image caption: ਕੁਲਵੰਤ ਸਿੰਘ ਢੇਸੀ

ਸਿੱਖਾਂ ਦਾ ਦੂਜਾ ਕਾਲਾ ਪਾਣੀ ਬਣ ਗਿਆ ਡਿਬਰੂਗੜ੍ਹ, ਮੂੰਹ ਤੇ ਤਿਰੰਗਾ ਛਾਪ ਹਰਿਮੰਦਰ ਸਾਹਿਬ ਗਈ ਕੁੜੀ ਦਾ ਮੁੱਦਾ ਗਰਮਾਇਆ

 ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਜਹਾਂ ਸੇ, ਸਦੀਯੋਂ ਰਹਾ ਹੈ ਦੁਸ਼ਮਨ ਦੌਰ--ਜਹਾਂ ਹਮਾਰਾ

ਇਹਨੀ ਦਿਨੀ ਸੋਸ਼ਲ ਮੀਡੀਏ ਤੇ ਇੱਕ ਖਬਰ ਨੇ ਅੱਤ ਚੁੱਕ ਲਈ ਹੈ ਕਿ ਦਰਬਾਰ ਸਾਹਿਬ ਵਿਚ ਇੱਕ ਲੜਕੀ ਨੂੰ ਇਸ ਕਰਕੇ ਰੋਕਿਆ ਗਿਆ ਕਿਓਂਕਿ ਉਸ ਨੇ ਆਪਣੀ ਗਲ੍ਹ ਤੇ ਤਿਰੰਗਾ ਛਾਪਿਆ ਹੋਇਆ ਸੀ। ਇਸ ਸਬੰਧੀ ਲੜਕੀ ਦੇ ਪਰਿਵਾਰ ਨੇ ਜਦੋਂ ਡਿਊਟੀ ਤੇ ਤਾਇਨਾਤ ਸੇਵਾਦਾਰ ਨੂੰ ਉਕਸਾਇਆ ਤਾਂ ਜਵਾਬ ਤਲਬੀ ਵਿਚ ਸੇਵਾਦਾਰ ਨੇ ਜੋ ਗੱਲ ਕਹੀ ਉਸ ਨੂੰ ਅਧਾਰ ਬਣਾ ਕੇ ਸੋਸ਼ਲ ਮੀਡੀਏ ਤੇ ਇਹ ਕਿਹਾ ਜਾਣ ਲੱਗਾ ਹੈ ਕਿ ਦਰਬਾਰ ਸਾਹਿਬ ਵਿਚ ਤਿਰੰਗੇ ਨੂੰ ਮਾਨਤਾ ਨਹੀਂ ਹੈ। ਸਬੰਧਤ ਸੇਵਾਦਾਰ ਨੇ ਬਾਅਦ ਵਿਚ ਇਹ ਬਿਆਨ ਵੀ ਦਿੱਤੇ ਕਿ ਟੈਟੂ ਵਾਲੀ ਲੜਕੀ ਨੂੰ ਫਰਾਕ ਪਾ ਕੇ (ਸਕਰਟ) ਆਈ ਕਾਰਨ ਰੋਕਿਆ ਗਿਆ ਕਿ ਉਸ ਦੇ ਕੱਪੜੇ ਅਧੂਰੇ ਸਨ। ਉਸ ਨੂੰ ਪੂਰੇ ਕਪੜੇ ਪਾ ਕੇ ਆਉਣ ਲਈ ਕਿਹਾ ਗਿਆ ਤਾਂ ਉਸ ਨੇ ਮੂੰਹ ਹੱਥ ਧੋ ਕੇ ਕੈਮਰੇ ਅੱਗੇ ਆ ਕੇ ਧਮਾਕਾ ਕਰ ਦਿੱਤਾ ਕਿ ਉਸ ਨੂੰ ਤਾਂ ਗੱਲ੍ਹ ਤੇ ਤਿਰੰਗਾ ਛਾਪਣ ਕਰਕੇ ਰੋਕਿਆ ਗਿਆ ਹੈ ।

