image caption: -ਡਾ: ਸੁਜਿੰਦਰ ਸਿੰਘ ਸੰਘਾ ੳ ਬੀ ਈ

ਪੰਜਾਬ 2023 ਅਤੇ ਅਗਾਂਹ : ਵਲੈਤੋਂ ਵੇਖਦਿਆਂ ਦਸ਼ਾ ਤੇ ਦਿਸ਼ਾ-ਦ੍ਰਿਸ਼ਟੀ ਬਾਰੇ ਪ੍ਰਭਾਵ

ਇਸ ਲੇਖ ਦਾ ਵਿਸ਼ਾ ਅਤੇ ਇਸ ਦੀ ਵਸਤੂ ਦਾ ਅਧਾਰ ਪੰਜਾਬ ਆਉਣੀਂ-ਜਾਣੀਂ, ਚੱਲਦੇ ਸੰਪਰਕ-ਗੋਸ਼ਟੀਆਂ, ਮੀਡੀਆ ਅਤੇ ਸੋਸ਼ਲ ਮੀਡੀਆ ਹਨ । ਪਰ ਪੰਜਾਬੀ ਸੂਬੇ ਦੇ ਅਕਾਲੀ ਮੋਰਚਿਆਂ ਤੋਂ ਲੈ ਕੇ, ਸ। ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਅਕਾਲ ਚਲਾਣੇਂ ਤੱਕ ਦਾ ਮੇਰਾ ਆਪਣਾ ਅਨੁਭਵ ਅਤੇ ਦ੍ਰਿਸ਼ਟੀਕੋਨ ਵੀ ਹੈ । ਜਿਸ ਨੂੰ ਸਮੇਂ ਸਮੇਂ ਅੰਕਿਤ ਅਤੇ ਪ੍ਰਕਾਸ਼ਤ ਕਰਦਾ ਰਿਹਾ ਹਾਂ, 1968 ਤੋਂ ਲੈ ਕੇ 2023 ਤੱਕ ।
ਪੰਜਾਬ ਤੋਂ ਬਾਹਰ, ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਹੱਕ, ਆਪੋ ਆਪਣੇ ਰਾਜ-ਪ੍ਰਬੰਧਾਂ, ਅਰਥਚਾਰਿਆਂ ਅਤੇ ਵਿਭਿੰਨ ਢਾਂਚਿਆਂ ਨਾਲ ਜੁੜੇ ਹੋਏ ਹਨ । ਪਰ ਪਰਿਵਾਰਕ, ਧਰਮ-ਵਿਰਸੇ, ਪਿਛੋਕੜ ਅਤੇ ਜੱਦੀ ਹੱਕਾਂ-ਹਕੂਕਾਂ ਪੱਖੋਂ, ਪੰਜਾਬ ਨਾਲ ਜੁੜੇ ਹੋਏ ਹਨ । ਬਰਤਾਨੀਆਂ ਦੀ ਮਿਸਾਲ ਲਈਏ ਤਾਂ ਕੋਈ ਸਾਢੇ ਸੱਤ ਲੱਖ ਪੰਜਾਬੀਆਂ ਵਿੱਚੋਂ ਸਾਡੇ ਕਾਫੀ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੀਆਂ ਹੁਣ ਪੰਜਵੀਆਂ-ਛੇਵੀਆਂ ਪੀੜ੍ਹੀਆਂ ਇਥੇ ਵਿਚਰ ਰਹੀਆਂ ਹਨ । ਉਨ੍ਹਾਂ ਦੀ ਬਿਰਤੀ ਵਿੱਚ, ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰਨਾਂ ਧਰਮ ਅਸਥਾਨਾਂ ਦੇ ਦਰਸ਼ਣਾਂ ਅਤੇ ਸੈਰ-ਸਪਾਟੇ ਤੱਕ ਹੀ ਬਹੁਤੀ ਖਿੱਚ ਹੈ । ਬਹੁਤਿਆਂ ਦੇ ਘਰ-ਬਾਹਰ, ਜ਼ਮੀਨਾਂ-ਜਾਇਦਾਦਾਂ ਜਾਂ ਰਿਸ਼ਤੇਦਾਰ ਸਾਂਭ ਰਹੇ ਹਨ, ਕਿਰਾਏ-ਹਾਲੇ &lsquoਤੇ ਹਨ ਜਾਂ ਵੇਚ ਦਿੱਤੀਆਂ ਗਈਆਂ ਹਨ । ਪਿੱਛੇ ਸਰਵੇਖਣ ਕਰੋ ਤਾਂ ਉਥੇ ਜਾਂ ਪ੍ਰਵਾਸੀ ਮਜ਼ਦੂਰ ਤੇ ਉਨ੍ਹਾਂ ਦੇ ਪਰਿਵਾਰ ਵੱਸਦੇ ਦਿਸਣਗੇ, ਜਾਂ ਖਾਲੀ ਘਰ॥॥ 2050 ਤੱਕ ਤਾਂ ਵਿਰਲੀ ਬਜ਼ੁਰਗ ਵੱਸੋਂ ਹੀ ਪੰਜਾਬੀਆਂ ਦੀ ਬਰਤਾਨੀਆਂ ਵਿੱਚ ਹੋਵੇਗੀ । ਜਿਨ੍ਹਾਂ ਦਾ ਜਨਮ ਪੰਜਾਬ ਦਾ ਹੋਵੇਗਾ ।
ਫਿਰ ਵੀ ਮੋਟੇ ਤੌਰ &lsquoਤੇ ਪੰਜਾਬੀਆਂ ਦੀਆਂ ਸਾਰੀਆਂ ਹੀ ਸਮਕਾਲੀ ਪੀੜ੍ਹੀਆਂ ਪੰਜਾਬੀਅਤ, ਪੰਜਾਬ ਅਤੇ ਸਿੱਖ ਪੰਥਕ ਜ਼ਿੰਦਗੀ ਨਾਲ ਜੁੜੇ ਹੋਏ ਹਨ, ਚਾਹੇ ਉਨ੍ਹਾਂ ਦੀ ਪੰਜਾਬੀ ਭਾਸ਼ਾ ਕਿਸੇ ਵੀ ਪੱਧਰ ਦੀ ਹੋਵੇ । ਪੰਜਾਬੀ ਦੀ ਵਰਤੋਂ ਨਾ ਵੀ ਕਰ ਸਕਣ ਵਾਲੇ 1947, 1966, 1975, 1984, 2021-22 ਅਤੇ 2023 ਦੇ ਇਤਿਹਾਸਕ ਵਰਤਾਰਿਆਂ ਅਤੇ ਘਟਨਾਕ੍ਰਮਾਂ ਨੇ ਸਾਰੀਆਂ ਪੀੜ੍ਹੀਆਂ ਨੂੰ ਹੀ ਪੰਜਾਬ ਦੇ ਹਿੱਤਾਂ ਨਾਲ ਜੋੜੀ ਰੱਖਿਆ ਹੈ । ਵਰਤਮਾਨ ਦੌਰ ਵਿੱਚ ਧਾਰਮਿਕ ਬੇਅਦਬੀਆਂ, ਕਿਰਸਾਨ ਮੋਰਚਿਆਂ ਅਤੇ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਘਟਨਾਵਾਂ ਅਤੇ ਰਾਜਸੀ ਵਰਤਾਰਿਆਂ ਨੇ ਵਿਸ਼ਵ-ਵਿਆਪੀ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਨੂੰ, ਆਪਣੀ ਵਿਰਾਸਤ ਅਤੇ ਇਸ ਦੇ ਭਵਿੱਖ ਬਾਰੇ ਸੁਚੇਤ ਵੀ ਅਤੇ ਚਿੰਤਾਵਾਨ ਵੀ ਕਰ ਦਿੱਤਾ ਹੈ ।
ਵਲੈਤ ਦੇ ਪੰਜਾਬੀਆਂ ਦੀ ਜ਼ਿੰਦਗੀ ਦੇ ਪ੍ਰਸੰਗ ਵਿੱਚ ਵੱਡਾ ਪਹਿਲੂ ਇਹ ਹੈ ਕਿ ਬਹੁਤੀ ਵੱਸੋਂ ਦਾ ਪਿਛੋਕੜ ਦੁਆਬੇ ਦਾ ਇਲਾਕਾ ਹੈ । ਵੱਖ-ਵੱਖ ਕਾਰਨਾਂ ਕਰਕੇ ਸਰਗਰਮ ਸ਼ਮੂਲੀਅਤ ਨਾਂ ਵੀ ਹੋਣ ਕਰਕੇ, ਜਲੰਧਰ ਦੀ ਲੋਕ-ਸਭਾ ਜ਼ਿਮਨੀ ਚੋਣ ਸੰਬੰਧਿਤ ਸਿਆਸਤ ਅਤੇ ਨਤੀਜੇ, ਖ਼ਾਸ ਦਿਲਚਸਪੀ ਦਾ ਕੇਂਦਰ ਬਣੇ ਰਹੇ ਹਨ । ਮੇਰੀ ਜਾਚੇ ਇਥੋਂ ਦੇ ਪੰਜਾਬੀ ਇਸ ਝੁਕਾਅ ਤੋਂ ਫਿਕਰਮੰਦ ਹਨ ਕਿ ਕਾਂਗਰਸ, ਬੀ।