image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 749 ਉੱਤੇ ਇਹ ਪਾਵਨ ਪਵਿੱਤਰ ਪੰਗਤੀਆਂ ਸੁਭਾਇਮਾਨ ਹਨ :
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥
ਨਿਰਸੰਦੇਹ ਸਤਿਗੁਰੂ ਨਾਨਕ ਸਭ ਤੋਂ ਵੱਡੇ ਹਨ ਕਿਉਂਕਿ ਸਤਿਗੁਰੂ ਨਾਨਕ ਤੋਂ ਬਿਨਾਂ ਸੰਸਾਰ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਵੀ ਪੈਗੰਬਰ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਪ੍ਰਮਾਤਮਾਂ ਦਾ ਸਰੂਪ ਆਪਣੇ ਹੱਥੀਂ ਲਿਖ ਕੇ ਬਿਆਨ ਨਹੀਂ ਕੀਤਾ । ਸਤਿਗੁਰ ਨਾਨਕ ਸਾਹਿਬ ਨੇ ਆਪਣੀ ਹੱਥ ਲਿਖਤ ਬਾਣੀ ਜਪੁ (ਜਪੁਜੀ ਸਾਹਿਬ) ਦੇ ਮੰਗਲਾਚਰਣ ਮੂਲ ਮੰਤਰ ਵਿੱਚ Å ਤੋਂ ਸੈਭੰ ਤੱਕ ਜਿਥੇ ਦੁਨੀਆਂ ਦੇ ਰਚਨਹਾਰ ਦਾ ਸਰੂਪ ਬਿਆਨ ਕੀਤਾ ਹੈ, ਉਥੇ ਸੈਭੰ ਤੋਂ ਬਾਅਦ ਗੁਰ ਪ੍ਰਸਾਦਿ ਲਿਖ ਕੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਪ੍ਰਮਾਤਮਾਂ ਦੇ ਗੁਣਾਂ ਦੀ ਸੋਝੀ ਕਰਾਉਣ ਵਾਲਾ ਅਤੇ ਹਰ ਨਰ ਨਾਰੀ ਦੀ ਆਤਮਾ ਨੂੰ ਅਕਾਲ ਪੁਰਖ ਵਿੱਚ ਅਭੇਦ ਕਰਾਉਣ ਦੀ ਸਮਰੱਥਾ ਰੱਖਣ ਵਾਲਾ ਕੇਵਲ ਸੱਚਾ ਗੁਰੂ, ਸ਼ਬਦ ਗੁਰੂ ਹੀ ਹੈ । ਸਬਦੁ ਸੰਸਾਰ ਦੇ ਰਚਨਹਾਰ ਸਰਬ-ਸ਼ਕਤੀਮਾਨ ਪ੍ਰਮਾਤਮਾਂ ਦੀ ਦੈਵੀ-ਸ਼ਕਤੀ ਦਾ ਪ੍ਰਤੀਕ ਹੈ ਕਿਉਂਕਿ ਸਬਦੁ Å ਦੀ ਦੈਵੀ ਸ਼ਕਤੀ ਵਿੱਚੋਂ ਉਪਜਿਆ ਹੈ । ਸਿਧਾਂ ਨੇ ਜਦੋਂ ਗੁਰੂ ਨਾਨਕ ਨੂੰੁ ਪੁੱਛਿਆ ਸੀ : ਤੇਰਾ ਕਵਟੁ ਗੁਰੂ ਜਿਸ ਕਾ ਤੂ ਚੇਲਾ ॥ ਤਾਂ ਗੁਰੂ ਨਾਨਕ ਸਾਹਿਬ ਨੇ ਜੁਆਬ ਦਿੱਤਾ ਸੀ : ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਸ੍ਰੀ ਗੁ: ਗ੍ਰੰ: ਸਾ: ਪੰਨਾ 117, ਪੰਨਾ 1275, ਪੰਨਾ 1334 ਅਤੇ ਪੰਨਾ 654 ਉੱਤੇ ਸਬਦੁ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ : ਉਤਪਤਿ ਪਰਲਉ ਸਬਦੇ ਹੋਵੈ ॥ ਸਬਦੇ ਹੀ ਫਿਰ Eਪਤਿ ਹੋਵੈ (ਪੰਨਾ 117) ਚਹੁ ਦਿਸਿ ਹੁਕਮੁ ਵਰਤੇ ਪ੍ਰਭ ਤੇਰਾ, ਚਹੁ ਦਿਸਿ ਨਾਮ ਪਤਾਲੇ ॥ ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੇ ॥ (ਪੰਨਾ 1275) ਏਕੋ ਸਬਦੁ, ਏਕੋ ਪ੍ਰਭ ਵਰਤੇ, ਸਭ ਏਕਸ ਤੇ ਉਤਪਤਿ ਚਲੈ ॥ (ਪੰਨਾ 1334) ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥ (ਪੰਨਾ 654)