ਸਿੱਖਾਂ ਦਾ ਸਰਬੋਤਮ ਧਾਰਮਕ ਅਸਥਾਨ ਮਹਿਜ਼ ਸੈਰ ਗਾਹ ਨਹੀਂ ਹੈ

ਇਸ ਤੱਥ ਨੂੰ ਕੌਮਾਂਤਰੀ ਮਾਨਤਾ ਹੈ ਕਿ ਹਰਿਮੰਦਰ ਸਾਹਿਬ ਦੁਨੀਆਂ ਵਿਚ ਇੱਕ ਅਜੇਹਾ ਧਾਰਮਕ ਅਸਥਾਨ ਹੈ ਜਿਥੇ ਕਿ ਸਭ ਤੋਂ ਵੱਧ ਲੋਕ ਜਾਂਦੇ ਹਨ ਅਤੇ ਮੱਥਾ ਟੇਕਦੇ ਹਨ। ਜਿਵੇਂ ਕਿ ਹਰ ਧਾਰਮਕ ਅਸਥਾਨ ਦੇ ਕੁਝ ਅਸੂਲ ਹੁੰਦੇ ਹਨ ਠੀਕ ਇਵੇਂ ਹੀ ਦਰਬਾਰ ਸਾਹਿਬ ਦੇ ਜਾਂ ਹਰ ਗੁਰਦੁਆਰੇ ਦੇ ਅਸੂਲ ਹਨ। ਇਹਨਾ ਵਿਚ ਸਿਰ ਢਕ ਕੇ ਅਤੇ ਮਰਿਯਾਦਾ ਅਨੁਕੂਲ ਵਸਤਰ ਪਹਿਨ ਕੇ ਦਰਸ਼ਨ ਕਰਨ ਜਾਣਾ ਹੁੰਦਾ ਹੈ। ਇਹ ਵੀ ਲਾਜ਼ਮੀ ਹੁੰਦਾ ਹੈ ਕਿ ਦਰਸ਼ਨ ਅਭਿਲਾਖੀ ਕੋਲ ਤੰਬਾਕੂ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਹੋਵੇ ਜਦ ਕਿ ਸਬੰਧਤ ਲੜਕੀ ਦੇ ਸਾਥੀਆਂ ਕੋਲ ਅਜੇਹੀਆਂ ਚੀਜ਼ਾਂ ਸਨ ਜਿਹਨਾ ਤੇ ਸੇਵਾਦਾਰ ਨੇ ਇਤਰਾਜ਼ ਕਰਕੇ ਇੱਕ ਟੋਕਰੀ ਵਿਚ ਕਢਵਾ ਲਈਆਂ ਸਨ। ਭਾਰਤ ਵਿਚ ਸੋਸ਼ਲ ਮੀਡੀਏ ਨੇ ਇਸ ਮੁੱਦੇ ਨੂੰ ਬੁਰੀ ਤਰਾਂ ਭੜਕਾਇਆ ਅਤੇ ਸਵਾਲ ਕੀਤਾ ਹੈ ਕਿ ਦਰਬਾਰ ਸਾਹਿਬ ਵਿਚ ਤਿਰੰਗੇ ਨੂੰ ਮਾਨਤਾ ਕਿਓਂ ਨਹੀ ਹੈ? ਇਸ ਗੱਲ ਦਾ ਜਵਾਬ ਸਪੱਸ਼ਟ ਹੈ ਕਿ ਦਰਬਾਰ ਸਾਹਿਬ ਵਿਚ ਸ੍ਰੀ ਅਕਾਲ ਤਖਤ ਵੀ ਹੈ ਜੋ ਕਿ ਸਿੱਖ ਮੀਰੀ ਦੇ ਨਾਲ ਨਾਲ ਸਿੱਖਾਂ ਦੀ ਪੀਰੀ ਜਾਂ ਰਾਜਨੀਤਕ ਪ੍ਰਭੂਸਤਾ ਦਾ ਪ੍ਰਤੀਕ ਹੈ ਅਤੇ ਦਰਬਾਰ ਸਾਹਿਬ ਸਮੂਹ ਵਿਚ ਤਿਰੰਗਾ ਨਹੀਂ ਲਹਿਰਾਇਆ ਜਾ ਸਕਦਾ। ਹਰ ਸਿੱਖ ਗੁਰਦੁਆਰੇ ਵਿਚ ਵੀ ਕੇਸਰੀ ਨਿਸ਼ਾਨ ਸਾਹਿਬ ਹੀ ਝੂਲਦਾ ਹੈ ਅਤੇ ਕਿਸੇ ਵੀ ਗੁਰਦੁਆਰੇ ਵਿਚ ਤਿਰੰਗਾ ਨਹੀਂ ਲਹਿਰਾਇਆ ਜਾਂਦਾ।


ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਦਰਬਾਰ ਸਾਹਿਬ ਦੀ ਸੁਰੱਖਿਅਤਾ ਅਤੇ ਮਾਨ ਸਨਮਾਨ ਨੂੰ ਲੈ ਕੇ ਬਹੁਤ ਚਣੌਤੀਆਂ ਹਨ। ਇਸ ਤੋਂ ਪਹਿਲਾਂ ਇੱਕ ਵਿਅਕਤੀ ਨੇ ਮੱਥਾ ਟੇਕਣ ਦਾ ਵਿਖਾਵਾ ਕਰਦਿਆਂ ਜੰਗਲਾ ਟੱਪ ਕੇ ਬੀੜ ਸਾਹਿਬ ਦੇ ਅੱਗੇ ਪਈ ਕਿਰਪਾਨ ਨੂੰ ਹੱਥ ਪਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਤੋਂ ਪਹਿਲਾਂ ਉਹ ਕਿਸੇ ਵਾਰਦਾਤ ਨੂੰ ਜਨਮ ਦਿੰਦਾ ਟਹਿਲੀਏ ਗੁਰਸਿੱਖਾਂ ਅਤੇ ਸੰਗਤ ਨੇ ਉਸ ਨੂੰ ਦਬੋਚ ਲਿਆ ਸੀ। ਕੁਝ ਅੰਦਰਲੇ ਅਨਸਰਾਂ ਤੋਂ ਪਤਾ ਲੱਗਾ ਕਿ ਉਸ ਵਿਅਕਤੀ ਨੇ ਆਪਣਾ ਕੋਈ ਵੀ ਖੁਰਾ ਖੋਜ ਨਹੀਂ ਦੀ ਦੱਸਿਆ ਕਿ ਇਸ ਤਰਾਂ ਦੀ ਮੰਦਭਾਗੀ ਘਟਨਾ ਲਈ ਉਸ ਨੂੰ ਕਿਸ ਨੇ ਉਕਸਾਇਆ ਸੀ। ਇਸੇ ਤਰਾਂ ਜਦੋਂ ਇੱਕ ਵਾਰ ਜਦੋਂ ਵਿਅਕਤੀ ਸਰੋਵਰ ਵਿਚ ਇਸ਼ਨਾਨ ਕਰਨ ਮਗਰੋਂ ਜਦੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ ਸ਼ਸ਼ਰਟ ਪਾਈ ਸੀ ਤਾਂ ਇਸ ਦਾ ਤਿੱਖਾ ਪ੍ਰਤੀਕਰਮ ਹੋਇਆ ਸੀਬੜੇ ਅਫਸੋਸ ਦੀ ਗੱਲ ਕਿ ਸਬੰਧਥ ਵਿਅਕਤੀ ਸਿੱਖ ਦਿੱਖ ਦਾ ਸੀ। ਇਹ ਗੱਲ ਜੱਗ ਜਾਣਦਾ ਹੈ ਕਿ ਜਗਦੀਸ਼ ਟਾਈਟਲਰ ਦੇ ਸਿਰ ਦਿੱਲੀ ਵਿਚ ਸਿੱਖ ਕਤਲੇਆਮ ਦੇ ਇਲਜ਼ਾਮ ਹਨ


ਹੁਣ ਜਦੋਂ ਭਾਰਤ ਵਿਚ ਸਬੰਧਤ ਕੁੜੀ ਦਾ ਮੁੱਦੇ ਨੂੰ ਸੋਸ਼ਲ ਮੀਡੀਏ ਨੇ ਸਿਰ ਤੇ ਚੁੱਕ ਲਿਆ ਤਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ: ਗੁਰਚਰਨ ਸਿੰਘ ਗਰੇਵਾਲ ਨੇ ਇਹ ਕਹਿੰਦਿਆਂ ਮੁਆਫੀ ਮੰਗੀ ਹੈ ਕਿ ਦਰਬਾਰ ਸਾਹਿਬ ਦੀ ਮਰਿਯਾਦਾ ਨਾਲ ਤਾਂ ਸਮਝੌਤਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਸ ਸਬੰਧੀ ਜੇ ਕਿਸੇ ਦੇ ਮਨ ਨੂੰ ਠੇਸ ਲੱਗੀ ਹੈ ਤਾਂ ਉਹ ਮੁਆਫੀ ਮੰਗਦਾ ਹੈ। ਗਰੇਵਾਲ ਦਾ ਕਹਿਣਾ ਹੈ ਕਿ ਲੜਕੀ ਵਾਲੇ ਪਾਸੇ ਤੋਂ ਸੇਵਾਦਾਰ ਨਾਲ ਜਿਸ ਤਰਾਂ ਦੀ ਜਵਾਬ ਤਲਬੀ ਕੀਤੀ ਗਈ ਉਹ ਪਰਵੋਕ ਕਰਨ ਵਾਲੀ ਸੀ ਭਾਵ ਉਕਸਾਹਟ ਵਾਲੀ ਸੀਇਸ ਦੇ ਨਾਲ ਹੀ ਗਰੇਵਾਲ ਨੇ ਇਹ ਵੀ ਕਿਹਾ ਕਿ ਭਾਰਤੀ ਅਜ਼ਾਦੀ ਅਤੇ ਤਰੰਗੇ ਦੇ ਸੰਦਰਭ ਵਿਚ ਸਿੱਖਾਂ ਦੇ ਇਤਹਾਸਕ ਯੋਗਦਾਨ ਨੂੰ ਸਾਰੇ ਲੋਕ ਜਾਣਦੇ ਹਨ । ਉਸ ਨੇ ਇਹ ਵੀ ਕਿਹਾ ਕਿ ਲੜਕੀ ਦੇ ਗੱਲ੍ਹ ਤੇ ਛਪਿਆ ਝੰਡਾ ਭਾਰਤ ਦਾ ਕੌਮੀ ਝੰਡਾ ਨਹੀਂ ਸੀ, ਉਹ ਝੰਡਾ ਤਾਂ ਕਾਂਗਰਸ ਦਾ ਵੀ ਹੋ ਸਕਦਾ ਹੈ ਕਿਓਂਕਿ ਉਸ ਵਿਚ ਅਸ਼ੋਕ ਚੱਕਰ ਨਹੀਂ ਸੀ।


ਸੋਸ਼ਲ ਮੀਡੀਏ ਤੇ ਸਬੰਧਤ ਘਟਨਾ ਤੇ ਜੋ ਬਹਿੰਸ ਛਿੜ ਪਈ ਹੈ ਇਸ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਨਿੰਦਾ ਕੀਤੀ ਹੈ। ਇਸ ਸਬੰਧੀ ਇੱਕ ਵਿਅਕਤੀ ਨੇ ਇਹ ਲਿਖ ਕੇ ਮਸਲੇ ਨੂੰ ਤੂਲ ਦਿੱਤੀ ਹੈ -

Khalistani taking over Golden Temple

Women denied entry to Golden Temple because she had a India flag painted on her face! The man who denied her entry into Golden temple said this is Punjab, not India.

ਭਾਵ ਕਿ ਹਰਿਮੰਦਰ ਸਾਹਿਬ ਤੇ ਖਾਲਿਸਾਨੀਆਂ ਦਾ ਕਬਜਾ ਹੋ ਗਿਆ ਹੈ ਜਦ ਕਿ ਇੱਕ ਲੜਕੀ ਨੂੰ ਦਰਬਾਰ ਸਾਹਿਬ ਜਾਣੋ ਇਸ ਕਰਕੇ ਰੋਕਿਆ ਗਿਆ ਕਿਓਂਕਿ ਉਸ ਦੇ ਚਿਹਰੇ &lsquoਤੇ ਭਾਰਤੀ ਝੰਡਾ ਛਾਪਿਆ ਹੋਇਆ ਸੀ। ਜਿਸ ਵਿਅਕਤੀ ਨੇ ਇਸ ਲੜਕੀ ਨੂੰ ਰੋਕਿਆ ਉਸ ਦਾ ਕਹਿਣਾ ਹੈ ਕਿ ਇਹ ਭਾਰਤ ਨਹੀਂ ਪੰਜਾਬ ਹੈ

ਅਸਲ ਵਿਚ ਜਦੋਂ ਸੇਵਾਦਾਰ ਨੇ ਸਬੰਧਤ ਲੜਕੀ ਨੂੰ ਰੋਕਿਆ ਸੀ ਤਾਂ ਉਸ ਦੇ ਨਾਲ ਆਏ ਵਿਅਕਤੀ ਨੇ ਸੇਵਾਦਾਰ ਨੂੰ ਸਵਾਲ ਕੀਤਾ ਸੀ ਕਿ ਲੜਕੀ ਨੂੰ ਕਿਓਂ ਰੋਕਿਆ ਹੈ ਤਾਂ ਸੇਵਾਦਾਰ ਨੇ ਕਿਹਾ ਕਿ ਉਸ ਦੇ ਚਿਹਰੇ ਦੇ ਤਰੰਗੇ ਕਰਕੇ ਤਾਂ ਉਹ ਵਿਅਕਤੀ ਮੁੜ ਕਹਿੰਦਾ ਹੈ ਕਿ ਕੀ ਇਹ ਭਾਰਤ ਨਹੀਂ ਹੈ ਤਾਂ ਸੇਵਾਦਾਰ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ ਇਹ ਤਾਂ ਪੰਜਾਬ ਹੈ। ਬਾਅਦ ਵਿਚ ਸੇਵਾਦਾਰ ਨੇ ਬਿਆਨ ਦਿੱਤਾ ਕਿ ਸਬੰਧਤ ਲੜਕੀ ਨੂੰ ਸਕਰਟ ਪਹਿਨੀ ਹੋਣ ਕਾਰਨ ਰੋਕਿਆ ਗਿਆ ਸੀ।


ਤਮੰਨਾ ਨਾਮ ਦੀ ਇੱਕ ਬੀਬੀ ਨੇ ਟਵਿੱਟਰ &lsquoਤੇ ਬੜੀ ਮੁਨਾਸਿਬ ਗੱਲ ਲਿਖੀ ਹੈ ਕੀ ਮੈਨੂੰ ਤਾਂ ਦਰਬਾਰ ਸਾਹਿਬ ਵਿਚ ਜਾਣ ਵੇਲੇ ਜਾਂ ਕਿਸੇ ਵੀ ਹੋਰ ਗੁਰਦੁਆਰੇ ਵਿਚ ਜਾਣ ਵੇਲੇ ਇਸ ਤਰਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਅਤੇ ਨਾ ਹੀ ਮੇਰੇ ਹੋਰ ਲੋਕਾਂ ਨੂੰ। ਪਰ ਜੇਕਰ ਤੁਸੀਂ ਜੋਕਰ ਬਣ ਕੇ ਉਥੇ ਤਮਾਸ਼ਾ ਕਰਨ ਜਾਓਗੇ ਤਾਂ ਤਮਾਸ਼ਾ ਹੀ ਹੋਣਾ ਹੈ।

ਅੰਗਰੇਜ਼ੀ ਵਿਚ ਉਸ ਦੇ ਬਿਆਨ ਪੜ੍ਹਨ ਵਾਲੇ ਹਨ-

&lsquoI have never faced any such problem at Golden temple or any other Gurdwara here, as a matter of fact. Nor has anyone else around me. But agar muh pe paint lgakar joker ban ke tamashe karne jaoge toh tamasha hi milega na.


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਧਾਮੀ ਨੇ ਕਿਹਾ ਕਿ ਅਜੇਹੀ ਕਿਸੇ ਵੀ ਘਟਨਾ &lsquoਤੇ ਗਲਤ ਪ੍ਰਾਪੇਗੰਡਾ ਕਰਨਾ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਗੱਲ ਹੈ ਜਿਸ ਤੋਂ ਬਚਣਾ ਚਾਹੀਦਾ ਹੈ। ਹਰਿਮੰਦਾਰ ਸਾਹਿਬ ਸਭ ਧਰਮਾ ਦਾ ਸਾਂਝਾ ਅਸਥਾਨ ਹੈ ਤੇ ਇਥੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਦਾ ਸਤਕਾਰ ਕੀਤਾ ਜਾਂਦਾ ਹੈ। ਧਾਮੀ ਨੇ ਇਹ ਵੀ ਕਿਹਾ ਕਿ ਕਿਸੇ ਇੱਕ ਘਟਨਾ ਨੂੰ ਲੈ ਕੇ ਸੰਸਥਾ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਏ &lsquoਤੇ ਮਨਘੜਤ ਅਤੇ ਬੇ-ਬੁਨਿਆਦ ਟਿੱਪਣੀਆਂ ਕਰਨਾ ਠੀਕ ਨਹੀਂ ਹੈ।

