ਯੂ ਕੇ ਦੀ ਗ੍ਰਹਿ ਸਕੱਤਰ ਅਤੇ ਜਥੇਦਾਰ ਅਕਾਲ ਤਖਤ ਦੀ ਓਵਰਸਪੀਡਿੰਗ ਦਾ ਮਾਮਲਾ, ਨਸ਼ਿਆਂ ਵਿਰੁੱਧ ਜਾਂਚ ਕਮੇਟੀ ਦੇ ਖੁਲ੍ਹ ਰਹੇ ਨੇ ਲਿਫਾਫੇ, ਗੈਂਗਸਟਰਾਂ ਖਿਲਾਫ ਪੁਲਿਸ ਦੀ ਵੱਡੀ ਛਾਪੇਮਾਰੀ
ਯੂ ਕੇ ਵਿਚ ਇਹਨੀ ਦਿਨੀ ਗ੍ਰਹਿ ਸਕੱਤਰ ਬੀਬੀ ਸਵੇਲਾ ਬਰਾਵਰਮਨ ਦੇ ਸਪੀਡਿੰਗ ਜੁਰਮਾਨੇ ਦਾ ਮਾਮਲਾ ਮੀਡੀਏ ਵਿਚ ਵਿਚ ਛਾਇਆ ਹੋਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਾਕ ਵਾਂਗ ਹੀ ਗ੍ਰਹਿ ਸਕੱਤਰ ਸਵੇਲਾ ਬਰਾਵਰਮਨ ਦਾ ਪਿਛੋਕੜ ਵੀ ਭਾਰਤੀ ਹੈ ਤੇ ਰੰਗਦਾਰ ਮੰਤਰੀ ਹੋਣ ਕਾਰਨ ਮੀਡੀਏ ਦੀਆਂ ਸੁਰਖੀਆਂ ਵੀ ਕੁਝ ਵਧੇਰੇ ਸੁਰਖ ਪ੍ਰਤੀਤ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਪਿਛਲੀਆਂ ਗਰਮੀਆਂ ਵਿਚ ੫੦ ਮੀਲ ਦੀ ਜ਼ੋਨ ਵਿਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ਵਿਚ ਸਵੇਲਾ ਨੂੰ ਜਾਂ ਤਾਂ ਜੁਰਮਾਨੇ ਨਾਲ ਲਾਇਸੈਂਸ &lsquoਤੇ ਤਿੰਨ ਪੁਆਇੰਟ ਲਵਾਉਣੇ ਪੈਣੇ ਸਨ ਜਾਂ ਉਹ ਸਪੀਡਿੰਗ ਅਵੇਅਰਨੈਸ ਕੋਰਸ ਕਰਦੀ। ਜੇਕਰ ਨਿਰਧਾਰਤ ਨਿਯਮਾਂ ਤਹਿਤ ਸਵੇਲਾ ਦੂਜੇ ਲੋਕਾਂ ਦੇ ਗਰੁੱਪ ਵਿਚ ਇਹ ਕੋਰਸ ਕਰਦੀ ਤਾਂ ਉਸੇ ਵੇਲੇ ਇਹ ਖਬਰ ਮੀਡੀਏ ਵਿਚ ਛਾ ਜਾਣੀ ਸੀ। ਸੋ ਸਵੇਲਾ ਨੇ ਆਪਣੇ ਜੁਰਮਾਨੇ ਨੂੰ ਗੁਪਤ ਰੱਖਣ ਲਈ ਸਿਵਲ ਸਰਵੈਂਟ ਨੂੰ ਸਿਫਾਰਸ਼ ਕਰਕੇ ਵਨ ਟੂ ਵਨ ਕੋਰਸ ਅਰੇਂਜ ਕਰ ਲਿਆ ਸੀ। ਹੁਣ ਸਾਡੇ ਦੇਸੀ ਹਿਸਾਬ ਕਿਤਾਬ ਮੁਤਾਬਕ ਤਾਂ ਇਹ ਸ਼ਾਇਦ ਕੋਈ ਅਪਰਾਧ ਹੀ ਨਾ ਬਣਦਾ ਹੋਵੇ ਪਰ ਬਰਤਾਨੀਆਂ ਦੇ ਮੀਡੀਏ ਵਿਚ ਤਾਂ ਇਸ ਖਬਰ ਨਾਲ ਭੂਚਾਲ ਹੀ ਆਇਆ ਹੋਇਆ ਹੈ। ਕਿਹਾ ਜਾਂਦ ਹੈ ਕਿ ਹੁਣ ਮੰਤਰੀ ਸਵੇਲਾ ਬਰਾਵਰਮਨ ਦੇ ਅਸਤੀਫੇ ਸਬੰਧੀ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਨੈਤਿਕ ਸ਼ਾਸਤਰੀ ( Independent Ethics Adviser) ਤੋਂ ਸਲਾਹ ਮਸ਼ਵਰਾ ਲੈ ਰਿਹਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਪੰਜਾਬ ਜਾਂ ਭਾਰਤ ਵਿਚ ਕੀ ਸਰਕਾਰੀ ਅਤੇ ਕੀ ਗੈਰ ਸਰਕਾਰੀ ਹਰ ਜ਼ਿੰਮੇਵਾਰ ਵਿਅਕਤੀ ਹੀ ਆਪਣੀ ਕਾਰਗੁਜ਼ਾਰੀ ਲਈ ਲੋਕਾਂ ਸਾਹਮਣੇ ਜਵਾਬ ਦੇਹ ਹੋਵੇ ਤਾਂ ਦੇਸ਼ ਵਿਚ ਅਪਰਾਧ ਨੂੰ ਵੱਡੀ ਪੱਧਰ &lsquoਤੇ ਖਤਮ ਕੀਤਾ ਜਾ ਸਕਦਾ ਹੈ। ਹੁਣ ਜਥੇਦਾਰ ਸ੍ਰੀ ਅਕਾਲ ਤਖਤ ਸਬੰਧੀ ਹੋ ਰਹੇ ਚਰਚੇ ਨੂੰ ਬੇਸ਼ਕ ਅਸੀਂ ਕਿਸੇ ਅਪਰਾਧ ਨਾਲ ਨਹੀਂ ਜੋੜ ਰਹੇ ਪਰ ਜੇਕਰ ਸਾਡੇ ਇਹ ਜ਼ਿੰਮੇਵਾਰ ਆਗੂ ਸਿੱਖੀ ਦੀਆਂ ਮਾਣ ਮੱਤੀਆਂ ਰਿਵਾਇਤਾਂ ਅਤੇ ਪੰਥਕ ਮੁੱਲਾਂ &lsquoਤੇ ਸੱਟ ਮਾਰਦੇ ਹਨ ਤਾਂ ਉਹਨਾ ਦੀ ਜਵਾਬਦੇਹੀ ਵੀ ਲਾਜ਼ਮੀ ਹੋਣੀ ਚਾਹੀਦੀ ਹੈ।
ਜਿਸ ਵੇਲੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗੈਰ ਅੰਮ੍ਰਿਤਧਾਰੀ ਮੁੰਡੇ ਦੇ ਵਿਆਹ &lsquoਤੇ ਜਾ ਕੇ ਅਰਦਾਸ ਕੀਤੀ ਸੀ ਤਾਂ ਇਸ ਦੀ ਮੀਡੀਏ ਵਿਚ ਚਰਚਾ ਹੋਈ ਸੀ। ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਜਿਸ ਵੇਲੇ ਤਿੰਨ ਫੁੱਟੀ ਕਿਰਪਾਨ ਲੈ ਕੇ ਦੂਹਾ ਦੂਹ ਦੌੜਦੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਬੌਲੀਵੁਡ ਅਦਾਕਾਰਾ ਪਰਣਿਤੀ ਦੀ ਕੁੜਮਾਈ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਇਸ ਬਰੇ ਵੀ ਮੀਡੀਏ ਵਿਚ ਤਤਕਾਲ ਚਰਚਾ ਹੋਣ ਲੱਗ ਪਈ ਸੀ ਖਾਸ ਕਰਕੇ ਉਸ ਹਾਲਤ ਵਿਚ ਜਦੋਂ ਮੰਗਣੀ ਵਾਲੀ ਜੋੜੀ ਸੋਫਿਆਂ &lsquoਤੇ ਬੈਠ ਕੇ ਕੀਰਤਨ ਸੁਣ ਰਹੀ ਸੀ। ਧੁਖਦਾ ਧੁਖਦਾ ਇਹ ਮਾਮਲਾ ਤੇਜ਼ੀ ਫੜਦਾ ਨਜ਼ਰ ਆ ਰਿਹਾ ਹੈ ਅਤੇ ਇੰਝ ਜਾਪਦਾ ਹੈ ਜਿਵੇਂ ਨੇੜੇ ਭਵਿੱਖ ਵਿਚ ਜਥੇਦਾਰ ਨੂੰ ਸੇਵਾ ਮੁਕਤ ਕਰ ਦਿਤਾ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਹਰਕਤ ਵਿਚ ਆਈ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਬੰਧਤ ਮਾਮਲੇ ਬਾਰੇ ਇੱਕ ਕਮੇਟੀ ਬਨਾਉਣ ਦਾ ਐਲਾਨ ਕਰ ਦਿਤਾ ਹੈ। ਇਹ ਕਮੇਟੀ ਜਥੇਦਾਰ ਅਕਾਲ ਤਖਤ ਦੇ ਕਾਰਜ ਖੇਤਰ ਉਸ ਦੀ ਨਿਯੁਕਤੀ ਜਾਂ ਸੇਵਾ ਮੁਕਤੀ ਸਬੰਧੀ ਕੁਝ ਅਸੂਲ ਅਤੇ ਦਿਸ਼ਾ ਨਿਰਦੇਸ਼ ਤਹਿ ਕਰਨ &lsquoਤੇ ਵਿਚਾਰ ਕਰੇਗੀ। ਕੁਝ ਰਾਜਨੀਤਕ ਪੰਡਤਾਂ ਦਾ ਖਿਆਲ ਹੈ ਕਿ ਕਰੀਬ ਇੱਕ ਸਾਲ ਤੋਂ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਖਬੀਰ ਬਾਦਲ ਦੇ ਸਬੰਧ ਸੁਖਾਵੇਂ ਨਹੀਂ ਚੱਲ ਰਹੇ ਅਤੇ ਹੁਣ ਰਾਘਵ ਚੱਢਾ ਦੀ ਮੰਗਣੀ ਨੇ ਜਥੇਦਾਰ ਨੂੰ ਲਾਂਭੇ ਕਰਨ ਲਈ ਇੱਕ ਚੰਗਾ ਮੌਕਾ ਪੈਦਾ ਕਰ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਸੁਖਬੀਰ ਬਾਦਲ ਚਹੁੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪੰਥਕ ਸਜ਼ਾ ਦਾ ਡਰਾਮਾ ਕਰਕੇ ਸੁਖਬੀਰ ਵਲੋਂ ਜਾਣੇ ਅਨਜਾਣੇ ਵਿਚ ਹੋਈਆਂ ਗਲਤੀਆਂ ਪ੍ਰਤੀ ਉਸ ਨੂੰ ਕਲੀਨ ਚਿੱਟ ਦੇ ਦੇਵੇ ਜਦ ਕਿ ਜਥੇਦਾਰ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਪਹਿਲਾਂ ਅਸਤੀਫਾ ਦੇ ਕੇ ਆਪਣੀਆਂ ਗਲਤੀਆਂ ਦਾ ਇਕਬਾਲ ਕਰੇ। ਇਸ ਗੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਸਿਫਤ ਵੀ ਕਰਨੀ ਬਣਦੀ ਹੈ ਕਿ ਉਹ ਲਗਾਤਾਰ ਅਕਾਲੀ ਦਲ ਦੀ ਮਾਇਆਧਾਰੀ ਪ੍ਰਵਿਰਤੀ ਅਤੇ ਪੰਥਕ ਹਿੱਤਾਂ ਦੇ ਵਿਰੁਧ ਜਾਣ ਦੇ ਬਿਆਨ ਦਿੰਦੇ ਰਹੇ ਹਨ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੁਖਬੀਰ ਬਾਦਲ ਜਥੇਦਾਰ ਨੂੰ ਖੁਦ ਵੀ ਤਾਂ ਆਪਣੀ ਕਾਰਗੁਜ਼ਾਰੀ ਪ੍ਰਤੀ ਸੰਗਤਾਂ ਅੱਗੇ ਜਵਾਬਦੇਹ ਹੋਣਾ ਚਾਹੀਦਾ ਹੈ।