ਜੇ।ਪੀ। ਅਤੇ ਆਮ ਆਦਮੀ ਪਾਰਟੀ ਤਿੰਨੋਂ ਹੀ ਕੇਂਦਰਵਾਦੀ ਰੁਝਾਨਾਂ ਨੂੰ ਤਰਜੀਹ ਦਿੰਦੀਆਂ ਹਨ । ਪੰਜਾਬ ਦੇ ਵਿਕੇਂਦਰਤ ਅਧਿਕਾਰਾਂ, ਪੰਜਾਬੀਆਂ ਦੀ ਹੈਸੀਅਤ, ਪੰਜਾਬ ਵੱਸਦਾ ਗੁਰਾਂ ਦੇ ਨਾਂਅ &lsquoਤੇ ਚੜ੍ਹਦੀ ਕਲਾ ਵਾਲਾ ਜਜ਼ਬਾ, ਸ਼੍ਰੋਮਣੀ ਅਕਾਲੀ ਦਲਾਂ ਅਤੇ ਬਸਪਾ ਵੱਲੋਂ ਜੋਸ਼-ਗਰੋਸ਼ ਨਾਲ ਉਭਾਰਿਆ ਨਹੀਂ ਜਾ ਸਕਿਆ । ਯੂਨੀਅਨ ਤੇ ਫੈਡਰਲ ਸਬੰਧਾਂ ਵਿੱਚ ਸੰਤੁਲਨ, ਕੇਂਦਰਵਾਦੀ ਕੌਮੀਅਤ ਵਾਲਾ ਹੈ । 
ਪੰਜਾਬ ਵਿੱਚ ਲੋਕ ਰਾਏ ਤੇ ਵੋਟਰਾਂ ਦੇ ਵਰਤਾਰੇ
ਪੰਜਾਬ ਦੇ ਲੋਕ ਅਤੇ ਵੋਟਰ, ਔਸਤਨ ਰਾਜਸੀ ਚੇਤੰਨਤਾ, ਆਪੋ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਅਤੇ ਵਿੱਦਿਆ ਪੱਖੋਂ ਭਾਰਤ ਦੇ ਪ੍ਰਸੰਗ ਵਿੱਚ ਅਗਾਂਹ ਲੰਘ ਚੁੱਕੇ ਕਹੇ ਜਾ ਸਕਦੇ ਹਨ । ਇਥੇ ਦੇ ਸਿਆਸੀ ਬਦਲਾਅ, ਉੱਭਰਦੀਆਂ ਲਹਿਰਾਂ ਅਤੇ ਮੋਰਚੇ, ਬਾਕੀ ਸੂਬਿਆਂ ਨੂੰ ਅਗਵਾਈ ਅਤੇ ਪ੍ਰੇਰਨਾਂ ਸਰੋਤ ਰਹੇ ਹਨ । ਪਰ ਵੱਖ-ਵੱਖ ਕਾਰਨਾਂ ਕਰਕੇ ਆਰਥਿਕ-ਵਿਕਾਸ ਦੀ ਰਫ਼ਤਾਰ ਧੀਮੀ ਪੈ ਜਾਂਦੀ ਰਹੀ ਹੈ । ਕੋਈ 20 ਫੀਸਦੀ ਵੱਸੋਂ ਜਿਨ੍ਹਾਂ ਵਿੱਚ ਪ੍ਰਵਾਸੀ ਮਜ਼ਦੂਰ, ਸ਼ਹਿਰੀ ਕਿਰਤੀ ਵਰਗ ਅਤੇ ਬੇਜ਼ਮੀਨੇਂ ਦਿਹਾਤੀ ਕਾਰੋਬਾਰੀ ਆਪਣੇ ਨਿਰਬਾਹਾਂ, ਸਿਹਤ, ਵਿੱਦਿਆ, ਰਿਹਾਇਸ਼ੀ ਅਤੇ ਹੋਰਨਾਂ ਆਮ ਸਹੂਲਤਾਂ ਲਈ ਸਰਕਾਰੀ ਸਹਾਇਤਾ ਉੱਪਰ ਨਿਰਭਰ ਹਨ । ਅਕਾਲੀ-ਬੀ।ਜੇ।ਪੀ। ਪੰਜਾਬ ਸਰਕਾਰਾਂ ਬਾਦਲ ਸਾਹਿਬ ਦੀ ਅਗਵਾਈ ਵਿੱਚ, ਆਟਾ-ਦਾਲ, ਸ਼ਗਨ, ਪੈਨਸ਼ਨ ਆਦਿ ਸਕੀਮਾਂ ਦਾ, ਸਮੇਤ ਹੋਰਨਾਂ ਸੇਵਾਵਾਂ ਦੇ, ਵੈਲਫੇਅਰ-ਸਟੇਟ ਵਜੋਂ ਅਰੰਭ ਕਰਦੀਆਂ ਰਹੀਆਂ । ਇਨ੍ਹਾਂ ਨੂੰ ਕਾਂਗਰਸ ਨੇ, ਫਿਰ ਆਮ ਆਦਮੀ ਪਾਰਟੀ ਨੇ ਕਰਜ਼ਿਆਂ ਦੀ ਮੁਆਫੀ, ਮੁਫ਼ਤ ਬਿਜਲੀ, ਸਫ਼ਰ-ਸਹੂਲਤਾਂ ਅਤੇ ਕੈਸ਼ ਸਹਾਇਤਾ ਵਜੋਂ ਚੋਣ ਪ੍ਰੋਗਰਾਮਾਂ ਵਿੱਚ ਪ੍ਰਚਾਰਿਆ । ਕਿਰਸਾਨੀ ਲਈ ਮੁਫ਼ਤ ਬਿਜਲੀ ਤੋਂ ਲੈ ਕੇ ਵੈਲਫੇਅਰ ਸਟੇਟ ਸਕੀਮਾਂ ਪੱਖੋਂ ਅਗਾਂਹ ਲਈ, ਜਿਹੜੀ ਵੀ ਰਾਜਸੀ ਪਾਰਟੀ ਸਮੇਤ ਅਕਾਲੀਆਂ ਅਤੇ ਬੀ।ਜੇ।ਪੀ। ਦੇ, ਭਰੋਸੇਯੋਗਤਾ ਬਣਾ ਸਕੇਗੀ, ਉਹੀ ਇਨ੍ਹਾਂ ਵਰਗਾਂ ਦੀਆਂ ਵੋਟਾਂ ਲੈਣ ਵਿੱਚ ਸਫ਼ਲ ਹੋ ਸਕਦੀ ਹੈ । ਪਰ ਕਰਜ਼ਾ ਵਧੇਗਾ ।
10-15 ਫੀਸਦੀ ਵੋਟਾਂ ਬੇਅਦਬੀਆਂ, ਨਸ਼ਿਆਂ, ਅਮਨ-ਕਾਨੂੰਨ ਦੀ ਸਥਿਤੀ ਆਦਿ ਪਹਿਲੂਆਂ ਦੇ ਨਾਲ ਨਾਲ, ਸਿਆਸੀ-ਪ੍ਰਬੰਧਕੀ-ਪੁਲਸ ਆਦਿ ਵਰਗਾਂ ਵਿੱਚ ਫੈਲੀ ਭ੍ਰਿਸ਼ਟਾਚਾਰੀ ਖ਼ਤਮ ਕਰਨ ਵਾਲੀਆਂ ਭਰੋਸੇਯੋਗ ਨੀਤੀਆਂ, ਅਮਲਾਂ ਅਤੇ ਪ੍ਰੋਗਰਾਮਾਂ ਹਿੱਤ ਵੀ ਭੁਗਤ ਜਾਂਦੀਆਂ ਹਨ । ਇਤਿਹਾਸ ਅਤੇ ਸਮਕਾਲ ਦੀਆਂ ਤਾਜ਼ੀਆਂ ਮਿਸਾਲਾਂ ਗਵਾਹ ਹਨ ਕਿ ਕਾਂਗਰਸ, ਬੀ।ਜੇ।ਪੀ। ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਮਸਲਿਆਂ ਨੂੰ ਅਤੇ ਸੋਮਿਆਂ ਨੂੰ ਆਪਣੀ ਦਿੱਲੀ ਅਤੇ ਦੇਸ਼ ਵਿੱਚ ਪੈਂਠ ਬਣਾਉਣ ਲਈ ਵਰਤਦੀਆਂ ਹਨ । ਦੇਸ਼ ਦਾ ਅਸੰਤੁਲਤ ਅਤੇ ਮਰਿਯਾਦਾ ਤੋਂ ਮੁਕਤ, ਨਿਰੇ ਇਸ਼ਤਿਹਾਰਾਂ ਅਤੇ ਸਰਪ੍ਰਸਤੀ ਪਿੱਛੇ ਚੱਲਣ ਵਾਲਾ ਮੀਡੀਆ, ਅਚਾਨਕ ਲੋੜ ਅਨੁਸਾਰ ਮਿਸਾਲ ਵਜੋਂ ਖਾਲਿਸਤਾਨ ਨੂੰ ਹਥਿਆਰ ਬਣਾ ਕੇ, ਬਹੁ-ਸੰਮਤੀ ਵੋਟਾਂ ਅਤੇ ਲੋਕ ਰਾਏ ਉਭਾਰਨ ਵਿੱਚ ਜੁੜ ਜਾਂਦਾ ਹੈ । ਇਸ ਦਾ ਪੰਜਾਬ ਦੇ ਖ਼ਾਸ ਵਰਗ &lsquoਤੇ ਪ੍ਰਭਾਵ ਪੈ ਜਾਂਦਾ ਹੈ ਤੇ ਉਹ ਤਿੰਨਾਂ ਕੇਂਦਰਵਾਦੀ ਸਿਆਸੀ ਪਾਰਟੀਆਂ ਵਿੱਚੋਂ ਹੀ, ਇਕ ਜਾਂ ਦੂਜੀ-ਤੀਜੀ ਨੂੰ ਤਰਜੀਹ ਨਾਲ ਵੋਟਾਂ ਪਾ ਦੇਣਗੇ । ਸਿਆਸਤ ਅਤੇ ਪ੍ਰਬੰਧ ਵਿੱਚ ਮੌਕਾ-ਪ੍ਰਸਤ, ਸਵੈ-ਹਿੱਤ, ਦਲ-ਬਦਲੂ ਆਦਿ ਰੁਝਾਨ ਭਾਰੂ ਹਨ । ਅਸੂਲਾਂ, ਦਿਆਨਤਦਾਰੀ ਅਤੇ ਸੇਵਾ ਭਾਵਨਾ ਵਾਲੀ ਰਾਜਨੀਤੀ ਘੱਟ ਸਾਹਮਣੇ ਆਉਂਦੀ ਹੈ । ਦਿਹਾਤੀ ਪੰਜਾਬ ਨੌਜਵਾਨੀ ਤੋਂ ਸੱਖਣਾਂ ਹੋ ਰਿਹਾ ਹੈ, ਬਾਹਰੋਂ ਉਸਾਰੀ ਲਈ ਪੈਸਾ ਆਉਣ ਦੀ ਥਾਂ, ਪੰਜਾਬ ਦੀ ਦੌਲਤ ਵਿਦੇਸ਼ਾਂ ਵੱਲ ਜਾ ਰਹੀ ਹੈ ।
1960ਵੇਂ-70ਵੇਂ ਵਿੱਚ ਜਿਵੇਂ ਸੈਕੂਲਰਵਾਦ ਤੇ ਸਮਾਜਵਾਦ ਰਾਹੀਂ ਪੰਜਾਬ ਵਿੱਚ ਪੰਥਕ ਰਾਜਨੀਤੀ ਅਤੇ ਪੰਜਾਬ ਹਿੱਤੀ ਲਹਿਰਾਂ ਤੇ ਮੋਰਚਿਆਂ ਨੂੰ ਫਿਰਕੂ ਗਰਦਾਨਿਆਂ ਜਾਂਦਾ ਸੀ, ਉਸੇ ਤਰੀਕੇ ਵਰਤਮਾਨ ਵਿੱਚ ਕੇਂਦਰਵਾਦੀ ਪਾਰਟੀਆਂ ਕਰ ਰਹੀਆਂ ਹਨ । ਹੁਣ ਰਾਸ਼ਟਰਵਾਦ ਤੇ ਬਹੁ-ਸੰਮਤੀ ਕੌਮਵਾਦ ਨੂੰ ਉਭਾਰਨ ਲਈ, ਘੱਟ ਗਿਣਤੀ ਧਰਮਾਂ, ਸੱਭਿਆਚਾਰਾਂ, ਭਾਸ਼ਾਵਾਂ, ਇਲਾਕਾਈ ਹਿੱਤਾਂ ਨੂੰ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ ਹੈ । ਪੱਛੜੀਆਂ ਸ਼੍ਰੇਣੀਆਂ ਅਤੇ ਦਲਿਤ ਵਰਗ ਨੂੰ ਵੰਡੀਆਂ ਪਾ ਕੇ ਵਰਗਲਾਇਆ ਜਾਂਦਾ ਹੈ । ਫਿਰ ਵੀ ਪੰਜਾਬ, ਪੰਜਾਬੀ ਅਤੇ ਪੰਥ ਸਵੈ-ਵਿਸ਼ਵਾਸ਼ ਨਾਲ ਉੱਠ ਖੜੋਣਾਂ ਅਤੇ ਅਗਾਂਹ ਵਧਣਾਂ ਜਾਣਦੇ ਹਨ । ਉਪਰਲੇ ਵਿਸ਼ਲੇਸ਼ਣ ਅਤੇ ਵਰਤਾਰਿਆਂ ਦੇ ਬਾਵਜੂਦ, ਪੰਜਾਬ ਵਿੱਚ 55 ਫੀਸਦੀ ਵੋਟਰ ਅਜਿਹੇ ਹਨ ਜਿਹੜੇ ਸਿੱਖਾਂ ਅਤੇ ਦਲਿਤ ਸ਼ੇ੍ਰਣੀਆਂ ਤੋਂ ਬਿਨਾਂ, ਹੋਰਨਾਂ ਭਾਈਚਾਰਿਆਂ ਵਿੱਚੋਂ ਵੀ ਅਗਾਂਹ ਵੱਧ ਕੇ, ਪੰਜਾਬ ਵਿੱਚ ਹਲੇਮੀ ਰਾਜ, ਬੇਗ਼ਮਪੁਰਾ, ਰਾਮਰਾਜ, ਖ਼ਾਲਸਾ ਰਾਜ ਜਾਂ ਇਸ ਨੂੰ ਅਮਰਪੁਰੀ ਵਜੋਂ ਉਸਾਰਨ ਲਈ ਤੱਤਪਰ ਹਨ । ਇਨ੍ਹਾਂ ਸੰਕਲਪਾਂ ਦਾ ਪਿਛੋਕੜ ਪੰਜਾਬ ਵੱਸਦਾ ਗੁਰਾਂ ਦੇ ਨਾਂ ਵਿੱਚ ਹੀ ਹੈ । 
ਪੰਜਾਬ ਲੋੜਦੈ ਧੜੱਲੇਦਾਰ ਅਗਵਾਈ ਤੇ ਵਿਸ਼ਾਲ ਅਕਾਲੀ ਲਹਿਰ
1984 ਦੇ ਕਹਿਰ ਮਗਰੋਂ, 2024 ਦੀਆਂ ਆਮ ਚੋਣਾਂ ਤੱਕ 40 ਵਰੇ੍ਹ ਹੋ ਜਾਣਗੇ । ਇਹ ਨਿਰਨਾਂ ਪੰਜਾਬ ਦੀ ਲੋਕ-ਰਾਏ ਅਤੇ ਵੋਟਰਾਂ ਦੇ ਹੱਥਾਂ ਵਿੱਚ ਹੈ ਕਿ ਕੇਂਦਰਵਾਦੀ ਅਤੇ ਵੱਖਵਾਦੀ ਕੌਮੀਅਤਾਂ ਦੇ ਰੁਝਾਨਾਂ ਵਾਲੀਆਂ ਸਿਆਸੀ ਪਾਰਟੀਆਂ ਤੇ ਧਿਰਾਂ, ਕੀ ਸੁਆਰ ਸਕੀਆਂ ਅਤੇ ਕੀ ਸੁਆਰ ਦੇਣਗੀਆਂ । ਪੰਜਾਬ ਨੂੰ ਸਮਕਾਲੀ ਰਾਜਨੀਤਕ ਪ੍ਰਸੰਗ ਵਿੱਚ, ਧੜੱਲੇਦਾਰ ਅਗਵਾਈ ਅਤੇ ਮੁੜ ਵਿਸ਼ਾਲ ਅਕਾਲੀ ਲਹਿਰ ਦੀ ਇਤਿਹਾਸਕ ਲੋੜ ਹੈ । ਗੁਰੂ ਨਾਨਕ ਸਾਹਿਬ ਦਾ ਹਿੰਦੋਸਤਾਨ ਵਿਕੇਂਦਰਤ ਰਾਜਾਂ ਦਾ ਸੰਘ ਹੈ, ਇਹ ਬਹੁ-ਸੰਮਤੀ ਕੌਮੀਅਤ ਆਧਾਰਿਤ, ਕੇਂਦਰਤ ਹੋ ਰਿਹਾ ਰਾਸ਼ਟਰਵਾਦੀ ਗਣਰਾਜ ਨਹੀਂ । ਇਸ ਪੱਖੋਂ ਦੇਸ਼ ਵਿਆਪੀ ਫੈਡਰਲ-ਡੈਮੋਕ੍ਰੇਟਿਕ, ਵਿਭਿੰਨਤਾ ਵਿੱਚ ਏਕਤਾ ਦੇ ਸਿਧਾਂਤ ਨੂੰ ਸਮਰਪਿਤ ਰਾਜਸੀ ਧਿਰਾਂ, ਵੱਡੀਆਂ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਹਨ । ਇਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਇਕ ਅਹਿਮ ਧੜੱਲੇਦਾਰ ਅਗਵਾਈ ਦੇਣ ਵਾਲੀ ਲਹਿਰ ਰਹੀ ਹੈ । ਜਿਸ ਨੂੰ ਭਵਿੱਖ ਲਈ ਮੁੜ ਸੁਰਜੀਤ ਕਰਕੇ ਅਗਾਂਹ ਵਧਾਉਣਾਂ ਪੰਥ, ਪੰਜਾਬ ਅਤੇ ਦੇਸ਼ ਦੀ ਲੋੜ ਹੈ । ਇਸੇ ਵਿੱਚੋਂ ਹੀ ਸਿੱਖ ਕੌਮ ਦੀ ਸੁਰੱਖਿਅਤਾ, ਵਿਕਾਸ ਅਤੇ ਭਲਾਈ ਉੱਭਰ ਸਕਣਗੇ । ਮਜ਼ਬੂਤ ਅਤੇ ਸਮਰੱਥ ਸਿੱਖ ਪੰਥ ਹੀ ਸਰਬੱਤ ਦੇ ਭਲੇ ਲਈ ਵਧੇਰੇ ਸਰਗਰਮ ਰਹਿ ਸਕਦਾ ਹੈ । ਇਸ ਪਾਸੇ ਵੱਲ ਮੁੜ ਵਧਣ ਲਈ, ਰਾਜ-ਸਤਾਹ ਨਾਲੋਂ ਵੀ ਵੱਧ ਸਿਧਾਂਤਕ ਸੇਧ ਅਤੇ ਦਿਸ਼ਾ-ਦ੍ਰਿਸ਼ਟੀ ਪੱਖੋਂ ਸਾਫ਼ ਨਿਖਾਰ ਦੀ ਲੋੜ ਹੈ । ਪੰਜਾਬ ਵੱਸਦਾ ਗੁਰਾਂ ਦੇ ਨਾਂ &lsquoਤੇ ਹੀ ਸਮਕਾਲੀ ਕਿਰਸਾਨ ਲਹਿਰ ਦੇ ਮੋਰਚੇ ਸਫਲ ਹੋਏ ਤੇ ਵੱਡੀ ਅਗਵਾਈ ਦਿੱਤੀ ।