ਸਿੱਖਾਂ ਦਾ ਦੂਜਾ ਕਾਲਾ ਪਾਣੀ ਬਣ ਗਿਆ ਡਿਬਰੂਗੜ੍ਹ

ਨੈਸ਼ਨਲ ਸਕਿਓਰਿਟੀ ਐਕਟ (NSA) ਨਾਮੀ ਦੇਸ਼ ਧ੍ਰੋਹ ਦੀ ਅੱਤ ਗੰਭੀਰ ਧਾਰਾ ਲਾ ਕੇ ਸਿੱਖ ਨੌਜਵਾਨਾ ਨੂੰ ਪੰਜਾਬ ਤੋਂ ਸੈਂਕੜੇ ਮੀਲ ਦੂਰ ਅਸਾਮ ਦੀ ਡਿਬਰੂਗੜ੍ਹ ਜਿਹਲ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਕਦੀ ਗਦਰੀ ਬਾਬਿਆਂ ਨੇ ਭਾਰਤ ਦੀ ਅਜ਼ਾਦੀ ਲਈ ਕਾਲੇ ਪਾਣੀ ਦੀਆਂ ਜਿਹਲਾਂ ਵਿਚ ਸਜ਼ਾਵਾਂ ਕੱਟੀਆਂ ਅਤੇ ਆਪਣੀਆਂ ਜਾਇਦਾਤਾਂ ਜ਼ਬਤ ਕਰਵਾਈਆਂ ਸਨ। ਜਿਹਨਾ ਗਦਰੀਆਂ ਨੂੰ ਫਿਰੰਗੀ ਅੱਤ ਖਤਰਨਾਕ ਸਮਝਦਾ ਸੀ ਉਹਨਾ ਨੂੰ ਕਦੀ ਰੰਗੂਨ ਅਤੇ ਕਦੀ ਕਾਲੇ ਪਾਣੀ (ਅੰਡੇ ਮਾਨ ਨਿਕੋਬਾਰ) ਦੀ ਸੈਲੂਲਰ ਜੇਲ੍ਹ ਵਰਗੀਆਂ ਜਿਹਲਾਂ ਵਿਚ ਭੇਜ ਦਿੰਦਾ ਸੀ ਅਤੇ ਉਹਨਾ ਘੁਲਾਟੀਆਂ ਦਾ ਵਾਪਸ ਦੇਸ਼ ਪਰਤਣਾ ਕਰੀਬ ਕਰੀਬ ਅਸੰਭਵ ਸਮਝਿਆ ਜਾਂਦਾ ਸੀ। ਅੱਜ ਅਜ਼ਾਦ ਭਾਰਤ ਵਿਚ ਸਿੱਖੀ ਦਾ ਪ੍ਰਚਾਰ ਕਰ ਰਹੇ ਨੌਜਵਾਨਾ &lsquoਤੇ ਉਹੀ ਦੇਸ਼ ਧ੍ਰੋਹ ਦਾ ਦੋਸ਼ ਲਾ ਕੇ ਪਰਿਵਾਰਾਂ ਤੋਂ ਸੈਂਕੜੇ ਮੀਲ ਦੂਰ ਡਿਬਰੂਗੜ੍ਹ ਜਿਹਲ ਅਸਮ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਜਿਹਨਾ ਨੌਜਵਾਨਾ ਦੀ ਸਾਨੂੰ ਜਾਣਕਾਰੀ ਮਿਲੀ ਹੈ ਉਹ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਹ ਗੱਲ ਗੌਰ ਕਰਨ ਵਾਲੀ ਹੈ ਕਿ ਭਾਰਤ ਵਿਚ ਅਗਰ ਕੋਈ ਹਿੰਦੂ ਰਾਜ ਦੀ ਗੱਲ ਕਰੇ ਤਾਂ ਉਸ ਨੂੰ ਦੇਸ਼ ਭਗਤ ਸਮਝਿਆ ਜਾਂਦਾ ਹੈ ਪਰ ਖਾਲਿਸਤਾਨ ਦੀ ਗੱਲ ਨੂੰ ਦੇਸ਼ ਧ੍ਰੋਹ ਕਿਹਾ ਜਾਂਦਾ ਹੈ ਹਾਲਾਂ ਕਿ ਦੇਸ਼ ਦੀ ਸੁਪਰੀਮ ਕੋਰਟ ਮੁਤਾਬਕ ਖਾਲਿਸਤਾਨ ਦੀ ਮੰਗ ਨਾ ਹੀ ਗੈਰ ਕਾਨੂੰਨੀ ਹੈ ਅਤੇ ਨਾ ਹੀ ਦੇਸ਼ ਧ੍ਰੋਹ ਬਸ਼ਰਤਿ ਕਿ ਇਹ ਮੰਗ ਮੰਗਣ ਵਾਲੇ ਸ਼ਾਂਤ ਰਹਿਣ।

ਇਥੇ ਅਸੀਂ ਡਿਬਰੂਗੜ੍ਹ ਜਿਹਲ ਵਿਚ ਨਜ਼ਰਬੰਦ ਕੁਝ ਨੌਜਵਾਨਾ ਦੀ ਜਾਣਕਾਰੀ ਦੇ ਰਹੇ ਹਾਂ ਜਿਹਨਾ ਦਾ ਪ੍ਰਮੁਖ ਦੋਸ਼ ਇਹ ਹੀ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਧਰਮ ਪ੍ਰਚਾਰ ਵਿਚ ਸਰਗਰਮ ਸਨ ਅਤੇ ਖਾਲਿਸਤਾਨ ਦੇ ਹਿਮਾਇਤੀ ਸਨ।

ਹਰਜੀਤ ਸਿੰਘ (ਚਾਚਾ ਜੀ)

ਇਹ ਜੱਲੂਪੁਰ ਖੈੜਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਹਨ। ਉਹ ਭਾਵੇਂ ਆਪਣੇ ਪਰਿਵਾਰ ਸਮੇਤ ਕਨੇਡਾ ਵਿਚ ਪੱਕੇ ਹਨ ਪਰ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੱਖੀ ਪ੍ਰਚਾਰ ਲਹਿਰ ਵਿਚ ਸਹਿਯੋਗੀ ਸਨ।

ਭਗਵੰਤ ਸਿੰਘ (ਪ੍ਰਧਾਨ ਮੰਤਰੀ)

