image caption: -ਰਜਿੰਦਰ ਸਿੰਘ ਪੁਰੇਵਾਲ

ਰੂਸ-ਯੂਕਰੇਨ ਜੰਗ ਦਾ ਇਕ ਵਰ੍ਹਾ ਬੀਤਿਆ, ਪ੍ਰਮਾਣ ਵਿਸ਼ਵ ਜੰਗ ਦਾ ਖ਼ਤਰਾ ਮੰਡਰਾਇਆ

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਭਲਕੇ ਇਕ ਵਰ੍ਹਾ ਮੁਕੰਮਲ ਹੋ ਚੁਕਾ ਹੈ| ਇਹ ਜੰਗ ਪਿਛਲੇ ਵਰ੍ਹੇ 24 ਫਰਵਰੀ ਨੂੰ ਸ਼ੁਰੂ ਹੋਈ ਸੀ| ਕੌਮਾਂਤਰੀ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਦੂਜੇ ਸਾਲ ਵਿਚ ਦੋਵੇਂ ਧਿਰਾਂ ਵਿਚਾਲੇ ਇਸ ਜੰਗ ਦੇ ਖ਼ਤਰਿਆਂ ਵਿਚ ਵਾਧਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ| ਇਹ ਵਿਸ਼ਵ ਪ੍ਰਮਾਣੂ ਜੰਗ ਵਲ ਲਿਜਾ ਸਕਦੀ ਹੈ| ਵੱਖ ਵੱਖ ਦੇਸ਼ ਆਪਣੀ ਪ੍ਰਮਾਣੂ ਸ਼ਕਤੀ ਵਿਚ ਵਾਧਾ ਕਰ ਰਹੇ ਹਨ| ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ 2022 ਦੀ ਰਿਪੋਰਟ ਮੁਤਾਬਕ ਭਾਰਤ ਕੋਲ ਇਸ ਸਮੇਂ 160 ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ| ਭਾਰਤ ਆਪਣੇ ਪਰਮਾਣੂ ਹਥਿਆਰਾਂ ਅਤੇ ਉਨ੍ਹਾਂ ਨੂੰ ਚਲਾਉਣ ਦੀ ਤਕਨੀਕ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ| ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ  ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਦੀ ਪਰਮਾਣੂ ਰਣਨੀਤੀ ਦਾ ਫੋਕਸ ਚੀਨ ਤੇ ਵੱਧਦਾ ਜਾ ਰਿਹਾ ਹੈ| ਪਹਿਲਾਂ ਇਹ ਰਣਨੀਤੀ ਪਾਕਿਸਤਾਨ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਸੀ| ਐਫਏਐਸ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਘੱਟੋ-ਘੱਟ ਚਾਰ ਨਵੀਆਂ ਹਥਿਆਰ ਪ੍ਰਣਾਲੀਆਂ ਦਾ ਵਿਕਾਸ ਕੀਤਾ ਜਾ ਰਿਹਾ ਹੈ| ਇਹ ਮੌਜੂਦਾ ਹਥਿਆਰਾਂ ਨੂੰ ਰਿਪਲੇਸ ਕਰਨਗੇ ਜਾਂ ਸੁਧਾਰ ਕਰਨਗੇ| ਇਨ੍ਹਾਂ ਵਿੱਚ ਪਰਮਾਣੂ-ਸਮਰੱਥਾ ਵਾਲੇ ਹਵਾਈ ਜਹਾਜ਼, ਜ਼ਮੀਨ-ਆਧਾਰਿਤ ਡਿਲਿਵਰੀ ਸਿਸਟਮ ਅਤੇ ਪਣਡੁੱਬੀ ਤੋਂ ਲਾਂਚ ਕੀਤੀਆਂ ਗਈਆਂ ਮਿਜ਼ਾਈਲਾਂ ਸ਼ਾਮਲ ਹਨ|
ਅਮਰੀਕੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਮੇਂ ਭਾਰਤ ਕੋਲ ਪ੍ਰਮਾਣੂ ਸਮਰੱਥਾ ਨਾਲ ਲੈਸ 8 ਸਿਸਟਮ ਹਨ| ਇਨ੍ਹਾਂ ਵਿਚ 2 ਏਅਰ ਕਰਾਫਟ, 4 ਜ਼ਮੀਨ ਤੇ ਆਧਾਰਿਤ ਬੈਲਿਸਟਿਕ ਮਿਜ਼ਾਈਲਾਂ ਅਤੇ 2 ਸਮੁੰਦਰੀ ਜਹਾਜ਼ ਤੇ ਆਧਾਰਿਤ ਬੈਲਿਸਟਿਕ ਮਿਜ਼ਾਈਲਾਂ ਸ਼ਾਮਲ ਹਨ| ਵਰਤਮਾਨ ਵਿੱਚ ਵਿਕਸਤ ਕੀਤੇ ਜਾ ਰਹੇ 4 ਨਵੇਂ ਸਿਸਟਮ ਜਲਦੀ ਹੀ ਮੈਦਾਨ ਵਿੱਚ ਉਤਰਨ ਲਈ ਤਿਆਰ ਹੋ ਜਾਣਗੇ| ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਭਾਰਤੀ ਬੈਲਿਸਟਿਕ ਮਿਜ਼ਾਈਲਾਂ ਦੀ ਰੇਂਜ ਵਿੱਚ ਹੈ|
ਐਫਏਐਸ ਦੇ ਅਨੁਸਾਰ, ਭਾਰਤ ਕੋਲ ਇਸ ਸਮੇਂ 160 ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ| ਨਵੀਂ ਮਿਜ਼ਾਈਲ ਪ੍ਰਣਾਲੀ ਨੂੰ ਚਲਾਉਣ ਲਈ ਹੋਰ ਪ੍ਰਮਾਣੂ ਹਥਿਆਰ ਵੀ ਬਣਾਉਣੇ ਪੈਣਗੇ| ਇਸ ਦੇ ਲਈ ਭਾਰਤ ਨੇ 700 ਕਿਲੋਗ੍ਰਾਮ ਹਥਿਆਰ-ਗਰੇਡ ਪਲੂਟੋਨੀਅਮ ਦਾ ਉਤਪਾਦਨ ਕੀਤਾ ਹੈ| ਇਸ ਤੋਂ 138 ਤੋਂ 213 ਪ੍ਰਮਾਣੂ ਹਥਿਆਰ ਬਣਾਏ ਜਾ ਸਕਦੇ ਹਨ| ਪਾਕਿਸਤਾਨ ਕੋਲ ਭਾਰਤ ਨਾਲੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨਰਿਪੋਰਟ ਮੁਤਾਬਕ ਪਾਕਿਸਤਾਨ ਕੋਲ 165 ਹਥਿਆਰ ਹਨ| ਇਸ ਦੇ ਨਾਲ ਹੀ ਚੀਨ ਕੋਲ 350, ਅਮਰੀਕਾ ਕੋਲ 5,428 ਅਤੇ ਰੂਸ ਕੋਲ 5,977 ਪ੍ਰਮਾਣੂ ਹਥਿਆਰ ਹਨ| 
