image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰੂ ਨਾਨਕ ਸਾਹਿਬ ਦੇ, ਜਉ ਤਉ ਪ੍ਰੇਮ ਖੇਲਣ ਕਾ ਚਾਊ ॥ ਸਿਰੁ ਧਰੀ ਤਲੀ ਗਲੀ ਮੇਰੀ ਆਉ ॥ ਦੇ ਸਿੱਖੀ ਸਿਧਾਂਤ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਦਾ ਪੈਗਾਮ ਬਣਾਇਆ ।

ਸਿੱਖ ਰਾਸ਼ਟਰ ਦਾ ਪ੍ਰਤੀਕ ਹੈ ਖ਼ਾਲਸੇ ਦਾ ਪ੍ਰਗਟ ਦਿਹਾੜਾ । ਗੁਰੂ ਨਾਨਕ ਸਾਹਿਬ ਨੇ ਸੱਚ ਦੇ ਰਾਹ ਉੱਤੇ ਮੌਤ ਕਬੂਲਣ ਨੂੰ ਹੀ ਸਿੱਖੀ ਜੀਵਨ ਦਾ ਅਰੰਭ ਦੱਸਿਆ, ਅਰਥਾਤ - ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰੀ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਗੁ: ਗ੍ਰੰ: ਸਾ: ਪੰਨਾ 1412) ਗੁਰੂ ਨਾਨਕ ਸਾਹਿਬ ਨੇ ਹੀ ਹਿੰਦੂ ਤੇ ਮੁਸਲਮਾਨ ਦੋਹਾਂ ਤੋਂ ਵੱਖਰੇ ਤੀਸਰੇ ਪੰਥ ਦੀ ਨੀਂਹ ਰੱਖ ਦਿੱਤੀ ਸੀ, ਜਿਸ ਨੂੰ ਭਾਈ ਗੁਰਦਾਸ ਨੇ, ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ਦਾ ਨਾਂਅ ਦਿੱਤਾ ਹੈ । ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੇ ਦੋਹਾਂ ਮਜ਼੍ਹਬਾਂ ਨਾਲੋਂ ਵੱਖਰੇ ਤੀਸਰੇ ਪੰਥ ਭਾਵ ਰਾਜਸੀ ਸਿੱਖ ਕੌਮ ਦੀ ਨੀਂਹ ਹੇਠ ਲਿਖੇ ਤਿੰਨ ਨਿਸ਼ਾਨੇ ਪੂਰੇ ਕਰਨ ਲਈ ਰੱਖੀ । (1) ਪਹਿਲਾ ਨਿਸ਼ਾਨਾ ਸੀ ਮਨੁੱਖ ਜਾਤੀ ਦੀ ਮੁਕੰਮਲ ਆਜ਼ਾਦੀ ਤੇ ਬਰਾਬਰੀ ਦੇ ਆਦਰਸ਼ ਦਾ ਪ੍ਰਚਾਰ ਕਰਨਾ । (2) ਦੂਸਰਾ ਨਿਸ਼ਾਨਾ ਸੀ ਇਸ ਆਦਰਸ਼ ਦੀਆਂ ਲੀਹਾਂ ਉੱਤੇ ਜਾਤ-ਪਾਤ ਰਹਿਤ ਇਕ ਨਵਾਂ ਸਮਾਜ, ਨਿਰਮਲ ਪੰਥ ਉਸਾਰਨਾ । (3) ਤੀਸਰਾ ਨਿਸ਼ਾਨਾ ਸੀ ਨਿਰਮਲ ਪੰਥ ਨੂੰ ਸਹਿਜੇ-ਸਹਿਜੇ ਖ਼ਾਲਸਾ ਪੰਥ ਤੱਕ ਵਿਕਸਤ ਕਰਕੇ ਪੰਥ ਨੂੰ ਰਾਜਸੀ ਇਨਕਲਾਬ ਲਿਆਉਣ ਦਾ ਵਸੀਲਾ ਬਣਾਉਣਾ । ਗੁਰੂ ਨਾਨਕ ਸਾਹਿਬ ਜੋ ਰੂਹਾਨੀ ਤੇ ਸਮਾਜੀ, ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਵਾਣੀ ਨੀਵ ਦੈ (ਅੰਗ 966) ਦਾ ਮਿਸ਼ਨ ਅਪਣਾ ਕੇ ਚੱਲੇ ਸਨ, ਉਹ ਕਿਸੇ ਵੀ ਕਾਇਮ ਮੁਕਾਮ ਸਮਾਜ ਹਿੰਦੂ ਜਾਂ ਮੁਸਲਮਾਨ ਚੌਖਟੇ ਵਿੱਚ ਰਹਿੰਦਿਆਂ ਪੂਰਾ ਨਹੀਂ ਸੀ ਹੋ ਸਕਦਾ । ਇਸ ਦੀ ਪੂਰਤੀ ਲਈ ਇਕ ਅਸਲੋਂ ਹੀ ਵੱਖਰੇ ਤੇ ਨਵੇਂ ਸਮਾਜ ਦੀ ਸਥਾਪਨਾ ਕਰਨੀ ਜਰੂਰੀ ਸੀ । ਸਮਾਜੀ ਵਿਕਾਸ ਦਾ ਇਹ ਕੰਮ ਇੰਨਾ ਸੌਖਾ ਤੇ ਸਰਲ ਨਹੀਂ ਹੁੰਦਾ । ਗੁਰੂ ਨਾਨਕ ਨੇ ਇਕ ਵੱਖਰੀ ਕਿਸਮ ਦੀ ਸਿੱਖ ਸੰਗਤ ਸਿਰਜੀ ਜੋ ਸਮਕਾਲੀ ਹਿੰਦੂ ਅਤੇ ਮੁਸਲਮਾਨਾਂ ਦੇ ਸਮਾਜਾਂ ਨਾਲੋਂ ਮੂਲ ਰੂਪ ਵਿੱਚ ਵੱਖਰੀ ਸੀ । ਸਿੱਖ ਧਰਮ ਨੇ ਅਜਿਹੇ ਗੁਰਮੁਖਿ ਪੈਦਾ ਕੀਤੇ ਜੋ ਗੁਰੂ ਨਾਨਕ ਦੇ ਮਿਸ਼ਨ ਨਾਲ Eਤ ਪ੍ਰੋਤ ਸਨ । ਜੋ ਨਿਰਭੈ ਨਿਰਵੈਰ ਸਨ ਤੇ ਜੋ ਆਪਸ ਵਿੱਚ ਗੁਰਭਾਈ ਸਨ । ਕੋਈ ਉਚਾ ਨਹੀਂ ਕੋਈ ਨੀਵਾਂ ਨਹੀਂ, ਕੋਈ ਜੋਰਾਵਰ ਨਹੀਂ ਕੋਈ ਨਿਤਾਣਾ ਨਹੀਂ, ਕੋਈ ਮਲੇਛ ਨਹੀਂ ਕੋਈ ਕਾਫਰ ਨਹੀਂ । ਗੁਰੂ ਨਾਨਕ ਦੀ ਚਰਨ-ਪਾਹੁਲ ਲੈਣ ਤੋਂ ਬਾਅਦ ਹਰ ਕੋਈ ਨਾਨਕ ਨਾਮ ਲੇਵਾ ਸਿੱਖ ਸੀ, ਗੁਰੂ ਨਾਨਕ ਦੀ ਸੰਗਤ ਲਈ ਦਰਵਾਜੇ ਚਹੁੰ ਵਰਣਾਂ ਲਈ ਖੁੱਲੇ੍ਹ ਸਨ ਪਰ ਇਹ ਚੌਖਟ ਨਹੀਂ ਸਨ ਭਾਵ ਜਿਥੇ ਰੰਗ, ਨਸਲ, ਜਾਤ ਅਤੇ ਧਰਮ ਦਾ ਕੋਈ ਭੇਦਭਾਵ ਨਹੀਂ ਸੀ ਉਥੇ ਸਿੱਖੀ ਦੀ ਵਿਚਾਰਧਾਰਾ ਵਿੱਚ ਕੋਈ ਛੋਟ ਨਹੀਂ ਸੀ । ਭਾਈ ਕਾਨ੍ਹ ਸਿੰਘ ਨਾਭਾ ਗੁਰਮਤਿ ਮਾਰਤੰਡ ਦੇ ਪੰਨਾ 466 ਤੇ ਲਿਖਦੇ ਹਨ : ਜਾਤਿ ਅਭਿਮਾਨ ਦੂਰ ਕਰਨ ਅਤੇ ਨੇਮਤਾ ਦੇ ਪ੍ਰਚਾਰ ਲਈ ਚਰਨਾਮ੍ਰਿਤ ਦੀ ਰੀਤ ਚਲਾਈ ਸੀ, ਆਪ ਮਹਾਨ ਕੋਸ਼ (1981 ਦੇ ਸੰਸਕਰਣ) ਦੇ ਪੰਨਾ 457 ਤੇ ਲਿਖਦੇ ਹਨ : ਨੌ ਸਤਿਗੁਰਾਂ ਵੇਲੇ ਤੱਕ ਸਿੱਖ ਧਰਮ ਵਿੱਚ ਲਿਆਉਣ ਲਈ ਚਰਨਾਮ੍ਰਿਤ ਪਿਆਇਆ ਜਾਂਦਾ ਸੀ । ਇਸ ਦਾ ਨਾਮ ਚਰਣ ਪਾਹੁਲ ਅਤੇ ਪਗ ਪਾਹੁਲ ਵੀ ਲਿਖਿਆ ਹੈ । ਗੁਰੂ ਨਾਨਕ ਦੇ ਚਰਨ ਪਹੁਲੀਏ ਪੰਥ ਦੀ ਨਵੀਨਤਮ ਪਰਿਭਾਸ਼ਾ ਨੂੰ ਅੰਤਿਮ ਸਰੂਪ ਦਸਮੇਸ਼ ਪਿਤਾ ਨੇ ਬਖ਼ਸ਼ਿਸ਼ ਕੀਤੀ । ਭਾਵ ਨਿਰਮਲ ਪੰਥ ਤੋਂ ਖ਼ਾਲਸਾ ਪੰਥ । ਖ਼ਾਲਸਾ ਪੰਥ ਦੀ ਸਾਜਨਾ (ਸੰਪੂਰਨਤਾ) ਦੁਆਰਾ ਗੁਰੂ ਗੋਬਿੰਦ ਸਿੰਘ ਨੇ 1699 ਦੀ ਵੈਸਾਖੀ ਨੂੰ ਸੀਸ ਭੇਟ ਕੌਤਕ ਵਰਤਾ ਕੇ ਚਰਨ ਪਾਹੁਲ ਨੂੰ ਖੰਡੇ ਦੀ ਪਹੁਲ ਵਿੱਚ ਬਦਲ ਦਿੱਤਾ । ਪੰਥ ਦੀ ਪਰਿਭਾਸ਼ਾ ਸਾਰੇ ਗੁਰੂ ਕਾਲ ਵਿੱਚ ਵਿਕਸਤ ਹੁੰਦੀ ਗਈ ਸਹਿਜੇ ਸਹਿਜੇ ਪੰਥ ਨੂੰ ਆਪਣੇ ਅੰਤਿਮ ਸਰੂਪ ਖ਼ਾਲਸਾ ਪੰਥ ਦੇ ਰੂਪ ਵਿੱਚ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਵਿਖੇ 1699 ਦੀ ਵੈਸਾਖੀ ਨੂੰ ਪ੍ਰਗਟ ਕੀਤਾ । ਗੁਰਬਰ ਅਕਾਲ ਦੇ ਹੁਕਮ ਸਿਉਂ, ਉਪਜਿਉ ਬਿਗਆਨਾ । ਤਬ ਸਹਿਜੇ ਰਚਿਉ ਖ਼ਾਲਸਾ ਸਾਬਤ ਮਰਦਾਨਾ । ਅਤੇ ਪ੍ਰਗਟਿੳ ਖ਼ਾਲਸਾ ਪਰਮਾਤਮ ਕੀ ਮੌਜ, ਖ਼ਾਲਸਾ ਅਕਾਲ ਪੁਰਖ ਕੀ ਫੌਜ । ਨਿਰਮਲ ਪੰਥ ਤੋਂ ਖ਼ਾਲਸਾ ਪੰਥ ਦੀ ਸਾਜਨਾ ਤੱਕ ਗੁਰੂ ਕਾਲ ਦੀਆਂ ਕੁਝ ਘਟਨਾਵਾਂ ਤੇ ਪੰਛੀ ਝਾਤ ਮਾਰਨੀ ਵੀ ਜਰੂਰੀ ਹੈ । ਸਿੱਖ ਧਰਮ ਇਕ ਖ਼ਾਸ ਸਿਫਤ ਵਾਲਾ ਧਰਮ ਹੈ ਕਿਉਂਕਿ ਇਸ ਨੇ ਨਾ ਕੇਵਲ ਇਕ ਰਾਜਸੀ ਕੌਮ ਦੀ ਸਿਰਜਨਾ ਕੀਤੀ ਸਗੋਂ ਅਜਿਹੀਆਂ ਪਰੰਪਰਾਵਾਂ, ਰਵਾਇਤਾਂ ਸਥਾਪਤ ਕੀਤੀਆਂ ਜੋ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਅਤੇ ਸਰਬੱਤ ਦੇ ਭਲੇ ਵਾਲੀਆਂ ਹਨ । ਗੁਰੂ ਨਾਨਕ ਸਾਹਿਬ ਨੇ ਤੀਸਰੇ ਰਾਹ ਦੀ ਮੰਜ਼ਿਲ ਤੇ ਦਿਸ਼ਾਵਾਂ ਸਾਫ ਉਲੀਕ ਦਿੱਤੀਆਂ ਸਨ । ਉਨ੍ਹਾਂ ਤੋਂ ਬਾਅਦ ਅਗਲੇ ਗੁਰੂਆਂ ਨੇ ਜੋ ਵੀ ਕਦਮ ਪੁੱਟੇ ਉਹ ਮਿੱਥੀ ਹੋਈ ਮੰਜ਼ਿਲ ਦੀ ਦਿਸ਼ਾ ਵਿੱਚ ਹੀ ਪੁੱਟੇ । ਜੋ ਉਸਾਰੀ ਹੋਈ ਉਹ ਸੁਚੇਤ ਤੇ ਯੋਜਨਾ ਬੱਧ ਰੂਪ ਵਿੱਚ ਹੋਈ । ਹਰ ਚੀਜ਼ ਸਿਰਜੀ ਗਈ । ਕੁਛ ਵੀ ਆਪ ਮੁਹਾਰਾ ਜਾਂ ਇਤਫਾਕੀਆ ਨਹੀਂ ਵਾਪਰਿਆ ।
1469 ਤੋਂ 1699 ਤੱਕ ਅਤੇ 1699 ਤੋਂ 1708 ਤੱਕ ਸਿੱਖ ਗੁਰੂਆਂ ਨੇ ਸਿੱਖ ਪੰਥ ਦੀ ਆਪ ਸਿੱਧੇ ਰੂਪ ਅਗਵਾਈ ਕੀਤੀ । ਸਿੱਖ ਧਰਮ ਵਾਂਗ ਹੋਰ ਕਿਸੇ ਵੀ ਧਰਮ ਨੇ ਪੂਰੀ ਸ਼ਿੱਦਤ ਨਾਲ ਐਨੀ ਸੰਯੁਕਤਾ ਸਾਹਿਤ ਦੋ ਸੌ ਸਾਲ ਤੋਂ ਉੱਤੇ ਫੈਲੇ ਦੌਰ ਨੂੰ ਆਪਣੀ ਪੈਗੰਬਰੀ ਅਜ਼ਮਤ ਦਾ ਪਾਤਰ ਨਹੀਂ ਬਣਾਇਆ । ਸਿੱਖ ਧਰਮ ਦੇ ਆਦਰਸ਼ ਇਤਿਹਾਸ ਦੇ ਅਮਲ ਵਿੱਚੋਂ ਪੈਦਾ ਨਹੀਂ ਹੋਏ । ਇਹ ਸਿੱਖ ਗੁਰੂਆਂ ਦੀ ਆਪਣੀ ਅੰਦਰੂਨੀ ਪ੍ਰੇਰਨਾ ਅਤੇ ਅਕਾਲੀ ਬਾਣੀ ਵਿੱਚੋਂ ਉਪਜੇ ਹਨ । ਇਹ ਕੋਈ ਬਾਹਰੀ ਚੀਜ਼ ਨਹੀਂ ਸੀ ਜਿਸ ਨੂੰ ਸਿੱਖ ਗੁਰੂਆਂ ਨੇ ਤੇ ਉਨ੍ਹਾਂ ਦੇ ਰੰਗ ਵਿੱਚ ਰੰਗੇ ਸਿੱਖਾਂ ਨੇ ਅਪਣਾਇਆ ਜਾਂ ਗ੍ਰਹਿਣ ਕੀਤਾ । ਇਤਿਹਾਸ ਨੇ ਸਿੱਖ ਆਦਰਸ਼ ਨਹੀਂ ਸਿਰਜੇ, ਸਗੋਂ ਸਿੱਖ ਆਦਰਸ਼ਾਂ ਨੇ ਇਤਿਹਾਸ ਸਿਰਜਿਆ ਹੈ । ਸਿੱਖ ਰਾਸ਼ਟਰ ਦੇ ਪਾਸ ਆਪਣਾ ਧਾਰਮਿਕ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਇਕ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ । ਸਿੱਖ ਰਾਸ਼ਟਰ ਦੇ ਆਤਮ ਨਿਰਣੇ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ । ਸਿੱਖ ਰਾਸ਼ਟਰ ਦੇ ਛੇਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਸਿੱਖ ਰਾਸ਼ਟਰ ਲਈ ਸ਼ਹਾਦਤ ਦਿੱਤੀ । ਉਨ੍ਹਾਂ ਦੀ ਸ਼ਹਾਦਤ ਵਿੱਚੋਂ ਪ੍ਰਗਟ ਹੋਇਆ ਅਕਾਲ ਤਖ਼ਤ ਜਿਸ ਨੇ ਦਿੱਲੀ ਦੇ ਤਖ਼ਤ ਨਾਲ ਸਿੱਧੀ ਟੱਕਰ ਲਈ । ਸੱਤਵੇਂ ਤੇ ਅੱਠਵੇਂ ਸਿੱਖ ਗੁਰੂ ਸਾਹਿਬਾਨਾਂ ਨੇ ਵੀ ਦਿੱਲੀ ਤਖ਼ਤ ਨਾਲ ਸੁਲ੍ਹਾ ਨਹੀਂ ਕੀਤੀ ਸਗੋਂ ਟਕਰਾਅ ਜਾਰੀ ਰੱਖਿਆ । ਸਿੱਖ ਰਾਸ਼ਟਰ ਦੇ ਨੌਵੇਂ ਬਾਦਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਸਿੱਖ ਰਾਸ਼ਟਰ ਦੇ ਵਾਧੇ ਲਈ ਸ਼ਹਾਦਤ ਦਿੱਤੀ ।
ਬਾਬਕੇ ਤੇ ਬਾਬਰਕਿਆ ਦੇ ਟਕਰਾਅ ਵਾਲੇ ਇਤਿਹਾਸ ਦੀ ਸੱਚਾਈ ਇਹ ਵੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਉਹ ਖ਼ਾਲਸਾ ਪ੍ਰਗਟ ਕੀਤਾ ਜਿਸ ਨੇ ਦੁਨੀਆਂ ਦੇ ਇਤਿਹਾਸ ਵਿੱਚ ਹੈਰਾਨ ਕਰਨ ਵਾਲੇ ਕਾਰਨਾਮੇ ਕਰ ਵਿਖਾਏ ਹਨ । ਫਰਾਂਸ ਦਾ ਇਨਕਲਾਬ 1789 ਈਸਵੀ ਵਿੱਚ ਸ਼ੁਰੂ ਹੋਇਆ । ਖ਼ਾਲਸਾ ਇਸ ਤੋਂ 90 ਸਾਲ ਪਹਿਲਾਂ 1699 ਈ: ਨੂੰ ਪ੍ਰਗਟ ਹੋਇਆ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਜਰਨੈਲ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਅਜਿਤ ਸਮਝੀ ਜਾਂਦੀ ਮੁਗਲੀਆ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ । ਖ਼ਾਲਸਾ ਪੰਥ ਦੇ ਜੇਤੂ ਜਰਨੈਲ ਬੰਦਾ ਸਿੰਘ ਬਹਾਦਰ ਨੇ 1710 ਈ: ਵਿੱਚ ਦਰਬਾਰੇ ਖ਼ਾਲਸਾ ਬੁਲਾਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਸਿੱਕੇ ਤੇ ਮੋਹਰਾਂ ਚਾਲੂ ਕੀਤੀਆਂ । ਜਦੋਂ ਖ਼ਾਲਸੇ ਦੇ ਪਹਿਲੀ ਵਾਰੀ ਰਾਜਸੀ ਤਾਕਤ ਹੱਥ ਆਈ ਤਾਂ ਉਦੋਂ ਹਿੰਦੂ ਸਮਾਜ ਦੀਆਂ ਨਜ਼ਰਾਂ ਵਿੱਚ ਜੋ ਸਭ ਤੋਂ ਨੀਵੇਂ ਸਨ, ਉਹ ਖੰਡੇ ਦੀ ਪਾਹੁਲ ਛੱਕ ਕੇ ਰਾਜਸੀ ਸੱਤਾ ਵਿੱਚ ਬਰਾਬਰ ਦੇ ਭਾਈਵਾਲ ਬਣੇ । 