ਇਹ ਪਿੰਡ ਬਾਜੇਕੇ ਜ਼ਿਲਾ ਮੋਗਾ ਦੇ ਰਹਿਣ ਵਾਲਾ ਨੌਜਵਾਨ ਹੈ। ਇਸ ਦਾ ਦੋਸ਼ ਇਹ ਹੈ ਕਿ ਉਸ ਨੇ ਅੰਮ੍ਰਿਤਪਾਲ ਸਿੰਘ ਵਲੋਂ ਕੀਤੇ ਸਿੱਖੀ ਪ੍ਰਚਾਰ ਕਾਰਨ ਅੰਮ੍ਰਿਤ ਛੱਕ ਲਿਆ ਸੀ ਅਤੇ ਅਨਪੜ੍ਹ ਹੁੰਦੇ ਹੋਏ ਵੀ ਸੋਸ਼ਲ ਮੀਡੀਏ &lsquoਤੇ ਆਪਣੇ ਵਲਵਲਿਆਂ ਨੂੰ ਜ਼ਾਹਰ ਕਰਦਾ ਸੀ। ਇਹ ਇਕ ਸਧਾਰਨ ਅਤੇ ਗਰੀਬ ਪਰਿਵਾਰ ਦਾ ਨੌਜਵਾਨ ਹੈ।

ਕੁਲਵੰਤ ਸਿੰਘ ਰਾਉਂਕੇ

ਪਿੰਡ ਰਾਓਂਕੇ ਜ਼ਿਲਾ ਮੋਗਾ ਦਾ ਰਹਿਣ ਵਾਲਾ ਇਹ ਨੌਜਵਾਨ ਬਿਜਲੀ ਬੋਰਡ ਵਿਚ ਕੰਮ ਕਰਦਾ ਹੈ। ਇਸ ਦੇ ਪਿਤਾ ਨੂੰ ਸੰਨ ੧੯੯੩ ਵਿਚ ਪੁਲਿਸ ਨੇ ਚੁੱਕ ਕੇ ਲਾਪਤਾ ਕਰ ਦਿੱਤਾ ਸੀ। ਇਸ ਦਾ ਦੋਸ਼ ਇਹ ਹੈ ਕਿ ਇਹ ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਵਿਚ ਮਾਲਵਾ ਜੋਨ ਦਾ ਸੇਵਾਦਾਰ ਸੀ ਅਤੇ ਹੁਣ &lsquoਵਾਰਿਸ ਪੰਜਾਬ ਦੇ&rsquo ਜਥੇਬੰਦੀ ਨਾਲ ਸਬੰਧਤ ਹੋ ਗਿਆ ਸੀ।

ਗੁਰਿੰਦਰਪਾਲ ਸਿੰਘ (ਗੁਰ ਔਜਲਾ)

ਕੁੱਕੜ ਪਿੰਡ ਜਿਲਾ ਜਲੰਧਰ ਦਾ ਨੌਜਵਾਨ ਜੋ ਕਿ ਇੰਗਲੈਂਡ ਵਿਚ ਪੱਕੇ ਤੌਰ ਤੇ ਰਹਿ ਰਿਹਾ ਸੀ। ਉਹ ਪਹਿਲਾਂ ਦੀਪ ਸਿੱਧੂ ਦੇ ਸੰਪਰਕ ਵਿਚ ਸੀ ਅਤੇ ਫਿਰ ਵਾਰਿਸ ਪੰਜਾਬ ਦੇ ਪ੍ਰਚਾਰ ਤੋਂ ਪ੍ਰੇਰਤ ਹੋ ਕੇ ਆਪਣਾ ਸਹਿਯੋਗ ਦੇਣ ਪੰਜਾਬ ਵਿਚ ਸਰਗਰਮ ਸੀ। ਗੁਰ ਔਜਲਾ ਦਾ ਪੰਥ ਦੀ ਚੜ੍ਹਦੀ ਕਲਾ ਦਾ ਜਜ਼ਬਾ ਹੀ ਭਾਰਤੀ ਖੁਫੀਆ ਤੰਤਰ ਦੀ ਨਜ਼ਰ ਵਿਚ ਦੇਸ਼ ਧ੍ਰੋਹ ਦਾ ਇਲਜ਼ਾਮ ਬਣ ਗਿਆ।

ਵਰਿੰਦਰ ਸਿੰਘ ਫੌਜੀ

ਪਿੰਡ ਜੌੜ ਸਿੰਘ ਵਾਲਾ ਜ਼ਿਲਾ ਤਰਨਤਾਰਨ ਦਾ ਰਹਿਣ ਵਾਲਾ ਹੈ। ਉਸ ਦਾ ਪਿਛੋਕੜ ਭਾਰਤੀ ਫੌਜ ਨਾਲ ਸਬੰਧਤ ਹੈ ਜੋ ਕਿ ਮਗਰੋਂ ਬਾਹਰਲੇ ਕਿਸੇ ਸੂਬੇ ਵਿਚ ਸੁਰੱਖਿਆ ਕਰਮੀ ਦੀ ਨੌਕਰੀ ਕਰ ਰਿਹਾ ਸੀ ਪਰ ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਪੰਜਾਹ ਹਜ਼ਾਰ ਦੀ ਨੌਕਰੀ ਛੱਡ ਕੇ ਅੰਮ੍ਰਿਤਪਾਲ ਸਿੰਘ ਦੀ ਸੁਰੱਖਿਆ ਲਈ ਆਪਣੀ ਸੇਵਾ ਅਰਪਣ ਕਰ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਫੌਜੀ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਅਨੰਦਪੁਰ ਸਾਹਬ ਤੋਂ ਅੰਮ੍ਰਿਤਪਾਨ ਕੀਤਾ ਸੀ।

ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਖਬਰਾਂ ਅਤੇ ਅਫਵਾਹਾਂ ਦਾ ਬਜ਼ਾਰ ਗਰਮ ਹੈ। ਜਿਸ ਵੇਲੇ ਸਿੱਖ ਦਿਨ ਸਿੱਖ ਭਾਈਚਾਰਾ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਦੁਨੀਆਂ ਭਰ ਵਿਚ ਮਨਾ ਰਿਹਾ ਸੀ ਤਾਂ ਅਚਾਨਕ ਹੀ ੧੩ ਅਪ੍ਰੈਲ ਨੂੰ ਖਬਰ ਆਈ ਕਿ ਭਾਈ ਅੰਮ੍ਰਿਤਪਾਲ ਸਿੰਘ ਰਾਜਸਥਾਨ ਵਿਚ ਹਨੂੰਮਾਨ ਇਲਾਕੇ ਦੇ ਪਿੰਡ ਸੰਤ ਪੁਰਾ ਵਿਚ ਲੁਕਿਆ ਹੋਇਆ ਹੈ। ਪੰਜਾਬ ਪੁਲਸ ਅਤੇ ਰਾਜਸਥਾਨ ਪੁਲਸ ਨੇ ਰਲ ਕੇ ਉਸ ਇਲਾਕੇ ਵਿਚ ਨਾਕੇ ਲਾਏ ਪਰ ਉਹਨਾ ਦੇ ਹੱਥ ਕੁਝ ਵੀ ਨਾ ਲੱਗਾ। ਪੁਲਿਸ ਨੇ ਪਿੰਡ ਰਾਜਪੁਰ ਭਾਈਆਂ ਦੇ ਦੋ ਸਹਿਜਧਾਰੀ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਜਿਹਨਾ ਕੋਲ ਅੰਮ੍ਰਿਤਪਾਲ ਸਿੰਘ ਪਨਾਹ ਲਈ ਜਾਂਦਾ ਕਿਹਾ ਜਾਂਦਾ ਹੈ। ਗੁਰਦੀਪ ਸਿੰਘ ਅਤੇ ਮਨਦੀਪ ਸਿੰਘ ਨਾਮ ਦੇ ਇਹ ਨੌਜਵਾਨ ਰਾਤ ਸਮੇਂ ਰੇਤੇ ਦੀ ਮਾਈਨਿੰਗ ਵਿਚ ਮਿਹਨਤ ਮਜ਼ਦੂਰੀ ਕਰਦੇ ਦੱਸੇ ਗਏ ਹਨ। ੧੩ ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਕਰਕੇ ਇਹਾਨ ਨੌਜਵਾਨਾ ਦਾ ੪ ਦਿਨਾ ਪੁਲਿਸ ਰੀਮਾਂਡ ਲਿਆ ਗਿਆ ਸੀ।

ਕਿਹਾ ਜਾਂਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਹੁਣ ਤਕ ਜੋ ਗ੍ਰਿਫਤਾਰੀਆਂ ਹੋਈਆਂ ਹਨ ਉਹਨਾ ਦਾ ਸਹੀ ਸਹੀ ਆਂਕੜਾ ਤਾਂ ਕਿਸੇ ਨੂੰ ਪਤਾ ਨਹੀਂ ਪਰ ਹੁਣ ਤਕ ਮੀਡੀਏ ਵਿਚ ੨੪੮ ਨੌਜਵਾਨਾ ਦੀਆਂ ਹੋਈਆਂ ਰਿਹਾਈਆਂ ਦਾ ਜ਼ਿਕਰ ਜ਼ਰੂਰ ਹੈ। ਇਸ ਵੇਲੇ ਪੰਜਾਬ ਪੁਲਿਸ ਅਤੇ ਨੀਮ ਫੌਜੀ ਬਲਾਂ ਦੀ ਛਉਣੀ ਬਣਿਆ ਹੋਇਆ ਹੈ। ਅੱਸੀ ਹਜ਼ਾਰ ਦੀ ਸੀ ਆਰ ਪੀ ਐਫ ਦੀ ਨਫਰੀ ਪੰਜਾਬ ਨੂੰ ਮਾਇਕ ਅਤੇ ਇਖਲਾਕੀ ਤੌਰ &lsquoਤੇ ਨਿਰਬਲ ਕਰਨ ਲਈ ਕਿਹੜੇ ਭਾਅ ਪੈਂਦੀ ਹੈ ਇਸ ਦਾ ਅੰਦਾਜ਼ਾ ਲਾਉਣਾ ਬਾਕੀ ਹੈ। ਇੱਕ ਗੱਲ ਸਪੱਸ਼ਟ ਹੈ ਕਿ ਪੰਜਾਬ ਵਿਚ ਸ਼ਿਵ ਸੈਨਾ ਵਰਗੇ ਗਿਰੋਹ ਜਿੰਨੇ ਉਲਾਰ ਅਤੇ ਭਾਈਚਾਰੇ ਵਿਚ ਕੁੜੱਤਣ ਪੈਦਾ ਕਰਨ ਵਾਲੀ ਜ਼ਹਿਰ ਉਗਲ ਰਹੇ ਹਨ ਉਹਨਾ ਪ੍ਰਤੀ ਕੇਂਦਰ ਅਤੇ ਸੂਬੇ ਦੀ ਸਰਕਾਰ ਨੇ ਅੱਖਾਂ ਮੀਟੀਆਂ ਹੋਈਆਂ ਹਨ ਜਦ ਕਿ ਸਿੱਖੀ ਪ੍ਰਚਾਰ ਅਤੇ ਆਪਣੀ ਪ੍ਰਭੂਸਤਾ ਦਾ ਜਜ਼ਬਾ ਪ੍ਰਗਟ ਕਰਨ ਵਾਲੇ ਨੌਜਵਾਨਾ ਦੀ ਜ਼ੁਬਾਨ ਬੰਦ ਕਰਨ ਲਈ ਅਤੇ ਸਿੱਖਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਪੰਜਾਬ ਅਤੇ ਦਿੱਲੀ ਦੀ ਪੁਲਿਸ ਪੱਬਾਂ ਭਾਰ ਹੈ।