ਰਾਸ਼ਟਰਪਤੀ ਪੁਤਿਨ ਨੇ ਦਸੰਬਰ ਵਿੱਚ ਚੇਤਾਵਨੀ ਦਿੱਤੀ ਸੀ ਕਿ ਯੁੱਧ ਇੱਕ ਲੰਮੀ ਪ੍ਰਕਿਰਿਆ ਹੋ ਸਕਦੀ ਹੈ| ਸਮੁੱਚੀ ਮਨੁੱਖਤਾ ਲਈ ਇਹ ਜੰਗ ਵੱਡਾ ਖ਼ਤਰਾ ਸਾਬਿਤ ਹੋਵੇਗੀ| ਅਮਰੀਕਾ ਤੇ ਨਾਟੋ ਦੀ ਮਦਦ ਕਾਰਣ, ਹੁਣ ਯੂਕਰੇਨ ਰੂਸ ਅਗੇ ਗੋਡੇ ਟੇਕਣ ਨੂੰ ਤਿਆਰ ਨਹੀਂ| ਯੂਕਰੇਨ ਆਪਣੇ ਖੋਹੇ ਇਲਾਕੇ ਵਾਪਸ ਲੈਣਾ ਚਾਹੁੰਦਾ ਹੈ| ਪਿਛਲੇ ਦਿਨੀਂ ਜਦ ਤੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਦਾ ਅਚਾਨਕ ਦੌਰਾ ਕੀਤਾ ਹੈ, ਤਦ ਤੋਂ ਹੀ ਯੂਕਰੇਨ  ਹੌਸਲੇ ਵਿਚ ਹੈ| ਬਹੁਤ ਸਾਰੇ ਯੂਰਪੀ ਦੇਸ਼ ਤਾਂ ਪਹਿਲਾਂ ਹੀ ਉਸ ਨਾਲ ਖਲੋਤੇ ਵਿਖਾਈ ਦੇ ਰਹੇ ਹਨ| ਰੂਸ ਨੇ ਕ੍ਰੀਮੀਆ ਦੇ ਕਾਲ਼ੇ ਸਾਗਰ ਵਾਲੇ ਟਾਪੂ ਤੇ 2014 ਵਿਚ ਕਬਜ਼ਾ ਕਰ ਲਿਆ ਸੀ| ਓਧਰ ਨਾਟੋ ਦੇ ਸਕੱਤਰ-ਜਨਰਲ ਜੈਨਸ ਸਟੌਲਟਨਬਰਗ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਚੀਨ ਹੁਣ ਰੂਸ ਦੀ ਹਮਾਇਤ ਵਿਚ ਨਿੱਤਰ ਸਕਦਾ ਹੈ| ਚੀਨ ਨੇ ਭਾਵੇਂ ਅਜਿਹੀ ਕਿਸੇ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ ਪਰ ਜਿਸ ਹਿਸਾਬ ਨਾਲ ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ਨਾਲ ਜੁੜੇ ਘਟਨਾਕ੍ਰਮਾਂ ਵਿਚ ਤੇਜ਼ੀ ਆਈ ਹੈ, ਉਨ੍ਹਾਂ ਤੋਂ ਕਈ ਤਰ੍ਹਾਂ ਦੀਆਂ ਨਕਾਰਾਤਮਕ ਸੰਭਾਵਨਾਵਾਂ ਸਾਹਮਣੇ ਆਉਂਦੀਆਂ ਵਿਖਾਈ ਦੇ ਰਹੀਆਂ ਹਨ| ਗ਼ੌਰਤਲਬ ਹੈ ਕਿ ਅਮਰੀਕਾ, ਚੀਨ ਤੇ ਹੋਰਨਾਂ ਮੁਲਕਾਂ ਵੱਲੋਂ ਆਪਣੇ ਵਿਰੋਧੀਆਂ ਦੀ ਨਿਗਰਾਨੀ ਕਰਨਾ ਆਮ ਗੱਲ ਹੈ ਪਰ ਚੌਕਸੀ ਨਾਲ ਕੀਤਾ ਜਾਂਦਾ ਹੈ| ਕੁਲ ਮਿਲਾ ਕੇ ਪੂਰਾ ਸੰਸਾਰ ਜੰਗੀ ਮਾਹੌਲ ਦੇ ਚਕਰਵਿਊ ਵਿਚ ਫਸਿਆ ਲੋਕਾਂ ਲਈ ਗਰੀਬੀ, ਆਰਥਿਕ ਸੰਕਟ ਤੇ ਭੁੱਖ ਮਰੀ ਦਾ ਕਾਰਣ ਬਣ ਰਿਹਾ ਹੈ|
-ਰਜਿੰਦਰ ਸਿੰਘ ਪੁਰੇਵਾਲ