(ਨੋਟ - ਸਿੱਖ ਧਰਮ ਦੇ ਬਾਨੀ ਸਤਿਗੁਰੂ ਨਾਨਕ ਦੇ ਸ਼ਬਦ ਗੁਰੂ ਦੇ ਦੈਵੀ ਸਿਧਾਂਤ ਦੀ ਵਿਰੋਧਤਾ ਕਰਨ ਵਾਲੇ ਲੋਕ ਪੰਜਾਬੀ ਸਾਹਿਤ ਵਿੱਚ ਵਰਤੇ ਜਾਣ ਵਾਲੇ ਅੱਖਰਾਂ ਦੇ ਜੋੜ ਵਾਲੇ ਸ਼ਬਦ ਨੂੰ ਹੀ ਗੁਰੂ ਨਾਨਕ ਦੇ ਨਾਂਅ ਨਾਲ ਜੋੜ ਕੇ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ : ਕੂੜ ਨਿਖੁਟੇ ਨਾਨਕਾ Eੜਕਿ ਸਚਿ ਰਹੀ ॥)
ਸਤਿਗੁਰੂ ਨਾਨਕ ਨੇ ਗੁਰੂ ਹੋਣ ਦਾ ਦਾਅਵਾ ਆਪਣੇ ਪੰਜ ਭੌਤਿਕ ਸਰੀਰ ਬਾਰੇ ਨਹੀਂ ਕੀਤਾ, ਉਨ੍ਹਾਂ ਨੇ ਇਹ ਦਾਅਵਾ ਆਪਣੀ ਆਤਮਾ ਦੀ ਪ੍ਰਮਾਤਮਾਂ ਨਾਲ ਅਭੇਦਤਾ ਬਾਰੇ ਕੀਤਾ ਹੈ ਅਰਥਾਤ, ਅਪਰੰਪਰ ਪਾਰਬ੍ਰਹਮ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ ॥ (ਗੁ: ਗ੍ਰੰ: ਸਾ: ਪੰਨਾ 599) ਇਹ ਗੁਰੂ ਤੇ ਪਾਰਬ੍ਰਹਮ ਨਾਲ ਅਭੇਦ ਹੋਣ ਦਾ ਦਾਅਵਾ ਹੈ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ । ਗੁਰੂ ਨਾਨਕ ਜੀ ਤੋਂ ਲੈ ਕੇ ਦੱਸ ਗੁਰੂ ਹੋਏ ਹਨ, ਉਨ੍ਹਾਂ ਨੇ ਇਸ ਪਦ-ਪਦਵੀ ਦਾ ਦਾਅਵਾ ਕੀਤਾ ਹੈ ਅਤੇ ਗੁਰੂ ਨਾਨਕ ਜੀ ਬਾਰੇ ਵੀ ਇਹੋ ਦ੍ਰਿੜ ਕਰਵਾਇਆ ਹੈ ਜਿਸ ਦਾ ਭਰਪੂਰ ਸਮਰਥਨ ਗੁਰਬਾਣੀ ਵਿੱਚ ਮਿਲਦਾ ਹੈ । ਹਰਿੰਦਰ ਸਿੰਘ ਮਹਿਬੂਬ ਸਿੱਖ ਸੁਰਤਿ ਦੀ ਪਰਵਾਜ਼ ਵਿੱਚ ਗੁਰੂ ਨਾਨਕ ਜੋਤਿ ਦੀ ਇਕਸਾਰਤਾ ਤੇ ਏਕਤਾ ਸਪੱਸ਼ਟ ਕਰਨ ਲਈ ਲਿਖਦੇ ਹਨ : ਸਿੱਖ ਧਰਮ ਨੂੰ ਬ੍ਰਹਿਮੰਡੀ ਵਿਸ਼ਾਲਤਾ ਅਤੇ ਦੀਰਘਤਾ ਪ੍ਰਦਾਨ ਕਰਨ ਲਈ ਜੋਤਾਂ ਦੀ ਲੋੜ ਸੀ, ਨਾਲ ਹੀ ਇਸ ਦੀ ਸੰਪੂਰਨਤਾ ਲਈ ਮਾਨਵੀ ਜੀਵਨ ਦੀਆਂ ਕੁਦਰਤੀ ਸ਼ਰਤਾਂ ਵੀ ਜਰੂਰੀ ਸਨ ਸੋ ਦੱਸ ਜ਼ਿੰਦਗੀਆਂ ਦੇ ਭਿੰਨ ਭਿੰਨ ਪਹਿਲੂ ਇਸ ਮਾਨਵਤਾ ਦੇ ਧਰਮ ਦੇ ਮਹਾਨ ਕਾਰਜ ਵਿੱਚ ਕੰਮ ਆਏ ਗੁਰੂ ਨਾਨਕ ਸਾਹਿਬ ਦੇ ਦੱਸ ਰੂਪ, ਭਾਵ ਦਸੇ ਗੁਰੂ ਸਾਹਿਬਾਨ ਗੁਰੂ ਨਾਨਕ ਦਾ ਹੀ ਸਰੂਪ ਹਨ । ਭਾਈ ਨੰਦ ਲਾਲ ਜੀ ਵੀ ਗੁਰੂ ਨਾਨਕ ਜੋਤਿ ਦੀ ਏਕਤਾ ਤੇ ਇਕਸਾਰਤਾ ਦਾ ਗੰਜਨਾਮਾ ਅਤੇ ਜੋਤਿ ਬਿਗਾਸ ਵਿੱਚ ਬੜੇ ਵਿਸਥਾਰ ਨਾਲ ਵਿਆਖਿਆ ਕੀਤੀ ਹੈ ਤੇ ਅੰਤ ਵਿੱਚ ਉਹ ਲਿਖਦੇ ਹਨ : ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਭਾਵ-ਉਹੀ ਗੁਰੂ ਗੋਬਿੰਦ ਸਿੰਘ ਹੈ ਤੇ ਉਹੀ ਗੁਰੂ ਨਾਨਕ ਹੈ (ਹਵਾਲਾ-ਭਾਈ ਨੰਦ ਲਾਲ ਗ੍ਰੰਥਾਵਲੀ, ਸੰਪਾਦਕ, ਗੰਡਾ ਸਿੰਘ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ) ਸਤਿਗੁਰੂ ਨਾਨਕ ਨੇ ਆਰਯਾ ਤੇ ਸਾਮੀ ਸੰਸਕ੍ਰਿਤੀਆਂ ਤੇ ਉਨ੍ਹਾਂ ਉੱਤੇ ਨਿਰਭਰ ਸਮਾਜਾਂ ਦੀ ਤਿੱਖੀ ਪੜਚੋਲ ਕਰਕੇ ਉਨ੍ਹਾਂ ਦੇ ਗੁਣਾਂ-ਔਗੁਣਾਂ ਨੂੰ ਪੜਤਾਲਿਆ । ਸਤਿਗੁਰੂ ਨਾਨਕ ਦਾ ਉਪਦੇਸ਼ ਸਰਬ ਸੰਸਾਰ ਲਈ ਸਾਂਝਾ ਅਤੇ ਪ੍ਰਾਣੀ-ਮਾਤਰ ਲਈ ਕਲਿਆਣਕਾਰੀ ਹੈ । ਉਨ੍ਹਾਂ ਦਾ ਸੁਨੇਹਾ ਹਰ ਇਨਸਾਨ ਨੂੰ ਭੀ ਹੈ ਤੇ ਇਨਸਾਨੀ ਸਮਾਜ ਨੂੰ ਸਮੁੱਚੇ ਤੌਰ ਤੇ ਭੀ ਹੈ । ਪਹਿਲਾ ਉਪਦੇਸ਼ ਇਨਸਾਨ ਨੂੰ ਆਪਣੀ ਆਤਮਾ ਨੂੰ ਉੱਨਤ ਕਰਨ ਦਾ ਹੈ ਅਤੇ ਨਾਮ, ਦਾਨ, ਇਸ਼ਨਾਨ ਇਸ ਦਾ ਸਾਧਨ ਦੱਸਿਆ ਹੈ । ਈਸ਼ਵਰ ਭਗਤੀ, ਨਾਮ ਸਿਮਰਨ ਨਾਲ ਮਨ ਦੀ ਮੈਲ ਕੱਟਦੀ ਹੈ ਅਤੇ ਆਤਮਾ ਆਪਣੇ ਸ਼ੁੱਧ ਸਰੂਪ ਵਿੱਚ ਵਿਦਮਾਨ ਹੁੰਦਾ ਹੈ ਅਤੇ ਆਪਣੇ ਸ਼ੁੱਧ ਸਰੂਪ ਦੀ ਪ੍ਰਾਪਤੀ, ਮਨੱੁਖ ਦਾ ਧਰਮ ਤੇ ਉਸ ਦੀ ਹੋਣੀ ਹੈ । ਦੂਸਰਾ ਉਪਦੇਸ਼ ਸਤਿਗੁਰੂ ਨਾਨਕ ਦਾ ਇਹ ਹੈ ਕਿ ਸੰਸਾਰ ਤੇ ਸਮਾਜ ਤੋਂ ਕੱਟ ਹੋ ਕੇ ਕਿਸੇ ਵਿਅਕਤੀਗਤ ਆਤਮਾ ਦਾ ਵਿਕਾਸ ਤੇ ਉੱਨਤੀ ਤਥਾ ਹੋਂਦ ਅਸੰਭਵ ਹੈ । ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਉਪਦੇਸ਼ਾਂ ਰਾਹੀਂ ਇਕ ਅਜਿਹੇ ਬੇ-ਮਿਸਾਲ ਗੁਰਮੱੁਖ ਦੀ ਘਾੜਤ ਘੜੀ ਜਿਸ ਦਾ ਵਿਸ਼ਵ ਧਰਮਾਂ ਦੇ ਸੰਦਰਭ ਵਿੱਚ ਕੋਈ ਬਦਲ ਹਾਲੀ ਤੱਕ ਪੇਸ਼ ਨਹੀਂ ਹੋਇਆ । ਗੁਰਮੁੱਖ ਜਾਂ ਖ਼ਾਲਸਾ ਉਹ ਕਿਰਦਾਰ ਹੈ ਜੋ ਅਕਾਲ ਪੁਰਖ ਨਾਲ ਅਭੇਦ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 938 ਉੱਤੇ ਸਿਧ ਗੋਸਟਿ ਵਿੱਚ ਗੁਰਮੱੁਖ ਦੀ ਵਿਆਖਿਆ ਵਿਸਥਾਰ ਨਾਲ ਕੀਤੀ ਗਈ ਹੈ । ਗੁਰੂ ਨਾਨਕ ਸਾਹਿਬ ਦੇ ਉਦਾਸੀਆਂ ਦੇ ਪ੍ਰਚਾਰਕ ਦੌਰਿਆਂ ਦੌਰਾਨ ਉਨ੍ਹਾਂ ਦਾ ਉਦਾਸੀਆਂ ਵਾਲਾ ਲਿਬਾਸ ਵੇਖ ਕੇ ਸੁਆਲ ਕੀਤਾ ਸੀ ਜੋਗੀਆਂ ਨੇ ਕਿ : ਕਿਸੁ ਕਾਰਣਿ ਇਹ ਭੇਖੁ ਨਿਵਾਸੀ, ਤਾਂ ਗੁਰੂ ਨਾਨਕ ਨੇ ਜੁਆਬ ਦਿੱਤਾ ਸੀ : ਗੁਰਮੁਖਿ ਖੋਜਤ ਭਏ ਉਦਾਸੀ ॥ ਤੇ ਨਾਲ ਹੀ ਗੁਰਮੁਖਿ ਦੀ ਵਿਆਖਿਆ ਕੀਤੀ : 
