image caption:

ਜਥੇਦਾਰ ਸਾਹਿਬਾਨ ਦੀ ਨਿਯੁਕਤੀ ਲਈ ਸਰਬ-ਪ੍ਰਵਾਨਿਤ ਨਿਯਮ ਬਣਾਉਣ ਦੀ ਲੋੜ

ਭਾਈ ਹਰਿਸਿਮਰਨ ਸਿੰਘ
ਸੰਨ 2005 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਰਹੂਮ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਯੋਗਤਾ, ਨਿਯੁਕਤੀ, ਅਧਿਕਾਰ ਖੇਤਰ, ਸੇਵਾਵਾਂ ਅਤੇ ਸੇਵਾ ਮੁਕਤੀ ਆਦਿ ਨੀਯਤ ਕਰਨ ਲਈ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੂੰ ਪੰਥਕ ਵਿਦਵਾਨਾਂ ਦੇ ਸਹਿਯੋਗ ਨਾਲ ਇਕ ਸਰਬ-ਪ੍ਰਵਾਨਿਤ ਨਿਯਮਾਵਲੀ ਬਣਾਉਣ ਦੀ ਹਿਦਾਇਤ ਕੀਤੀ ਸੀ ਪਰ ਦੁੱਖ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਕੋਈ ਦਿਲਚਸਪੀ ਨਹੀਂ ਲਈ। ਪਰ ਅਸੀਂ ਆਪਣੀ ਪੰਥਕ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਕਮੇਟੀ ਅਤੇ ਵੇਦਾਂਤੀ ਜੀ ਨੂੰ ਵਿਚਾਰਨ ਲਈ ਇਕ ਖਰੜਾ ਦਿੱਤਾ ਸੀ। ਬਾਅਦ ਵਿਚ ਸਿੱਖ ਸੰਗਤਾਂ ਅਤੇ ਵਿਦਵਾਨਾਂ ਦੇ ਦਬਾਉ ਨੂੰ ਮੰਨਦਿਆਂ ਸ. ਅਵਤਾਰ ਸਿੰਘ ਮੱਕੜ ਨੇ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਸੀ ਜਿਸ ਨੂੰ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਆਦਿ ਸਬੰਧੀ ਨਿਯਮ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪਰ ਹੈਰਾਨੀ ਹੈ ਕਿ ਇਹ ਕਮੇਟੀ ਵੀ ਕੋਈ ਕੰਮ ਨ ਕਰ ਸਕੀ। ਇਸ ਅਵੇਸਲੇਪਣ ਦਾ ਨਤੀਜਾ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ 2022 ਵਿਚ ਸ਼੍ਰੋਮਣੀ ਕਮੇਟੀ ਤੇ ਵਿਦਵਾਨਾਂ ਨੂੰ ਨਿਯਮ ਬਣਾਉਣ ਦੀ ਅਪੀਲ ਕੀਤੀ ਸੀ। ਅਸੀਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਕ ਵਾਰ ਫਿਰ ਸ. ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਆਪਣਾ ਖਰੜਾ ਸਪੁਰਦ ਕੀਤਾ ਸੀ। ਪਰ ਫਿਰ ਵੀ ਕੁਝ ਠੋਸ ਕਦਮ ਨਹੀਂ ਚੁੱਕੇ ਗਏ। ਸ. ਧਾਮੀ ਸਾਹਿਬ ਨੇ ਖੁਦ ਮੰਨਿਆ ਸੀ ਕਿ ਉਨ੍ਹਾਂ ਨੇ ਵੀ ਇਕ ਖਰੜਾ ਤਿਆਰ ਕੀਤਾ ਹੋਇਆ ਹੈ।
ਅਸੀਂ ਮਹਿਸੂਸ ਕਰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਗੈਰ-ਰਾਜੀ ਸਰਕਾਰ-ਏ-ਖਾਲਸਾ ਦੇ ਤਖ਼ਤ ਹੋਣ ਕਾਰਨ ਸਿੱਖ ਪੰਥ ਅਤੇ ਵਿਸ਼ਵ ਨੂੰ ਵੱਡੀ ਦਿਸ਼ਾ ਦੇਣ ਵਾਲੀ ਸਰਵਉੱਚ ਸੰਸਥਾ ਹੈ ਜਿਸ ਦੀ ਮਜ਼ਬੂਤ ਗੁਣਵਾਨ ਅਗਵਾਈ ਹੋਣੀ ਜਰੂਰੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬ ਦੀ ਆਪਣੀ ਇਕਤਰਫ਼ਾ ਸੋਚ ਅਨੁਸਾਰ ਕੀਤੀ ਜਾਂਦੀ ਨਿਯੁਕਤੀ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਅੱਜ ਜਦੋਂ ਸਿੱਖ ਪੰਥ, ਪੰਜਾਬ ਅਤੇ ਵਿਸ਼ਵ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਸਿੱਖ ਸੰਸਥਾਵਾਂ ਅਤੇ ਸਿੱਖ ਰਾਜਨੀਤੀ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹਨ। ਇਨ੍ਹਾਂ ਦੇ ਇਕ ਹੱਲ ਵਜੋਂ ਸਮੂੰਹ ਪੰਥਕ ਸੰਸਥਾਵਾਂ, ਵਿਦਵਾਨਾਂ ਤੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ &lsquoਤੇ ਬਣਾਏ ਗਏ ਨਿਯਮਾਂ ਅਨੁਸਾਰ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬ ਨੂੰ ਤਖ਼ਤਾਂ ਦੀ ਸੇਵਾ ਸੰਭਾਲ ਦੇਣ ਨਾਲ ਵੱਡੇ ਮਸਲੇ ਹੱਲ ਹੋ ਜਾਣਗੇ ਅਤੇ ਸਿੱਖ ਪੰਥ ਹੋਰ ਅੱਗੇ ਵਧੇਗਾ।
ਇਨ੍ਹਾਂ ਹਾਲਾਤ ਵਿਚ ਸਾਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅੰਤ੍ਰਿੰਗ ਕਮੇਟੀ ਮੈਂਬਰਾਂ &lsquoਤੇ ਹੋਰ ਸਾਰੀਆਂ ਸਬੰਧਿਤ ਧਿਰਾਂ ਨੂੰ ਬੇਨਤੀ ਹੈ ਕਿ ਸਾਡੀ ਸੰਸਥਾ ਵੱਲੋਂ ਤੇ ਹੋਰ ਵਿਦਵਾਨਾਂ ਵੱਲੋਂ ਤਿਆਰ ਕੀਤੇ ਗਏ ਖਰੜਿਆਂ ਨੂੰ ਵਿਚਾਰਨ ਲਈ ਨਵੇਂ ਸਿਿਰਉਂ ਪੰਥਕ ਵਿਦਵਾਨਾਂ ਦਾ ਇਕ ਪੈਨਲ ਗਠਨ ਕੀਤਾ ਜਾਏ ਜਿਸ ਨੂੰ ਸਮੇਂ ਸੀਮਾ ਵਿਚ ਸ਼ਿਫਾਰਿਸ਼ਾਂ ਕਰਨ ਦੀ ਹਿਦਾਇਤ ਕੀਤੀ ਜਾਏ। ਜਥੇਦਾਰ ਸਾਹਿਬ ਦੀ ਨਿਯੁਕਤੀ ਲਈ ਪਹਿਲਾਂ ਵਰਗੀ ਪ੍ਰਕਿਿਰਆ ਨਾ ਅਪਨਾਈ ਜਾਏ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਅਤੇ ਜਥੇਦਾਰ ਸਾਹਿਬਾਨ ਦੀ ਪਦਵੀ ਤੇ ਅਗਵਾਈ ਦਾ ਸਤਿਕਾਰ ਕਾਇਮ ਰੱਖਿਆ ਜਾਣਾ ਜਰੂਰੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪਹਿਲਾਂ ਵਾਂਗ ਹੁਣ ਵੀ ਸਿੱਖ ਪੰਥ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਬਜਾਇ ਇਨ੍ਹਾਂ ਵਿਚ ਹੋਰ ਵਾਧਾ ਹੋਵੇਗਾ। ਕੌਮ ਦੇ ਕੀਮਤੀ ਸਮੇਂ ਦਾ ਹੋਰ ਨੁਕਸਾਨ ਨਹੀਂ ਕੀਤਾ ਜਾਣਾ ਚਾਹੀਦਾ।
ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ। ਮੋ. 9872591713