕੇ ਦੀਆਂ ਸਜ਼ਾਵਾਂ ਮਗਰੋਂ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ ਪਰ ਡੇਰਾ ਮੁਖੀ ਨੂੰ ਸਾਲ ਵਿੱਚ ਚੌਥੀ ਵਾਰ ਪੈਰੋਲ ਦਿੱਤੀ ਗਈ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ  ਕਿ ਉਹ ਸਿਖ ਪੰਥ ਪ੍ਰਤੀ ਪੱਖਪਾਤੀ ਰਵੱਈਆ ਨਾ ਅਪਣਾਉਣ ਅਤੇ ਸਿਖ ਹਕਾਂ ਤੇ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਉਣ|
-ਰਜਿੰਦਰ ਸਿੰਘ ਪੁਰੇਵਾਲ