ਪਪਲਪ੍ਰੀਤ ਸਿੰਘ

ਮਜੀਠਾ ਨੇੜੇ ਪਿੰਡ ਮਰੜੀ ਦਾ ਰਹਿਣ ਵਾਲਾ ਦਾ ਇਹ ਨੌਜਵਾਨ ਪੱਤਰਕਾਰਤਾ ਕਾਰਨ ਮਸ਼ਹੂਰ ਹੈ। ਅੰਮ੍ਰਿਤਪਾਲ ਬਾਰੇ ਪਪਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ੨੮ ਮਾਰਚ ਨੂੰ ਵੱਖ ਹੋ ਗਏ ਸਨ। ਪਪਲਪ੍ਰੀਤ ਨੂੰ ੨੦੧੫ ਦੇ ਸਰਬਤ ਖਾਲਸੇ ਦਾ ਮਾਸਟਰ ਮਾਈਂਡ ਵੀ ਕਿਹਾ ਜਾਂਦਾ ਹੈ। ੨੦੧੭ ਵਿਚ ਇਹ ਨੌਜਵਾਨ ਸਿਰਮਨਜੀਤ ਸਿੰਘ ਮਾਨ ਦੀ ਪਾਰਟੀ ਦਾ ਆਰਗੇਨਾਈਜ਼ਿੰਗ ਸਕੱਤਰ ਸੀ। ਭਾਰਤੀ ਖੁਫੀਆ ਏਜੰਸੀਆਂ ਵਲੋਂ ਪਪਲਪ੍ਰੀਤ ਦੇ ਆਈ ਐਸ ਆਈ ਨਾਲ ਸਬੰਧਾਂ ਤਹਿਤ ੩੦੭ ਲਾਉਣ ਦਾ ਜ਼ਿਕਰ ਮਿਲਦਾ ਹੈ। ਪੁਲਿਸ ਵਲੋਂ ਲਾਏ ਕਥਿਤ ਦੋਸ਼ਾਂ ਮੁਤਾਬਕ ਪਪਲਪ੍ਰੀਤ ਦੇ ਅੰਤਰਰਾਸ਼ਟਰੀ ਗਿਰੋਹਾਂ ਤੋਂ ਫੰਡ ਪ੍ਰਾਪਤ ਕਰਨਾ, ਕੌਮਾਂਤਰੀ ਜਸੂਸੀ ਏਜੰਸੀਆਂ ਨਾਲ ਸਬੰਧਾਂ ਦੇ ਦੋਸ਼ਾਂ ਤਹਿਤ ੬ ਐਫ ਆਈ ਆਰ ਦੀ ਪੜਤਾਲ ਜਾਰੀ ਹੈ। ਭਾਰਤ ਸਰਕਾਰ ਖਿਲਾਫ ਦੇਸ਼ ਧ੍ਰੋਹ ਦੇ ਦੋਸ਼ ਤੋਂ ਇਲਾਵਾ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹਨ। ਦਿੱਲੀ ਅਤੇ ਪੰਜਾਬ ਪੁਲਿਸ ਦੇ ਸਾਂਝੇ ਓਪਰਾਸ਼ਨ ਦੌਰਾਨ ਕੱਥੂ ਨੰਗਲ ਤੋਂ ਹੋਈ ਗ੍ਰਿਫਤਾਰੀ ਦੇ ਸਬੰਧ ਵਿਚ ਕਿਹਾ ਜਾਂਦਾ ਹੈ ਕਿ ਦਿਨ ਨੂੰ ਤਾਂ ਉਹ ਇੱਕ ਕਮਰੇ ਵਿਚ ਰਹਿੰਦਾ ਸੀ ਪਰ ਰਾਤ ਨੂੰ ਕਮਰੇ ਦੀ ਛੱਤ ਤੇ ਟਹਿਲਣ ਸਮੇਂ ਜਦੋਂ ਉਸ ਨੇ ਆਪਣੇ ਇੱਕ ਪੁਰਾਣੇ ਮੋਬਾਈਲ ਫੋਨ ਦੀ ਵਰਤੋਂ ਕੀਤੀ ਤਾਂ ਖੁਫੀਆ ਏਜੰਸੀਆਂ ਨੂੰ ਉਸ ਦੀ ਲੋਕੇਸ਼ਨ ਦਾ ਸੁਰਾਗ ਮਿਲ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋਸ਼ਲ ਮੀਡੀਏ ਵਿਚ ਭਾਈ ਪਪਲਪ੍ਰੀਤ ਸਿੰਘ ਦੇ ਖਿਲਾਫ ਇਹਨੀ ਦਿਨੀ ਭਬੀਸ਼ਨ ਸਿੰਘ ਗੋਰਾਇਆ (ਹਾਲ ਅਸਟ੍ਰੇਲੀਆ) ਨਾਮ ਦੇ ਵਿਅਕਤੀ ਵਲੋਂ ਸਨਸਨੀਖੇਜ਼ ਇਲਜ਼ਾਮ ਲਗਾਏ ਗਏ ਹਨ।

ਕੁਲਵੰਤ ਸਿੰਘ ਢੇਸੀ