ਇਸ ਮਾਮਲੇ ਤੇ ਦਲ ਖਾਲਸਾ ਨੇ ਬੀਤੇ ਸਮੇਂ ਵਿਚ ਸਰਗਰਮੀ ਦਿਖਾਈ ਸੀ ਅਤੇ ਦਲ ਖਾਲਸਾ ਨੇ ਸੰਨ ੨੦੦੫ ਤੋਂ ੨੦੦੮ ਤਕ ਕੁਝ ਸੈਮੀਨਾਰ ਕਰਵਾ ਕੇ ਅਤੇ ਪੰਥਕ ਵਿਦਵਾਨਾ ਦੇ ਵਿਚਾਰ ਲੈ ਕੇ ਜਥੇਦਾਰ ਵੇਦਾਂਤੀ ਨੂੰ ਇੱਕ ਖਰੜਾ ਵੀ ਸੌਂਪਿਆ ਸੀ ਪਰ ਉਸ ਵੇਲੇ ਜਥੇਦਾਰ ਵੇਦਾਂਤੀ ਨੂੰ ਅਚਾਨਕ ਹੀ ਸੇਵਾ ਮੁਕਤ ਕਰ ਦਿੱਤਾ ਗਿਆ ਅਤੇ ਇਹ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਸੀ। ਇਸ ਵਾਰ ਫਿਰ ਸ: ਧਾਮੀ ਨੇ ਕਿਹਾ ਹੈ ਕਿ ਸਬੰਧਤ ਮਾਮਲੇ &lsquoਤੇ ਵਿਦਵਾਨਾ, ਸੰਪ੍ਰਦਾਵਾਂ ਦੇ ਮੁਖੀਆਂ ਅਤੇ ਸਿੱਖ ਮਾਹਿਰਾਂ ਦੀ ਸਲਾਹ ਨਾਲ ਕਮੇਟੀ ਕੋਈ ਖਰੜਾ ਤਹਿ ਕਰਕੇ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਜਾਵੇ ਜਿਸ &lsquoਤੇ ਵਿਚਾਰ ਕਰਕੇ ਜਥੇਦਾਰ ਦੇ ਕਾਰਜ ਖੇਤਰ ਲਈ ਦਿਸ਼ਾ ਨਿਰਦੇਸ਼ ਤਹਿ ਕੀਤੇ ਜਾਣਗੇ।
ਜਥੇਦਾਰਾਂ ਨੂੰ ਮਿਲਦੇ ਲਿਫਾਫਿਆਂ &lsquoਤੇ ਵੀ ਨਜ਼ਰਸਾਨੀ ਦੀ ਲੋੜ
ਇਹ ਗੱਲ ਬੜੀ ਹੀ ਹੈਰਾਨੀ ਕਰਨ ਵਾਲੀ ਹੈ ਕਿ ਅਨੇਕਾਂ ਸੰਪ੍ਰਦਾਵਾਂ ਜਾਂ ਹੋਰ ਜਥੇਬੰਦੀਆਂ ਦੇ ਆਗੂ ਜਦੋਂ ਇਹਨਾ ਜਥੇਦਾਰਾਂ ਨੂੰ ਆਪਣੇ ਸਮਾਰੋਹਾਂ ਤੇ ਸੱਦਾ ਪੱਤਰ ਦਿੰਦੇ ਹਨ ਅਤੇ ਉਹ ਜੋ ਲਿਫਾਫੇ ਜਥੇਦਾਰ ਨੂੰ ਸਿਰੋਪੇ ਨਾਲ ਦਿੰਦੇ ਹਨ ਉਹਨਾ ਦਾ ਕੋਈ ਵੀ ਹਿਸਾਬ ਕਿਤਾਬ ਨਹੀਂ ਹੁੰਦਾ। ਅਨੇਕਾਂ ਵਾਰ ਇਹ ਵੀ ਦੇਖਣ ਵਿਚ ਵੀ ਆਉਂਦਾ ਹੈ ਕਿ ਜਿਹੜੀਆਂ ਸੰਪ੍ਰਦਾਵਾਂ ਸਿੱਖ ਸਿਧਾਤਾਂ ਅਤੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਂਦੀਆਂ ਹਨ ਉਹਨਾ ਦੇ ਪ੍ਰੋਗ੍ਰਾਮਾਂ &lsquoਤੇ ਇਹ ਜਥੇਦਾਰ ਹੁਮ ਹੁਮਾ ਕੇ ਪਹੁੰਚਦੇ ਹਨ ਅਤੇ ਫਿਰ ਉਹਨਾ ਦੇ ਸੰਚਾਲਕ ਬਾਬਿਆਂ, ਗਿਆਨੀਆਂ, ਬ੍ਰਹਮਗਿਆਨੀਆਂ, ਜਥੇਦਾਰਾਂ ਜਾਂ ਭਾਈ ਸਾਹਿਬਾਂ ਦੀ ਰੱਜ ਕੇ ਤਾਰੀਫ ਕਰਦੇ ਹਨ। ਅਜੇਹਾ ਕਰਕੇ ਇਹ ਜਥੇਦਾਰ ਇੱਕ ਟੀਹਣੀ ਨਾਲ ਦੋ ਸ਼ਿਕਾਰ ਕਰਦੇ ਜਾਪਦੇ ਹਨ। ਇੱਕ ਤਾਂ ਇਹ ਕਿ ਅਜੇਹਾ ਕਰਕੇ ਇਹ ਆਪਣੀ ਦੁਕਾਨਦਾਰੀ ਅਤੇ ਹਿਮਾਇਤ ਦਾ ਘੇਰਾ ਵਧਾਉਂਦੇ ਚਲੇ ਜਾਂਦੇ ਹਨ ਅਤੇ ਦੂਜਾ ਇਹ ਕਿ ਅਜੇਹਾ ਕਰਕੇ ਇਹ ਅਖੌਤੀ ਜਥੇਦਾਰ ਆਪਣੇ ਉਹਨਾ ਸਿਆਸੀ ਆਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਜਿਹਨਾ ਦੇ ਲਿਫਾਫੇ ਵਿਚੋਂ ਇਹ ਨਿਕਲਦੇ ਹਨ ਭਾਵ ਕਿ ਜਿਹਨਾ ਦੇ ਹੁਕਮ ਨਾਲ ਇਹਨਾ ਦੀ ਨਿਯੁਕਤੀ ਹੁੰਦੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਸੰਪ੍ਰਦਾਇਕ ਖਿੱਚੋਤਾਣ ਵਿੱਚ ਕਈ ਵੇਰ ਇਹ ਜਥੇਦਾਰ ਉਹਨਾ ਸਿੱਖਾਂ ਖਿਲਾਫ ਵੀ ਸੰਦੇਸ਼ ਜਾਰੀ ਕਰ ਦਿੰਦੇ ਹਨ ਜਿਹਨਾ ਖਿਲਾਫ ਇਹਨਾ ਦੇ ਚਹੇਤੇ ਬਾਬਿਆਂ ਦੀ ਸ਼ਿਕਾਇਤ ਹੁੰਦੀ ਹੈ ਭਾਵੇਂ ਕਿ ਕੋਈ ਸਿੱਖ ਰਹਿਤ ਮਰਿਯਾਦਾ ਅਤੇ ਸਿੱਖ ਸਿਧਾਤਾਂ ਪ੍ਰਤੀ ਕਿੰਨਾ ਵੀ ਵਚਨਬੱਧ ਕਿਓਂ ਨਾ ਹੋਵੇ।
ਹੁਣ ਲੋੜ ਨਾ ਕੇਵਲ ਇਹਨਾ ਜਥੇਦਾਰਾਂ ਦੇ ਕਾਰਜ ਖੇਤਰ ਨੂੰ ਤਹਿ ਕਰਨ ਅਤੇ ਇਹਨਾ ਦੇ ਚਲਨ ਤੇ ਇੱਕ ਨਿਯਮਾਵਲੀ ਤਹਿ ਕਰਨ ਦੀ ਹੈ ਸਗੋਂ ਇਸ ਗੱਲ &lsquoਤੇ ਵੀ ਨਜ਼ਰਸਾਨੀ ਕਰਨ ਦੀ ਲੋੜ ਹੈ ਕਿ ਇਹਨਾ ਜਥੇਦਾਰਾਂ ਦੇ ਸਲਾਹਕਾਰ ਜਾਂ ਸਕੱਤਰ ਕਿਹੋ ਜਹੇ ਹੋਣੇ ਚਾਹੀਦੇ ਹਨ। ਇਥੇ ਮੈਂ ਇੱਕ ਸੱਚੀ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ ਜੋ ਹੈ ਤਾਂ ਸੱਚੀ ਪਰ ਹੈ ਬੜੀ ਨਮੋਸ਼ੀ ਵਾਲੀ ਅਤੇ ਸਾਡੇ ਜ਼ਿੰਮਵਾਰ ਵਿਅਕਤੀਆਂ ਦੇ ਇਖਲਾਕ ਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਵੀ ਲਾਉਂਦੀ ਹੈ। ਇੱਕ ਵੇਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪਣੇ ਇੱਕ ਸਕੱਤਰ ਨਾਲ ਇੰਡੀਅਨ ਏਅਰਲਾਈਨ ਵਿਚ ਸਫਰ ਕਰ ਰਿਹਾ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਭਾਰਤ ਦੀਆਂ ਸਥਾਨਕ ਉਡਾਣਾ ਵਿਚ ਖਾਣਾ ਵੀ ਦਿੱਤਾ ਜਾਂਦਾ ਸੀ। ਜਥੇਦਾਰ ਦੇ ਸਕੱਤਰ ਨੇ ਖਾਣਾ ਖਾਣ ਤੋਂ ਬਾਅਦ ਆਈਸਕਰੀਮ ਵਾਲੀ ਚੀਨੀ ਦੀ ਕਟੋਰੀ ਨੂੰ ਨੈਪਕਿਨ ਨਾਲ ਸਾਫ ਕਰਨ ਮਗਰੋਂ ਆਪਣੇ ਖੀਸੇ ਵਿਚ ਪਾ ਲਿਆ । ਇਸ ਘਟਨਾ ਬਾਰੇ ਮੇਰਾ ਇੱਕ ਅੰਮ੍ਰਿਤਧਾਰੀ ਮਿੱਤਰ ਚਸ਼ਮਦੀਦ ਗਵਾਹ ਹੈ। ਹੁਣ ਸੋਚੋ ਕਿ ਖੁਦਾ ਨਾ ਖਾਸਤਾ ਅਗਰ ਇਹ ਸਕੱਤਰ ਇਹ ਹਰਕਤ ਕਰਦਾ ਉਸ ਵੇਲੇ ਫੜਿਆ ਜਾਂਦਾ ਜਾਂ ਅੱਜ ਵਾਂਗ ਉਸ ਦੀ ਵੀਡੀਓ ਜਨਤਕ ਹੋ ਜਾਂਦੀ ਤਾਂ ਸਿੱਖ ਕੌਮ ਤੇ ਕੀ ਬੀਤਦੀ। ਇਸ ਮੁੱਦੇ ਤੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਸਿਆਸੀ ਲੋਕਾਂ ਦਾ ਮੋਹਰਾ ਬਣੇ ਇਹ ਜਥੇਦਾਰ ਆਖ਼ਿਰ ਪੰਥ ਦਾ ਸੰਵਾਰਦੇ ਵੀ ਕੀ ਹਨ? ਇਹ ਜਥੇਦਾਰ ਤਾਂ ਉਹਨਾ ਅਪਰਾਧੀ ਕਿਰਦਾਰ ਵਾਲੇ ਲੋਕਾਂ ਨੂੰ ਵੀ ਕਲੀਨ ਚਿਟਾਂ ਦੇ ਦਿੰਦੇ ਹਨ ਜਿਹਨਾ ਨੂੰ ਨਿਆਂ ਪ੍ਰਣਾਲੀ ਨੇ ਟੰਗਿਆ ਹੁੰਦਾ ਹੈ।
