image caption:

ਪਟਿਆਲਾ ਦੇ ਗੁਰਦੁਆਰਾ ਸਾਹਿਬ 'ਚ ਔਰਤ ਦਾ ਗੋਲੀ ਮਾਰ ਕੇ ਕਤਲ, ਸਰੋਵਰ ਕੋਲ ਬੈਠ ਕੇ ਸ਼ਰਾਬ ਪੀਣ ਦਾ ਦੋਸ਼

 ਪਟਿਆਲਾ 'ਚ ਐਤਵਾਰ ਰਾਤ ਕਰੀਬ 10 ਵਜੇ ਗੁਰਦੁਆਰਾ ਸਾਹਿਬ 'ਚ ਮਰਿਆਦਾ ਤੋੜਨ 'ਤੇ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਕੰਪਲੈਕਸ ਦੀ ਹੈ। ਦੱਸਿਆ ਜਾ ਰਿਹਾ ਹੈ ਕਿ 33 ਸਾਲਾ ਪਰਮਿੰਦਰ ਕੌਰ ਗੁਰਦੁਆਰਾ ਸਾਹਿਬ ਦੇ ਅੰਦਰ ਸਰੋਵਰ ਦੇ ਕੰਢੇ ਸ਼ਰਾਬ ਪੀ ਰਹੀ ਸੀ।

ਚਸ਼ਮਦੀਦਾਂ ਅਨੁਸਾਰ ਗੁਰਦੁਆਰੇ ਦੇ ਸੇਵਾਦਾਰ ਨੇ ਲੜਕੀ ਨੂੰ ਮਨ੍ਹਾ ਕੀਤਾ ਤਾਂ ਉਸ ਨੇ ਬੋਤਲ ਤੋੜ ਦਿੱਤੀ ਅਤੇ ਸੇਵਾਦਾਰ ਦੀ ਬਾਂਹ 'ਤੇ ਵਾਰ ਕਰ ਦਿੱਤਾ। ਇਸ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੜਕੀ ਨੂੰ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਖੜ੍ਹੇ ਇੱਕ ਵਿਅਕਤੀ ਨੇ ਪਿਸਤੌਲ ਕੱਢ ਕੇ ਉਸ 'ਤੇ ਚਾਰ ਗੋਲੀਆਂ ਚਲਾਈਆਂ।

ਪੁਲੀਸ ਨੇ ਮੁਲਜ਼ਮ ਨਿਰਮਲਜੀਤ ਸਿੰਘ ਸੈਣੀ ਵਾਸੀ ਅਰਬਨ ਅਸਟੇਟ, ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪ੍ਰਾਪਰਟੀ ਡੀਲਰ ਹੈ ਅਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਂਦਾ ਸੀ। ਗੋਲੀਬਾਰੀ 'ਚ ਸ਼ਰਧਾਲੂ ਸਾਗਰ ਮਲਹੋਤਰਾ ਵੀ ਜ਼ਖਮੀ ਹੋ ਗਿਆ ਹੈ। ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਸਲਾ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਔਰਤ ਨੂੰ ਕਿਸ ਕਾਰਨ ਗੋਲੀ ਮਾਰੀ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਇਹ ਇੱਕ ਸੰਵੇਦਨਸ਼ੀਲ ਮਾਮਲਾ ਹੈ। ਘਟਨਾ ਦੀ ਜਾਂਚ ਤੋਂ ਬਾਅਦ ਹੀ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।