ਸਮੇਂ ਦੀ ਲੋੜ ਹੈ ਕਿ ਅਕਾਲ ਵਾਸੀ ਸ। ਪ੍ਰਕਾਸ਼ ਸਿੰਘ ਬਾਦਲ ਤੇ ਸ। ਸੁਖਬੀਰ ਸਿੰਘ ਬਾਦਲ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅੰਤਿਮ ਅਰਦਾਸ ਪਿੰਡ ਬਾਦਲ ਵਾਲੇ ਮੁਆਫੀਨਾਮਿਆਂ ਨੂੰ, ਪੰਥਕ ਮਰਿਯਾਦਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ &lsquoਤੇ 2007 ਤੇ 2015 ਦੀਆਂ ਭੁੱਲਾਂ ਨੂੰ ਉਚੇਚ ਨਾਲ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿੱਪ ਪੇਸ਼ ਹੋ ਕੇ, ਬਖ਼ਸ਼ਾਵੇ ਅਤੇ ਤਨਖਾਹ ਲੱਗਵਾਏ । ਸੰਭਵ ਹੈ ਕਿ ਵਿਸ਼ਵ ਵਿਆਪੀ ਸਿੱਖ ਪੰਥ ਵੀ ਅਜਿਹਾ ਮੁਆਫੀਨਾਮਾ ਪ੍ਰਵਾਨ ਕਰ ਲਵੇ । ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਲਈ ਡੇਰਿਆਂ ਤੋਂ ਮੁਕਤ ਹੋ ਕੇ ਪੰਜਾਬ ਦੀ ਕਿਰਸਾਨੀ, ਕਿਰਤੀ ਵਰਗਾਂ, ਦਲਿਤ ਸ਼੍ਰੇਣੀਆਂ ਅਤੇ ਛੋਟੇ-ਵੱਡੇ ਪੰਜਾਬੀ, ਵਪਾਰਕ ਅਤੇ ਸਨਅਤੀ ਅਦਾਰਿਆਂ ਨਾਲ ਸਾਂਝਾਂ ਮਜ਼ਬੂਤ ਕਰਨੀਆਂ ਹੋਣਗੀਆਂ । ਸਰਪ੍ਰਸਤੀ ਦਾ ਅਹੁਦਾ ਖਾਲੀ ਹੈ, ਜਿਸ ਨੂੰ ਪੰਚ ਪ੍ਰਧਾਨ॥। ਪੰਚ ਮਿਲੇ ਵੀਚਾਰੇ ਦੇ ਗੁਰਬਾਣੀ ਉਦੇਸ਼ਾਂ ਅਨੁਸਾਰ ਭਰਿਆ ਜਾਵੇ । ਸਿੱਖ ਕੌਮ ਦੀਆਂ ਪੰਜ ਸਿਰਮੌਰ ਸ਼ਖ਼ਸੀਅਤਾਂ, ਜਿਨ੍ਹਾਂ ਵਿੱਚ ਘੱਟੋ ਘੱਟ ਦੋ ਬੀਬੀਆਂ ਹੋਣ, ਜਿਨ੍ਹੀਂ ਆਪ ਰਾਜਸੀ ਅਹੁਦਿਆਂ ਅਤੇ ਚੋਣਾਂ ਵਿੱਚ ਨਹੀਂ ਆਉਣਾ, ਉਨ੍ਹਾਂ ਨੂੰ ਪੰਥ ਅਤੇ ਪੰਜਾਬ ਦੇ ਵੱਡੇ ਹਿੱਤਾਂ ਲਈ ਮਾਰਗ-ਦਰਸ਼ਕਾਂ ਵਜੋਂ ਸਜਾਇਆ ਜਾਵੇ । ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪੰਜੇ ਸਰਪ੍ਰਸਤ, ਮਾਹਿਰਾਂ ਦੀ ਸਲਾਹ ਨਾਲ, 1970ਵੇਂ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ, 2020ਵੇ-30ਵੇਂ ਦੀਆਂ ਨਵੀਆਂ ਲੋੜਾਂ ਅਤੇ ਬਦਲ ਰਹੀਆਂ ਚਿਤਾਵਨੀਆਂ ਅਨੁਸਾਰ ਅਗਵਾਈ ਵਾਸਤੇ, ਪਾਰਟੀ ਵਾਸਤੇ ਅਤੇ ਅਕਾਲੀ ਲਹਿਰ ਵਾਸਤੇ, ਪ੍ਰਸਤਾਵਤ ਕਰਨ । ਅਗਾਂਹ ਚੋਣ ਲਾਮਬੰਦੀ ਜਾਂ ਸਮਝੌਤੇ ਉਨ੍ਹਾਂ ਰਾਜਸੀ ਧਿਰਾਂ ਨਾਲ ਕੀਤੇ ਜਾਣ ਜੋ ਪੰਜਾਬ ਦੇ ਦਰਪੇਸ਼, ਇਤਿਹਾਸਕ, ਵਰਤਮਾਨ ਅਤੇ ਭਵਿੱਖਤ ਮਸਲਿਆਂ ਦੇ ਹੱਲ ਵਾਸਤੇ ਦਿਆਨਤਦਾਰੀ ਨਾਲ ਸਹਿਯੋਗ ਤੇ ਫੈਸਲਿਆਂ ਦੇ ਸਮਰੱਥ ਹੋਣ ।
ਸ਼੍ਰੋਮਣੀ ਅਕਾਲੀ ਦਲ ਨੂੰ ਰਾਜ-ਸਤਾਹ ਨਾਲੋਂ ਵੀ ਵੱਧ ਇਨ੍ਹਾਂ ਸਮਿਆਂ ਵਿੱਚ ਸਾਫ਼-ਸੁਥਰੀ ਅਤੇ ਸਿਧਾਂਤਕ ਦਿਸ਼ਾ-ਦ੍ਰਿਸ਼ਟੀ ਉਭਾਰਨ ਦੀ ਲੋੜ ਹੈ ਤਾਂ ਕਿ ਮੁੜ ਅਕਾਲੀ ਲਹਿਰ ਪ੍ਰਚੰਡ ਹੋ ਸਕੇ । ਬੀਤੇ ਤੋਂ ਸਬਕ ਲੈਂਦਿਆਂ ਸਭ ਵਿਖੜੇ ਅਕਾਲੀਆਂ ਅਤੇ ਧੜਿਆਂ ਨੂੰ ਲਹਿਰ ਵਿੱਚ ਸ਼ਾਮਿਲ ਹੋ ਜਾਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਵੇ । ਜਿਹੜੇ ਹੋਇ ਇਕਤ੍ਰ॥। ਦੇ ਫੁਰਮਾਣ ਨਾ ਮੰਨਦਿਆਂ॥। ਧੜੇ ਮਾਇਆ ਮੋਹ ਪਸਾਰੀ ਵਾਲੀ ਖੁਆਰੀ ਵਿੱਚ ਭਟਕਣਾਂ ਚਾਹੁੰਣ ਉਹ ਉਨ੍ਹਾਂ ਦੀ ਇੱਛਿਆ, ਜਿਸ &lsquoਤੇ ਸਿੱਖ ਪੰਥ ਪਹਿਰਾ ਦੇਣ ਸਮਰੱਥ ਹੈ । ਸ਼੍ਰੋਮਣੀ ਅਕਾਲੀ ਦਲ ਨੂੰ ਜਥੇਬੰਦਕ ਤੌਰ &lsquoਤੇ ਪੰਜਾਬੀਆਂ, ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਨਗਰ ਪਾਲਿਕਾਵਾਂ, ਵਿਧਾਨ ਸਭਾ ਅਤੇ ਪਾਰਲੀਮੈਂਟ ਤੱਕ ਸਰਗਰਮ ਅਵਾਜ਼ ਅਤੇ ਸ਼ਕਤੀ ਬਣ ਉੱਭਰਨਾ ਪਵੇਗਾ । ਅਗਲੀਆਂ ਪੀੜੀਆਂ ਅਤੇ ਪੰਜਾਬ ਦਾ ਭਵਿੱਖ, ਅਕਾਲੀ ਲਹਿਰ ਦੀ ਪ੍ਰਚੰਡਤਾ ਵਿੱਚ ਹੈ ।

-ਡਾ: ਸੁਜਿੰਦਰ ਸਿੰਘ ਸੰਘਾ ੳ ਬੀ ਈ