image caption: -ਰਜਿੰਦਰ ਸਿੰਘ ਪੁਰੇਵਾਲ

ਔਰਤ ਪਹਿਲਵਾਨਾਂ ਦਾ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਕੈਂਡਲ ਮਾਰਚ ਤੇ ਸ਼੍ਰੋਮਣੀ ਕਮੇਟੀ ਦੀ ਹਮਾਇਤ

ਔਰਤ ਪਹਿਲਵਾਨਾਂ ਦਾ ਕੈਂਡਲ ਮਾਰਚ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਕੱਢਿਆ ਗਿਆ| ਮਾਰਚ ਵਿੱਚ ਜ਼ਿਆਦਾਤਰ ਲੋਕਾਂ ਨੇ ਹੱਥਾਂ ਵਿੱਚ ਤਿਰੰਗੇ ਫੜੇ ਹੋਏ ਸਨ| ਇਸ ਦੇ ਨਾਲ ਹੀ ਲੋਕਾਂ ਨੇ ਵੱਡੀ ਗਿਣਤੀ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਹਨ, ਜਿਸ ਉਪਰ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰੋ, ਪਹਿਲਵਾਨਾਂ ਨੂੰ ਇਨਸਾਫ ਦਿਓ, ਪੀਐਮ ਮੋਦੀ ਆਪਣੀ ਚੁੱਪ ਤੋੜੋ, ਇਨਸਾਫ਼ ਮਿਲਣ ਤੱਕ ਅੰਦੋਲਨ ਜਾਰੀ ਰਹੇਗਾ, ਪੀਐਮ ਮੋਦੀ ਕਿੱਥੇ ਗਏ ਥੋਡੇ ਵਾਅਦੇ-ਬੇਟੀ ਪੜ੍ਹਾਓ, ਬੇਟੀ ਬਚਾਓ ਆਦਿ ਵਰਗੇ ਨਾਅਰੇ ਲਿਖੇ ਹੋਏ ਸਨ| ਸਾਬਕਾ ਗਵਰਨਰ ਸਤਿਆਪਾਲ ਮਲਿਕ ਵੀ ਮਾਰਚ ਵਿੱਚ ਸ਼ਾਮਲ ਹੋਏ ਸਨ| ਤੁਹਾਨੂੰ ਦੱਸ ਦੇਈਏ ਕਿ ਔਰਤ ਪਹਿਲਵਾਨਾਂ ਦੇ ਅੰਦੋਲਨ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ| ਇਸ ਮੌਕੇ ਉਨ੍ਹਾਂ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ ਸੀ| ਇਸ ਤੋਂ ਪਹਿਲਾਂ ਰੋਹਤਕ ਵਿਚ ਹੋਈ ਪੰਚਾਇਤ ਵਿਚ 28 ਮਈ ਨੂੰ ਨਵੀਂ ਸੰਸਦ ਦੇ ਸਾਹਮਣੇ ਹਰਿਆਣਾ ਸਮੇਤ ਗੁਆਂਢੀ ਸੂਬਿਆਂ ਦੀਆਂ ਔਰਤਾਂ ਦੀ ਪੰਚਾਇਤ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ| ਪੀਐਮ ਮੋਦੀ ਉਸੇ ਦਿਨ ਨਵੀਂ ਸੰਸਦ ਦਾ ਉਦਘਾਟਨ ਕਰਨਗੇ| ਇਸ ਲਈ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਪੁਲਿਸ ਮੁਲਾਜ਼ਮਾਂ ਅਤੇ ਅੰਦੋਲਨਕਾਰੀਆਂ ਦਰਮਿਆਨ ਟਕਰਾਅ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਹੈ| ਇਸ ਤੋਂ ਪਹਿਲਾਂ ਜਿਨਸੀ ਸ਼ੋਸ਼ਣ ਦੇ ਦੋਸ਼ੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਸੀ ਕਿ ਉਹ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹਨ| ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਗਾਉਣ ਵਾਲੀਆਂ ਔਰਤ ਖਿਡਾਰਨਾਂ ਦੇ ਨਾਰਕੋ ਟੈਸਟ ਦੀ ਸ਼ਰਤ ਰੱਖੀ ਹੈ| ਇਸ ਦੇ ਜਵਾਬ ਵਿਚ ਔਰਤ ਖਿਡਾਰਨਾਂ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਨਾਰਕੋ ਟੈਸਟ ਲਈ ਤਿਆਰ ਹਨ ਬਸ਼ਰਤੇ ਬ੍ਰਿਜ ਭੂਸ਼ਣ ਵੀ ਅਜਿਹਾ ਕਰਨ ਲਈ ਤਿਆਰ ਹੋਣ|
ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਲਗਾਤਾਰ ਗਰਮਾਈ ਜਾ ਰਹੀ ਹੈ| ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੇ ਔਰਤਾਂ ਦੇ ਹੱਕ ਵਿੱਚ ਬਿਆਨ ਜਾਰੀ ਕੀਤੇ ਹਨ| ਕਾਂਗਰਸ ਅਤੇ ਆਪ ਨੇ ਉਸ ਨੂੰ ਖੁੱਲ੍ਹਾ ਸਮਰਥਨ ਦਿੱਤਾ ਹੈ| ਹੁਣ ਸ੍ਰੋਮਣੀ ਕਮੇਟੀ ਨੇ ਵੀ ਇਸ ਸੰਘਰਸ਼ ਦੀ ਹਮਾਇਤ ਕਰ ਦਿਤੀ ਹੈ| ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰਾਂ ਬੱਚੀਆਂ ਨੂੰ ਉੱਚਾ ਚੁੱਕਣ ਦੀਆਂ ਗੱਲਾਂ ਕਰਦੀਆਂ ਹਨ, ਜਦਕਿ ਦੂਜੇ ਪਾਸੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਓਲੰਪੀਅਨ ਪਹਿਲਵਾਨ ਲੜਕੀਆਂ ਕੇਂਦਰ ਸਰਕਾਰ ਦੇ ਬਰੂਹਾਂ ਤੇ ਬੈਠ ਕੇ ਇਨਸਾਫ਼ ਲਈ ਲੜ ਰਹੀਆਂ ਹਨ| ਉਨ੍ਹਾਂ ਕਿਹਾ ਇਹ ਮਾਮਲਾ ਕੁੜੀਆਂ ਦੀ ਇੱਜ਼ਤ ਅਤੇ ਸਨਮਾਨ ਨਾਲ ਜੁੜਿਆ ਹੋਇਆ ਹੈ, ਜਿਸ ਪ੍ਰਤੀ ਸਰਕਾਰ ਸੰਜੀਦਗੀ ਦਿਖਾ ਕੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਵੇ| ਐਡਵੋਕੇਟ ਧਾਮੀ ਨੇ ਆਖਿਆ ਕਿ ਜਲਦ ਹੀ ਇਨ੍ਹਾਂ ਖਿਡਾਰਨਾਂ ਨੂੰ ਮਿਲਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇਕ ਵਫ਼ਦ ਦਿੱਲੀ ਭੇਜਿਆ ਜਾਵੇਗਾ| 
ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਪੀੜਤ ਪਹਿਲਵਾਨ ਬੀਬੀਆਂ ਦੇ ਹਕ ਵਿਚ ਡਟਕੇ ਖਾਲਸਾ ਜੀ ਦੀ ਪੁਰਾਤਨ ਇਤਿਹਾਸ ਦੀ ਲੋਅ ਫਿਰ ਬਾਲੀ ਹੈ ਕਿ ਸਿਖ ਧਰਮ ਹਮੇਸ਼ਾ  ਔਰਤਾਂ ਦਾ ਰਖਿਅਕ ਰਿਹਾ ਹੈ| ਜਿਸ ਤਰ੍ਹਾਂ ਕਿਸਾਨ ਲਗਾਤਾਰ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉਸ ਤੋਂ ਸੰਭਾਵਨਾ ਹੈ ਕਿ ਰਾਜਧਾਨੀ ਦਿੱਲੀ ਇਕ ਵਾਰ ਫਿਰ ਕਿਸਾਨਾਂ ਦੇ ਵੱਡੇ ਅੰਦੋਲਨ ਦਾ ਕੇਂਦਰ ਬਣ ਸਕਦੀ ਹੈ| ਹਾਕਮ ਸ਼ਾਇਦ ਦੋ ਸਾਲ ਪਹਿਲਾਂ ਸਫ਼ਲਤਾਪੂਰਵਕ ਚੱਲੇ ਕਿਸਾਨ ਅੰਦੋਲਨ ਨੂੰ ਭੁੱਲ ਗਏ ਹਨ ਜਿਹੜਾ ਸੂਖ਼ਮ ਪੱਧਰ ਤੇ ਇੱਕ ਪਿੰਡ ਤੋਂ ਸ਼ੁਰੂ ਹੋਇਆ ਤੇ ਸ਼ਹਿਰਾਂ, ਕਸਬਿਆਂ, ਸੂਬਿਆਂ ਨੂੰ ਕਲਾਵੇ ਵਿੱਚ ਲੈਂਦਾ ਹੋਇਆ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹੱਦਾਂ ਨੂੰ ਵੀ ਪਾਰ ਕਰ ਗਿਆ ਸੀ| ਅੰਤ ਹਕੂਮਤ ਨੂੰ ਜਨਤਕ ਰੋਹ ਅੱਗੇ ਗੋਡੇ ਟੇਕਣੇ ਪਏ ਸਨ| ਇਹ ਅੰਦੋਲਨ ਵੀ ਕਿਸਾਨ ਅੰਦੋਲਨ ਵਾਂਗ ਇਤਿਹਾਸਕ ਸਫਰ ਕਰੇਗਾ| ਇਨ੍ਹਾਂ ਮਾਣਮੱਤੀਆਂ ਕੁਸ਼ਤੀ ਖਿਡਾਰਨਾਂ ਨਾਲ ਚੇਤੰਨ ਵਰਗ ਦਾ ਹਰ ਵਿਅਕਤੀ ਖੜ੍ਹਾ ਹੈ ਅਤੇ ਔਰਤਾਂ ਪ੍ਰਤੀ ਇਸ ਵਰਤਾਰੇ ਦਾ ਪੁਰਜ਼ੋਰ ਵਿਰੋਧ ਕਰਦਾ ਹੈ| ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸਾਡੀਆਂ ਧੀਆਂ- ਭੈਣਾਂ ਹਨ ਅਤੇ ਔਰਤਾਂ ਵਿਰੁੱਧ ਹੋ ਰਹੇ ਹਰ ਪ੍ਰਕਾਰ ਦੇ ਵਿਤਕਰੇ, ਜ਼ੁਲਮ ਅਤੇ ਹਿੰਸਾ ਦਾ ਜੜ੍ਹੋਂ ਖ਼ਾਤਮਾ ਕਰਨ ਲਈ ਸੰਘਰਸ਼ ਜਾਰੀ ਰਹੇਗਾ| ਹਾਲਾਂਕਿ, ਅੰਦੋਲਨਕਾਰੀਆਂ ਨੇ ਹੁਣ ਆਪਣੀ ਰਣਨੀਤੀ ਬਦਲ ਲਈ ਹੈ ਅਤੇ ਖਾਪਾਂ ਅਤੇ ਕਿਸਾਨਾਂ ਦੀ ਜਗ੍ਹਾ ਔਰਤਾਂ ਨੂੰ ਅੱਗੇ ਲਿਆਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਦੋਸ਼ੀ ਬ੍ਰਿਜ ਭੂਸ਼ਣ ਜੱਟ ਤੇ ਰਾਜਪੂਤ ਦੇ ਟਕਰਾਅ ਦਾ ਮਾਹੌਲ ਨਾ ਬਣਾ ਸਕੇ| ਇਸ ਨਿਆਂ ਅੰਦੋਲਨ ਪਹਿਲੀ ਪ੍ਰੀਖਿਆ 28 ਮਈ ਨੂੰ ਹੈ|
ਦੂਸਰੇ ਪਾਸੇ ਬ੍ਰਿਜ ਭੂਸ਼ਣ ਨੇ ਅਯੁੱਧਿਆ &rsquoਚ ਰੈਲੀ ਕਰਨ ਦਾ ਐਲਾਨ ਕੀਤਾ ਹੈ| ਪਰ ਭਾਜਪਾ ਨੇ ਇਸ ਰੈਲੀ ਤੋਂ ਦੂਰੀ ਬਣਾ ਲਈ ਹੈ| ਇਸ ਦੇ ਸਥਾਨਕ ਆਗੂਆਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਾਰਟੀ ਦਾ ਬ੍ਰਿਜ ਭੂਸ਼ਣ ਦੇ ਨਿੱਜੀ ਪ੍ਰੋਗਰਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ| ਬ੍ਰਿਜ ਭੂਸ਼ਣ ਦੀ ਗਲ ਅਜਿਹੀ ਹੈ ਨਾਲੇ ਚੋਰ ਨਾਲ ਚਤੁਰ| ਉਹ ਭਗਵਿਆਂ ਦੇ ਇਸ਼ਾਰੇ ਉਪਰ ਜਾਟ ਤੇ ਰਾਜਪੂਤ ਦਾ ਮੁਦਾ ਬਣਾਕੇ ਇਸ ਸੰਘਰਸ਼ ਨੂੰ ਖਤਮ ਕਰਾਉਣਾ ਚਾਹੁੰਦਾ ਹੈ| ਸਿਖ ਪੰਥ ਨੂੰ ਵਿਸ਼ਵ ਪੱਧਰ ਉਪਰ ਪੀੜਤ ਬੀਬੀਆਂ ਦੇ ਹੱਕ ਵਿਚ ਡਟਣਾ ਚਾਹੀਦਾ ਹੈ|ਸ਼ੋਸ਼ਲ ਮੀਡੀਆ ਤੇ ਲੰਗਰ ਸੇਵਾ ਕਰਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ|
-ਰਜਿੰਦਰ ਸਿੰਘ ਪੁਰੇਵਾਲ