image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਬਾਕੀ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖੂਨ ਪਾ ਕੇ ਹਲੇਮੀ ਰਾਜ ਦੀ ਸਥਾਪਤੀ ਲਈ ਰਬਾਬ ਤੋਂ ਨਗਾਰੇ ਤੱਕ ਦਾ ਧਰਮ ਯੁੱਧ ਲੜਿਆ, ਨਾ ਕਿ ਹਿੰਦੂ ਰਾਸ਼ਟਰ ਬਣਾਉਣ ਲਈ

ਭਾਰਤ ਦੀ ਨਵੀਂ ਬਣੀ ਪਾਰਲੀਮੈਂਟ ਦੇ ਉਦਘਾਟਨ ਸਮੇਂ ਬ੍ਰਾਹਮਣਾਂ ਨੇ ਭਾਰਤੀ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਦੂ ਰਾਸ਼ਟਰ ਦੇ ਨਵੇਂ ਪੇਸ਼ਵਾ ਵਜੋਂ ਤਾਜਪੋਸ਼ੀ ਕਰਕੇ ਉਸ ਨੂੰ ਰਾਜ ਦੰਡ ਦੀ ਸੇਂਗੋਲ ਭੇਟ ਕੀਤੀ ਅਤੇ ਨਰਿੰਦਰ ਮੋਦੀ ਤੇ ਲੋਕ ਸਭਾ ਦੇ ਸਪੀਕਰ ਨੇ ਉਹ ਸੇਂਗੋਲ ਸਪੀਕਰ ਦੀ ਸੀਟ ਦੇ ਨਾਲ ਸਥਾਪਤ ਕਰ ਦਿੱਤੀ । ਸਮੱਸਿਆ ਸੇਂਗੋਲ ਦੀ ਨਹੀਂ, ਸਗੋਂ ਲੋਕਤੰਤਰ ਦੇ ਮੰਦਿਰ ਵਿੱਚ ਉਸ ਦੀ ਸਥਾਪਨਾ ਨਾਲ ਹੈ, ਜਿਸ ਰਾਹੀਂ ਭਾਰਤੀ ਲੋਕਤੰਤਰ ਨੂੰ ਰਾਜਾ ਸ਼ਾਹੀ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਅਜਿਹਾ ਇਕ ਵਿਅਕਤੀ ਲਈ ਹੋ ਰਿਹਾ ਹੈ, ਇਸ ਦੇ ਦੂਰਗਾਮੀ ਨਤੀਜੇ ਨਿਕਲਣਗੇ (ਪੰਜਾਬ ਟਾਈਮਜ਼ ਅੰਕ 2981, 2982 ਦੀ ਖ਼ਬਰ)
ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਬਾਕੀ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖੂਨ ਪਾ ਕੇ ਹਲੇਮੀ ਰਾਜ (ਖ਼ਾਲਸਾ ਰਾਜ) ਦੀ ਸਥਾਪਤੀ ਲਈ ਰਬਾਬ ਤੋਂ ਨਗਾਰੇ ਤੱਕ ਦਾ ਧਰਮ ਯੁੱਧ ਲੜਿਆ, ਨਾ ਕਿ ਹਿੰਦੂ ਰਾਸ਼ਟਰ ਬਣਾਉਣ ਲਈ । ਹੱਥਲਾ ਲੇਖ ਲਿਖਣ ਦੀ ਲੋੜ ਇਸ ਕਰਕੇ ਪਈ ਕਿਉਂਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਕਿਹਾ : ਗੁਰੂ ਗੋਬਿੰਦ ਸਿੰਘ ਦੇਸ਼ ਦੀ ਸੰਸਕ੍ਰਿਤੀ ਦੇ ਰਾਖੇ ਸਨ ਤੇ ਉਨ੍ਹਾਂ ਭਾਰਤੀ ਸੱਭਿਆਚਾਰ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਂਝੀ ਸੰਸਕ੍ਰਿਤੀ ਨੂੰ ਬਚਾਉਣ ਲਈ ਸਰਬੰਸ ਵਾਰਿਆ ਤੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ । ਜੇ ਅੱਜ ਹਿੰਦੂ ਧਰਮ ਸ਼ੁੱਧ ਰੂਪ ਵਿੱਚ ਦਿਖਾਈ ਦਿੰਦਾ ਹੈ ਤਾਂ ਇਹ ਸਿੱਖ ਪੰਥ ਦੇ ਕਾਰਨ ਹੀ ਹੈ । ਇਸੇ ਤਰ੍ਹਾਂ ਆਰ।