(ਨੋਟ - ਸਿੱਖ ਇਤਿਹਾਸ ਦੇ ਹਿੰਦੂ ਇਤਿਹਾਸਕਾਰਾਂ ਨੇ ਖ਼ਾਲਸੇ ਦੀ ਸਾਜਨਾ ਨੂੰ ਬਿਲਕੁੱਲ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਲਿਆ ਹੈ, ਇਹ ਹਨ ਗੋਕਲ ਚੰਦ ਨਾਰੰਗ, ਇੰਦੂ ਭੂਸ਼ਣ ਬੈਨਰਜੀ ਅਤੇ ਹਰੀ ਰਾਮ ਗੁਪਤਾ ਆਦਿ । ਇਨ੍ਹਾਂ ਨੇ ਖ਼ਾਲਸੇ ਦੀ ਸਾਜਨਾ ਅਤੇ ਖ਼ਾਲਸੇ ਦੇ ਸੰਘਰਸ਼ ਨੂੰ ਹਿੰਦੂ ਸੁਧਾਰਵਾਦੀ ਅਤੇ ਭਾਰਤੀ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਬਿਆਨਿਆ ਹੈ । ਇਨ੍ਹਾਂ ਦਾ ਮੱਤ ਹੈ ਕਿ ਖ਼ਾਲਸੇ ਦੀ ਸਾਜਨਾ ਅਤੇ ਇਸ ਦਾ ਸੰਘਰਸ਼ ਭਾਰਤੀ ਰਾਸ਼ਟਰਵਾਦੀ ਸੋਚ ਨੂੰ ਉਜਾਗਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ । ਹਿੰਦੂ ਇਤਿਹਾਸਕਾਰਾਂ ਵੱਲੋਂ ਖ਼ਾਲਸੇ ਦੀ ਸਾਜਨਾ ਨੂੰ ਭਾਰਤੀ ਰਾਸ਼ਟਰਵਾਦ ਦੇ ਹੱਕ ਵਿੱਚ ਭੁਗਤਾਉਣ ਵਾਲੀਆਂ ਸਭ ਦਲੀਲਾਂ ਨਿਰ-ਆਧਾਰ ਤੇ ਨਿਰਮੂਲ ਹਨ ਜੋ ਮੌਲਿਕ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੇ ਪ੍ਰਮਾਣੀਕ ਤੱਥਾਂ ਨਾਲ ਬਿਲਕੱੁਲ ਮੇਲ ਨਹੀਂ ਖਾਂਦੀਆਂ । ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ ਕਿ ਖ਼ਾਲਸਾ ਪੰਥ ਦੀ ਸਾਜਨਾ ਗੁਰੂ ਨਾਨਕ ਦੇ ਮਿਸ਼ਨ (ਹਲੇਮੀ ਰਾਜ) ਦੀ ਸੰਪੂਰਨਤਾ ਅਤੇ ਸਿੱਖ ਰਾਸ਼ਟਰ ਨੂੰ ਵਿਕਸਤ ਕਰਨ ਲਈ ਹੋਈ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