image caption: -ਰਜਿੰਦਰ ਸਿੰਘ ਪੁਰੇਵਾਲ

ਯੂਪੀ ਦਾ ਸਰਕਾਰੀ ਅਪਰਾਧੀ ਕਰਨ ਤੇ ਗੈਂਗਸਟਰਵਾਦ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ, ਜੋ ਵਿੱਚ ਪੰਦਰਾਂ ਅਪਰੈਲ ਦੀ  ਸ਼ਾਮ ਨੂੰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਉਸ ਸਮੇਂ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿਤਾ ਜਦੋਂ ਉਨ੍ਹਾਂ ਨੂੰ ਪੁਲਿਸ ਦੀ ਹਿਫ਼ਾਜ਼ਤ ਵਿਚ ਮੈਡੀਕਲ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ| ਦੋ ਕਤਲ ਪੁਲਿਸ ਦੀ ਹਾਜ਼ਰੀ ਵਿਚ ਅਤੇ ਚੈਨਲ ਦੇ ਪੱਤਰਕਾਰਾਂ ਦੇ ਸਾਹਮਣੇ ਕੀਤੇ ਗਏ| ਇਸ ਕਤਲ-ਕਾਂਡ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ ਕਿ ਉਨ੍ਹਾਂ ਦੀ ਹਕੂਮਤ ਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ| ਅਤੀਕ ਅਹਿਮਦ ਅਤੇ ਅਸ਼ਰਫ਼, ਦੋਨੋਂ, 13 ਅਪਰੈਲ ਤੋਂ ਪੁਲਿਸ ਹਿਰਾਸਤ ਵਿੱਚ ਹਨ| ਇਸੇ ਦਿਨ, 15 ਅਪਰੈਲ ਦੀ ਸਵੇਰ ਨੂੰ ਅਤੀਕ ਅਹਿਮਦ ਦੇ ਜਵਾਨ ਪੁੱਤਰ ਅਸਦ ਨੂੰ ਦਫ਼ਨਾਇਆ ਗਿਆ ਸੀ| 13 ਅਪਰੈਲ ਨੂੰ ਅਸਦ ਅਤੇ ਉਸ ਦੇ ਸਾਥੀ ਗੁਲਾਮ ਨੂੰ ਝਾਂਸੀ ਵਿਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ| ਜਦੋਂ ਦੀ ਉੱਤਰ ਪ੍ਰਦੇਸ਼ ਵਿਚ ਯੋਗੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਤਦ ਤੋਂ ਇਹ 183ਵਾਂ ਪੁਲਿਸ ਮੁਕਾਬਲਾ ਸੀ, ਜਿਸ &rsquoਚ ਦੋਸ਼ੀ ਜਾਂ ਭਗੌੜੇ ਮਾਰ ਮੁਕਾਏ ਗਏ ਸਨ|
ਅਤੀਕ ਅਹਿਮਦ ਅਤੇ ਉਸਦੇ ਪੁੱਤਰ ਸਮੇਤ ਉਸ ਨਾਲ ਸੰਬੰਧਤ ਛੇ ਵਿਅਕਤੀ ਪੁਲਿਸ ਮੁਕਾਬਲਿਆਂ ਵਿਚ ਮਾਰੇ ਜਾ ਚੁੱਕੇ ਹਨ| ਉੱਤਰ ਪ੍ਰਦੇਸ਼ ਦੀ ਯੋਗੀ ਦੀ ਸਰਕਾਰ ਦੁਆਰਾ ਜਿਵੇਂ ਕਿ ਉਨ੍ਹਾਂ ਖ਼ੁਦ ਵਿਧਾਨ ਸਭਾ ਚ ਕਿਹਾ ਸੀ &lsquoਮਾਫੀਆ ਨੂੰ ਮਿੱਟੀ ਚ ਮਿਲਾਇਆ ਜਾ ਰਿਹਾ ਹੈ, ਪੁਲਿਸ ਮੁਕਾਬਲਿਆਂ ਦਾ ਇਹ ਸਿਲਸਿਲਾ 24 ਫਰਵਰੀ ਤੋਂ ਬਾਅਦ ਸ਼ੁਰੂ ਹੋਇਆ ਹੈ| ਉਸ ਦਿਨ ਵੀ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੇ ਦਾਅਵਿਆਂ ਦੇ ਪਰਖ਼ਚੇ ਉੱਡੇ ਸਨ ਜਦੋਂ ਬਹੁਜਨ ਸਮਾਜ ਪਾਰਟੀ ਦੇ ਇੱਕ ਵਿਧਾਇਕ ਰਾਜਪਾਲ ਦੀ ਹੱਤਿਆ ਦੇ ਇੱਕ ਮੁੱਖ ਗਵਾਹ ਉਮੇਸ਼ ਪਾਲ ਨੂੰ ਪ੍ਰਯਾਗਰਾਜ ਵਿੱਚ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਗਿਆ ਸੀ| ਇਸ ਹੱਤਿਆ-ਕਾਂਡ ਵਿੱਚ ਅਤੀਕ ਅਹਿਮਦ ਦਾ ਪੁੱਤਰ ਅਸਦ ਅਤੇ ਉਸ ਦੇ ਸਾਥੀ ਸ਼ਾਮਿਲ ਸਨ| ਕਾਤਿਲ ਮੀਡੀਆ ਕਰਮੀ ਬਣ ਕੇ ਅਤੀਕ ਅਹਿਮਦ ਤੇ ਅਸ਼ਰਫ਼ ਤੱਕ ਪਹੁੰਚੇ ਜਦੋਂ ਕਿ ਉਹ ਪੁਲਿਸ ਦੇ ਘੇਰੇ ਵਿੱਚ ਸਨ| ਉਨ੍ਹਾਂ ਨੇ ਕੋਈ ਵੀਹ ਗੋਲੀਆਂ ਚਲਾ ਕੇ ਦੋਹਾਂ ਨੂੰ ਮੌਕੇ &rsquoਤੇ ਹੀ ਮਾਰ ਮੁਕਾਇਆ ਅਤੇ ਜੈ ਸ਼੍ਰੀ ਰਾਮ ਦੇ ਨਾਹਰੇ ਲਗਾਉਣ ਬਾਅਦ ਆਪਣੇ ਪਿਸਟਲ ਸੁੱਟ ਦਿੱਤੇ ਤੇ ਹੱਥ ਖੜ੍ਹੇ ਕਰ ਲਏ |  ਯੋਗੀ ਸਰਕਾਰ ਨੇ ਭਾਵੇਂ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਪਰ ਅਤੀਕ ਦੇ ਪਰਿਵਾਰ ਦਾ ਮੰਨਣਾ ਹੈ ਕਿ ਇਨਸਾਫ ਨਹੀਂ ਮਿਲੇਗਾ| ਲੋਕਾਂ ਦਾ ਮੰਨਣਾ ਹੈ ਜਿਵੇਂ ਪੰਜਾਬ ਵਿਚ ਖਾੜਕਵਾਦ ਖਤਮ ਕਰਨ ਲਈ  ਕੈਟ ਉਭਾਰੇ ਸਨ ਉਂਜ ਕੈਟ ਗੈਂਗਸਟਰ ਉਭਾਰੇ ਜਾ ਰਹੇ ਹਨ| ਅਸਲ ਵਿਚ ਇਕ ਅਪਰਾਧੀ ਰਾਜਨੀਤੀ ਹੈ ਜੋ ਕਨੂੰਨ ਦੀਆਂ ਧਜੀਆਂ ਉਡਾ ਰਹੀ ਹੈ| ਅਦਾਲਤਾਂ ਨੂੰ ਚਾਹੀਦਾ ਹੈ ਕਿ ਇਸ ਬਾਰੇ ਨੋਟਿਸ ਲੈਣ|
ਡਰੱਗਜ਼ ਕੇਸ ਤੇ ਬਰਖ਼ਾਸਤ ਪੁਲਿਸ ਅਧਿਕਾਰੀ ਬਨਾਮ ਸਿਆਸਤ 
ਡਰੱਗਜ਼ ਕੇਸ ਵਿਚ ਬੀਤੇ ਦਿਨੀਂ ਬਰਖ਼ਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ| ਦੂਜੇ ਪਾਸੇ ਵਿਜੀਲੈਂਸ ਬਿਊਰੋ ਨੇ ਉਸਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ| ਪੰਜਾਬ ਸਰਕਾਰ ਨੇ ਰਾਜਜੀਤ ਸਿੰਘ ਖਿਲਾਫ ਜਾਂਚ ਲਈ ਲੋੜੀਂਦਾ ਪੱਤਰ ਵੀ ਵਿਜੀਲੈਂਸ ਬਿਊਰੋ ਨੂੰ ਭੇਜ ਦਿੱਤਾ ਹੈ| ਸੂਤਰਾਂ ਅਨੁਸਾਰ ਹੁਣ ਰਾਜਜੀਤ ਦੇ ਸਰੋਤਾਂ ਨਾਲੋਂ ਵੱਧ ਆਮਦਨ ਮਾਮਲੇ ਵਿਚ ਸਾਰੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਤੇ ਹੋਰ ਅਸਾਸਿਆਂ ਦੀ ਜਾਂਚ ਕੀਤੀ ਜਾਵੇਗੀ| ਇਸ ਵੇਲੇ ਰਾਜਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ| ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਲਬੰਦ ਲਿਫਾਫਿਆਂ ਦੀ ਰਿਪੋਰਟ ਦੇਖਣ ਤੋਂ ਬਾਅਦ ਰਾਜਜੀਤ ਸਿੰਘ ਪੀਪੀਐਸ ਨੂੰ ਨਸ਼ਾ ਤਸਕਰੀ ਦੇ ਕੇਸ ਵਿਚ ਨਾਮਜ਼ਦ ਹੋਣ ਕਾਰਨ ਨੌਕਰੀ ਤੋਂ ਤੁਰੰਤ ਬਰਖਾਸਤ ਕਰ ਦਿੱਤਾ ਸੀ ਤੇ ਨਾਲ ਹੀ ਵਿਜੀਲੈਂਸ ਨੂੰ ਚਿੱਟੇ ਦੀ ਤਸਕਰੀ ਤੋਂ ਹਾਸਲ ਕੀਤੀ ਜਾਇਦਾਦ ਦੀ ਜਾਂਚ ਕਰਨ ਲਈ ਵੀ ਕਿਹਾ ਸੀ|
ਗ੍ਰਹਿ ਵਿਭਾਗ ਵੱਲੋਂ ਜਾਰੀ 9 ਸਫ਼ਿਆਂ ਦੇ ਬਰਖਾਸਤਗੀ ਹੁਕਮਾਂ ਵਿੱਚ ਨਸ਼ਿਆਂ ਦੀ ਸਮਗਲਿੰਗ ਦੀ ਜਾਂਚ ਲਈ ਡੀਜੀਪੀ (ਸੇਵਾ ਮੁਕਤ) ਸਿਧਾਰਥ ਚਟੋਪਾਧਿਆਏ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਆਪਣੀਆਂ ਰਿਪੋਰਟਾਂ ਵਿੱਚ ਦਿੱਤੇ ਹਵਾਲਿਆਂ ਦਾ ਵਿਸਥਾਰਤ ਜ਼ਿਕਰ ਕੀਤਾ ਹੈ| ਗ੍ਰਹਿ ਵਿਭਾਗ ਨੇ ਰਾਜਜੀਤ ਸਿੰਘ ਦੀਆਂ ਗਤੀਵਿਧੀਆਂ ਨੂੰ ਗੰਭੀਰ ਐਲਾਨਦਿਆਂ ਕਿਹਾ ਹੈ ਕਿ ਇਹ ਪੁਲੀਸ ਅਧਿਕਾਰੀ ਦੇਸ਼ ਵਿਰੋਧੀ ਅਨਸਰਾਂ ਤੇ ਗੈਰਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਦਾ ਮੋਹਰਾ ਬਣਿਆ| ਗ੍ਰਹਿ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਸਿਟ ਦੀਆਂ ਰਿਪੋਰਟਾਂ ਪਿਛਲੇ 5 ਸਾਲ ਤੋਂ ਕਾਰਵਾਈ ਅਧੀਨ ਸਨ| ਇਸ ਲਈ ਪਹਿਲਾਂ ਹੀ ਜ਼ਿਆਦਾ ਵਕਤ ਲੰਘ ਚੁੱਕਾ ਹੈ| ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਪੁਲੀਸ ਵਿੱਚ ਸਹਿਮ ਪਾਇਆ ਜਾ ਰਿਹਾ ਹੈ| ਪੰਜਾਬ ਪੁਲੀਸ ਦੇ ਉਚ ਅਧਿਕਾਰੀਆਂ ਵੱਲੋਂ ਲਗਾਤਾਰ ਰਾਜਜੀਤ ਸਿੰਘ ਦਾ ਬਚਾਅ ਕੀਤਾ ਜਾਂਦਾ ਰਿਹਾ ਹੈ| ਇਹ ਤੱਥ ਵੀ ਜੱਗ ਜ਼ਾਹਿਰ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਜਦੋਂ ਵੀ ਕਦੇ ਰਾਜਜੀਤ ਸਿੰਘ ਜਾਂ ਹੋਰਨਾਂ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਗੱਲ ਚਲਦੀ ਸੀ ਤਾਂ ਸੀਨੀਅਰ ਪੁਲੀਸ ਅਧਿਕਾਰੀ ਦਲੀਲ ਦਿੰਦੇ ਸਨ ਕਿ ਇਸ ਨਾਲ ਪੁਲੀਸ ਫੋਰਸ ਦੇ ਮਨੋਬਲ ਨੂੰ ਢਾਹ ਲੱਗੇਗੀ| 
ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਟ ਦੀਆਂ ਰਿਪੋਰਟਾਂ ਸਰਕਾਰ ਨੂੰ ਭੇਜੇ ਜਾਣ ਤੋਂ ਬਾਅਦ ਪੰਜਾਬ ਪੁਲੀਸ ਵਿੱਚ ਹਿਲਜੁਲ ਤਾਂ ਹੋਈ, ਪਰ ਕੋਈ ਵੀ ਸੀਨੀਅਰ ਪੁਲੀਸ ਅਧਿਕਾਰੀ ਰਾਜਜੀਤ ਸਿੰਘ ਦੇ ਬਚਾਅ ਲਈ ਅੱਗੇ ਨਹੀਂ ਆਇਆ| ਪੰਜਾਬ ਵਿੱਚ ਆਪ ਸਰਕਾਰ ਦੇ ਗਠਨ ਤੋਂ ਬਾਅਦ ਪੰਜਾਬ ਪੁਲੀਸ ਦੇ ਕਿਸੇ ਅਧਿਕਾਰੀ ਵਿਰੁਧ ਨਸ਼ਾ ਤਸਕਰੀ ਮਾਮਲੇ ਵਿੱਚ ਇਹ ਪਹਿਲੀ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ| ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਨਜ਼ਰਾਂ ਸਿਟ ਦੀ ਚੌਥੀ ਰਿਪੋਰਟ ਤੇ ਟਿਕੀਆਂ ਹਨ| ਇਸ ਰਿਪੋਰਟ ਤੇ ਸਿਰਫ਼ ਸਿਧਾਰਥ ਚਟੋਪਾਧਿਆਏ ਦੇ ਦਸਤਖਤ ਹੀ ਦੱਸੇ ਜਾਂਦੇ ਹਨ ਜਦੋਂਕਿ ਬਾਕੀ ਮੈਂਬਰਾਂ ਨੇ ਰਿਪੋਰਟ &rsquoਤੇ ਦਸਤਖ਼ਤ ਨਹੀਂ ਕੀਤੇ ਸਨ|
ਜ਼ਿਕਰਯੋਗ ਹੈ ਕਿ ਸਾਲ 2017 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਤਸਕਰੀ ਆਦਿ ਨੂੰ ਰੋਕਣ ਲਈ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਿਚ ਵਿਸ਼ੇਸ਼ ਟਾਸਕ ਫੋਰਸ ਬਣਾਈ ਗਈ ਸੀ, ਜਿਸ ਨੇ ਤਤਕਾਲੀ ਏਆਈਜੀ ਰਾਜਜੀਤ ਸਿੰਘ ਤੇ ਇੰਸਪੈਕਟਰ ਦੀ ਭੂਮਿਕਾ ਤੇ ਉਂਗਲ ਉਠਾਈ ਸੀ| ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ| ਰਾਜਜੀਤ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਇਸ ਦੀ ਹਰਪ੍ਰੀਤ ਸਿੰਘ ਸਿੱਧੂ ਦੀ ਥਾਂ ਕਿਸੇ ਹੋਰ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ, ਜਿਸ ਤੇ ਹਾਈ ਕੋਰਟ ਨੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ| ਇਸ ਵਿੱਚ ਡਾਇਰੈਕਟਰ ਆਫ ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸ਼ਾਮਲ ਸਨ| ਇਸ ਸਾਰੇ ਵਰਤਾਰੇ ਤੋਂ ਸਪਸ਼ਟ ਹੈ ਕਿ ਚੌਥੀ ਰਿਪੋਰਟ ਜਦ ਪੇਸ਼ ਹੋਵੇਗੀ ਤਾਂ ਵਡੇ ਮਗਰਮੱਛ ਸਾਹਮਣੇ ਆਉਣਗੇ ਕਿ ਉਹਨਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾਕੇ ਕਿਵੇਂ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਹੈ| ਸਿਆਸੀ ਮਾਹਿਰਾਂ ਦੀ ਦਲੀਲ ਹੈ ਕਿ ਨਸ਼ਾ ਸੌਦਾਗਰਾਂ ਤਸਕਰਾਂ ਦੀ ਪਹੁੰਚ ਬਹੁਤ ਉਪਰ ਤਕ ਹੈ| ਇਹ ਰਿਪੋਟ ਪੇਸ਼ ਹੋਣੀ ਖਾਲਾ ਜੀ ਦਾ ਵਾੜਾ ਨਹੀਂ| ਪਰ ਇਹ ਗਲ ਸਭ ਦੇ ਸਾਹਮਣੇ ਆ ਗਈ ਹੈ ਕਿ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਬਣਾਉਣ ਵਾਲੇ ਭ੍ਰਿਸ਼ਟ ਸਿਆਸਤਦਾਨ ਤੇ ਪੁਲਿਸ ਅਫਸਰਸ਼ਾਹੀ ਦਾ ਗਠਜੋੜ ਹੈ|
-ਰਜਿੰਦਰ ਸਿੰਘ ਪੁਰੇਵਾਲ