image caption: -ਰਜਿੰਦਰ ਸਿੰਘ ਪੁਰੇਵਾਲ

ਤੁਰਕੀ ਦਾ ਵਿਨਾਸ਼ਕਾਰੀ ਭੂਚਾਲ ਲਈ ਸ਼੍ਰੋਮਣੀ ਕਮੇਟੀ ਵਲੋਂ ਮਦਦ ਦਾ ਐਲਾਨ ਉਸਾਰੂ ਫੈਸਲਾ

ਬੀਤੇ ਦਿਨੀਂ ਤੁਰਕੀ ਤੇ ਸੀਰੀਆ ਵਿਚ ਆਏ ਵਿਨਾਸ਼ਕਾਰੀ ਭੁਚਾਲ ਕਾਰਨ ਹੁਣ ਤੱਕ 7200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅਜੇ ਵੀ ਮਲਬੇ ਹੇਠ ਕਈ ਲਾਸ਼ਾਂ ਦੱਬੀਆਂ ਹੋਈਆਂ ਹਨ| ਤੁਰਕੀ ਦੇ ਸ਼ਹਿਰ ਅੰਕਾਰਾ, ਗਾਜ਼ੀਅਨਟੇਪ, ਕਹਿਰਾਮਨਮਾਰਸ, ਦੀਯਾਰਬਾਕੀਰ, ਮਾਲਟਿਆ, ਨੂਰਦਗੀ ਸਮੇਤ 10 ਸ਼ਹਿਰਾਂ ਵਿਚ ਭਾਰੀ ਤਬਾਹੀ ਹੋਈ ਹੈ| ਇੱਥੇ 2 ਹਜ਼ਾਰ ਦੇ ਕਰੀਬ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ| ਤੁਰਕੀ ਦੇ 10 ਸੂਬਿਆਂ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ| ਭੂਚਾਲ ਕਾਰਨ ਮਲਬੇ ਵਿਚ ਤਬਦੀਲ ਹੋਈਆਂ ਇਮਾਰਤਾਂ ਹੇਠ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ ਹਨ| ਹਾਲਾਂਕਿ ਠੰਢ ਦੇ ਮੌਸਮ ਨੇ ਰਾਹਤ ਕਾਰਜਾਂ ਤੇ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਕੀਤਾ ਹੈ| ਕੁਦਰਤ ਦੀ ਮਾਰ ਝੱਲ ਰਹੇ ਤੁਰਕੀ ਵੱਲ ਭਾਰਤ ਸਮੇਤ ਦਰਜਨਾਂ ਦੇਸ਼ਾਂ ਨੇ ਮਦਦ ਦਾ ਹੱਥ ਵਧਾਇਆ ਹੈ|ਉਧਰ ਸੀਰੀਆ ਦੇ ਰਾਸ਼ਟਰੀ ਭੁਚਾਲ ਕੇਂਦਰ ਦੇ ਮੁਖੀ ਰਾਇਦ ਅਹਿਮਦ ਨੇ ਇਸ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਭੂਚਾਲ ਕਰਾਰ ਦਿੱਤਾ ਹੈ| ਤੁਰਕੀ ਕੋਲ ਸੀਰੀਆ ਨਾਲ ਲਗਦੇ ਸਰਹੱਦੀ ਖੇਤਰ ਵਿਚ ਤਾਇਨਾਤ ਫ਼ੌਜ ਨੂੰ ਬਚਾਅ ਕਾਰਜਾਂ ਦਾ ਕੰਮ ਸੌਂਪਿਆ ਗਿਆ ਹੈ, ਜਿਸ ਵਿਚ ਬੇਘਰੇ ਲੋਕਾਂ ਲਈ ਟੈਂਟ ਲਗਾਉਣ ਤੇ ਹਤਾਏ ਸੂਬੇ ਵਿਚ ਇਕ ਫੀਲਡ ਹਸਪਤਾਲ ਸਥਾਪਿਤ ਕਰਨਾ ਸ਼ਾਮਿਲ ਹੈ| ਤੁਰਕੀ ਦੇ ਉਪ-ਰਾਸ਼ਟਰਪਤੀ ਫੁਆਤ ਓਕਤੇ ਅਨੁਸਾਰ ਦੇਸ਼ ਵਿਚ ਮੌਤਾਂ ਦੀ ਕੁੱਲ ਗਿਣਤੀ 5400 ਤੋਂ ਪਾਰ ਹੋ ਗਈ ਹੈ, ਜਦਕਿ 31000 ਲੋਕ ਜ਼ਖਮੀ ਹੋਏ ਹਨ| ਸਿਹਤ ਮੰਤਰਾਲੇ ਅਨੁਸਾਰ ਸੀਰੀਆ ਦੇ ਸਰਕਾਰੀ ਕਬਜ਼ੇ ਵਾਲੇ ਖੇਤਰਾਂ ਵਿਚ ਮਰਨ ਵਾਲਿਆਂ ਦੀ ਗਿਣਤੀ 812 ਤੱਕ ਪਹੁੰਚ ਗਈ ਹੈ, ਜਦਕਿ ਲਗਭਗ 1450 ਲੋਕ ਜ਼ਖਮੀ ਹੋਏ ਹਨ| ਇਸ ਤੋਂ ਇਲਾਵਾ ਵਿਦਰੋਹੀਆਂ ਦੇ ਕਬਜ਼ੇ ਵਾਲੇ ਉੱਤਰ-ਪੱਛਮ ਸੀਰੀਆ ਵਿਚ ਬਚਾਅ ਕਾਰਜਾਂ ਦੀ ਅਗਵਾਈ ਕਰਨ ਵਾਲੇ ਪੈਰਾ ਮੈਡੀਕਲ ਸਮੂਹ ਨੇ ਕਿਹਾ ਕਿ ਇਥੇ ਘੱਟੋ-ਘੱਟ 1000 ਲੋਕ ਮਾਰੇ ਗਏ ਹਨ ਤੇ 2300 ਤੋਂ ਵੱਧ ਲੋਕ ਜ਼ਖਮੀ ਹੋਏ ਹਨ| 
ਭੁਚਾਲ ਦੀ ਇਸ ਤਬਾਹੀ ਦੀਆਂ ਖ਼ਬਰਾਂ ਮਿਲਦਿਆਂ ਹੀ ਵਿਸ਼ਵ ਭਰ ਦੇ ਦੇਸ਼ਾਂ ਨੇ ਪੀੜਤ ਦੇਸ਼ਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ| ਇਸ ਸੰਬੰਧੀ ਇਕ ਪਹਿਲ ਭਾਰਤ ਵਲੋਂ ਵੀ ਕੀਤੀ ਗਈ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਹਰੇਕ ਸੰਭਵ ਮਦਦ ਦਾ ਸੰਦੇਸ਼ ਭੇਜਿਆ| ਤਤਕਾਲੀ ਤੌਰ ਤੇ ਮਹਿਲਾ ਸਿਹਤ ਕਰਮੀਆਂ ਸਮੇਤ ਭਾਰਤ ਦਾ ਪਹਿਲਾ ਬਚਾਅ ਦਲ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚ ਪਹੁੰਚ ਵੀ ਗਿਆ ਹੈ| ਮੌਜੂਦਾ ਸਮੇਂ ਵਿਚ ਵੀ ਯੂਰਪੀ ਸੰਘ, ਬਰਤਾਨੀਆ, ਜਰਮਨੀ, ਅਮਰੀਕਾ, ਇਜ਼ਰਾਈਲ, ਸਪੇਨ ਤੇ ਜਾਪਾਨ ਆਦਿ ਦੇਸ਼ਾਂ ਨੇ ਆਪਣੇ-ਆਪਣੇ ਬਚਾਅ ਦਲ ਇਨ੍ਹਾਂ ਖੇਤਰਾਂ ਵਿਚ ਭੇਜ ਦਿੱਤੇ ਹਨ| ਸੀਰੀਆ ਵਿਚ ਪਹਿਲਾਂ ਤੋਂ ਮੌਜੂਦ ਰੂਸੀ ਸੈਨਿਕ ਵੀ ਤੁਰੰਤ ਸਰਗਰਮ ਹੋ ਗਏ ਸਨ| ਇਹ ਭੂਚਾਲ ਕੁਦਰਤ ਨਾਲ ਖਿਲਵਾੜ ਕਰਨ ਕਾਰਣ ਆਉਂਦੇ ਹਨ| ਪਰਬਤੀ ਖੇਤਰਾਂ ਚ ਲਗਾਤਾਰ ਵਧਦੀ ਮਨੁੱਖੀ ਦਖ਼ਲਅੰਦਾਜ਼ੀ ਅਤੇ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਅਤੇ ਬੇਤਰਤੀਬੀ ਮਾਈਨਿੰਗ ਦੀ ਪ੍ਰਕਿਰਿਆ ਨੇ ਵੀ ਭੁਚਾਲ ਦੇ ਖ਼ਤਰੇ ਵਾਲੇ ਖੇਤਰਾਂ ਨੂੰ ਵਧਾਇਆ ਹੈ| ਭੂਚਾਲ ਕੇਂਦਰਿਤ ਅਤੇ ਨਾਜ਼ੁਕ ਖੇਤਰਾਂ ਚ ਗ਼ੈਰ-ਜ਼ਰੂਰੀ ਦਖਲਅੰਦਾਜ਼ੀ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਕਾਸ ਦੀ ਲੜੀ ਨੂੰ ਤਰਤੀਬਵਾਰ ਅਤੇ ਯੋਜਨਾਬੱਧ ਢੰਗ ਨਾਲ ਕੰਟਰੋਲ ਵਿਚ ਰੱਖਣਾ ਚਾਹੀਦਾ ਹੈ| 
ਸ਼੍ਰੋਮਣੀ ਕਮੇਟੀ ਨੇ ਤੁਰਕੀ ਅਤੇ ਸੀਰੀਆ ਮੁਲਕਾਂ ਵਿਚ ਭੂਚਾਲ ਆਉਣ ਕਾਰਨ ਹੋਏ ਭਾਰੀ ਜਾਨੀ ਤੇ ਮਾਲੀ ਨੁਕਸਾਨ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਭੁਚਾਲ ਪੀੜ੍ਹਤਾਂ ਲਈ ਸਿੱਖ ਸੰਸਥਾ ਵਲੋਂ ਸਹਾਇਤਾ ਭੇਜਣ ਦੀ ਪੇਸ਼ਕਸ਼ ਕੀਤੀ ਹੈ ਜੋ ਕਿ ਪੰਥਕ ਸ਼ਾਨ ਲਈ ਉਸਾਰੂ ਫੈਸਲਾ ਹੈ| ਇਸ ਸੰਬੰਧੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਵਿਚ ਤੁਰਕੀ ਦੇ ਰਾਜਦੂਤ ਫਿਰਾਤ ਸੁਨੇਲ, ਤੁਰਕੀ ਵਿਚ ਭਾਰਤ ਦੇ ਰਾਜਦੂਤ ਡਾ. ਵਰਿੰਦਰਪਾਲ ਅਤੇ ਸੀਰੀਆ ਵਿਚ ਭਾਰਤੀ ਦੂਤਾਵਾਸ ਦੇ ਇੰਚਾਰਜ ਸੁਰਿੰਦਰ ਕੁਮਾਰ ਯਾਦਵ ਅਤੇ ਭਾਰਤ ਵਿਚ ਸੀਰੀਆ ਦੇ ਰਾਜਦੂਤ ਡਾ. ਬੱਸਮ ਸਿਫੇਦੀਨ ਅਲਖਾਤਿਬ ਨੂੰ ਪੱਤਰ ਲਿਖ ਕੇ ਹਮਦਰਦੀ ਦਾ ਵੀ ਪ੍ਰਗਟਾਵਾ ਕੀਤਾ ਤੇ ਉਥੋਂ ਦੀਆਂ ਸਰਕਾਰਾਂ ਨੂੰ ਸੰਸਥਾ ਵਲੋਂ ਸਹਾਇਤਾ ਦੀ ਪੇਸ਼ਕਸ਼ ਕਰਦਿਆਂ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਕਰਨ ਲਈ ਕਿਹਾ ਹੈ| ਸ਼੍ਰੋਮਣੀ ਕਮੇਟੀ ਦਾ ਇਹ ਸ਼ਲਾਘਾਯੋਗ ਕਦਮ ਹੈ| ਇਸ ਨਾਲ ਸਿਖ ਪੰਥ ਦਾ ਸਰਬੱਤ ਦੇ ਭਲੇ ਦਾ ਸੰਕਲਪ ਪੂਰੇ ਵਿਸ਼ਵ ਵਿਚ ਫੈਲਦਾ ਹੈ| ਸਿੱਖ ਧਰਮ ਦਾ ਮਨੁੱਖਤਾਵਾਦੀ ਪਖ ਹੀ ਵਿਸ਼ਵ ਵਿਚ ਸਿਖ ਪੰਥ ਦੀ ਤਾਕਤ ਹੈ| ਹੋਰ ਵੀ ਪੰਥਕ ਜਥੇਬੰਦੀਆਂ ਨੂੰ ਮਨੁੱਖਤਾ ਦੇ ਦੁਖਾਂਤ ਵਿਚ ਮਦਦ ਲਈ ਸਹਾਈ ਹੋਣਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