image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਯੂ ਕੇ ਵੱਲੋਂ 29 ਜਨਵਰੀ, 2023 ਦਿਨ ਐਤਵਾਰ ਨੂੰ ਸ਼੍ਰੀ ਐੱਚ ਐੱਲ ਬਰਾਡਸ਼ਾਹ ਦੀ ਸਿੱਖ ਧਰਮ ਬਾਰੇ ਕੀਤੀ ਵਿਆਖਿਆ ਦੇ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਵਿੱਚ ਜਥੇ: ਮਹਿੰਦਰ ਸਿੰਘ ਵੱਲੋਂ ਪੜ੍ਹਿਆ ਗਿਆ ਪਰਚਾ ਹੇਠ ਲਿਖੇ ਅਨੁਸਾਰ ਹੈ

 ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਯੂ।ਕੇ। ਵੱਲੋਂ 29 ਜਨਵਰੀ, 2023 ਦਿਨ ਐਤਵਾਰ ਨੂੰ ਸ਼੍ਰੀ ਐੱਚ।ਐੱਲ। ਬਰਾਡਸ਼ਾਹ ਦੀ ਸਿੱਖ ਧਰਮ ਬਾਰੇ ਕੀਤੀ ਵਿਆਖਿਆ ਕਿ ਸਿੱਖ ਧਰਮ ਸਾਰੀ ਮਨੁੱਖਤਾ ਦਾ ਧਰਮ ਹੈ ਦੇ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਵਿੱਚ ਜਥੇਦਾਰ ਮਹਿੰਦਰ ਸਿੰਘ ਵੱਲੋਂ ਪੜ੍ਹਿਆ ਗਿਆ ਪਰਚਾ ਹੇਠ ਲਿਖੇ ਅਨੁਸਾਰ ਹੈ । ਵਰਤਮਾਨ ਸਮੇਂ ਵਿੱਚ ਸਾਇੰਸ ਦੀ ਤਰੱਕੀ ਕਾਰਨ ਝੂਠ, ਪਖੰਡ, ਅੰਧਵਿਸ਼ਵਾਸ਼ ਅਤੇ ਮਿੱਥਹਾਸਕ ਕਥਾ ਕਹਾਣੀਆਂ ਵਾਲੇ ਧਰਮਾਂ ਦੀ ਸਥਿਤੀ ਡਾਵਾਂਡੋਲ ਹੁੰਦੀ ਜਾ ਰਹੀ ਹੈ । ਸਾਇੰਸ ਨੇ ਅਨੇਕ ਧਾਰਮਿਕ ਗ੍ਰੰਥਾਂ ਵਿੱਚਲੀਆਂ ਮਨੌਤਾਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ । ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਅਨੇਕ ਸੱਚਾਈਆਂ ਸਾਇੰਸ ਹੁਣ ਦੱਸ ਰਹੀ ਹੈ । ਇਸ ਦੇ ਉਲਟ ਜਿਉਂ ਜਿਉਂ ਵਿਗਿਆਨ ਤਰੱਕੀ ਕਰ ਰਿਹਾ ਹੈ, ਦੁਨੀਆਂ ਦੇ ਲੋਕਾਂ ਦਾ ਵਿਸ਼ਵਾਸ਼ ਸਿੱਖ ਧਰਮ ਦੀ ਵਿਚਾਰਧਾਰਾ ਤੇ ਹੋਰ ਪੱਕਾ ਹੁੰਦਾ ਜਾ ਰਿਹਾ ਹੈ ਕਿਉਂਕਿ ਸਿੱਖ ਧਰਮ ਇਕ ਵਿਗਿਆਨਕ ਧਰਮ ਹੈ । ਸ਼੍ਰੀ ਐੱਚ।ਐੱਲ। ਬਰਾਡਸ਼ਾਹ ਸਿੱਖ ਧਰਮ ਬਾਰੇ ਲਿਖਦਿਆਂ ਹੋਇਆਂ ਕਹਿੰਦੇ ਹਨ : ਸਿੱਖ ਧਰਮ ਸਾਇੰਸ ਦੀ ਕਸਵੱਟੀ ਤੇ ਵੀ ਪੂਰਾ ਉਤਰਦਾ ਹੈ, ਇਸ ਲਈ ਭਵਿੱਖ ਦੇ ਮਨੁੱਖ ਲਈ ਸਿੱਖ ਧਰਮ ਹੀ ਆਖਰੀ ਆਸ ਤੇ ਸਹਾਰਾ ਹੋਵੇਗਾ । ਅੱਜ ਸਿੱਖ ਕੌਮ ਲਈ ਵਿਚਾਰਨ ਯੋਗ ਤੱਥ ਇਹ ਹੈ ਕਿ ਜਿਥੇ ਸਿੱਖ ਧਰਮ ਸਾਰੀ ਮਨੁੱਖਤਾ ਦਾ ਧਰਮ ਹੈ ਉਥੇ ਸੰਸਾਰ ਦੇ ਬਾਕੀ ਧਰਮਾਂ ਤੋਂ ਨਿਆਰਾ, ਵਿਲੱਖਣ, ਸੁਤੰਤਰ ਤੇ ਸੰਪੂਰਨ ਧਰਮ ਵੀ ਹੈ । ਸਿੱਖ ਧਰਮ ਦੇ ਬਾਨੀ ਸਤਿਗੁਰੂ ਨਾਨਕ ਦੀ ਸਿੱਖੀ ਅਤੇ ਉਨ੍ਹਾਂ ਵੱਲੋਂ ਜਗਤ ਵਿੱਚ ਸਿੱਕਾ ਮਾਰ ਕੇ ਚਲਾਇਆ ਪੰਥ (ਮਾਰਿਆ ਸਿੱਕਾ ਜਗਤ ਵਿਚਿ ਨਾਨਕ ਨਿਰਮਲ ਪੰਥ ਚਲਾਇਆ) ਸਿੱਖ ਧਰਮ ਦੇ ਅਨਿਖੜਵੇਂ ਅੰਗ ਹਨ । ਇਨ੍ਹਾਂ ਦਾ ਵਿਸਥਾਰ ਅੱਗੇ ਚੱਲ ਕੇ ਕਰਾਂਗੇ । ਕਿਉਂਕਿ ਸਤਿਗੁਰੂ ਨਾਨਕ ਨੇ ਧਰਮ ਤੇ ਪੰਥ ਦੋਵੇਂ ਹੀ ਚਲਾਏ, ਅਰਥਾਤ ਧ੍ਰਮ ਪੰਥ ਧਰਿE ਧਰਨੀਧਰ ਆਪ ਰਹੇ ਲਿਵ ਧਾਰਿ ਨ ਧਾਵਤਾ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1404) ਇਸ ਪਰਚੇ ਵਿੱਚ ਅੱਗੇ ਚੱਲ ਕੇ ਦਾਸ ਨੇ ਸੰਖੇਪ ਰੂਪ ਵਿੱਚ ਗੁਰ ਇਤਿਹਾਸ ਦਾ ਵੀ ਵਰਨਣ ਕੀਤਾ ਹੈ ਕਿਉਂਕਿ ਗੁਰਬਾਣੀ ਅਤੇ ਗੁਰ ਇਤਿਹਾਸ ਦੋਨੋਂ ਹੀ ਧੁਰ ਦਰਗਾਹੋਂ ਅਵਤਰੇ ਹਨ, ਹਰਿੰਦਰ ਸਿੰਘ ਮਹਿਬੂਬ ਸਿੱਖ ਧਰਮ ਨੂੰ ਸੰਸਾਰ ਦੇ ਬਾਕੀ ਧਰਮਾਂ ਨਾਲੋਂ ਵਿਖਰਾਉਂਦਿਆਂ ਹੋਇਆਂ ਲਿਖਦੇ ਹਨ : ਗੁਰੂ ਨਾਨਕ ਦੇ ਰੱਬ-ਸਾਂਝੇ ਦਾ ਸੰਕਲਪ ਬਾਕੀ ਦੇ ਸਭ ਧਰਮਾਂ ਨਾਲੋਂ ਅਲੱਗ ਤੇ ਨਿਆਰਾ ਹੈ । ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਇਕ ਹੈ ਅਤੇ ਉਸ ਦੇ ਅਹਿਸਾਸ ਨੂੰ ਕਿਸੇ ਹੋਰ ਵਸਤੂ ਦਾ ਅਹਿਸਾਸ ਨਹੀਂ ਬਣਾਇਆ ਜਾ ਸਕਦਾ । ਰੱਬ ਦਾ ਅਹਿਸਾਸ ਕੇਵਲ ਰੱਬ ਦਾ ਅਹਿਸਾਸ ਹੀ ਹੈ, ਅਤੇ ਕਿਸੇ ਹਾਲਤ ਵਿੱਚ ਵੀ ਉਸ ਨੂੰ ਕਿਸੇ ਬੁੱਤ ਵਿੱਚ ਨਹੀਂ ਪਲਟਾਇਆ ਜਾ ਸਕਦਾ, ਉਹ ਇਕ ਹੈ ਇਸ ਕਰਕੇ ਖਿਆਲ ਦੇ ਕਿਸੇ ਵੀ ਅੱਖਰ ਵਿੱਚ ਪਲਟ ਕੇ ਦੋ ਨਹੀਂ ਬਣ ਸਕਦਾ । ਇਸੇ ਅਹਿਸਾਸ ਵਿੱਚੋਂ ਖ਼ਾਲਸਾ ਜੀ ਦੇ ਨਿਆਰਾ ਰਹਿਣ ਦਾ ਬੀਜ ਪੁੰਗਰਿਆ । ਸੋ ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਹੋਰਨਾਂ ਮਜ਼੍ਹਬਾਂ ਦੇ ਰੱਬਾਂ ਨਾਲੋਂ ਇਨ੍ਹਾਂ ਅਹਿਮ ਅਰਥਾਂ ਵਿੱਚ ਵੱਖਰਾ ਤੇ ਬੇਨਜ਼ੀਰ ਹੈ ਇਹ ਮੋਮਨ ਤੇ ਕਾਫ਼ਿਰ ਵਿੱਚਕਾਰ ਨਫਰਤ ਦੀ ਲਕੀਰ ਨਹੀਂ ਖਿੱਚਦਾ ਅਤੇ ਨਾ ਹੀ ਮਾਨਵਤਾ ਨੂੰ ਵਰਣਾਂ ਦੇ ਉੱਚੇ ਤੇ ਨੀਵੇਂ ਖਾਨਿਆਂ ਵਿੱਚ ਵੰਡਦਾ ਹੈ । ਆਮ ਹੀ ਇਉਂ ਸੋਚ ਤੇ ਮੰਨ ਲਿਆ ਜਾਂਦਾ ਹੈ ਕਿ ਸਾਰੇ ਹੀ ਧਰਮ ਮਨੁੱਖੀ ਬਰਾਬਰੀ ਦਾ ਸੰਦੇਸ਼ ਦਿੰਦੇ ਹਨ, ਪਰ ਦੁਨੀਆਂ ਦੇ ਧਰਮਾਂ ਤੇ ਗਿਆਨ ਪ੍ਰਬੰਧਾਂ ਅੰਦਰ ਮਨੱੁਖੀ ਬਰਾਬਰੀ ਦਾ ਸੰਕਲਪ ਬਹੁਤ ਹੀ ਅਲੱਗ ਅਲੱਗ ਹੈ । ਸਿੱਖ ਧਰਮ ਤੋਂ ਬਿਨਾਂ ਬਾਕੀ ਦੇ ਸਾਰੇ ਧਰਮਾਂ ਤੇ ਗਿਆਨ ਪ੍ਰਬੰਧਾਂ ਅੰਦਰ ਮਨੁੱਖੀ ਬਰਾਬਰੀ ਦਾ ਜੋ ਸੰਕਲਪ ਹੈ, ਉਹ ਕਿਸੇ ਨਾ ਕਿਸੇ ਪੱਖ ਤੋਂ ਅਪੂਰਨ ਅਥਵਾ ਊਣਾ ਹੈ । ਕਿਤੇ ਇਹ ਧਰਮਾਂ ਦੀਆਂ ਤੰਗ ਵਲਗਣਾਂ ਵਿੱਚ ਵਲਿਆ ਹੋਇਆ ਹੈ ਅਤੇ ਕਿਤੇ ਇਸ ਨੂੰ ਵਰਣਾਂ ਦੇ ਵੱਖਰੇਵਿਆਂ ਤੇ ਵਿਤਕਰਿਆਂ ਦਾ ਅਘਾਤ ਲੱਗਾ ਹੋਇਆ ਹੈ । ਅਤੇ ਕਿਤੇ ਇਸ ਨੂੰ ਰੰਗ ਅਤੇ ਨਸਲ ਦੀ ਨਿੰਦ-ਵਿਚਾਰ ਦਾ ਗ੍ਰਹਿਣ ਲੱਗਾ ਹੋਇਆ ਹੈ ਅਤੇ ਕਿਤੇ ਇਸ ਵਿੱਚ ਲਿੰਗ ਵਿਤਕਰੇ ਦੀ ਟੇਢ ਹੈ, ਭਾਵ ਇਸਤਰੀ ਨੂੰ ਪੁਰਸ਼ ਤੋਂ ਨੀਵਾਂ ਦਰਜਾ ਦਿੱਤਾ ਜਾਂਦਾ ਹੈ ਅਤੇ ਕਿਤੇ ਇਸ ਨੂੰ ਕੁਲੀਨੀ ਸੋਚ (ਟਿਣਥਣਸ਼ਥ) ਤੇ ਕਾਨੂੰਨੀ ਦ੍ਰਿਸ਼ਟੀ ਦੀ ਬੱਜ ਪਈ ਹੋਈ ਹੈ । ਹਰ ਗੈਰ-ਸਿੱਖ ਧਰਮ ਕਿਸੇ ਨਾ ਕਿਸੇ ਪੱਖੋਂ ਅਧੂਰਾ ਹੈ । ਇਸ ਦੇ ਟਾਕਰੇ ਵਿੱਚ ਗੁਰੂ ਨਾਨਕ ਸਾਹਿਬ ਦੀ ਇਕ Eਅੰਕਾਰ ਦੀ ਵਿਚਾਰਧਾਰਾ ਵਿੱਚੋਂ ਸੁਭਾਵਿਕ ਤੇ ਸਹਿਜ ਰੂਪ ਹੀ ਮਨੁੱਖੀ ਬਰਾਬਰੀ ਦਾ ਇਕ ਅਜਿਹਾ ਸੰਕਲਪ ਪ੍ਰਕਾਸ਼ ਹੁੰਦਾ ਹੈ ਜੋ ਉੱਪਰ ਗਿਣੇ ਗਏ ਸਭਨਾਂ ਦੋਸ਼ਾਂ ਤੇ ਊਣਤਾਈਆਂ ਤੋਂ ਪੂਰੀ ਤਰ੍ਹਾਂ ਸੁਰਖਰੂ ਹੈ । ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਵਿੱਚ ਸਾਰੀ ਸ੍ਰਿਸ਼ਟੀ, ਸਾਰੀ ਮਨੁੱਖ ਜਾਤੀ ਇਕੋ ਸਿਰਜਣਹਾਰ ਦੀ ਸਿਰਜੀ ਹੋਈ ਹੈ ਜੇ ਸਿਰਜਣਹਾਰ ਸਾਂਝਾ ਹੈ ਤਾਂ ਵਿਰੋਧ ਕਾਹਦੇ, ਦਵੈਤ ਕਾਹਦੀ ? ਸਿੱਖ ਧਰਮ ਤੋਂ ਬਿਨਾਂ ਬਾਕੀ ਸਾਰੇ ਧਰਮਾਂ ਅੰਦਰ ਸਿਰਜਣਹਾਰ ਨੂੰ ਤਕਸੀਮ ਕਰਨ ਦੀ ਰੁਚੀ ਕਿਸੇ ਨਾ ਕਿਸੇ ਸ਼ਕਲ ਵਿੱਚ ਦਿਖਾਈ ਦਿੰਦੀ ਹੈ । ਇਥੋਂ ਹੀ ਦਵੈਤ ਦਾ ਮੁੱਢ ਬੱਝ ਜਾਂਦਾ ਹੈ । ਮੋਮਨਾਂ ਦਾ ਰੱਬ ਉੱਤਮ ਅਤੇ ਕਾਫਿਰਾਂ ਦਾ ਤੁੱਛ ਬਣ ਜਾਂਦਾ ਹੈ । ਉੱਚੀਆਂ ਜਾਤੀਆਂ ਵਾਲਿਆਂ ਦਾ ਪ੍ਰਮਾਤਮਾਂ ਸੇ੍ਰਸ਼ਟ ਤੇ ਨੀਵੀਆਂ ਜਾਤਾਂ ਵਾਲਿਆਂ ਦਾ ਹੀਣਾ ਬਣ ਜਾਂਦਾ ਹੈ । ਅਜਿਹੀ ਤ੍ਰੇੜੀ ਸੋਚ ਵਿੱਚੋਂ ਸਾਰਿਆਂ ਨੂੰ ਇਕੋ ਜਿਹੀ ਨਜ਼ਰ ਨਾਲ ਦੇਖਣ ਅਤੇ ਸਭ ਦਾ ਬਰਾਬਰ ਦਾ ਇਕੋ ਜਿੰਨਾਂ ਸਤਿਕਾਰ ਕਰਨ ਵਾਲੀ ਬਰਾਬਰੀ ਦੀ ਖਰੀ ਭਾਵਨਾ ਪੈਦਾ ਨਹੀਂ ਹੋ ਸਕਦੀ । (ਖਰੀ ਭਾਵਨਾ ਨਾ ਹੋਣ ਕਰਕੇ ਹੀ ਅੱਜ ਭਾਰਤ ਵਿੱਚ ਭਾਜਪਾ ਸਰਕਾਰ ਵੱਲੋਂ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਭਾਵ ਸਿੱਖਾਂ ਲਈ ਕਾਨੂੰਨ ਹੋਰ ਅਤੇ ਹਿੰਦੂਆਂ ਲਈ ਹੋਰ ਇਸ ਦੀ ਪ੍ਰਤੱਖ ਮਿਸਾਲ ਹੈ) ਸ਼ੁੱਧ ਭਾਵਨਾ ਉਨ੍ਹਾਂ ਵਿੱਚ ਹੀ ਪੈਦਾ ਹੋ ਸਕਦੀ ਹੈ ਜੋ ਸਾਰੀ ਮਨੁੱਖ ਜਾਤੀ ਨੂੰ ਇਕੋ ਸਾਂਝੇ ਪਰਮ-ਪਿਤਾ ਦੀ ਸੰਤਾਨ, ਅਥਵਾ ਇਕੋ ਸਾਂਝੇ ਪਰਿਵਾਰ ਦੇ ਜੀਅ ਸਮਝਣ ਵਾਲਾ ਦ੍ਰਿਸ਼ਟੀ ਕੋਣ ਰੱਖਦੇ ਹੋਣ, ਸਿੱਖ ਦ੍ਰਿਸ਼ਟੀ ਕੋਣ ਦੀ ਇਹ (ਏਕ ਦ੍ਰਿਸਟਿ ਕਰਿ ਸਮਸਰਿ ਜਾਣੇ ਅੰਗ 730) ਵਿਸ਼ੇਸ਼ਤਾਈ ਹੋਰਨਾਂ ਧਰਮਾਂ ਤੇ ਵਿਚਾਰਧਰਾਵਾਂ ਨਾਲੋਂ ਇਸ ਦੀ ਭਿੰਨਤਾ ਦਾ ਪ੍ਰਮੁੱਖ ਲੱਛਣ ਹੈ । ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦਾ ਉਪਦੇਸ਼ ਸਰਬ ਸੰਸਾਰ ਲਈ ਸਾਂਝਾ ਤੇ ਪ੍ਰਾਣੀ ਮਾਤਰ ਲਈ ਕਲਿਆਣਕਾਰੀ ਹੈ । ਉਨ੍ਹਾਂ ਦਾ ਸੁਨੇਹਾ ਹਰ ਇਨਸਾਨ ਨੂੰ ਭੀ ਹੈ ਤੇ ਇਨਸਾਨੀ ਸਮਾਜ ਨੂੰ ਸਮੁੱਚੇ ਤੌਰ &lsquoਤੇ ਭੀ ਹੈ । ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਪ੍ਰਚੱਲਤ ਧਰਮਾਂ ਤੋਂ ਬਿਲਕੁੱਲ ਅਲੱਗ ਨਵੇਂ ਧਰਮ, ਸਿੱਖ ਧਰਮ ਦੀ ਨੀਂਹ ਰੱਖੀ, ਜਿਸ ਨੂੰ ਭਾਈ ਗੁਰਦਾਸ ਨੇ ਨਿਰਮਲ ਪੰਥ ਦਾ ਨਾਂਅ ਦਿੱਤਾ । ਇਹ ਨਿਰਮਲ ਪੰਥ ਕਿਸੇ ਦੀ ਨਕਲ ਜਾਂ ਸੋਧਿਆ ਹੋਇਆ ਰੂਪ ਨਹੀਂ ਹੈ, ਸਗੋਂ ਨਵੀਂ ਵਿਚਾਰਧਾਰਾ ਜੋ ਆਪਣੇ ਆਪ ਵਿੱਚ ਮੁਕੰਮਲ ਤੇ ਅਜ਼ਾਦ ਹੈ, ਨਿਰਮਲ ਪੰਥ ਦੇ ਸਿੱਖੀ ਸਿਧਾਂਤ ਬਾਕੀ ਧਰਮਾਂ ਦੀਆਂ ਵਿਚਾਰਧਰਾਵਾਂ ਨਾਲੋਂ ਬਿਲਕੁੱਲ ਅਲੱਗ ਹਨ । ਆਪਣੀ ਪੁਸਤਕ ਜੀਵਨ ਚਰਿੱਤਰ ਗੁਰੂ ਨਾਨਕ ਦੇਵ ਵਿੱਚ ਸ: ਤਰਲੋਚਨ ਸਿੰਘ ਜੀ, ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਦੇ ਸਿਰਲੇਖ ਹੇਠ ਲਿਖਦੇ ਹਨ :  ਗੁਰੂ ਨਾਨਕ ਸਾਹਿਬ ਜਿਥੇ ਵੀ ਜਾਂਦੇ ਆਪਣਾ ਆਤਮ ਸਰੂਪ ਗੁਰ ਸ਼ਬਦ ਤੇ ਨਿਰੰਜਨੀ ਜੋਤ ਹੀ ਦੱਸਦੇ, ਵੱਖ-ਵੱਖ ਇਤਿਹਾਸਕ ਥਾਵਾਂ ਦੀ ਯਾਤਰਾ ਕਰਕੇ ਹਰ ਦੇਸ਼ ਤੇ ਹਰ ਕੌਮ ਦੀ ਅਧਿਆਤਮਕ ਪਾਂਧੀਆਂ ਦੇ ਹਿਰਦੇ ਵਿੱਚ ਆਪਣੇ ਸ਼ਬਦ ਸਿਧਾਂਤ ਦਾ ਅਲੇਖ ਕਰਕੇ ਬੀਜ ਬੀਜਿਆ । ਥਾਂ-ਥਾਂ ਗੁਰਮੁੱਖ ਮਾਰਗ ਦੀਆਂ ਸੰਗਤਾਂ ਥਾਪੀਆਂ, ਇਨ੍ਹਾਂ ਸੰਗਤਾਂ ਦੇ ਪ੍ਰਬੀਨ ਆਗੂ ਥਾਪੇ ਸੱਚੇ ਪਾਤਸ਼ਾਹ ਨੇ ਇਉਂ ਆਪਣੇ ਹਲੇਮੀ ਰਾਜ ਦੀਆਂ ਮੰਜੀਆਂ ਕਾਇਮ ਕੀਤੀਆਂ । ਅੱਜ ਵੀ ਕਈ ਥਾਵਾਂ &lsquoਤੇ ਉਨ੍ਹਾਂ ਦੀਆਂ ਥਾਪੀਆਂ ਸੰਗਤਾਂ ਦੇ ਨਿਸ਼ਾਨ ਚਿੰਨ ਮਿਲਦੇ ਹਨ । ਮਕੇ-ਬਗਦਾਦ, ਤਿੱਬਤ, ਲੰਕਾ ਆਦਿ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਥਾਪੀਆਂ ਸੰਗਤਾਂ ਦੇ ਚਿੰਨ ਅਤੇ ਇਤਿਹਾਸਕ ਸਬੂਤ ਮਿਲਦੇ ਹਨ । ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਮਿਸ਼ਨ ਨੂੰ ਤੇ ਆਪਣੇ ਸੱਚ ਦੇ ਪ੍ਰਗਟ ਸਿਧਾਂਤਾਂ ਨੂੰ ਇਕ ਅਮਰ, ਅਟੱਲ ਤੇ ਸਥਾਈ ਰੂਪ ਦੇਣ ਲਈ ਕਰਤਾਰਪੁਰ ਵਿਖੇ ਆਪਣੇ ਸਾਜੇ ਗੁਰਮੁੱਖ ਪੰਥ ਦੀਆਂ ਸਮਾਜਿਕ, ਸਭਿਆਚਾਰਕ ਤੇ ਅਧਿਆਤਮਕ ਸੰਸਥਾਵਾਂ ਬਣਾਈਆਂ । ਆਪਣੇ ਥਾਪੇ ਗੁਰਮੁੱਖ ਪੰਥ ਦੇ ਸਭ ਦਰ ਖੁੱਲੇ੍ਹ ਰੱਖੇ । ਇਸ ਪੰਥ ਦੀ ਧਰਮਸਾਲ ਸਭ ਜਾਤੀਆਂ ਤੇ ਵਰਨਾਂ ਲਈ ਸਾਂਝੀ ਬਣਾਈ । ਆਪਣੇ ਸਿਰਜੇ ਪੰਥ ਸਿੱਖ-ਪੰਥ ਨੂੰ ਕੇਵਲ ਮੁਕਤੀ ਮਾਰਗ ਹੀ ਨਹੀਂ ਦੱਸਿਆ ਬਲਕਿ ਇਸ ਨੂੰ ਸਮਾਜ ਤੇ ਸੱਭਿਆਚਾਰ ਦੀ ਉਸਾਰੀ ਦੀਆਂ ਜ਼ਿੰਮੇਵਾਰੀਆਂ ਵੀ ਸੌਪੀਆਂ । ਪੁਜਾਰੀ ਸ਼੍ਰੇਣੀ ਆਪਣੇ ਧਰਮ ਵਿੱਚੋਂ ਖ਼ਤਮ ਕੀਤੀ । ਸ਼ੇ੍ਰਣੀ ਵੰਡ ਦੀਆਂ ਰਸਮਾਂ ਰੀਤਾਂ ਖ਼ਤਮ ਕਰਕੇ ਸਿੱਖੀ ਦੀਆਂ ਰਹੁ-ਰੀਤਾਂ ਪ੍ਰਚੱਲਤ ਕੀਤੀਆਂ, ਬਾਬੇ ਨਾਨਕ ਦੇ ਪੰਥ ਨੂੰ ਲੋਕ ਨਿਰਮਲ ਪੰਥ ਤੇ ਸੱਚਾ ਪੰਥ ਆਖਣ ਲੱਗ ਪਏ ਸਨ, ਇਉਂ ਗੁਰੂ ਨਾਨਕ ਨੇ ਨਵੇਂ ਧਰਮ ਤੇ ਨਵੇਂ ਪੰਥ ਦੀ ਨੀਂਹ ਰੱਖੀ । ਇਸ ਪੰਥ ਨੂੰ ਚਰਨ-ਪਾਹੁਲ ਰਾਹੀਂ ਦੀਖਿਆ ਦਿੱਤੀ ਅਤੇ ਸਿੱਖੀ ਦੀ ਰਹਿਤ-ਬਹਿਤ ਦਿੱਤੀ ਤੇ ਨਵਾਂ ਅਧਿਆਤਮਕ ਤੇ ਸਮਾਜਿਕ ਸਿਧਾਂਤ ਦਿੱਤਾ । ਨੀਵੀਆਂ ਤੇ ਉੱਚੀਆਂ ਸ਼੍ਰੇਣੀਆਂ ਦਰਮਿਆਨ ਖੜ੍ਹੀਆਂ ਕੀਤੀਆਂ ਸਮਾਜ ਤੇ ਸੱਭਿਆਚਾਰ ਦੀਆਂ ਦੀਵਾਰਾਂ ਨੂੰ ਗੁਰੂ ਨਾਨਕ ਨੇ ਹੂੰਝ ਮਾਰਿਆ । 

ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰੰਦਰ ਸਿੰਘ