ਗੁਰਮੁਖਿ ਮਨ ਜੀਤਾ, ਹਾਉਮੈ ਮਾਰਿ ॥ ਗੁਰਮੁਖਿ ਸਾਚੁ ਰਖਿਆ ਉਰਧਾਰਿ ॥
ਗੁਰਮੁਖਿ ਜਗੁ ਜੀਤਾ, ਜਮਕਾਲੁ ਮਾਰਿ ਬਿਦਾਰ ॥ 
ਗੁਰਮੁਖਿ ਦਰਗਾਹ ਨ ਆਵੈ ਹਾਰਿ ॥
ਗੁਰਮੁਖਿ ਮੇਲਿ ਮਿਲਾਏ ਸੁ ਜਾਵੈ ॥ ਨਾਨਕ ਗੁਰਮੁਖਿ ਸਬਦਿ ਪਛਾਣੈ ॥
ਭਾਵ-ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਸ ਨੇ ਆਪਣੀ ਹਾਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ, ਉਸ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਿਆ ਹੈ । ਮੌਤ ਦਾ ਡਰ ਮਾਰ ਕੇ ਉਸ ਨੇ ਜਗਤ ਜਿੱਤ ਲਿਆ ਹੈ, ਉਹ ਜੀਵਨ ਦੀ ਬਾਜੀ ਹਾਰ ਕੇ ਨਹੀਂ ਸਗੋਂ ਜਿੱਤ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਜਾਂਦਾ ਹੈ । ਗੁਰਮੁੱਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ ਆਪਣੇ ਵਿੱਚ ਮਿਲਾ ਲੈਂਦਾ ਹੈ । ਸਿੱਖ ਧਰਮ ਦੇ ਅਕਾਲ ਹੁਕਮ, ਸਰਬ ਸਾਂਝੀਵਾਲਤਾ ਦਾ ਇਹ ਗੁਰਮੁਖ ਹੀ ਵਿਸ਼ਵੀਕਰਨ ਦੀ ਕਲਪਨਾ ਵਿੱਚਲਾ ਉਹ ਧਰਮੀ ਨਾਗਰਿਕ ਹੈ ਜੋ : ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ, ਵਾਲੀ ਅਨੇਕਤਾ ਵਿੱਚ ਏਕਤਾ ਦੇ ਸੱਭਿਆਚਾਰ ਅਤੇ ਸਰਬ ਕਲਿਆਣਕਾਰੀ ਆਰਥਿਕਤਾ ਦੀ ਸਰਬ ਵਿਆਪਕਤਾ ਵਾਲੀ ਸੰਸਾਰੀ ਨਾਗਰਿਕਤਾ ਦਾ ਮੁੱਢ ਹੈ । ਘਟ ਘਟ ਅੰਤਰਿ ਤੂੰ ਹੈ ਵੁਠਾ ਦਾ ਇਹੋ ਸੰਕਲਪ ਹੈ ਤੇ ਸੰਸਾਰ ਸਭ ਕੋ ਆਸੇ ਤੇਰੀ ਬੈਠਾ ਦੀ ਉਡੀਕ ਵਿੱਚ ਹੈ (ਗੁ: ਗ੍ਰੰ: ਸਾ: ਪੰਨਾ 97)
ਸਤਿਗੁਰੂ ਨਾਨਕ ਨੇ ਹੀ ਪਰਮ ਪਿਤਾ (ਅਕਾਲ ਪੁਰਖ) ਦੀ ਉਲਾਦ ਸਾਰੇ ਸੰਸਾਰ ਦੇ ਜੀਵਾਂ ਨੂੰ ਸੁੁੱਖ ਅਤੇ ਸੁਤੰਤਰਤਾ ਪ੍ਰਦਾਨ ਕਰਨ ਲਈ ਆਪਿ ਨਰਾਇਣ ਕਲਾ ਧਾਰਿ ਦੇ ਖਾਲਸੇ ਨੂੰ ਪ੍ਰਗਟ ਕੀਤਾ ਸੀ । ਸੰਸਾਰ ਵਿੱਚ ਸਦੀਵੀ ਸ਼ਾਂਤੀ, ਏਕਤਾ ਤੇ ਭਰਾਤਰੀ ਭਾਵ ਵਾਲਾ ਰੱਬੀ ਨਿਜਾਮ ਸਥਾਪਤ ਕਰਨ ਲਈ ਹੀ ਸਤਿਗੁਰੂ ਨਾਨਕ ਨੇ ਦਸਮੇ ਜਾਮੇ ਵਿੱਚ ਨਿਰਮਲ ਪੰਥ ਵਿੱਚੋਂ ਹੀ ਖਾਲਸਾ ਪ੍ਰਗਟ ਕੀਤਾ ਅਤੇ ਕਿਹਾ ਪ੍ਰਗਟਿE ਖਾਲਸਾ ਪ੍ਰਮਾਤਮਾ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ । ਅਕਾਲ ਪੁਰਖ ਕੀ ਫੌਜ ਦੀ ਜਿੰਮੇਵਾਰੀ ਉਪਰ ਲਿਖ ਦਿੱਤਾ ਹੈ । ਸਤਿਗੁਰੂ ਨਾਨਕ ਨੇ ਦੇਵ ਬਾਣੀ (ਸੰਸਕ੍ਰਿਤ) ਦੇ ਸੰਕਲਪ ਨੂੰ ਸਦਾ ਲਈ ਤਿਲਾਂਜਲੀ ਦੇ ਕੇ ਲੋਕਾਈ ਨੂੰ ਸਰਲ ਲੋਕ-ਭਾਖਾ ਵਿੱਚ ਉਪਦੇਸ਼ ਦਿੱਤਾ । ਪੰਜਾਬੀ ਬੋਲੀ ਦੇ ਉਚਾਰਣਾਂ ਨੂੰ ਪ੍ਰਗਟ ਕਰਨ ਲਈ ਇਕ ਸੰਪੂਰਣ ਲਿਪੀ ਘੜੀ ਜੋ ਗੁਰਮੁਖੀ ਨਾਮ ਨਾਲ ਪ੍ਰਸਿੱਧ ਹੋਈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 432 ਉੱਤੇ ਗੁਰੂ ਨਾਨਕ ਸਾਹਿਬ ਦੀ ਗੁਰਮੁਖੀ ਦੇ ਪੈਂਤੀ ਅੱਖਰਾਂ ਵਿੱਚ ਲਿਖੀ ਹੋਈ ਰਾਗ ਆਸਾ ਦੀ ਪਟੀ ਸੁਭਾਇਮਾਨ ਹੈ । ਸਤਿਗੁਰੂ ਨਾਨਕ ਦਾ ਮਕਸਦ ਮਨੁੱਖਤਾ ਨੂੰ ਪਰਿਪੂਰਨ ਕਰਕੇ ਸਦਾ ਲਈ ਆਪਣੇ ਪੈਰਾਂ ਉੱਤੇ ਖੜ੍ਹਾ ਕਰਨਾ ਸੀ । ਨਬੀਆਂ, ਪੈਗੰਬਰਾਂ, ਅਵਤਾਰਾਂ, ਵਿਚੋਲਿਆਂ ਦੀ ਗੁਲਾਮੀ ਤੋਂ ਮੁਕਤ ਕਰਨਾ ਸੀ, ਅਤੇ ਉਹ ਪ੍ਰਾਣੀ ਨੂੰ ਅਕਾਲ ਪੁਰਖ ਵਿੱਚ ਅਭੇਦ ਕਰਕੇ ਉਸੇ ਮੁਕਾਮ ਤੇ ਲੈ ਜਾਣਾ ਚਾਹੁੰਦੇ ਸਨ, ਜਿਸ ਉਤੇ ਉਹ ਆਪ ਪਹੁੰਚੇ ਹੋਏ ਸਨ, ਭਾਵ-ਅਪਰੰਪਰ ਪ੍ਰਾਰ ਬ੍ਰਹਮ ਪਰਮੇਸਰੁ, ਨਾਨਕ ਗੁਰ ਮਿਲਿਆ ਸੋਈ ਜੀਉ-ਅੰਗ 599
ਆਪਣੇ ਇਸ ਦੈਵੀ ਮਿਸ਼ਨ ਦੀ ਸੰਪੂਰਨਤਾ ਲਈ ਸਤਿਗੁਰੂ ਨਾਨਕ ਨੇ ਆਪਣੇ ਅਨੁਭਵੀ ਗਿਆਨ ਦੀਆਂ ਨੀਹਾਂ ਉੱਤੇ ਇਕ ਵਿਸ਼ਾਲ, ਮੁਕੰਮਲ ਤੇ ਪ੍ਰਭਾਵਸ਼ਾਲੀ ਧਰਮ ਅਤੇ ਨਿਰਮਲ ਪੰਥ ਚਲਾਇਆ । ਜਿਸ ਵਿੱਚੋਂ ਸਮਾਂ ਪਾ ਕੇ 1699 ਦੀ ਵੈਸਾਖੀ ਨੂੰ ਅਮਿਤ-ਆਭਾ ਵਾਲਾ ਤੇ ਸ੍ਰਿਸ਼ਟੀ ਲਈ ਕਲਿਆਣਕਾਰੀ ਖ਼ਾਲਸਾ ਪ੍ਰਗਟ ਹੋਇਆ । ਜਿਥੇ ਜਿਥੇ ਸਤਿਗੁਰੂ ਨਾਨਕ ਨੇ ਲੋਕ ਅਜ਼ਾਦੀ ਦੀ ਗੱਲ ਕੀਤੀ, ਸੁਨਣ ਵਾਲੇ ਵਿਚਾਰਾਂ ਦੀ ਤੀਬਰਤਾ, ਸੁਭਾਅ ਦੀ ਨਿਰਮਾਣਤਾ, ਸੱਚਾਈ ਦਾ ਵੇਗ, ਮਨੁੱਖਤਾ ਦੇ ਦਰਦ ਦੀ ਚੀਸ ਦਾ ਮਿਸ਼ਰਣ ਨਾਨਕ-ਬਾਣੀ ਵਿੱਚ ਸੁਣ ਕੇ ਸਾਰੇ ਸੁਨਣ ਵਾਲੇ ਸੁੰਨ ਹੋ ਗਏ ਸਨ । ਪੋਪ ਦਾ ਕਾਉਂਸਲ ਇਹ ਸੁਣ ਕੇ ਹੈਰਾਨ ਹੋ ਗਿਆ ਕਿ ਗੁਲਾਮਾਂ ਨੂੰ ਅਜ਼ਾਦ ਕਰਨਾ ਵੀ ਧਰਮ ਹੈ, ਮੱਕੇ ਦਾ ਕਾਜ਼ੀ ਇਹ ਸੁਣ ਕੇ ਹੈਰਾਨ ਹੋ ਗਿਆ ਕਿ ਹਰ ਮਨੁੱਖ ਵਿੱਚ ਖ਼ੁਦਾ ਵੱਸਦਾ ਹੈ, ਜੋਗੀ, ਸਿਧ, ਇਸ ਗੱਲੋਂ ਪੇ੍ਰਸ਼ਾਨ ਸਨ ਕਿ ਨਾਨਕ ਮੋਮ ਦੇ ਦੰਦਾਂ ਨਾਲ ਲੋਹਾ ਚਬਣ ਜਿਹੇ ਸਭ ਦੀ ਅਜ਼ਾਦੀ ਦੇ ਮਨਸੂਬੇ ਰੱਖਦਾ ਹੈ, ਕੁੱਲ ਮਿਲਾ ਕੇ ਤਾਣੀ ਟੁੱਟਦੀ ਹੈ, ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ, ਗੁਰੂ ਨਾਨਕ ਸਾਹਿਬ ਜਦੋਂ ਗਏ ਤਾਂ ਉਨ੍ਹਾਂ ਨੇ ਅੰਮ੍ਰਿਤ ਵੇਲੇ ਬਾਂਗ ਦੀ ਤਰਜ਼ ਤੇ ਇਹ ਅਵਾਜ਼ ਅਲਾਪੀ : ਗੁਰਬਰ ਅਕਾਲ, ਸਤਿ ਸ੍ਰੀ ਅਕਾਲ, ਚਿਤ ਚਰਨ ਨਾਮ, ਘਰ ਘਰ ਪ੍ਰਣਾਮ, ਪ੍ਰਭੂ ਕ੍ਰਿਪਾਲ, ਜੋ ਸਰਬ ਜੀਵਾਲ । (ਹਵਾਲਾ ਜੀਵਨ ਜੀਵਨ ਚੁਰਿੱਤ੍ਰ ਗੁਰੂ ਨਾਨਕ ਦੇਵ, ਦੇ ਪੰਨਾ 311 ਉੱਤੇ ਉਕਤ ਹਵਾਲਾ, ਜਨਮ ਸਾਖੀ ਮਨੀ ਸਿੰਘ ਦੇ ਪੰਨਾ 979 ਦੇ ਹਵਾਲੇ ਨਾਲ ਲਿਖਿਆ ਗਿਆ ਹੈ) ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੀ ਬਗਦਾਦ ਫੇਰੀ ਨੂੰ ਪਹਿਲੀ ਵਾਰ ਦੀ 35ਵੀਂ ਪੌੜੀ ਵਿੱਚ ਬਿਆਨ ਕਰਦੇ ਹਨ ਕਿ : ਫਿਰ ਬਾਬਾ ਗਇਆ ਬਗਦਾਦ ਨੋ ਬਾਹਰ ਜਾਇ ਕੀਆ ਅਸਥਾਨ । ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ । ਦਿਤੀ ਬਾਂਗ ਨਿਮਾਜ਼ ਕਰ ਸੁੰਨ ਸਮਾਧ ਹੋਆ ਜਹਾਨਾ । ਸੁੰਨ ਮੁੰਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ । 
ਬਗਦਾਦ ਫੇਰੀ ਦੌਰਾਨ ਹੀ ਜਦੋਂ ਦਸਤਗੀਰ ਪੀਰ ਨੇ ਗੁਰੂ ਨਾਨਕ ਦੇ ਮੁਖਾਰਬਿੰਦ ਤੋਂ ਇਹ ਬਾਣੀ ਸੁਣੀ, ਪਤਾਲਾ ਪਤਾਲ, ਲਖ ਅਗਾਸਾ ਅਗਾਸ ॥ ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਇਕ ਅਕਾਲ ਪੁਰਖ ਦੀ ਅਪਾਰ ਰਚਨਾ ਦਾ ਚਿਤ੍ਰ ਖਿੱਚਿਆ ਜਿਸ ਵਿੱਚ ਲੱਖਾਂ ਅਕਾਸ਼ ਤੇ ਲੱਖਾਂ ਪਤਾਲ ਹਨ । ਦਸਤਗੀਰ ਪੀਰ ਨੇ ਪਤਾਲਾ ਪਤਾਲ, ਲਖ ਅਗਾਸਾ ਅਗਾਸ ਦਾ ਸ਼ਬਦ ਸੁਣ ਕੇ ਪ੍ਰਸ਼ਨ ਉਠਾਇਆ ਕਿ ਅਸੀਂ ਤਾਂ ਕੁਰਾਨ ਸ਼ਰੀਫ ਵਿੱਚ, ਸੱਤ ਅਕਾਸ਼ ਤੇ ਸੱਤ ਪਤਾਲ ਮੰਨਦੇ ਹਾਂ, ਸਾਨੂੰ ਕਿਵੇਂ ਵਿਸ਼ਵਾਸ ਆਵੇ ਕਿ ਜੋ ਕੁਝ ਤੁਸੀਂ ਦੱਸ ਰਹੇ ਹੋ ਉਹ ਠੀਕ ਹੈ । ਗੁਰੂ ਨਾਨਕ ਸਾਹਿਬ ਨੇ ਦਸਤਗੀਰ ਪੀਰ ਨੂੰ ਕਿਵੇਂ ਯਕੀਨ ਦੁਆਇਆ ਕਿ ਲੱਖਾਂ ਹੀ ਧਰਤੀਆਂ ਤੇ ਲੱਖਾਂ ਹੀ ਅਕਾਸ਼ ਹਨ, ਇਸ ਦਾ ਵਿਸਥਾਰ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 36ਵੀਂ ਪੌੜੀ ਵਿੱਚ ਇਸ ਪ੍ਰਕਾਰ ਕੀਤਾ ਹੈ ਕਿ : ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਅਤਾਈ ॥ ਇਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ ॥ ਪਤਾਲਾ ਅਕਾਸ ਲਖ Eੜਕ ਭਾਲੀ ਖਬਰ ਸੁਣਾਈ ॥ ਫੇਰ ਦੁਰਾਇਣ ਦਸਤਗੀਰ ਅਸੀਂ ਭੀ ਵੇਖਾਂ ਜੋ ਤੁਹਿ ਪਾਈ ॥ ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਇਆ ਹਵਾਈ ॥ ਲੱਖ ਅਕਾਸ ਪਤਾਲ ਲੱਖ ਅੱਖ ਫੁਰਕ ਵਿਚ ਸਭ ਦਿਖਲਾਈ ॥ ਭਰ ਕਚ ਕੌਲ ਪ੍ਰਸ਼ਾਦਿ ਦਾ ਧੁਰੋਂ ਪਤਾਲੀ ਲਈ ਕੜਾਹੀ ॥ ਜ਼ਾਹਰ ਕਲਾ ਨਾ ਛਿਪੇ ਛਪਾਹੀ ॥ ਦਸਤਗੀਰ ਪੀਰ ਤੋਂ ਇਲਾਵਾ ਇਕ ਸੂਫੀ ਦਰਵੇਸ ਬਹਿਲੋਲ ਨੇ ਵੀ ਗੁਰੂ ਨਾਨਕ ਦੀ ਅਜ਼ਮਤ ਅੱਗੇ ਸੀਸ ਝੁਕਾ ਦਿੱਤਾ । ਸਤਿਗੁਰੂ ਨਾਨਕ ਸਾਹਿਬ ਦੀ ਗੁਰੂ ਪਦਵੀ ਬਾਰੇ ਕੁਝ ਮਹੱਤਵਪੂਰਨ ਤੱਥ ਵਿਚਾਰਨ ਯੋਗ ਹਨ, ਸਮੈਦਿਕ ਕੌਮਾਂ ਗੁਰੂ ਨੂੰ ਪੈਗੰਬਰ ਕਹਿੰਦੀਆਂ ਹਨ । ਆਰੀਆ ਕੌਮਾਂ ਵਿੱਚ ਗੁਰੂ-ਇਕ ਬਹੁ-ਅਰਥਕ ਸ਼ਬਦ ਹੈ । ਪਰ ਸਿੱਖ ਧਰਮ ਵਿੱਚ ਗੁਰੂ ਪਦ ਦੇ ਅਰਥ ਇਸ ਤੋਂ ਵਿਲੱਖਣ ਹਨ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਗਤਾਂ ਅਤੇ ਅਵਤਾਰਾਂ ਦੇ ਦੇਹ-ਧਾਰੀ ਗੁਰੂਆਂ ਕੋਲੋਂ ਗੁਰ-ਦੀਖਿਆ ਪ੍ਰਾਪਤ ਕੀਤੀ । ਭਗਤ ਰਵਿਦਾਸ ਅਤੇ ਭਗਤ ਕਬੀਰ ਨੇ ਸ੍ਰੀ ਰਾਮਾਨੰਦ ਤੋਂ ਗੁਰ-ਦੀਖਿਆ ਪ੍ਰਾਪਤ ਕੀਤੀ । ਸ੍ਰੀ ਕ੍ਰਿਸ਼ਨ ਜੀ ਨੇ ਜੋਗੀ ਸੰਦੀਪਨ ਨੂੰ ਅਤੇ ਸ੍ਰੀ ਰਾਮ ਚੰਦਰ ਜੀ ਨੇ ਰਿਸ਼ੀ ਵਿਸ਼ਿਸ਼ਟ ਨੂੰ ਦੇਹਧਾਰੀ ਗੁਰੂ ਧਾਰਨ ਕੀਤਾ ਪਰ ਸਤਿਗੁਰੂ ਨਾਨਕ ਜੀ ਤਾਂ : 
ਆਪਿ ਨਰਾਇਣ ਕਲਾ ਧਾਰਿ ਜਗ ਮਹਿ ਪਰਵਰਿਯਉ ॥ 
ਨਿਰੰਕਾਰਿ ਅਕਾਰੁ ਜੋਤਿ ਜਗ ਮੰਡਲਿ ਕਰਿਯਉ ॥ (ਗੁ: ਗ੍ਰੰ: ਸਾ: ਪੰਨਾ 1395)
ਅਤੇ - ਜੋਤਿ ਰੂਪ ਹਰਿ ਆਪ ਗੁਰੂ ਨਾਨਕ ਕਹਾਯਊ ॥
ਤਾ ਤੇ ਅੰਗਦੁ ਭਬਉ ਤਤ ਸਿਉ ਤਤੁ ਮਿਲਾਯਉ ॥ (ਗੁ: ਗ੍ਰੰ: ਸਾ: ਪੰਨਾ 1408)
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਮਹੱਤਵਪੂਰਨ ਪੜਾਅ ਹੈ । ਗੁਰੂ ਗ੍ਰੰਥ ਨਾਨਕ ਨਿਰਮਲ ਪੰਥ ਦਾ ਸਿਧਾਂਤ ਹੈ ਤੇ ਗੁਰ-ਇਤਿਹਾਸ ਤੇ ਗੁਰੂ ਪੰਥ ਇਸ ਸਿਧਾਂਤ ਦਾ ਪ੍ਰਤੱਖ ਅਮਲ । ਸਤਿਗੁਰੂ ਨਾਨਕ ਸਾਹਿਬ ਦੀ ਗੁਰੂ-ਪਦਵੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਲਿਖਤ ਵਿੱਚ ਆਏ ਐਸੇ ਕਿਸੇ ਵੀ ਤੱਥ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਵਿਰੋਧ ਵਿੱਚ ਹੋਵੇ, ਧੁਰ ਕੀ ਬਾਣੀ ਗੁਰੂ ਸਹਿਬਾਨ ਦੀ ਕਥਨੀ ਹੈ ਅਤੇ 1469 ਤੋਂ 1708 ਤੱਕ ਦਾ ਗੁਰ-ਇਤਿਹਾਸ ਧੁਰ ਕੀ ਬਾਣੀ ਦਾ ਅਮਲ। 
ਸਤਿਗੁਰੂ ਨਾਨਕ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਦੇ ਸਰੂਪ ਵਿੱਚ ਅਕਤੂਬਰ 1708 ਈ: ਨੂੰ ਨੰਦੇੜ ਵਿਖੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਸਿੱਖੀ ਦੇ ਤਖ਼ਤ ਤੇ ਸੁਭਾਇਮਾਨ ਕਰਕੇ ਬਚਨ ਕੀਤਾ । ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਅਤੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿE ਗ੍ਰੰਥ । ਗੁਰੂ ਸਾਹਿਬ ਨੇ ਖ਼ਾਲਸਾ ਪੰਥ ਨੂੰ ਗੁਰੂ ਗ੍ਰੰਥ, ਗੁਰੂ ਪੰਥ ਦਾ ਰਾਜਸੀ ਸੰਵਿਧਾਨ ਬਖ਼ਸ਼ਿਸ਼ ਕੀਤਾ, ਜਿਸ ਦਾ ਮਕਸਦ ਵਿਸ਼ਵ ਭਰ ਵਿੱਚ ਸਰਬੱਤ ਦੇ ਭਲੇ ਵਾਲਾ ਹਲੇਮੀ ਰਾਜ ਸਥਾਪਤ ਕਰਨਾ ਹੈ । ਇਸ ਕਰਕੇ ਹੀ ਗੁਰੂ ਸਾਹਿਬਾਨ ਨੇ ਖ਼ਾਲਸਾ ਪੰਥ ਦਾ, ਰਾਜਸੀ ਨਿਸ਼ਾਨਾ, ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ॥ ਖÍਾਰ ਹੋਇ ਸਭ ਮਿਲੇਂਗੇ ਬਚੇ ਸਰਵ ਜੋ ਹੋਇ, ਨਿਰਧਾਰਤ ਕੀਤਾ । ਸਤਿਗੁਰੂ ਨਾਨਕ ਦੀ ਸਿੱਖੀ ਅਨੁਸਾਰ ਸੱਭ ਮਨੁੱਖ ਮਾਤਰ ਨੂੰ ਪਰਮ ਕ੍ਰਿਪਾਲੂ ਪਿਤਾ (ਅਕਾਲ ਪੁਰਖ) ਨੇ ਅਮਿਟ ਅਧਿਕਾਰ ਦਿੱਤਾ ਹੈ ਕਿ ਉਹ ਨਿਰ-ਵਿਘਨ ਖੇੜੇ ਅਤੇ ਖੁਸ਼ੀਆਂ ਦਾ ਜੀਵਨ ਜਿਉ ਸਕਣ : ਹਰਖ ਅਨੰਤ ਸੋਗ ਨਹੀਂ ਬੀਆ ਅਤੇ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜ ਜੀਉ ॥ (ਗੁ: ਗ੍ਰੰ: ਸਾ: ਪੰਨਾ 73) ਪ੍ਰਮਾਤਮਾਂ ਨੂੰ ਇਹੋ ਮਨਜ਼ੂਰ ਹੈ ਕਿ ਧਰਮ ਵਿਸ਼ਵ ਕਲਿਆਣਕਾਰੀ ਹੋਵੇ ਅਤੇ ਸੰਸਾਰ ਦੇ ਹਰ ਦੂਜੇ ਧਰਮਾਂ ਲਈ ਭਾਈਚਾਰੇ ਅਤੇ ਸਦਭਾਵਨਾ ਦੇ ਵਿਚਾਰ ਰੱਖਦਾ ਹੋਵੇ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ, 
ਜਥੇਦਾਰ ਮਹਿੰਦਰ ਸਿੰਘ