ਐੱਸ।ਐੱਸ। ਦੇ ਮੁਖੀ ਮੋਹਨ ਭਾਗਵਤ ਨੇ ਕਿਹਾ : ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਆਦਰਸ਼ਕ ਵਜੋਂ ਜਾਣਦਾ ਹੈ ਕਿਉਂਕਿ ਉਨ੍ਹਾਂ ਨੇ ਰਾਸ਼ਟਰ (ਭਾਰਤ ਦੇਸ਼) ਦੀ ਰੱਖਿਆ ਕੀਤੀ ਹੈ ਅਤੇ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਪਰੰਪਰਾ ਨੂੰ ਗੁਰੂ ਅਰਜਨ ਦੇਵ ਤੇ ਗੁਰੂ ਤੇਗ਼ ਬਹਾਦਰ ਨੇ ਸ਼ਹੀਦੀਆਂ ਦੇ ਕੇ ਅਤੇ ਦਸਮ ਪਾਤਸ਼ਾਹ ਨੇ ਸਰਬੰਸ ਵਾਰਕੇ ਰਾਸ਼ਟਰ ਨੂੰ ਸੁਰੱਖਿਅਤ ਰੱਖਿਆ ਹੈ । ਇਸ ਤਰ੍ਹਾਂ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਸਮੇਂ ਬੋਲਦਿਆਂ ਜੋ ਕਿਹਾ ਉਹ ਦਾਸ ਰੂ-ਬ-ਰੂ ਅੰਗ੍ਰੇਜ਼ੀ ਵਿੱਚ ਲਿਖ ਰਿਹਾ ਹੈ : The Sikh guru tradition is not just a tradition of faith and spirituality. It is also a source of inspiration for the idea of Ek Bharat shres thaa. When he (Guru Gobind Singh) was a child a great sacrifice was needed to protect the nation. He told his father - There was no personality greater than you, so you make this sacrifice. When he became a father, he did not hesitate to sacrifice his sons for the cause of the nation with the same promptness. When his sons were sacrificed he looked at his people and said CAR MoeQ Th EKWA HoWA JIVT KeI HzAR that is, so what if my four sons have died ? Several thousand of my country men are my sons. 
ਭਾਵ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਕਿਹਾ ਰਾਸ਼ਟਰ ਧਰਮ ਦੀ ਰੱਖਿਆ ਲਈ ਬਲੀਦਾਨ ਦੇਣ ਲਈ ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਹੈ, ਤੁਸੀਂ ਧਰਮ ਰਾਸ਼ਟਰ ਲਈ ਬਲੀਦਾਨ ਦੇਵੋ, ਇਸੇ ਤਰ੍ਹਾਂ ਉਨ੍ਹਾਂ ਨੇ ਰਾਸ਼ਟਰ ਧਰਮ ਦੀ ਰੱਖਿਆ ਲਈ ਆਪਣੇ ਬੇਟਿਆਂ ਦਾ ਬਲੀਦਾਨ ਦੇ ਕੇ ਆਖਿਆ ਕਿ ਮੇਰੇ ਚਾਰ ਬੇਟੇ ਮਰ ਗਏ ਤਾਂ ਕੀ ਹੋਇਆ ਸਾਰੇ ਦੇਸ਼ ਵਾਸੀ ਮੇਰੇ ਬੇਟੇ ਹਨ (ਨੋਟ-ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਾਦੀ ਸੰਤਾਨ ਖ਼ਾਲਸੇ ਵੱਲ ਇਸ਼ਾਰਾ ਕਰਕੇ ਕਿਹਾ ਸੀ, ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ, ਉਦੋਂ ਅਜੋਕੇ ਭਾਰਤ ਦੇਸ਼ ਦਾ ਕੋਈ ਵਜੂਦ ਹੀ ਨਹੀਂ ਸੀ)
ਆਸ ਕਰਦਾ ਹਾਂ ਕਿ ਪਾਠਕ ਜਨ ਸਮਝ ਗਏ ਹੋਣਗੇ ਕਿ ਇਹ ਲੇਖ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖੂਨ ਪਾ ਕੇ ਹਲੇਮੀ ਰਾਜ (ਖ਼ਾਲਸਾ ਰਾਜ) ਦੀ ਸਥਾਪਤੀ ਲਈ ਰਬਾਬ ਤੋਂ ਨਗਾਰੇ ਤੱਕ ਦਾ ਧਰਮ ਯੁੱਧ ਲੜਿਆ ਨਾ ਕਿ ਕਿਸੇ ਵਿਸ਼ੇਸ਼ ਰਾਸ਼ਟਰ ਲਈ ਕਿਉਂ ਲਿਖਣਾ ਪਿਆ ? ਗੁਰੂ ਨਾਨਕ ਦਰਸ਼ਨ ਦਾ ਪਾਸਾਰ ਭਗਤੀ ਤੇ ਸ਼ਕਤੀ ਦਾ ਸੁਮੇਲ ਮੀਰੀ ਪੀਰੀ ਤੇ ਰਬਾਬ ਤੋਂ ਨਗਾਰੇ ਤੱਕ ਮੌਜੂਦ ਹੈ । ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੀ ਸਿਖਰ 1699 ਈ: ਦੀ ਵੈਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਨਾਲ ਪ੍ਰਗਟ ਹੋਈ ਜਿਸ ਦਾ ਵਿਰੋਧ ਸਵਰਨ ਜਾਤੀ ਹਿੰਦੂ ਪਹਾੜੀ ਰਾਜਿਆਂ ਦੇ ਰੂਪ ਵਿੱਚ ਬ੍ਰਾਹਮਣਵਾਦ ਵੱਲੋਂ ਕੀਤਾ ਗਿਆ ਜੋ ਨਿਰੰਤਰ ਹੁਣ ਤੱਕ ਜਾਰੀ ਹੈ । ਹਿੰਦੂਵਾਦੀ ਤਾਕਤਾਂ ਨੇ ਆਦਿ ਧਰਮ ਨੂੰ ਸਨਾਤਨ ਧਰਮ ਦਾ ਨਾਂ ਦੇ ਕੇ ਬ੍ਰਾਹਮਣਵਾਦ ਦਾ ਨਵੀਨੀ ਕਰਨ ਕੀਤਾ ਹੈ । ਹਿੰਦੂ ਵਾਦ ਭਾਰਤੀ ਰਾਸ਼ਟਰਵਾਦ ਦੀ ਚਾਲਕ ਸ਼ਕਤੀ ਹੈ, ਜਿਸ ਦਾ ਆਧਾਰ ਬ੍ਰਾਹਮਣਵਾਦ ਹੈ । (ਪੁਸਤਕ ਬ੍ਰਾਹਮਣਵਾਦ ਅਤੇ ਹਿੰਦੁਵਾਦ ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ ਲੇਖਕ ਗੁਰਮੀਤ ਸਿੰਘ ਸਿੱਧੂ) ਇਸ ਕਰਕੇ ਹੀ ਹਿੰਦੂ ਰਾਸ਼ਟਰਵਾਦ ਦਾ ਪੈਰੋਕਾਰ ਬਾਗੇਸ਼ਵਰ ਧਾਮ ਦਾ ਬਾਬਾ ਧੀਰੇਂਦਰ ਸ਼ਾਸਤਰੀ ਵੀ ਬੜੇ ਜੋਸ਼ ਵਿੱਚ ਆ ਕੇ ਕਹਿੰਦਾ ਹੈ : ਅਸੀਂ ਨੌਵੇਂ ਗੁਰੂ ਤੇਗ਼ ਬਹਾਦਰ ਜੀ ਤੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਗਾਉਂਦੇ ਹਾਂ ਇਹ ਸਾਡੇ ਸਨਾਤਨ ਧਰਮ ਦੇ ਆਦਰਸ਼ ਹਨ । ਹਿੰਦੂ ਰਾਸ਼ਟਰਵਾਦ ਦੇ ਪੈਰੋਕਾਰ ਬਾਬੇ ਨੂੰ ਇਹ ਨਹੀਂ ਪਤਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਸਿੱਖ ਕੌਮ ਦੇ ਨੌਵੇਂ ਬਾਦਸ਼ਾਹ ਅਤੇ ਪਾਤਸ਼ਾਹ ਸਨ । (ਹਵਾਲਾ ਮਹਾਨਕੋਸ਼ ਭਾਈ ਕਾਨ੍ਹ ਸਿੰਘ ਨਾਭਾ) ਗੁਰੂ ਤੇਗ਼ ਬਹਾਦਰ ਦਾ ਸਮਾਂ 1664 ਈ: ਤੋਂ ਲੈ ਕੇ 1675 ਈ: ਤੱਕ ਦਾ ਹੈ । ਆਪ ਜੀ ਦੇ ਸਮੇਂ ਤੱਕ ਸਿੱਖ ਧਰਮ ਆਪਣਾ ਅੱਠ ਪੀੜ੍ਹੀਆਂ ਦਾ ਵਿਕਾਸ ਤਹਿ ਕਰ ਚੁੱਕਿਆ ਸੀ । ਹਲੇਮੀ ਰਾਜ ਦੀ ਪਿੱਠ ਭੂਮੀ ਦੇ ਤੌਰ &lsquoਤੇ ਸਿੱਖ ਕੌਮ (ਸਿੱਖ ਪੰਥ) ਦੇ ਪਾਸ ਆਪਣਾ ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਆਪਣਾ ਕੇਂਦਰੀ ਧਾਰਮਿਕ ਅਸਥਾਨ (ਸ੍ਰੀ ਦਰਬਾਰ ਸਾਹਿਬ) ਅਤੇ ਸਿੱਖ ਪੰਥ ਦੇ ਆਤਮ ਨਿਰਣੇ ਦਾ ਪ੍ਰਤੀਕ (ਸ੍ਰੀ ਅਕਾਲ ਤਖ਼ਤ ਸਾਹਿਬ) ਪ੍ਰਮੁੱਖ ਸੰਸਥਾਵਾਂ ਸਥਾਪਤ ਹੋ ਚੁੱਕੀਆਂ ਸਨ । (ਹਵਾਲਾ : ਪੰਜਾਬ ਦਾ ਇਤਿਹਾਸ ਜਿਲਦ ਪੰਜਵੀਂ, ਗੁਰੂ ਕਾਲ 1469 ਤੋਂ 1708 ਤੱਕ ਲੇਖਕ ਡਾ: ਗੁਰਦਿਆਲ ਸਿੰਘ ) ਗੁਰੂ ਗੋਬਿੰਦ ਸਿੰਘ ਜੀ ਦਾ ਵੀ ਸਨਾਤਨ ਧਰਮ ਨਾਲ ਕੋਈ ਸਰੋਕਾਰ ਨਹੀਂ ਸੀ । ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੇ ਹਲੇਮੀ ਰਾਜ ਦੇ ਮਿਸ਼ਨ ਨੂੰ ਸੰਪੂਰਨਤਾ ਦੇਣ ਲਈ 1699 ਈ: ਦੀ ਵੈਸਾਖੀ ਨੂੰ ਸੀਸ ਭੇਟ ਕੌਤਕ ਵਰਤਾ ਕੇ ਖ਼ਾਲਸਾ ਪ੍ਰਗਟ ਕੀਤਾ ਅਤੇ ਵਿਸ਼ਵ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ । ਇਸ ਅਲੌਕਿਕ ਘਟਨਾ ਨਾਲ ਅਨੰਦਪੁਰ ਸਾਹਿਬ ਵਿੱਚ ਖ਼ਾਲਸਈ ਗਣਤੰਤਰ ਸਥਾਪਤ ਹੋ ਗਿਆ ਸੀ, ਜਿਸ ਨੂੰ ਸਨਾਤਨੀ ਹਿੰਦੂ ਪਹਾੜੀ ਰਾਜੇ ਸਹਿਣ ਨਹੀਂ ਸੀ ਕਰ ਸਕੇ, ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਕਈ ਲੜਾਈਆਂ ਲੜੀਆਂ, ਪਰ ਹਰ ਵਾਰੀ ਸਨਾਤਨੀ ਹਿੰਦੂ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ । ਵਿਚਾਰਨ ਯੋਗ ਤੱਥ ਇਹ ਹੈ ਕਿ ਹਿੰਦੂ ਰਾਸ਼ਟਰ ਦਾ ਪੈਰੋਕਾਰ ਬਾਬਾ ਧੀਰੇਂਦਰ ਸ਼ਾਸਤਰੀ ਕਿਸ ਅਧਾਰ &lsquoਤੇ ਆਖ ਰਿਹਾ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਸਨਾਤਨ ਧਰਮ ਦੇ ਆਦਰਸ਼ ਸਨ । ਧੀਰੇਂਦਰ ਸ਼ਾਸਤਰੀ ਨੂੰ ਆਪਣੇ ਬੋਲੇ ਹੋਏ ਝੂਠ &lsquoਤੇ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਅੱਜ ਨਹੀਂ ਤੇ ਕੱਲ੍ਹ ਗੁਰੂ ਸਾਹਿਬਾਨ ਬਾਰੇ ਕੀਤੇ ਝੂਠੇ ਪ੍ਰਾਪੇਗੰਡੇ ਦਾ ਪਰਦਾ ਫਾਸ਼ ਹੋ ਕੇ ਰਹਿਣਾ ਹੈ, ਕਿਉਂਕਿ ਝੂਠੇ ਪ੍ਰਾਪੇਗੰਡੇ ਦੀਆਂ ਬਾਹਵਾਂ ਬਹੁਤ ਹੁੰਦੀਆਂ ਹਨ ਪਰ ਪੈਰ ਨਹੀਂ ਹੁੰਦੇ । ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੇ ਇਕ ਨਵੇਂ ਮਨੁੱਖ (ਗੁਰਮੁੱਖ) ਇਕ ਨਵੇਂ ਜਾਤ-ਪਾਤ ਰਹਿਤ ਸਮਾਜ (ਪੰਥ) ਤੇ ਇਕ ਨਵੇਂ ਰਾਸ਼ਟਰ (ਖ਼ਾਲਸਾ ਤੰਤ੍ਰ) ਦਾ ਤਸਵੱਰ ਪੇਸ਼ ਕੀਤਾ । ਇਸ ਨਵੇਂ ਰਾਸ਼ਟਰ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਹਲੇਮੀ ਰਾਜ ਦਾ ਨਾਂ ਦਿੱਤਾ ਹੈ ਤੇ ਆਪਣੇ ਇਸ ਹਲੇਮੀ ਰਾਜ ਦਾ ਇਲਾਹੀ ਮੈਨੀਫੈਸਟੋ ਇਨ੍ਹਾਂ ਸ਼ਬਦਾਂ ਵਿੱਚ ਪ੍ਰਸਤੁਤ ਕੀਤਾ ਹੈ : ਹੁਣ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੇ ਰਵਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜ ਜੀਉ ॥ (ਗੁ: ਗ੍ਰੰ: ਸਾ: ਪੰਨਾ 73) ਭਾਵ-ਰਾਜਨੀਤੀ ਉਹੋ ਹੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੋ ਸਕਦੀ ਹੈ, ਜਿਹੜੀ ਮਨੁੱਖ ਦੇ ਖੇੜੇ ਖੁਸ਼ੀਆਂ ਦੇ ਹੱਕ ਨੂੰ ਨਿਰਸੰਕੋਚ ਤਸਲੀਮ ਕਰੇ ਅਤੇ ਹਰ ਮਨੁੱਖ ਦੇ ਆਪਣੀ ਜਮੀਰ ਅਨੁਸਾਰ ਜੀਉਣ ਦੇ ਹੱਕ ਨੂੰ ਸਪੱਸ਼ਟ ਮੰਨੇ । ਹਰ ਮਨੁੱਖ ਦੇ ਸਵੈਮਾਣ ਅਤੇ ਅਣਖ ਨਾਲ ਜਿਊਣ ਦੇ ਹੱਕਾਂ ਦੀ ਰਾਖੀ ਕਰਨਾ ਰਾਜਨੀਤੀ ਦਾ ਪਹਿਲਾ ਫਰਜ਼ ਹੈ । ਸੰਸਾਰ ਦੀਆਂ ਬਾਦਸ਼ਾਹੀਆਂ ਸੱਚਾ ਪਾਤਸ਼ਾਹ ਆਪ ਸਿਰਜਦਾ ਹੈ ਅਤੇ ਇਨ੍ਹਾਂ ਨੂੰ ਕੇਵਲ ਉਦੋਂ ਤੱਕ ਕਾਇਮ ਰੱਖਦਾ ਹੈ ਜਦੋਂ ਤੱਕ ਉਹ ਆਪਣੀ ਸ਼ਕਤੀ ਨੂੰ ਉਸ ਦੇ ਆਸ਼ੇ ਅਨੁਸਾਰ ਵਰਤਦੀਆਂ ਹਨ । ਜੇ ਉਹ ਅਨਿਆਂਕਾਰੀ ਜਾਂ ਫ਼ਿਕਰਾਦਾਰਾਨਾ ਹੋ ਜਾਣ ਤਾਂ ਸਿਰਜਣ ਵਾਲਾ ਉਨ੍ਹਾਂ ਨੂੰ ਬਲ-ਹੀਣ ਕਰਕੇ ਰਾਜ ਕਰਨ ਦੇ ਅਧਿਕਾਰ ਤੋਂ ਵਾਂਝਾ ਕਰ ਦਿੰਦਾ ਹੈ : ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥ ਜਦੋਂ ਐਸੀਆਂ ਅਲਾਮਤਾਂ ਪ੍ਰਗਟ ਹੋ ਜਾਣ ਤਾਂ ਹਰ ਧਰਮੀ ਮਨੁੱਖ, ਪ੍ਰਮਾਤਮਾਂ ਦਾ ਭੈਅ ਰੱਖਣ ਵਾਲੇ ਇਨਸਾਨ ਦਾ ਫਰਜ ਬਣਦਾ ਹੈ ਕਿ ਉਹ ਅਜਿਹੀ ਰਾਜਸੀ ਸ਼ਕਤੀ (ਬਾਦਸ਼ਾਹਤ) ਦਾ ਤਖ਼ਤਾ ਉਲਟਾਉਣ ਲਈ ਟਿਲ ਲਾ ਦੇਵੇ ਜੋ ਪ੍ਰਮਾਤਮਾਂ ਦੇ ਰਾਹ ਨੂੰ ਵਿਸਾਰ ਚੁੱਕੀ ਹੈ ਅਤੇ ਫਲਸਰੂਪ ਰਾਜ ਕਰਨ ਦਾ ਅਧਿਕਾਰ ਗੁਆ ਚੱੁਕੀ ਹੈ (ਹਵਾਲਾ ਪੁਸਤਕ ਸਿੰਘ ਨਾਦ ਲੇਖਕ ਸ: ਗੁਰਤੇਜ ਸਿੰਘ) 
ਗੁਰੂ ਨਾਨਕ ਸਾਹਿਬ ਨੇ ਇਕ ਅਜਿਹਾ ਪ੍ਰਤੀਕਰਮ ਪੈਦਾ ਕੀਤਾ ਜਿਸ ਨੂੰ ਬਾਕੀ ਦੇ ਨੌਆਂ ਗੁਰੂਆਂ ਅਤੇ ਸਿੱਖ ਪੰਥ ਨੇ ਨਿਪੁੰਨ ਬਣਾ ਕੇ ਅਮਲ ਵਿੱਚ ਲਿਆਂਦਾ । ਇਸ ਵਿੱਚ ਉਹ ਸਾਰੇ ਬੁਨਿਆਦੀ ਵਿਚਾਰ ਸਨ, ਜਿਹੜੇ ਗੁਰੂ ਨਾਨਕ ਦੇ ਉਪਦੇਸ਼ਾਂ ਵਿੱਚੋਂ ਉਪਜੇ ਸਨ । ਬਦੇਸ਼ੀ ਹਮਲੇ ਦਾ (ਬਾਬਰ ਦੇ ਹਮਲੇ ਦਾ) ਜੋ ਪਹਿਲਾ ਤੇ ਕੁਦਰਤੀ ਪ੍ਰਤੀਕਰਮ ਸੀ, ਉਸ ਦਾ ਮੁਕਾਬਲਾ (ਬਾਬਰ ਤੂੰ ਜਾਬਰ ਹੈਂ) ਆਖ ਕੇ ਡਟਵਾਂ ਮੁਕਾਬਲਾ ਕਰਨ ਦਾ ਐਲਾਨ ਕੀਤਾ। (ਰਾਜੇ ਸ਼ੀ ਮੁਕੱਦਮ ਕੁੱਤੇ) ਇਹ ਗੱਲ ਹਿੰਦੂਆਂ ਵਿੱਚੋਂ ਬਿਲਕੁੱਲ ਖ਼ਤਮ ਹੋ ਚੁੱਕੀ ਸੀ । ਬਾਬਰ ਵਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਘੱਟ ਤੋਂ ਘੱਟ ਸ਼ਬਦਾਂ ਵਿੱਚ ਨਵੇਂ ਖਿਆਲ ਪੇਸ਼ ਕੀਤੇ, ਜਿਹੜੇ ਕਿ ਕਿਸੇ ਵੀ ਸਥਿਤੀ ਪ੍ਰਤੀ ਮਨੁੱਖ ਦੇ ਪ੍ਰਤੀਕਰਮ ਦੀ ਬੁਨਿਆਦ ਹੋਣੇ ਚਾਹੀਦੇ ਹਨ । ਪਹਿਲਾ ਵਿਚਾਰ ਇਹ ਹੈ ਕਿ ਜਿਨਾ ਚਿਰ ਤੱਕ ਬੁਰਿਆਈ ਦਾ ਟਾਕਰਾ ਨਾ ਕੀਤਾ ਜਾਵੇ ਉਹ ਵੱਧਦੀ ਹੀ ਜਾਂਦੀ ਹੈ ਤੇ ਆਪਣੇ ਆਪ ਵਿੱਚ ਖ਼ਤਮ ਨਹੀਂ ਹੁੰਦੀ । ਇਸ ਲਈ ਬੁਰਿਆਈ ਦਾ ਮਨੁੱਖੀ ਜਤਨਾਂ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਪ੍ਰਮਾਤਮਾ ਦੀ ਸਹਾਇਤਾ ਨਾਲ ਉਸ ਦਾ ਵਿਨਾਸ਼ ਕਰ ਦੇਣਾ ਚਾਹੀਦਾ ਹੈ, ਪਰ ਜਿਨਾ ਚਿਰ ਸਰਬ-ਸ਼ਕਤੀਮਾਨ ਪ੍ਰਮਾਤਮਾ ਆਪ ਨਦਰ ਕਰਕੇ ਉਸ ਦਾ ਵਿਨਾਸ਼ ਨਹੀਂ ਕਰਦਾ ਉਨ੍ਹਾਂ ਚਿਰ ਬੁਰਿਆਈ ਨੂੰ ਇਕਲਿਆਂ ਨਹੀਂ ਰਹਿਣ ਦੇਣਾ ਚਾਹੀਦਾ ਅਤੇ ਸਿਰ ਤਲੀ &lsquoਤੇ ਰੱਖ ਕੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ (ਹਵਾਲਾ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ, ਲੇਖਕ ਸਿਰਦਾਰ ਕਪੂਰ ਸਿੰਘ) ਅੰਤ ਵਿੱਚ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦਾ ਹਾਂ : ਦੇਸ਼, ਸਮੁੱਚੀ ਧਰਤੀ ਦੇ ਇਕ ਟੁੱਕੜੇ ਨੂੰ ਕਹਿੰਦੇ ਹਨ । ਜਿਸ ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੀ 35ਵੀਂ ਪੌੜੀ ਵਿੱਚ ਬੇਅੰਤ ਧਰਤੀਆਂ ਤੇ ਅੰਤ ਨਾ ਅੰਤ ਦਾ ਜ਼ਿਕਰ ਕੀਤਾ ਹੋਵੇ ਉਸ ਗੁਰੂ ਨਾਨਕ ਸਾਹਿਬ ਤੇ ਉਸ ਦੇ ਬਾਕੀ ਨੌਂ ਸਰੂਪਾਂ ਨੂੰ ਕਿਸੇ ਇਕ ਦੇਸ਼ ਦੀਆਂ ਹੱਦਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ । ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀ ਅਹਿ ਰੂਪ ਰੰਗ ਦੇ ਵੇਸ ॥ ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ, ਸੂਰ ਕੇਤੇ, ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ, ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ, ਸੇਵਕ ਕੇਤੇ ਨਾਨਕ ਅੰਤ ਨ ਅੰਤ ॥ ਉਕਤ ਹਵਾਲਿਆਂ ਨਾਲ ਅਸੀ ਆਰ। ਐੱਸ। ਐੱਸ। ਦੇ ਮੁਖੀ ਮੋਹਨ ਭਾਗਵਤ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿੱਖ ਗੁਰੂ ਸਾਹਿਬਾਨ ਬਾਰੇ ਕੀਤੀਆਂ ਟਿੱਪਣੀਆਂ ਨੂੰ ਮੁੱਢੋਂ ਰੱਦ ਕਰਦੇ ਹਾਂ । ਗੁਰੂ ਨਾਨਕ ਦਾ ਸਿਰਜਿਆ ਮਨੁੱਖ ਗੁਰਮੁਖ ਵਿਸ਼ਵ ਵਿਆਪੀ ਨਾਗਰਿਕਤਾ ਹੈ, ਸਿੱਖ ਧਰਮ ਦੇ ਅਕਾਲ ਹੁਕਮ ਸਰਬ ਸਾਂਝੀਵਾਲਤਾ ਦਾ ਇਹ ਗੁਰਮੁਖ ਹੀ ਵਿਸ਼ਵੀਕਰਨ ਦੀ ਕਲਪਨਾ ਵਿਚਲਾ ਉਹ ਧਰਮੀ ਨਾਗਰਿਕ ਹੈ ਜੋ ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਉ-ਗੁ: ਗ੍ਰੰ: ਸਾ: ਪੰਨਾ 97), ਵਾਲੀ ਅਨੇਕਤਾ ਵਿੱਚ ਏਕਤਾ ਦੇ ਸਭਿਆਚਾਰਕ ਅਤੇ ਸਰਬ ਕਲਿਆਣਕਾਰੀ ਆਰਥਿਕਤਾ ਦੀ ਸਰਬ ਵਿਸ਼ਵੀਕਰਨ ਵਾਲੀ ਸੰਸਾਰੀ ਨਾਗਰਿਕਤਾ ਦਾ ਮੁੱਢ ਹੈ । (ਪੁਸਤਕ ਨਾਨਕ ਦੀ ਨਾਨਕਸ਼ਾਹੀ ਸਿੱਖੀ ਲੇਖਕ ਅਤਿੰਦਰਪਾਲ ਸਿੰਘ) ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤੱਕ ਸੀਮਤ ਨਹੀਂ ਇਹ ਕੁਲ ਜਗਤ ਲਈ ਹੈ । ਏਨੀ ਵੱਡੀ ਵਚਨਬੱਧਤਾ ਅਤੇ ਸਿਰਜਨਾਤਮਿਕ ਜ਼ਿੰਮੇਵਾਰੀ ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਦਿੱਤੀ ਹੈ। (ਪੁਸਤਲ ਸਿੱਖ ਦ੍ਰਿਸ਼ਟੀ ਦਾ ਗੌਰਵ ਸੰਪਾਦਕ ਅਜਮੇਰ ਸਿੰਘ ਲੇਖਕ ਗੁਰਭਗਤ ਸਿੰਘ)
ਭੁੱਲਾਂ ਚੁੱਕਾਂ ਦੀ ਖਿਮਾ ।
  ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