image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਬਰਤਾਨੀਆ ਵਿੱਚ ਪੱਗ ਸਬੰਧੀ ਹੋਏ ਜੱਦੋ-ਜਹਿਦ ਘੋਲਾਂ ਦੀ ਸਬੂਤਾਂ ਸਮੇਤ ਇਤਿਹਾਸਕ ਵਾਰਤਾ

ਪਹਿਲਾਂ ਵੁਲਵਰਹੈਂਪਟਨ ਵਿੱਚ ਸਿੱਖ ਜਵਾਨ ਤਰਸੇਮ ਸਿੰਘ ਸੰਧੂ ਨੇ ਬੱਸ ਦੀ ਨੌਕਰੀ ਸਮੇਂ ਇਹ ਪੱਖ ਉਜਾਗਰ ਕੀਤਾ ਤੇ ਹੱਕ ਹਾਸਲ ਕੀਤਾ, ਫੇਰ ਆਈ ਸਰਕਾਰੀ ਕਾਨੂੰਨੀ ਨਾਲ ਭੇੜ, ਪਹਿਲੀ ਤਾਂ ਬੱਸ ਕੰਪਨੀ ਸੀ, ਜੂਨ 73 ਨੂੰ ਲਾਗੂ ਹੋ ਰਹੇ ਸੇਫਟੀ ਕਾਨੂੰਨ ਕਿ ਹਰ ਮੋਟਰ ਸਾਈਕਲ ਸਵਾਰ ਨੂੰ ਲੋਹੇ ਦਾ ਟੋਪ ਪਾਉਣਾ ਹੈ, ਸਿੱਖ ਸੰਸਥਾਵਾਂ, ਜਥੇਬੰਦੀਆਂ ਨੇ ਇਸ ਦੇ ਸਲਾਹ ਮਸ਼ਵਰੇ ਵਿੱਚ ਲਿਖਾ ਪੜ੍ਹੀ ਬੜੀ ਕੀਤੀ ਕਿ ਸਿੱਖ ਧਰਮ ਦੇ ਨਿਯਮਾਂ ਅਨੁਕੂਲ ਪੱਗ ਉੱਪਰ ਕਦਾਚਿਤ ਨਹੀਂ ਪ੍ਰਵਾਣਤ, ਜੰਗਾਂ-ਯੁੱਧਾਂ ਵਿੱਚ ਬਰਤਾਨਵੀ ਫੌਜਾਂ ਵਿੱਚ ਸਿੱਖਾਂ ਦੇ ਪੱਗਾਂ ਨਾਲ ਲੜੇ ਹਵਾਲੇ ਬੜੇ ਦਿੱਤੇ ਪਰ ਸਰਕਾਰ ਨਾ ਮੰਨੀ, ਮਈ ਮਹੀਨੇ ਸ਼੍ਰੋਮਣੀ ਅਕਾਲੀ ਦਲ ਦੀ ਮਿਡਲੈਂਡ ਵਿੱਚ ਮੀਟਿੰਗ ਹੋਈ, ਬਲਦੇਵ ਸਿੰਘ ਚਾਹਲ ਡਿਪਟੀ ਜ: ਸੈਕਟਰੀ ਸਨ ਕਮੇਟੀ ਵਿੱਚ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ 1973 ਜੂਨ ਪਹਿਲੀ ਨੂੰ ਲਾਗੂ ਹੋ ਰਹੇ ਕਾਨੂੰਨ ਦੀ ਉਲੰਘਣਾ ਦਾ ਐਲਾਨ ਕਰ ਕੇ ਸਾਰੇ ਪਾਸੇ ਤਰਥੱਲੀ ਮਚਾ ਤੀ ਕਿ ਸਿੱਖ ਪੱਗ ਨਾਲ ਹੀ ਚਾਲਕ ਹੋਣਗੇ, ਬਲਦੇਵ ਸਿੰਘ ਚਾਹਲ ਨੇ ਪ੍ਰੈੱਸ ਸਾਹਮਣੇ ਮੋਟਰ ਬਾਈਕ ਚਲਾ ਕੇ ਖਿਲਾਫ ਵਰਜੀ ਕਰਤੀ ਤੇ ਸਵਾਲ ਦੇ ਉੱਤਰ ਵਿੱਚ ਕਿਹਾ ਕਿ ਜੁਰਮਾਨਾ ਨਹੀਂ ਭਰੂੰਗਾ ਹਾਂ ਜੀ ਜੇਲ੍ਹ ਮਨਜ਼ੂਰ ਹੁਣ ਸਿੱਖ ਮੋਟਰ ਸਾਈਕਲ ਸਵਾਰ ਚਾਹੀਦੇ ਸਨ ਜੋ ਸਿਰੜੀ ਹੋਣ, ਵੁਲਵਰਹੈਂਪਟਨ ਤੋਂ ਨਿਰਮਲ ਸਿੰਘ ਸੇਖੋ, ਬਲਵੀਰ ਸਿੰਘ ਧਾਲੀਵਾਲ, ਸੋਹਣ ਸਿੰਘ ਲਖਪੁਰੀ ਨਿਤਰੇ, ਮਾਨਚੈਸਟਰ ਤੋਂ ਗਿਆਨੀ ਸੰੁਦਰ ਸਿੰਘ ਸਾਗਰ ਪਹਿਲਾਂ ਦੀ ਖ਼ਤ ਲਿਖਣ ਵਿੱਚ ਰੁੱਝੇ ਹੋਏ ਸਨ, ਆ ਕੇ ਮੁਹਿੰਮ ਵਿੱਚ ਹਿੱਸੇਦਾਰ ਬਣ ਗਏ, ਸੱਚਾਈ ਹੈ ਕਿ ਪੱਗ-ਧਾਰੀ ਸਿੱਖਾਂ ਦੀ ਗਿਣਤੀ ਅੱਜ ਵਾਂਗ ਨਹੀਂ ਸੀ, ਜੋ ਆਗੂ ਸਨ ਡਰਦੇ ਸਨ ਕਿ ਕਾਨੂੰਨ ਤੋੜਨਾ ਸੌਖਾ ਨਹੀਂ, ਪਰ ਮੋਨੇ ਜਲੂਸਾਂ ਵਿੱਚ ਭਾਗ ਪਾਉਣ ਤੇ ਦੁਹਾਈ ਤਿਹਾਈ ਮੱਚਿਆ ਕਰੇ, ਬਲਦੇਵ ਸਿੰਘ ਚਾਹਲ ਲੰਡਨ ਵਿੱਚ ਥਾਂ-ਥਾਂ ਮੋਟਰ-ਸਾਈਕਲ ਚਲਾ ਕੇ ਮੁਹਿਮ ਚਲਾ ਦਿੱਤੀ, ਕਈ ਥਾਂਈਂ ਕੁਝ ਸਿੱਖ ਹੌਂਸਲਾ ਕਰਕੇ ਚਲਾ ਤਾਂ ਦੇਣ ਪਰ ਡਰੇ ਪਿੱਛੇ ਹੱਟ ਜਾਣ, ਪਰ ਉੱਪਰ ਲਿਖੇ ਸਿੰਘਾਂ ਦੇ ਇਰਾਦੇ ਦ੍ਰਿੜ ਰਹੇ, ਲਿਖਦੀ ਜਾਵਾਂ ਕਿ ਗਿਆਨੀ ਸਾਗਰ ਹੋਰੀਂ ਉਮਰ ਦੇ 62-63 ਦੇ ਨੇੜੇ ਸਨ ਤੇ ਸਭ ਤੋਂ ਛੋਟੀ ਉਮਰ ਨਿਰਮਲ ਸਿੰਘ ਸੇਖੋਂ ਕੇਵਲ 19 ਸਾਲ, ਲਿਖਣਾ ਬਣਦਾ ਹੈ ਕਿ ਚਾਰ ਜੱਟ ਤੇ ਇਕ ਭਾਟੜਾ ਬਰਾਦਰੀ ਵਿੱਚੋਂ ਜਿਨ੍ਹਾਂ ਦਾ ਯੋਗਦਾਨ ਬਹੁਤ ਵੱਧ ਰਿਹਾ, ਬੜੀਆਂ ਮਿੰਤਾਂ ਭੀ ਕੀਤੀਆਂ ਰਾਮਗੜ੍ਹੀਆ ਭਾਈਚਾਰੇ ਦੀਆਂ ਕਿ ਕੱਲ੍ਹ ਨੂੰ ਇਹ ਬਿਲਡਿੰਗ ਉਸਾਰੀ ਵਿੱਚ ਭੀ ਲਾਗੂ ਹੋਣਾ ਏ, ਤੁਸੀਂ ਹੁਣੇ ਹੀ ਲੜਾਈ ਲੜ ਲਵੋ, ਪਰ ਕੇਵਲ ਰਾਮਗੜ੍ਹੀਆ ਗੁਰਦੁਆਰਾ ਸਲੋਅ ਸਭ ਤੋਂ ਅੱਗੇ ਆਇਆ । ਇਨਸਾਫ਼ ਮੰਗ ਕਰਦਾ ਹੈ ਕਿ ਮੈਂ ਜੱਬਲ ਪਰਿਵਾਰ ਜੋ ਗੁਰਦੁਆਰੇ ਲਈ ਜੋਰ-ਤਾਣ ਲਾ ਰਿਹਾ ਸੀ, ਹਾਲੇ ਸਲੋਅ ਵਿੱਚ ਗੁਰਦੁਆਰਾ ਸੀ ਨਹੀਂ ਕੇਵਲ ਫਾਇਰ ਬ੍ਰਿਗੇਡ ਦੇ ਹਾਲ ਵਿੱਚ ਧਾਰਮਿਕ ਦੀਵਾਨ ਸਨ, ਸਿੰਘ ਸਭਾ ਭੀ ਪਾਰਕ ਵਿੱਚ ਬਾਰਨ ਵਿੱਚ ਕਿਰਾਏ &lsquoਤੇ ਹੀ ਪਾਠ-ਅਰਦਾਸ ਕਰਦੇ ਸਨ, ਪਿੱਛੋਂ ਗੁਰਦੁਅਸਾਰੇ ਬਣੇ ਸਨ ਸਾਊਥਾਲ ਭਾਵੇਂ ਪ੍ਰਸਿੱਧੀ ਲਈ ਮੂਹਰੇ ਪਰ ਈਰਖਾ ਸਾੜੀ ਜਾਵੇ ਕਾਬਜ਼ ਧੜਾ ਤਾਂ ਔਖਾ ਸੀ, ਪਰ ਵਿਰੋਧੀ ਧੜਾ ਅਕਾਲੀ ਭਾਈ ਸੋਹਣ ਸਿੰਘ ਤੇ ਸ਼: ਬਚਿੱਤਰ ਸਿੰਘ ਹੋਰੀ ਸਮਰਥੱਕ ਕਵੈਂਟਰੀ ਤੋਂ ਹਰਨਲ ਲੇਨ ਗੁਰੂ ਘਰ ਦੇ ਜਨ: ਸੈਕਟਰੀ ਜੌਹਲ (ਮੋਨੇ) ਪਰ 100% ਹੱਕ ਵਿੱਚ ਨਿੱਤਰੇ, ਹਾਂ ਸਮੈਧਿਕ ਗੁਰੂ ਘਰ &lsquoਤੇ ਕਾਬਜ਼ ਕਾਂਗਰਸੀ ਕਾਰਕੁੰਨ ਜਰਨੈਲ ਸਿੰਘ ਹੇਅਰ ਤੇ ਪਿਆਰਾ ਸਿੰਘ ਉੱਪਲ, ਬਲਦੇਵ ਸਿੰਘ ਚਾਹਲ ਨੂੰ ਟੈਲੀਫੂਨ ਕਰਕੇ ਪੁੱਛਿਆ ਦੱਸ ਅਸੀਂ ਤੇਰੀ ਕੀ ਮਦਦ ਕਰੀਏ, ਦੋਨੋਂ ਮੋਨੇ ਸਨ ਅਸੀਂ ਉਨ੍ਹਾਂ ਦੀ ਇਹ ਰੁਚੀ ਅਕਾਲੀ ਦਲ ਨੂੰ ਦੱਸੀ ਤਾਂ ਕੋਰਾ ਉੱਤਰ ਸੀ ਨਹੀਂ, ਕਾਂਗਰਸ ਨਾਲ ਸਾਡੀ ਨੀਤੀ ਨਹੀਂ ਮਿਲਦੀ, ਭਾਵੇਂ ਅਸੀਂ ਉਨ੍ਹਾਂ ਦੋਨਾਂ ਨੂੰ ਮਿਲੇ ਜਰੂਰ, ਮੈਂ ਅੱਜ ਭੀ ਉਨ੍ਹਾਂ ਦਾ ਸਤਿਕਾਰ ਕਰਦੀ ਹਾਂ, ਹੁਣ ਹਰ ਹਫ਼ਤੇ ਗੁਰਦੁਆਰੇ ਬਾਹਰ ਲੋਕਾਂ ਨੇ ਗੱਲਾਂ ਕਰਨੀਆਂ, ਚਾਹਲ ਸਾਹਬ ਨੇ ਮੋਟਰ ਸਾਈਕਲ &lsquoਤੇ ਗੇੜੀ ਕੱਢੀ ਜਾਣੇ ਜੁਰਮਾਨਾ ਤਾਂ ਹੋਣਾ ਹੀ ਹੁੰਦਾ ਸੀ, ਸਾਰੇ ਸਿੱਖ ਅਦਾਰੇ ਸਹਿਮਤ ਨਹੀਂ ਸਨ ਕਿ ਕਾਨੂੰਨ ਤੋੜਨਾ ਹੱਕ ਵਿੱਚ ਨਹੀਂ ਪਰ ਕਈ ਆਖਣ ਜੀ ਚੌਧਰ ਲਈ ਹੈ, ਪਰ ਪੁਰਾਣੇ ਬੜੇ ਹੀ ਸੁੱਘੜ ਸਿੱਖ ਨੇਤਾ ਸਨ ਕੀਰਤ ਸਿੰਘ ਮਾਂਗਟ ਹੋਰੀ ਐਕਟਿਵ ਰਹਿੰਦੇ ਸਨ ਪਿੱਛੋਂ ਤਾਂ ਅਪਾਹਜ ਹੋ ਗੇ ਉਨ੍ਹਾਂ ਕਿਹਾ ਸੀ ਕਿ ਭਾਈ ਲਾੜੇ ਬਿਨਾਂ ਜੰਝ ਨੂੰ ਕੋਈ ਨੀ ਪੁੱਛਦਾ, ਚਲੋ ਜੀ ਜੋ ਸਮਰਥੱਕ ਸਨ ਜਿਵੇਂ ਸ: ਬਾਬੂ ਸਿੰਘ ਮਾਂਗਟ ਹਰ ਥਾਂ ਹੀ ਭਾਗ ਪਾਉਂਦੇ ਸਨ, ਅੱਜ ਭੀ ਭਾਵੇਂ ਕਿ ਸਿਹਤ ਪੱਖੋਂ ਠੀਕ ਨਹੀਂ ਪਰ ਮਾਣ ਉਸੇ ਤਰ੍ਹਾਂ ਕਰਦੇ ਹਨ । ਵਿਰੋਧਤਾ ਗੋਰਿਆਂ ਤਾਂ ਘੱਟ ਪਰ ਸਾਡਿਆਂ ਨੇ ਡੰਝਾ ਲਾਹੀਆਂ ਅੰਗ੍ਰੇਜ਼ ਹਮਾਇਤ ਬੈੱਡਫੋਰਡ ਤੋਂ ਫੈਕਟਰੀ ਮਾਲਕ ਪੈ੍ਰੱਸ ਵਿੱਚ ਪੜ੍ਹਕੇ ਸਮਰਥੱਕ ਬਣ ਗਿਆ ਅਤੇ ਉਹ ਸਹਾਇਤਾ ਲਈ ਕਹਿੰਦਾ ਮੈਂ ਤੈਨੂੰ ਹਰ ਐਤਵਾਰ ਜਿਥੇ ਭੀ ਜਾਣਾ ਹੈ ਆਪਣੀ ਕਾਰ ਵਿੱਚ ਮਗਰ ਮੋਟਰ ਸਾਈਕਲ ਲੱਦ ਕੇ ਸੇਵਾ ਕਰੂੰਗਾ, ਅੰਤ ਤੱਕ ਨਿਭਾਈ, ਸਾਡੀ ਪੈਟਰੋਲ ਵਿੱਚ ਬਚਤ ਕਿਹੜਾ ਕਿਤੋਂ ਮਾਇਕ ਸਹਾਇਤਾ ਸੀ, ਗਿਆਨੀ ਸਾਗਰ ਤਾਂ ਵਿਚਾਰੇ ਹਰ ਹਫ਼ਤੇ ਦੋ ਤਿੰਨ ਦਿਨ ਭਾਟੜਾ ਸੰਪਰਦਾਵਾਂ ਵਿੱਚ ਪ੍ਰਚਾਰ ਕਰਨ ਜਾਂਦੇ, ਕਦੇ ਆ ਕੇ ਟੈਲੀਫੋਨ ਕਰਕੇ ਕਹਿਣਾ ਬੀਬੀ ਜੀ ਬੱਸ ਟੈਲੀਫੂਨ ਜੋਗੇ ਮਿਲ ਗਏ, ਕਦੀ ਪੈਟਰੋਲ ਚਿੱਠੀ-ਪੱਤਰ ਜਿਨੇ ਅਪੀਲ ਵਿੱਚ ਇਕੱਠੇ ਹੋ ਜਾਣੇ ਇੰਕਸ਼ਾਫ ਉਦੋਂ ਟੈਲੀਫੂਨ ਭੀ ਮਹਿੰਗਾ ਫੋਟੋ ਕਾਪੀਆਂ ਭੀ 10 ਪੈਨੀ ਦੀ, ੀ।ਤ। ਕਿਥੇ, ਹੱਥੀ ਖੱਤ ਲਿਖਣੇ ਤੇ ਐੱਮ।ਪੀ। 630 ਸਨ, ਸਭ ਨੂੰ ਖਤ ਡਾਕ ਖਰਚ ਭੀ ਕਿਥੋਂ ਕਰਦੇ, ਹਾਊਸ ਕਾਮਨ ਨੂੰ ਟੈਲੀਫੂਨ ਕਰਕੇ ਆਗਿਆ ਲੈਣੀ ਕਿ ਅਸੀਂ ਆਹ ਬੋਰੀ ਚਿੱਠੀਆਂ ਦੀ ਫੜਾਉਣੀ ਹੈ, ਜਾ ਕੇ ਰਾਤ ਨੂੰ ਇਹ ਕੰਮ ਕਰਨਾ ਕੰਮ ਤੋਂ ਆ ਕੇ, ਦਿਹਾੜੀ ਕੰਮ ਕਾਰ ਕਰਨਾ, ਘਰ ਦੀ ਸਾਰੀ ਦੀ ਸਾਰੀ ਸਾਂਭ-ਸੰਭਾਲ ਮਾਤਾ ਕਰਦੀ ਸੀ, ਮੈਂ ਬੱਸ ਮੁਹਿੰਮ ਦੀ ਜ਼ਿੰਮੇਵਾਰੀ ਨਿਭਾਉਣੀ, ਟੈਲੀਫੂਨ ਕਰਨੇ ਸੁਨਣੇ, ਚਿੱਠੀ-ਪੱਤਰ, ਉਦੋਂ ਹੱਥੀ ਹੀ ਲਿਖਤਾਂ ਕਰਨੀਆਂ, ਅਖ਼ਬਾਰਾਂ ਵਿੱਚ ਭੀ ਲਿਖਣਾਂ, ਫੇਰ ਕਈ ਪ੍ਰਕਾਰ ਦੀਆਂ ਅਫ਼ਵਾਹਾਂ ਸੁਨਣੀਆਂ, ਜੀ ਇਹਨੂੰ ਭਾਰਤੀ ਪਾਸਪੋਰਟ ਹੈ ਮੁਲਕ ਵਿੱਚੋਂ ਕੱਢ ਦੇਣਾ ਹੈ, ਮੈਨੂੰ ਸੁਨੇਹੇ ਦੇ ਕੇ ਕਹਿਣਾ ਭੈਣ ਜੀ ਤੁਸੀਂ ਸਮਝਾਵੋ ਪਰਾਏ ਦੇਸ, ਅਗਲੇ ਡੀਪੋਰਟ ਕਰਕੇ ਔਹ ਮਾਰਨਗੇ, ਕਿਉਂਕਿ ਭਾਰਤੀ ਦੂਤਾਵਾਸ ਨੇ ਤਾਂ ਸਿੱਖਾਂ ਦੇ ਹੱਕ ਵਿੱਚ ਇਕ ਅੱਖਰ ਨਾ ਸੀ ਬੋਲਿਆ, ਅਸਲ ਵਿੱਚ ਤਾਂ ਕੇਂਦਰ ਸਰਕਾਰ ਸਿੱਖਾਂ ਨੂੰ ਆਪਣਾ ਸਮਝਦੀ ਹੀ ਨਹੀਂ ਸੀ, ਉਹਦੇ ਨਾਲੋਂ ਤਾਂ ਅੰਗ੍ਰੇਜ਼ੀ ਸਰਕਾਰ ਵੱਧ ਮਾਣ ਦਿੰਦੀ ਸੀ, ਅਜਿਹੇ ਕਾਰਨ ਹਨ ਜੋ ਪਾੜਾ ਵਧਾਉਂਦੇ ਹੀ ਗਏ, ਸੋ ਲੜਾਈ ਹੋਰ ਭੀ ਔਖੀ ਸੀ, ਕੋਈ ਭੀ ਸਿੱਖਾਂ ਦਾ ਹਿਤੈਸ਼ੀ ਨਾ ਸੀ, ਉਧਰ ਜੋ ਉਸ ਵੇਲੇ ਦੇ ਸਾਊਥਾਲ ਵਿੱਚ ਮੋਹਰੀ ਸਨ ਗੁਰੂ ਘਰ ਦੇ ਗਿਆਨੀ ਅਮੋਲਕ ਸਿੰਘ ਬੇਅੰਤ ਸਿੰਘ ਜਰਨਲਿਸਟ ਸਭ ਈਰਖਾਲੂ ਕਿ ਹੈਂ ਇਹ ਕੌਣ ਹੈ ਲੀਡਰ ਬਨਣ ਆਇਆ ਚਲੋ ਜੀ ਮੋਟਰ ਸਾਈਕਲ ਚੱਲਦੇ ਰਹੇ ਤੇ ਔਕੜਾਂ ਵੱਧਦੀਆਂ ਗਈਆਂ, ਮੈਂ ਇਕ ਵਾਰ ਘਬਰਾ ਗਈ ਤੇ ਆਖਿਆ ਸ਼੍ਰੀ ਮਾਨ ਜੀ ਕੀ ਬਣੂ ਜੇਕਰ ਬੇਰੰਗ ਮੋੜਤੇ ਤੇ ਚੜ੍ਹ ਗਿਆ ਪਾਰਾ ਤੇ ਮੈਨੂੰ ਕਹਿੰਦੇ ਜਾਹ ਦਫ਼ਾ ਹੋ ਜਾ, ਤੂੰ ਭੀ ਹਟ ਜਾ ਜੇਕਰ ਮੇਰਾ ਸਾਥ ਨੀ ਦੇਣਾ, ਮੈਂ ਪੇਂਡੂ ਜੱਟ ਦਾ ਪੁੱਤ ਚਾਰ ਅੱਖਰ ਪੜ੍ਹ ਗਿਆ, ਸੁਹਾਗੇ &lsquoਤੇ ਚੜਦਾ ਹੁਣ ਕਾਰ ਵਿੱਚ ਬੈਠਾਂ, ਪ੍ਰਮਾਤਮਾਂ ਨੇ ਜੇਕਰ ਉਹ ਭੀ ਕਰਨਾ ਹੈ ਤਾਂ ਰੋਟੀ ਭੀ ਦੇਣੀ ਹੈ, ਮੈਨੂੰ ਨਾ ਇਹੋ ਜਿਹੀਆਂ ਭੱਦੀਆਂ ਦਲੀਲਾਂ ਦਿਆ ਕਰ, ਚਲੋ ਜੀ ਮੈਂ ਦ੍ਰਿੜ ਹੋ ਗਈ, ਜੁਰਮਾਨੇ ਬਹੁਤ ਵੱਧ ਗਏ ਤੇ ਹੁਣ ਪੁਲਸ ਪ੍ਰਸ਼ਾਸਨ ਤੇ ਸਰਕਾਰ ਨੂੰ ਸਿਰ-ਦਰਦੀ ਤਾਂ ਹੋ ਗਈ, ਕਚਹਿਰੀ ਤਰੀਕਾਂ ਪੈਣ ਲੱਗ ਗਈਆਂ, ਵਰੰਟ ਜਾਰੀ ਹੋ ਗਏ ਤੇ ਪੁਲਸ ਜਦੋਂ ਦੇਖੇ ਫੜਕੇ ਸਵੇਰ ਤੋਂ ਰਾਤ ਤੱਕ ਤਾੜ ਦੇਣਾ ਤੇ ਦੇਰ ਹੋਈ ਜੱਜ ਨੇ ਬੈਠਣਾ ਤੇ ਅਗਲੀ ਤਰੀਕ ਪਾ ਕੇ ਛੱਡ ਦੇਣਾ, ਕੰਮ ਵਾਲਿਆਂ ਭੀ ਗੈਰ ਹਾਜ਼ਰੀਆਂ ਦੇਖ ਕੇ ਨੋਟਿਸ ਦੇ ਧਰੇ ਕਿ ਜੇਕਰ ਤੂੰ ਇਹ ਹਰਕਤਾਂ ਤੋਂ ਨਾ ਹਟਿਆ ਤਾਂ ਨੌਕਰੀ ਤੋਂ ਛੁੱਟੀ ਹੋਰ ਭੀ ਝੋਰਾ ਮੇਰਾ ਅੱਗੇ ਕੰਮ &lsquoਤੇ ਮੇਰਾ ਮਨ ਪ੍ਰੇਸ਼ਾਨ ਰਹਿਣਾ ਪਰ ਮੇਰੇ ਬੌਸ ਬੜੇ ਹੀ ਸਹਿਣ ਰਹੇ ਸਗੋਂ ਕਹਿਣਾ ਕੋਈ ਨਾ ਤੂੰ ਲੇਟ ਆਦਿ ਲਈ ਫਿਕਰ ਨਾ ਕਰਿਆ ਕਰ ਕਿਉਂਕਿ ਮੈਂ ਆਪਣਾ ਕੰਮ ਸਮੇਂ ਸਿਰ ਕਰ ਦਿੰਦੀ ਸੀ, ਪਰ ਕਈ ਵਾਰ ਘਰ ਆਉਂਦੀ ਨੂੰ ਮਾਂ ਨੇ ਦੱਸਣਾ ਉਹ ਤਾਂ ਆਇਆ ਨੀ ਮੈਂ ਪੁਲਸ ਸਟੇਸ਼ਨਾਂ &lsquoਤੇ ਟੈਲੀਫੂਨ ਕਰਨੇ ਕਿ ਕਿਥੇ ਹੈ ਕਈ ਵਾਰੀ 15 ਮੀਲ &lsquoਤੇ ਹੁੰਦੇ ਸਨ, ਕਈ ਵਾਰ ਤਾਂ ਚੰਗੇ ਪੁਲਸ ਵਾਲੇ ਘਰ ਭੀ ਛੱਡ ਜਾਂਦੇ ਸਨ ਕਦੀ ਕਦੀ ਪ੍ਰੈੱਸ ਵਾਲੇ ਭੀ ਹਮਦਰਦ ਘਰ ਪਹੁੰਚਾ ਜਾਂਦੇ ਸੀ, ਪਰ ਮੈਨੂੰ ਫਿਕਰ ਵਾਲੀ ਕੋਈ ਭੀ ਗੱਲ ਨਹੀਂ ਸਨ ਕਰਨ ਦਿੰਦੇ, ਬੱਸ ਇਹ ਹੀ ਆਖਦੇ ਸਨ ਅਰਦਾਸ ਕਰਿਆ ਕਰ ਬਹੁਤ ਸਾਰੇ ਦੋਸਤ ਮਿੱਤਰ ਭੀ ਖਾਰ ਖਾ ਕੇ ਕਿਨਾਰਾ ਕਰ ਗਏ ਪਰ ਕਈਆਂ ਨੇ ਬੜੀ ਨਿਭਾਈ, ਮੇਰੇ ਗੋਰੇ ਗੁਆਂਢੀ ਬਹੁਤ ਹੀ ਚੰਗੇ ਸਨ, ਪੁੱਛਦੇ ਸਨ ਕਿ ਦੱਸ ਕੀ ਮਦਦ ਕਰੀਏ ਅਸੀਂ ਗੋਰੇ ਏਰੀਏ ਵਿੱਚ ਰਹਿੰਦੇ ਸੀ, ਹਾਈਵੇਕੰਮ ਗਿਣਤੀ ਦੇ ਹੀ ਪੱਗ ਵਾਲੇ ਸਨ, ਪਰ ਕੋਈ ਨੇੜੇ ਗੁਰਦੁਆਰਾ ਨਹੀਂ ਸੀ, ਸਲੋਅ ਤੇ ਸਾਊਥਾਲ ਹੀ ਜਾਂਦੇ ਸੀ । ਤਰੀਕ &lsquoਤੇ ਤਾਂ ਬਹੁਤ ਸਿੱਖ ਪਹੁੰਚਦੇ ਸਨ, ਲੰਗਰ ਆਦਿ ਦਾ ਭੀ ਕੋਈ ਪ੍ਰਬੰਧ ਉਨ੍ਹੀਂ ਦਿਨੀਂ ਨਹੀਂ ਸੀ ਹੁੰਦਾ, ਇਕ ਵਾਰੀ 35-40 ਸਿੰਘ ਤਰੀਕ &lsquoਤੇ ਪਹੁੰਚੇ ਤਾਂ ਸਾਡੀ ਮਾਂ ਨੇ ਲੰਗਰ ਕੀਤਾ, ਨਿਰਮਲ ਸਿੰਘ ਕਹਿੰਦਾ ਬੀਜੀ ਪਲੇਟਾਂ ਦੀ ਛੱਡੋ ਹੱਥਾਂ &lsquoਤੇ ਚੱਲਣ ਦਿਉ, ਬੀਜੀ ਕਹਿੰਦੇ ਨਾ ਨਿਰਮਲ ਮੈਨੂੰ ਤਾਂ ਪ੍ਰਮਾਤਮਾਂ ਨੇ ਘਰੇ ਸੇਵਾ ਬਖ਼ਸ਼ੀ ਹੈ ਬਰਤਣ ਧੋਣੇ ਤਾਂ ਸੁਭਾਗ ਹੈ ਸੋ ਸਤਿਗੁਰੂ ਨੇ ਸਭ ਦੀ ਸੁਣੀ ਗਰੇਜੈਂਡ, ਚੈਨਹਮ ਆਦਿ ਤੋਂ ਭੀ ਕਿਰਪਾਲ ਸਿੰਘ ਰਾਏ, ਧੰਨਾ ਸਿੰਘ ਕੁੰਨਰ, ਗੁਰਦਿਆਲ ਸਿੰਘ ਆਦਿ ਖਾਸ ਕਰਕੇ ਗੁਰਬਖ਼ਸ਼ ਸਿੰਘ ਸਿਵੀਆ ਹੋਣੀ ਬਹੁਤੀ ਥਾਂਈਂ ਹਾਜ਼ਰ ਹੁੰਦੇ ਸਨ, ਮੈਂ ਕੀਹਦਾ ਕੀਹਦਾ ਨਉਂ ਲਵਾਂ ਨੇਤਾ ਲੋਕਾਂ ਤੋਂ ਤਾਂ ਵਿਰੋਧ ਹੀ ਸੀ, ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਆਗੂ ਭੀ ਪਾਸਾ ਵੱਟ ਗਏ ਸਨ, ਕੇਵਲ ਮਿਡਲੈਂਡ ਧੜਾ ਦ੍ਰਿੜ ਸੀ ਪਰਿਵਾਰਕ ਚਿੰਤਾ ਭੀ ਸੀ, ਮਿੱਤਰ, ਰਿਸ਼ਤੇ ਭੀ ਔਖੇ ਸਨ ਕਿ ਰੋਟੀ ਕਮਾਉਣ ਆਇਆ ਸੀ ਕਿ ਸਰਕਾਰ ਨਾਲ ਯੁੱਧ ਲਾਉਣ, ਹੁਣ ਪੁਲਸ ਪ੍ਰਸ਼ਾਸਨ ਭੀ ਤੰਗ ਪੈ ਚੁੱਕਿਆ ਸੀ, ਇਕ ਪੁਲਸ ਅਫ਼ਸਰ ਨੇ ਪੁੱਛਿਆ ਕਿ ਤੂੰ ਸਾਨੂੰ ਜਰੂਰ ਨਫ਼ਰਤ ਕਰਦਾ ਹੋਵੇਗਾ ਪਰ ਚਾਹਲ ਸਾਹਬ ਕਹਿੰਦੇ ਭਾਈ ਮੈਂ ਤਾਂ ਧੰਨਵਾਦੀ ਹਾਂ ਤੁਸੀਂ ਮੇਰੀ ਮੁਹਿੰਮ ਨੂੰ ਤੋਰੀ ਜਾਂਦੇ ਹੋ ਤਾਂ ਹੀ ਹਲ ਚਲ ਨਾਲ ਮੇਰੀ ਸੁਣਵਾਈ ਹੋਵੇਗੀ, ਪਰ ਇਕ ਵਾਰ ਜਰੂਰ ਪੁਲਸ ਨੇ ਵਧੀਕੀ ਕੀਤੀ, ਹੱਥਕੜੀ ਲਾ ਕੇ ਵੈਨ ਵਿੱਚ ਧੱਕਾ ਦੇ ਕੇ ਸਿੱਟਿਆ ਤਾਂ ਜਰੂਰ ਉਜਰ ਕੀਤਾ ਕਿ ਮੈਂ ਭੱਜਣਾ ਸੀ, ਨਾਹ ਕਰਨੀ ਸੀ ਤਾਂ ਇਹਦੀ ਕੀ ਲੋੜ ਸੀ, ਬਾਕੀ ਕਦੀ ਪੁਲਸ ਨਾਲ ਕੋਈ ਬਹਿਸ ਆਦਿ ਨਹੀਂ ਕੀਤੀ, ਕਾਨੂੰਨ ਉਲੰਘਣਾ ਤਾਂ ਕਰਦੇ ਸਨ ਪਰ ਜਾਬਤੇ ਵਿੱਚ, ਕਦੀ ਭੀ ਦੁਰਵਿਵਹਾਰ ਨਹੀਂ ਸੀ ਕੀਤਾ, ਪੁਲਸ ਪ੍ਰਸ਼ੰਸਕ ਸੀ ਕਿਸੇ ਭੀ ਮੀਡੀਏ ਵਿੱਚ ਇਹ ਨਹੀਂ ਸੀ ਨਿਕਲਦਾ ਕਿ ਸਿੱਖਾਂ ਦਾ ਸਲੂਕ ਮਾੜਾ ਹੈ, ਹੌਲੀ ਹੌਲੀ ਸਿੱਖਾਂ ਦੇ ਜੰਗਾਂ ਵਿੱਚ ਪਾਏ ਯੋਗਦਾਨ ਪੱਗ ਦੇ ਨਾਲ ਯੁੱਧ ਲੜੇ, ਬਰਤਾਨਵੀ ਫੌਜ ਵਿੱਚ ਕੁਰਬਾਨੀਆਂ ਪੁਰਾਣੇ ਕਪਤਾਨ ਤੇ ਜਰਨੈਲ ਦੱਸਣ ਲੱਗ ਪਏ ਸਨ । ਇਕ ਨੇ ਤਾਂ ਕਚਹਿਰੀ ਜਾ ਕੇ ਗਵਾਹੀ ਭੀ ਦਿੱਤੀ, ਅੱਜ ਦੀ ਤਰ੍ਹਾਂ ਉਸ ਵੇਲੇ ਅਸੀਂ ਅੱਤੜ ਨਹੀਂ ਸੀ, ਬੱਸ ਆਪਣੇ ਪੱਖ ਲਈ ਦਲੀਲਾਂ ਦਿੰਦੇ ਸੀ, ਪਹਿਲਾਂ ਤਾਂ ਸਿਆਸਤ ਭੀ ਅਣਗੌਲਿਆਂ ਹੀ ਕਰਦੀ ਸੀ, ਹੁਣ ਲੇਬਰ ਪਾਰਟੀ ਘਣੀ ਸਿੱਖ ਵੱਸੋਂ ਵਾਲੇ ਐੱਮ।ਪੀ। ਲੱਗੇ ਮੱਲ੍ਹਮਾਂ ਲਾਉਣ, ਸਾਡੇ ਵਿਰੋਧੀ ਭੀ ਉਨ੍ਹਾਂ ਦੀ ਮਹਿਮਾ ਗਉਣ ਕਿ ਇਹ ਹੀ ਮਦਦ ਕਰ ਰਹੇ ਹਨ ਗਲਤ ਸੀ, ਟੋਰੀ ਐੱਮ।ਪੀ। ਮੂਹਰੇ ਸਨ ਮਾਰਗਰੇਟ ਥੈਚਰ ਨੇ ਸਭ ਤੋਂ ਪਹਿਲਾਂ ਪ੍ਰਾਈਵੇਟ ਮੈਂਬਰ ਬਿੱਲ &lsquoਤੇ ਦਸਤਖੱਤ ਕੀਤੇ, ਸਾਡੇ ਐੱਮ।ਪੀ। ਸਰ ਜੌਹਨ ਹਾਲ ਨੇ ਘਰ ਟੈਲੀਫੂਨ ਕਰਕੇ ਆਪਣੇ ਏਜੰਟ ਦੀ ਜ਼ਿੰਮੇਵਾਰੀ ਲਾਈ ਹੋਈ ਸੀ ਸਾਰੀ ਜਾਣਕਾਰੀ ਦੇਣੀ, ਉਨ੍ਹਾਂ ਦੀ ਪਤਨੀ ਨੈਂਸੀ ਹਾਲ ਮੇਰੀ ਚੰਗੀ ਸਮਰਥੱਕ ਸੀ, ਮੈਂ ਸਮਾਜੀ ਕੰਮਾਂ ਵਿੱਚ ਹਿੱਸਾ ਲੈਂਦੀ ਸੀ, ਉਹਦੀ ਚੈਰਿਟੀ ਵਿੱਚ ਭੀ ਭਾਗ ਪਾਉਂਦੀ ਸੀ, ਲਿਖਦੀ ਜਾਵਾਂ ਕਿ ਮੈਂ ਆਪਣੇ ਪੁਰਾਣੇ ਸੁਭਾਅ ਤੇ ਵਿਦਿਆਰਥੀ ਜੀਵਨ ਵਿੱਚੋਂ ਹੀ ਇਹ ਸਭ ਪ੍ਰਾਪਤ ਕੀਤਾ ਸੀ, ਜੋ ਅੱਜ ਤੱਕ ਭੀ ਨਿਰੰਤਰ ਜਾਰੀ ਹੈ, ਮੈਂ ਕੇਵਲ ਸਿੱਖਾਂ ਲਈ ਹੀ ਨਹੀਂ ਸਭ ਵਰਗਾਂ ਦੀ ਹਿਤੈਸ਼ੀ ਹਾਂ, ਬਾਕੀ ਜੋ ਕੁਝ ਦੋ ਚੈਨਲਾਂ &lsquoਤੇ ਤੱਥ ਪਿੱਛੇ ਸਿੱਟੇ ਜਾ ਰਹੇ ਹਨ ਉਨ੍ਹਾਂ ਨੇ ਮਜਬੂਰ ਕੀਤਾ ਹੈ ਇਸ ਸੱਚਾਈ ਨੂੰ ਸਾਹਮਣੇ ਲਿਆਉਣ ਲਈ, ਹੋਰ ਅਗਲੇ ਲੇਖ ਵਿੱਚ ।
-ਬਲਵਿੰਦਰ ਕੌਰ ਚਾਹਲ ਸਾਊਥਾਲ