ਜੇਕਰ ਕਿਸੇ ਜਥੇਦਾਰ ਨੇ ਸੱਚੀਂ ਮੁੱਚੀਂ ਸਿੱਖ ਪੰਥ ਦੀ ਅਗਵਾਈ ਕਰਨੀ ਹੈ ਤਾਂ ਨਾ ਕੇਵਲ ਉਸ ਦੀ ਸਿੱਖ ਸਿਧਾਤਾਂ ਜਾਂ ਪੰਥ ਪ੍ਰਤੀ ਪ੍ਰਤੀਬੱਧਤਾ ਤੇ ਨਜ਼ਰਸਾਨੀ ਕਰਨ ਦੀ ਲੋੜ ਹੈ ਸਗੋਂ ਇਹਨਾ ਦੀ ਲਿਆਕਤ ਵੀ ਆਹਲਾ ਕਿਸਮ ਦੀ ਹੋਣੀ ਚਾਹੀਦੀ ਹੈ ਤਾਂ ਕਿ ਨਾ ਕੇਵਲ ਉਹ ਕੌਮੀ ਸਗੋਂ ਕੌਮਾਂਤਰੀ ਪੱਧਰ &lsquoਤੇ ਸਿੱਖਾਂ ਦੀ ਅਗਵਾਈ ਕਰਨ ਦੇ ਯੋਗ ਹੋਣ। ਇਹ ਜਥੇਦਾਰ ਰੱਜੀ ਪੁੱਜੀ ਨੀਅਤ ਵਾਲੇ ਹੋਣੇ ਚਾਹੀਦੇ ਹਨ ਜਿਹਨਾ ਦੇ ਨਿਰਬਾਹ ਵਾਸਤੇ ਚੋਖਾ ਸੇਵਾ ਫਲ ਦੇਵੇ ਪਰ ਉਹਨਾ ਨੂੰ ਲਫਾਫਿਆਂ ਵਾਲੇ ਸਰੋਪੇ ਇਕੱਠੇ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਜਦ ਕਿ ਹੁਣ ਦੀ ਸਚਾਈ ਇਹ ਹੈ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਲੋਕੀ ਇਹਨਾ ਜਥੇਦਾਰਾਂ ਨੂੰ ਲਫਾਫਿਆਂ ਵਾਲੇ ਸਿਰੋਪਿਆਂ ਦਾ ਲਾਲਚ ਦੇ ਕੇ ਸੱਦਾ ਪੱਤਰ ਦਿੰਦੇ ਰਹਿੰਦੇ ਹਨ।
ਨਸ਼ਿਆਂ ਵਿਰੁੱਧ ਗਠਿਤ ਸਿੱਟ (SIT) ਦੇ ਲਿਫਾਫੇ ਜਨਤਕ ਹੋ ਰਹੇ ਹਨ
ਪੰਜਾਬ ਦੀ ਰਾਜਨੀਤੀ ਵਿਚ ਨਸ਼ਿਆਂ ਦੇ ਮੁੱਦੇ &lsquoਤੇ ਵੱਡੇ ਵੱਡੇ ਦਾਅਵੇ ਹੁੰਦੇ ਰਹੇ ਹਨ। ਪਰ ਅੱਜ ਜਦੋਂ ਨਸ਼ਾ ਮਾਫੀਆ ਅਤੇ ਗੈਂਗਸਟਰ ਮਾਫੀਆ ਦੇ ਨਾਲ ਨਾਲ ਰਾਜਨੀਤਕ ਚਿਹਰਿਆਂ ਦੇ ਨਕਾਬ ਉੱਠਣ ਲੱਗੇ ਹਨ ਤਾਂ ਕੁਝ ਉਮੀਦ ਦੀ ਕਿਰਨ ਜਾਗੀ ਹੈ। ਕਿਹਾ ਜਾਂਦਾ ਹੈ ਕਿ ਨਸ਼ਿਆਂ ਵਿਰੁੱਧ ਬਣਾਈ ਇਸ ਵਿਸ਼ੇਸ਼ ਜਾਂਚ ਕਮੇਟੀ (Special Investigating Team)- (SIT) ਵਲੋਂ ਜਾਰੀ ਕੀਤੀਆਂ ਰਿਪੋਰਟਾਂ ਹਾਈਕੋਰਟ ਦੇ ਬੰਦ ਲਫਾਫਿਆਂ ਵਿਚ ਹੀ ਪਈਆਂ ਰਹੀਆਂ ਸਨ ਅਤੇ ਹੁਣ ਇਹ ਲਿਫਾਫੇ ਖੁਲ੍ਹ ਰਹੇ ਹਨ ਭਾਵ ਕਿ ਜਨਤਕ ਹੋਣਗੇ।
ਪੰਜਾਬ ਵਿਚ ਨਸ਼ਿਆਂ ਨੇ ਕਿੰਨੇ ਘਰ ਬਰਬਾਦ ਕੀਤੇ ਅਤੇ ਕਿੰਨੀਆਂ ਜਾਨਾਂ ਲਈਆਂ ਹਨ ਇਹ ਵਿਸ਼ਾ ਬੇਹੱਦ ਗੰਭੀਰ ਹੈ। ਅਜੋਕੇ ਚਿੱਟੇ ਦੇ ਸਿੰਥੈਟਕ ਨਸ਼ਿਆਂ ਬਾਬਤ ਅਕਸ ਕਿਹਾ ਜਾਂਦਾ ਹੈ ਕਿ ਜਿਥੇ ਇਹ ਬਹੁਤ ਮਹਿੰਗੇ ਨਸ਼ੇ ਹਨ ਉਥੇ ਜਦੋਂ ਕੋਈ ਵਿਅਕਤੀ ਇਸ ਤਰਾਂ ਦੇ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਇਹ ਨਾਮੁਰਾਦ ਨਸ਼ਾ ਉਸ ਦੀ ਜਾਨ ਲੈ ਕੇ ਹੀ ਨਸ਼ਈ ਨੂੰ ਛੱਡਦਾ ਹੈ। ਅੱਜਕਲ ਨਾ ਕੇਵਲ ਪੰਜਾਬ ਦੇ ਨੌਜਵਾਨ ਹੀ ਸਗੋਂ ਮੁਟਿਆਰਾਂ ਵੀ ਇਹਨਾ ਨਾਮੁਰਾਦ ਨਸ਼ਿਆਂ ਦੀਆਂ ਆਦੀ ਹੋ ਰਹੀਆਂ ਹਨ। ਭਗਵੰਤ ਮਾਨ ਦੀ ਸਰਕਾਰ ਨੇ ਸਰਕਾਰ ਬਣਦਿਆਂ ਹੀ ਤਤਕਾਲ ਇੱਕ ਕਦਮ ਇਹ ਚੁੱਕਿਆ ਸੀ ਕਿ ਨਸ਼ਾ ਛਡਾਊਂ ਕੇਂਦਰਾਂ ਦੀ ਗਿਣਤੀ ੨੦੮ ਤੋਂ ਵਧਾ ਕੇ ੫੦੮ ਕਰ ਦਿੱਤੀ ਪਰ ਜਿਸ ਗੱਲ ਦੀ ਲੋਕਾਂ ਨੂੰ ਚਿਰਾਂ ਤੋਂ ਉਡੀਕ ਹੈ ਉਹ ਹੈ ਨਸ਼ਾ ਤਸਕਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਿਆਂ ਕਰਨਾ ਉਸ ਬਾਰੇ ਇਹ ਸਰਕਾਰ ਵੀ ਕੋਈ ਸਰਗਰਮੀ ਨਹੀਂ ਦਿਖਾ ਰਹੀ। ਇਸ ਸਬੰਧੀ ਅਜੇ ਤਕ ਕੋਈ ਵੀ ਸਰਕਾਰ ਕਾਮਯਾਬ ਨਹੀਂ ਹੋ ਸਕੀ ਕਿ ਨਸ਼ਾ ਤਸਕਰੀ ਮਗਰ ਲੁਕੇ ਰਾਜਨਤੀਕ ਜਾਂ ਵੱਡੀ ਕੁਰਸੀ ਵਾਲੇ ਚਿਹਰਿਆਂ ਦੀ ਨਿਸ਼ਾਨਦੇਹੀ ਹੋ ਸਕੇ।
ਜਦੋਂ ਅਸੀਂ ਕੌਮਾਂਤਰੀ ਪੱਧਰ &lsquoਤੇ ਨਿਗ੍ਹਾ ਮਾਰਦੇ ਹਾਂ ਤਾਂ ਇਹ ਸਮਝਣ ਵਿਚ ਸਮਾਂ ਨਹੀਂ ਲੱਗਦਾ ਕਿ ਨਸ਼ਾ ਤਸਕਰੀ ਦਾ ਮਾਮਲਾ ਵਿਸ਼ਵ ਵਿਆਪੀ ਹੈ ਅਤੇ ਅਗਾਂਹ ਵਧੂ ਆਖੇ ਜਾਂਦੇ ਸਮਾਜ ਵਿਚ ਵੀ ਇਹ ਅਪਰਾਧ ਜਾਰੀ ਹੈ। ਜੇਕਰ ਯੂ ਕੇ ਦੀ ਗੱਲ ਕਰੀਏ ਤਾਂ ਇਥੇ ਰੋਜਾਨਾ ੮੦ ਡਰਾਈਵਰ ਡਰੱਗ ਦੇ ਅਸਰ ਹੇਠ ਫੜੇ ਜਾਂਦੇ ਹਨ। ਇਹ ਡਰਾਈਵਰ ਜਿਥੇ ਆਪਣੀ ਜਾਨ ਜੋਖੋਂ ਵਿਚ ਪਉਂਦੇ ਹਨ ਉਥੇ ਦੂਜਿਆ ਦੀਆਂ ਜਾਨਾਂ ਦਾ ਵੀ ਖੌਅ ਬਣਦੇ ਹਨ। ਇਸ ਸਬੰਧੀ ਖਾਸ ਗੱਲ ਇਹ ਵੀ ਹੈ ਕਿ ਬਰਤਾਨੀਆਂ ਵਿਚ ਸ਼ਰਾਬ ਅਤੇ ਤੰਬਾਕੂ ਵਾਂਗ ਹੀ ਕੁਝ ਹੋਰ ਨਸ਼ਿਆਂ ਦੀ ਵਿਕਰੀ ਤੇ ਪਾਬੰਦੀ ਹਟਾਉਣ ਦਾ ਮੁੱਦਾ ਉੱਠਦਾ ਰਹਿੰਦਾ ਹੈ। ਇਸ ਤਰਾਂ ਕਰਨ ਨਾਲ ਸਰਕਾਰ ਦੇ ਰੈਵਿਨਿਊ ਵਿਚ ਵਾਧਾ ਹੋਣ ਦੇ ਨਾਲ ਨਾਲ ਬਲੈਕ ਮਾਰਕਿਟ ਤੇ ਰੋਕ ਤਾਂ ਲੱਗ ਸਕਦੀ ਹੈ ਪਰ ਨਾਲ ਹੀ ਅਜੇਹਾ ਕਰਨ ਨਾਲ ਜਿਥੇ ਇਹਨਾ ਨਸ਼ਿਆਂ ਦੀ ਖੱਪਤ ਵਿਚ ਵਾਧਾ ਹੋਵੇਗਾ ਉਥੇ ਇਹਨਾ ਨਸ਼ਿਆਂ ਦੇ ਆਦੀ ਪੀੜਤਾਂ ਦੀ ਸਿਹਤ ਅਤੇ ਨੈਸ਼ਨਲ ਹੈਲਥ ਸਰਵਿਸ ਤੇ ਪੈਣ ਵਾਲੇ ਮਾਰੂ ਪ੍ਰਭਾਵ ਵੀ ਵਿਚਾਰ ਅਧੀਨ ਹੋਣੇ ਚਾਹੀਦੇ ਹਨ। ਬਰਤਾਨੀਆਂ ਵਿਚ ਜਿਥੇ ਭੰਗ ਜਾਂ ਗਾਂਜੇ ਦੀ ਵਿਕਰੀ ਤੋਂ ਕਾਨੂੰਨੀ ਪਾਬੰਦੀ ਹਟਾਉਣ ਤੇ ਵਿਚਾਰ ਹੋ ਰਹੀ ਹੈ ਉਥੇ ਇਹਨਾ ਨਸ਼ੀਆਂ ਦੀ ਦਵਾਈਆਂ ਜਾਂ ਦੁੱਖ ਦਰਦ ਘਟਾਉਣ ਲਈ ਵਰਤੋਂ ਨੂੰ ਵੀ ਬੜਾਵਾ ਦਿੱਤਾ ਜਾ ਰਿਹਾ ਹੈ।
ਜਦੋਂ ਤੋਂ ਮਨੁੱਖ ਨੂੰ ਸੁਰਤ ਆਈ ਹੈ ਵੱਖ ਵੱਖ ਕਿਸਮ ਦੇ ਨਸ਼ੇ ਦੀ ਮਨੁੱਖ ਵਰਤੋਂ ਕਰਦਾ ਆ ਰਿਹਾ ਹੈ। ਬਹੁਤ ਸਾਰੇ ਸਮਾਜਾਂ ਵਿਚ ਭੰਗ ਅਤੇ ਡੋਡਿਆ ਦੀ ਕਾਸ਼ਤ ਹੁੰਦੀ ਰਹੀ ਹੈ। ਅਨੇਕਾਂ ਸਮਾਜਾਂ ਵਿਚ ਲੋਕ ਅਫੀਮ, ਭੁੱਕੀ ਜਾਂ ਤੰਬਾਕੂ ਦਾ ਸੇਵਨ ਅਕਸਰ ਕਰਦੇ ਰਹੇ ਹਨ ਪਰ ਇਹ ਨਸ਼ੇ ਅਜੋਕੇ ਚਿੱਟੇ ਜਿੰਨੇ ਮਾਰੂ ਨਹੀਂ ਸੀ ਹੁੰਦੇ। ਬਸਤੀਵਾਦੀ ਪ੍ਰਬੰਧ ਨੇ ਆਲਮੀ ਪੱਧਰ ਤੇ ਸ਼ਰਾਬ ਅਤੇ ਤੰਬਾਕੂ ਦੇ ਸੇਵਨ ਨੂੰ ਤਾਂ ਕਾਨੂੰਨੀ ਮਾਨਤਾ ਦੇ ਦਿੱਤੀ ਪਰ ਅਫੀਮ, ਡੋਡੇ ਜਾਂ ਭੰਗ ਨਾਲ ਸਬੰਧਤ ਨਸ਼ਿਆਂ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ। ਕੁਝ ਸਮਾਜ ਸ਼ਾਸਤਰੀ ਸਾਮਰਾਜੀਆਂ ਦੀ ਇਸ ਨੀਤੀ ਪਿੱਛੇ ਉਹਨਾ ਦੇ ਆਰਥਿਕ ਹਿੱਤਾਂ ਦੀ ਗੱਲ ਵੀ ਕਰਦੇ ਹਨ। ਹੁਣ ਜਦੋਂ ਕਿ ਸ਼ਰਾਬ ਅਤੇ ਤੰਬਾਕੂ ਕਾਰਨ ਮਨੁੱਖੀ ਸ਼ਰੀਰ ਦਾ ਹੋ ਰਿਹਾ ਨੁਕਸਾਨ ਜੱਗ ਜਾਹਰ ਹੋ ਗਿਆ ਹੈ ਅਤੇ ਇਹ ਵੀ ਸਪੱਸ਼ਟ ਹੈ ਕਿ ਇਹਨਾ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਰੋਗੀ ਕੌਮੀ ਸਿਹਤ ਪ੍ਰਬੰਧ ਨੂੰ ਕਿੰਨਾ ਵੱਡਾ ਚੂਨਾ ਲਾ ਰਹੇ ਹਨ ਪਰ ਹਾਲੇ ਵੀ ਸਾਮਰਾਜੀ ਪ੍ਰਬੰਧ ਸ਼ਾਇਦ ਇਹਨਾ ਨਸ਼ਿਆਂ ਨੂੰ ਓਨੀ ਗੰਭੀਰਤਾ ਨਾਲ ਨਹੀਂ ਲੈ ਰਹੇ ਜਿੰਨੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਪੰਜਾਬੀ ਸਮਾਜ ਵਿਚ ਗੀਤ ਸੰਗੀਤ ਦੀ ਸਨਅੱਤ ਵਲੋਂ ਸ਼ਰਾਬ ਦੇ ਨਸ਼ੇ ਨੂੰ ਬੜੀ ਬੜ੍ਹਕ ਨਾਲ ਪਰਚਾਰਿਆ ਜਾਂਦਾ ਹੈ। ਨਸ਼ਿਆਂ ਦੇ ਨਾਲ ਨਾਲ ਹੀ ਹਥਿਆਰਾਂ ਦੀ ਵਰਤੋਂ ਅਤੇ ਮਾਰ ਧਾੜ ਨੂੰ ਵੀ ਬੜੀ ਬੜ੍ਹਕ ਨਾਲ ਪਰਚਾਰਿਆ ਜਾਂਦਾ ਹੈ। ਇਸ ਤਰਾਂ ਦਾ ਪ੍ਰਚਾਰ ਕਰਨ ਵਾਲੇ ਗਾਇਕ, ਗੀਤਕਾਰ ਅਤੇ ਸੰਗੀਤਕਾਰ ਕਰੋੜਪਤੀ ਬਣ ਗਏ ਹਨ ਅਤੇ ਇਹਨਾ ਦੇ ਨਾਲ ਗੈਂਗਸਟਰ ਕਲਚਰ ਦੀ ਹੋਈ ਭਾਈਵਾਲੀ ਹੁਣ ਬੜੇ ਹੀ ਗੰਭੀਰ ਸਿੱਟੇ ਕੱਢ ਰਹੀ ਹੈ। ਕਿਹਾ ਜਾਂਦਾ ਹੈ ਕਿ ਪੰਜਾਬ ਦੀਆਂ ਜਿਹਲਾਂ ਵਿਚ (ਨਾਰਕੋਟਿਕ ਡਰੱਗਜ਼ ਐਂਡ ਸਾਇਕੋਟਰੋਪਿਕ ਸਬਸਟੈਂਸਜ਼) ਐਕਟ ਤਹਿਤ ਬੰਦ ਕੈਦੀਆਂ ਦੀ ਗਿਣਤੀ ੪੨% ਹੈ। ਕਿਹਾ ਜਾਂਦਾ ਹੈ ਕਿ ਇਹ ਚਾਲੀ ਸਾਲ ਤੋਂ ਘੱਟ ਉਮਰ ਦੇ ਗਰੀਬ ਵਿਅਕਤੀ ਹਨ। ਨਸ਼ਿਆਂ ਖਿਲਾਫ ਇਸ ਸਖਤ ਕਾਨੂੰਨ ਨੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਵਿਚ ਤਾਂ ਕੋਈ ਸਾਰਥਕ ਰੋਲ ਅਦਾ ਨਾ ਕੀਤਾ, ਹਾਂ ਇਸ ਨਾਲ ਪੁਲਿਸ ਅਤੇ ਅਨੇਕਾਂ ਅਧਿਕਾਰੀਆਂ ਕਰਮਚਾਰੀਆਂ ਵਲੋਂ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦਾ ਬਹੁਤਾ ਮੌਕਾ ਮਿਲਿਆ ਹੈ। ਸਭ ਤੋਂ ਅਹਿਮ ਗੱਲ ਇਹ ਕਿ ਨਸ਼ਾ ਤਸਕਰੀ ਵਿਚ ਸ਼ਾਮਲ ਵੱਡੇ ਰਾਜਨੀਤਕ ਚਿਹਰੇ ਅਜੇ ਵੀ ਕਾਨੂੰਨੀ ਫੰਧੇ ਤੋਂ ਬਚੇ ਹੋਏ ਹਨ। ਨਸ਼ਾ ਭਾਵੇਂ ਸ਼ਰਾਬ ਅਤੇ ਤੰਬਾਕੂ ਦਾ ਹੀ ਕਿਓਂ ਨਾ ਹੋਵੇ ਜਦੋਂ ਵੀ ਕੋਈ ਵਿਅਕਤੀ ਇਹਨਾ ਨਸ਼ਿਆਂ ਦਾ ਆਦੀ (Addict) ਹੋ ਜਾਂਦਾ ਹੈ ਤਾਂ ਇਹ ਨਸ਼ਾ ਉਸ ਦੀ ਕਮਜ਼ੋਰੀ ਬਣ ਜਾਂਦਾ ਹੈ ਜੋ ਕਿ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਤਬਾਹਕੁੰਨ ਸਾਬਤ ਹੁੰਦਾ ਹੈ।
ਗੈਂਗਸਟਰ ਕਲਚਰ ਖਿਲਾਫ ਪੁਲਿਸ ਦੀ ਜੰਗ ਤੇਜ਼ ਹੋ ਰਹੀ ਹੈ
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲਾਂ ਬਾਅਦ ਉਸ ਗੈਂਗਸਟਰ ਕਲਚਰ ਦਾ ਵਿਸ਼ਾ ਤੇਜ ਹੁੰਦਾ ਜਾ ਰਿਹਾ ਹੈ ਜਿਸ ਦੀਆਂ ਸ਼ਾਖਾਂ ਨਾ ਕੇਵਲ ਸੁਬਾਈ ਜਾਂ ਕੌਮੀ ਪੱਧਰ ਤਕ ਹੀ ਹਨ ਸਗੋਂ ਇਹ ਕੌਮਾਂਤਰੀ ਪੱਧਰ ਤੇ ਫੈਲੀਆਂ ਹੋਈਆਂ ਹਨ। ਅੱਜਕਲ ਇਹਨਾ ਕਤਲਾਂ ਦਾ ਖੁਰਾ ਖੋਜ ਲੱਭਣ ਲਈ ਕੇਂਦਰੀ ਜਾਂਚ ਏਜੰਸੀ (NIA) ਵਲੋਂ ਛਾਪੇਮਾਰੀ ਤੇਜ਼ ਹੋ ਰਹੀ ਹੈ। ਡੀ ਜੀ ਪੀ ਗੌਰਵ ਯਾਦਵ ਮੁਤਾਬਕ ਇਸ ਸਬੰਧੀ ਪੁਲਿਸ ਨੇ ੫੮ ਥਾਵਾਂ &lsquoਤੇ ਅਤੇ ਐਨ ਆਈ ਏ ਨੇ ੧੪੩ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਜ ਵਿਚ ਪੁਲਿਸ ਦੀਆਂ ੧੨੫ ਟੀਮਾਂ ਵਿਚ ੧੨੦੦ ਮੁਲਾਜ਼ਮ ਸ਼ਾਮਲ ਹਨ। ਉਹਨਾ ਕਿਹਾ ਕਿ ਇਸ ਸਬੰਧੀ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੂੰ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਪੁਲਿਸ ਦੀ ਇਸ ਰਣਨੀਤੀ ਮਗਰ ਹਾਲ ਹੀ ਵਿਚ ਗ੍ਰਿਫਤਾਰ ਕੀਤੇ ਅਪਰਾਧੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਨੇ ਅਨੇਕਾਂ ਛੁਪੇ ਅਨਸਰਾਂ ਦੇ ਨਾਮ ਜ਼ਾਹਿਰ ਕੀਤੇ ਹਨ। ਗੈਂਗਸਟਰ ਤਾਣੇ ਬਾਣੇ ਵਿਚ ਵੱਡਾ ਨਾਮ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰਾਂ ਦੇ ਘਰਾਂ ਤੇ ਛਾਪੇਮਾਰੀ ਕਰਕੇ ਕੁਝ ਦਸਤਾਵੇਜ ਇਕੱਤਰ ਕੀਤੇ ਗਏ ਹਨ। ਸੰਦੀਪ ਨੰਗਲ ਅੰਬੀਆ ਦੇ ਕਤਲ ਵਿਚ ਸ਼ਾਮਲ ਦੱਸੇ ਜਾਂਦੇ ਮੁਲਜ਼ਮ ਪੁਨੀਤ ਸ਼ਰਮਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ।
ਗੈਂਗਸਟਰ ਕਲਚਰ ਦੇ ਨਾਲ ਨਾਲ ਅੱਤਵਾਦ ਅਤੇ ਨਸ਼ਾ ਤਸਕਰਾਂ ਦੀ ਮਿਲੀ ਭੁਗਤ ਸਬੰਧੀ ਅਪਰਾਧੀਆਂ ਦੀ ਭਾਲ ਵਿਚ ਪੁਲਿਸ ਵਲੋਂ ਇਹ ਵੱਡਾ ਕਦਮ ਲਿਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਵਿਚ ਜਿਥੇ ੧੨ ਜਿਲਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਉਥੇ ਇਸ ਨਾਲ ਸਬੰਧਤ ਵਿਸ਼ਾਲ ਘੇਰੇ ਦਾ ਪਰਦਾਫਾਸ਼ ਕਰਨ ਲਈ ੬ ਰਾਜਾਂ ਵਿਚ ਤਲਾਸ਼ੀਆਂ ਲਈਆਂ ਜਾ ਰਹੀਆ ਹਨ। ਪੰਜਾਬ, ਹਰਿਆਣਾ, ਯੂ ਪੀ, ਰਾਜਸਥਾਨ ਅਤੇ ਉੱਤਰਾਖੰਡ ਵਿਚ ਸਮਗਲਰਾਂ ਅਤੇ ਗੈਂਗਸਟਰਾਂ ਦੇ ੧੦੦ ਤੋਂ ਵੱਧ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਸਬੰਧਤ ਗਿਰੋਹਾਂ ਖਿਲਾਫ ਏਨੀ ਵੱਡੀ ਪੱਧਰ &lsquoਤੇ ਕੀਤੀ ਜਾ ਰਹੀ ਛਾਣਬੀਣ ਦੇ ਨਤੀਜੇ ਤਾਂ ਭਵਿੱਖ ਵਿਚ ਪਤਾ ਲੱਗਣਗੇ ਪਰ ਪੰਜਾਬੀ ਖੂਨ ਵਿਚ ਨਸ਼ੇ ਦੀ ਤਸਕਰੀ, ਖੂਨ ਖਰਾਬੇ ਅਤੇ ਬਦਮਾਸ਼ੀ ਦੀਆਂ ਵਧਦੀਆਂ ਜਾ ਰਹੀਆਂ ਰੁਚੀਆ ਬਹੁਤ ਚਿੰਤਾਜਨਕ ਹਨ। ਇਹਨਾ ਚੋਰਾਂ ਅਤੇ ਬਦਮਾਸ਼ਾਂ ਦੇ ਸਬੰਧ ਅਨੇਕਾਂ ਹੋਰ ਦੇਸ਼ਾਂ ਤਕ ਫੈਲੇ ਹੋਏ ਹਨ। ਜੇਕਰ ਇਸ ਤਰਾਂ ਦੇ ਝੁਕਾਅ ਨੂੰ ਨਾ ਠੱਲਿਆ ਗਿਆ ਤਾਂ ਇਸ ਨਾਲ ਜਿਥੇ ਨਸ਼ਿਆਂ ਦੇ ਕੋਹੜ ਅਤੇ ਖੂਨ ਖਰਾਬੇ ਨੂੰ ਬੜਾਵਾ ਮਿਲੇਗਾ ਉਥੇ ਅਮਨ ਕਾਨੂੰਨ ਵਾਲੇ ਪੰਜਾਬੀ ਸਮਾਜ ਦਾ ਕੌਮਾਂਤਰੀ ਪੱਧਰ ਤੇ ਅਕਸ ਖਰਾਬ ਹੋਵੇਗਾ।
ਲੇਖਕ: ਕੁਲਵੰਤ ਸਿੰਘ ਢੇਸੀ