image caption: -ਰਜਿੰਦਰ ਸਿੰਘ ਪੁਰੇਵਾਲ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਸੱਚ, ਮਿੱਥ ਤੇ ਚੀਰਫਾੜ

ਲਾਲ ਕਿਲੇ ਤੋਂ ਆਪਣੇ ਭਾਸ਼ਣ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦਾ ਏਜੰਡਾ ਤੈਅ ਕੀਤਾ| ਇਸ ਵਾਰ ਦੇਸ਼ਵਾਸੀਆਂ ਦੀ ਥਾਂ 140 ਕਰੋੜ ਪਰਿਵਾਰਾਂ ਦੇ ਜੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਪਣੀ ਸਰਕਾਰ ਦੇ ਸਾਢੇ ਨੌਂ ਸਾਲਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ, ਅਗਲੇ ਸਾਲ ਵੀ 15 ਅਗਸਤ ਨੂੰ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਆਵਾਂਗਾ ਅਤੇ ਹੁਣ ਜਿਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਅਸੀਂ 2024 ਤੋਂ ਬਾਅਦ ਇਸ ਦਾ ਉਦਘਾਟਨ ਕਰਾਂਗੇ| 
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਨ ਵਿਚ ਮਨੀਪੁਰ ਦੇ ਮੌਜੂਦਾ ਹਾਲਾਤ ਦਾ ਸੰਖੇਪ ਵੇਰਵਾ ਦੇਣ ਤੋਂ ਬਾਅਦ ਉੱਤਰ ਪੂਰਬੀ ਖਿੱਤੇ ਨੂੰ ਆਪਣੇ ਭਾਸ਼ਨ ਦੀ ਧੁਰੀ ਬਣਾਉਂਦੇ ਹੋਏ ਦਾਅਵਾ ਕੀਤਾ ਕਿ ਇਹ ਮਾਰਚ 1966 ਵਿਚ ਕਾਂਗਰਸ ਨੇ ਮਿਜ਼ੋਰਮ ਦੇ ਵਸਨੀਕਾਂ ਤੇ ਆਪਣੀ ਹੀ ਹਵਾਈ ਫ਼ੌਜ ਰਾਹੀਂ ਹਮਲਾ ਕਰਵਾਇਆ| ਉਨ੍ਹਾਂ ਕਿਹਾ ਕਿ ਹਾਲੇ ਵੀ ਉਥੋਂ ਦੇ ਲੋਕ 3 ਮਾਰਚ ਨੂੰ ਸ਼ੋਕ ਦਿਵਸ ਮਨਾਉਂਦੇ ਹਨ| ਨਾਲ ਹੀ ਇੰਦਰਾ ਗਾਂਧੀ (ਉਸ ਵੇਲੇ ਦੀ ਪ੍ਰਧਾਨ ਮੰਤਰੀ) ਦਾ ਨਾਂਅ ਲੈਂਦਿਆਂ ਕਿਹਾ ਕਿ ਉਸ ਸਮੇਂ ਤੋਂ ਹੀ ਉਨ੍ਹਾਂ (ਇੰਦਰਾ ਗਾਂਧੀ) ਅਜਿਹੇ ਹਮਲੇ ਕਰਨ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ 1984 ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਵੀ ਕੀਤਾ| ਪਰ ਸੁਆਲ ਇਹ ਹੈ ਕਿ ਸੰਸਦ ਵਿਚ ਮੋਦੀ ਸਰਕਾਰ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਵਿਰੁਧ ਮਤਾ ਪਾਸ ਕਰਕੇ ਇਸ ਸਭ ਤੋਂ ਦੁਖਦ ਅਪਮਾਨ ਲਈ ਖ਼ਾਲਸਾ ਪੰਥ ਤੋਂ ਬਿਨਾਂ ਸ਼ਰਤ ਮਾਫ਼ੀ ਮੰਗੇਗੀ? ਜੇਕਰ ਮੋਦੀ ਸਰਕਾਰ ਅਜਿਹਾ ਕਰਦੀ ਹੈ ਤਾਂ  ਇਹ ਭਾਰਤ ਦੇ ਅਕਸ &rsquoਤੇ ਲੱਗੇ ਕਾਲੇ ਧੱਬੇ ਨੂੰ ਮਿਟਾਉਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੋਵੇਗਾ ਤੇ ਦੇਸ਼ ਵਿਚ ਘੱਟ ਗਿਣਤੀਆਂ, ਖ਼ਾਸਕਰ ਸਿੱਖ ਭਾਈਚਾਰੇ ਦੇ ਮਨ ਵਿਚ ਭਰੋਸਾ ਬਹਾਲ ਕਰੇਗਾ| 
ਸਿਆਸੀ ਚਰਚਾ ਵਿੱਚ ਮੋਦੀ ਦਾ ਖਾਸ ਮੁੱਦਾ ਪਹਿਲਾਂ ਵਾਂਗ ਪਰਿਵਾਰਵਾਦ  ਬਣਿਆ ਰਿਹਾ| ਉਨ੍ਹਾਂ ਇਸ ਭਾਸ਼ਣ ਵਿੱਚ ਵੀ ਇਸ ਦਾ ਵਿਸਥਾਰ ਨਾਲ ਜ਼ਿਕਰ ਕੀਤਾ| ਉਨ੍ਹਾਂ ਕਿਹਾ ਕਿ ਪਰਿਵਾਰਕ ਰਾਜਨੀਤੀ ਦੇਸ਼ ਨੂੰ ਖੋਖਲਾ ਕਰ ਰਹੀ ਹੈ ਅਤੇ ਪਰਿਵਾਰਿਕ ਰਾਜਨੀਤੀ ਕਰਨ ਵਾਲੇ ਹੀ ਭ੍ਰਿਸ਼ਟਾਚਾਰ ਅਤੇ ਨਿਜੀ ਹਿਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਕਾਰਨ ਸਮਾਜਿਕ ਨਿਆਂ ਦੀ ਲੜਾਈ ਕਮਜ਼ੋਰ ਹੋ ਰਹੀ ਹੈ| ਮੋਦੀ ਨੇ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ ਪਰ ਅਸਿੱਧੇ ਤੌਰ ਤੇ ਉਨ੍ਹਾਂ ਦਾ ਨਿਸ਼ਾਨਾ ਵਿਰੋਧੀ ਪਾਰਟੀਆਂ ਸਨ| 
ਵਰਤਮਾਨ ਬਾਰੇ ਗੱਲ ਕਰਨ ਦੀ ਬਜਾਏ, ਪੀਐਮ ਮੋਦੀ ਆਮ ਤੌਰ ਤੇ ਜਾਂ ਤਾਂ ਅਤੀਤ ,ਵਰਤਮਾਨ ਤੇ ਭਵਿੱਖ ਦੀ ਗੱਲ ਕਰਦੇ ਹਨ| ਮੋਦੀ ਨੇ ਆਪਣੇ ਤਾਜ਼ਾ ਭਾਸ਼ਣ ਰਾਹੀਂ ਵੀ ਅਜਿਹਾ ਹੀ ਕੀਤਾ| ਉਨ੍ਹਾਂ ਕਿਹਾ ਕਿ ਅੱਜ ਤੋਂ 1000-1200 ਸਾਲ ਪਹਿਲਾਂ ਭਾਰਤ ਤੇ ਹਮਲਾ ਹੋਇਆ ਸੀ, ਜਿਸ ਵਿਚ ਇਕ ਛੋਟੀ ਜਿਹੀ ਰਿਆਸਤ ਦੇ ਰਾਜੇ ਦੀ ਹਾਰ ਹੋਈ ਸੀ, ਪਰ ਉਦੋਂ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਘਟਨਾ ਭਾਰਤ ਨੂੰ ਹਜ਼ਾਰਾਂ ਸਾਲਾਂ ਲਈ ਗੁਲਾਮੀ ਵਿਚ ਫਸਾ ਦੇਵੇਗੀ| ਭਾਵੇਂ ਮੋਦੀ ਦਾ ਇਹ ਬਿਆਨ ਇਤਿਹਾਸ ਦੀ ਮਨਮਾਨੀ ਵਿਆਖਿਆ ਅਤੇ ਅਧੂਰੀ ਸੱਚਾਈ ਤੇ ਆਧਾਰਿਤ ਹੈ ਪਰ ਇਸ ਰਾਹੀਂ ਉਹ ਮਹਿਮੂਦ ਗਜ਼ਨਵੀ ਦੇ ਹਮਲੇ ਦਾ ਜ਼ਿਕਰ ਕਰ ਰਹੇ ਸਨ|
ਆਰ.ਐਸ.ਐਸ. ਤੋਂ ਪ੍ਰਾਪਤ ਸਿੱਖਿਆਵਾਂ ਅਨੁਸਾਰ ਮੋਦੀ ਗੁਲਾਮੀ ਦੇ ਦੌਰ ਦਾ ਜ਼ਿਕਰ ਕਰਦੇ ਹੋਏ ਹਮੇਸ਼ਾ ਮੁਸਲਿਮ ਸ਼ਾਸਕਾਂ ਦਾ ਜ਼ਿਕਰ ਕਰਦੇ ਹਨ, ਬ੍ਰਿਟਿਸ਼ ਸ਼ਾਸਨ ਦੇ 200 ਸਾਲਾਂ ਦਾ ਜ਼ਿਕਰ ਆਪਣੇ ਭਾਸ਼ਣ ਵਿੱਚ ਘੱਟ ਹੀ ਕਰਦੇ ਹਨ| ਇਸ ਭਾਸ਼ਣ ਦੌਰਾਨ ਉਨ੍ਹਾਂ ਇਕ ਹਜ਼ਾਰ ਸਾਲ ਪੁਰਾਣੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਜ਼ਾਦੀ ਦੇ ਸੰਘਰਸ਼ ਅਤੇ ਆਜ਼ਾਦੀ ਤੋਂ ਬਾਅਦ ਬਣੀਆਂ ਸਰਕਾਰਾਂ ਦਾ ਸੰਖੇਪ ਜ਼ਿਕਰ ਕੀਤਾ ਅਤੇ ਫਿਰ ਆਪਣੇ ਦਸ ਸਾਲਾਂ ਦੇ ਕਾਰਜਕਾਲ ਦਾ ਜ਼ਿਕਰ ਕੀਤਾ| ਉਨ੍ਹਾਂ ਆਪਣੇ ਆਪਣੇ ਤੋਂ ਪਹਿਲਾਂ ਬਣੀਆਂ ਸਰਕਾਰਾਂ ਦੇ ਕੰਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ 2014 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਤਿੰਨ ਦਹਾਕਿਆਂ ਤੱਕ ਜੋੜ ਤੋੜ ਨਾਲ ਬਣੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ|
ਆਪਣੀ ਪਿੱਠ ਥਪਥਪਾਉਂਦੇ ਹੋਏ ਮੋਦੀ ਨੇ ਕਿਹਾ ਕਿ 2014 ਵਿਚ ਪਹਿਲੀ ਵਾਰ ਦੇਸ਼ ਨੂੰ ਪੂਰਨ ਬਹੁਮਤ ਅਤੇ ਕੰਮ ਕਰਨ ਵਾਲੀ ਸਥਿਰ ਅਤੇ ਮਜ਼ਬੂਤ ਸਰਕਾਰ ਮਿਲੀ, ਜਿਸ ਨੇ ਦੇਸ਼ ਨੂੰ ਸਮੱਸਿਆਵਾਂ ਦੀ ਦਲਦਲ ਚੋਂ ਕੱਢ ਕੇ ਵਿਕਾਸ ਦੇ ਰਾਹ ਤੇ ਤੇਜ਼ੀ ਨਾਲ ਅੱਗੇ ਵਧਾਇਆ| ਅਸਿੱਧੇ ਤੌਰ ਤੇ 2024 ਲਈ ਦੇਸ਼ ਵਾਸੀਆਂ ਤੋਂ ਫਤਵਾ ਮੰਗਦੇ ਹੋਏ ਕਿਹਾ ਕਿ ਇਹ ਮੰਨਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਕਦਮ ਚੁੱਕਾਂਗੇ, ਜੋ ਵੀ ਫੈਸਲੇ ਲਵਾਂਗੇ, ਉਹ ਆਉਣ ਵਾਲੇ ਇੱਕ ਹਜ਼ਾਰ ਸਾਲ ਲਈ ਭਾਰਤ ਦੀ ਦਿਸ਼ਾ ਤੈਅ ਕਰਨਗੇ| ਪਹਿਲਾਂ ਮੋਦੀ ਆਉਣ ਵਾਲੇ 25 ਅਤੇ 50 ਸਾਲਾਂ ਦੀ ਗੱਲ ਕਰਦੇ ਸਨ ਪਰ ਇਸ ਵਾਰ ਉਨ੍ਹਾਂ ਨੇ ਲੰਬੀ ਛਾਲ ਮਾਰਦਿਆਂ ਸਿੱਧੇ 1000 ਸਾਲਾਂ ਦੀ ਗੱਲ ਕੀਤੀ|
ਪ੍ਰਧਾਨ ਮੰਤਰੀ ਮੋਦੀ ਆਪਣੇ ਤੀਜੇ ਕਾਰਜਕਾਲ ਵਿਚ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਗਾਰੰਟੀ ਦੇ ਰਹੇ ਹਨ| ਹੁਣ ਦੇ ਭਾਸ਼ਣ ਵਿੱਚ ਵੀ ਉਨ੍ਹਾਂ ਇਸ ਗਰੰਟੀ ਨੂੰ ਦੁਹਰਾਇਆ| ਪਰ ਅਸਲੀਅਤ ਇਹ ਹੈ ਕਿ ਉਸਦੀ ਗਾਰੰਟੀ ਕੋਈ ਗਾਰੰਟੀ ਨਹੀਂ ਹੈ, ਸਗੋਂ ਇੱਕ ਸਾਧਾਰਨ ਗਣਿਤ ਹੈ, ਜਿਸ ਦੇ ਤਹਿਤ ਜੇਕਰ ਸਥਿਤੀ ਆਮ ਵਾਂਗ ਰਹੀ ਤਾਂ ਭਾਰਤ 2027 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ| ਉਸ ਸਮੇਂ ਦੇਸ਼ ਵਿੱਚ ਕਿਸੇ ਵੀ ਪਾਰਟੀ ਜਾਂ ਗੱਠਜੋੜ ਦੀ ਸਰਕਾਰ ਹੋਵੇ, ਉਸ ਨੂੰ ਕੋਈ ਫਰਕ ਨਹੀਂ ਪਵੇਗਾ| ਆਖ਼ਰਕਾਰ, ਪਿਛਲੇ ਤਿੰਨ ਸਾਲਾਂ ਤੋਂ ਆਰਥਿਕਤਾ ਦਾ ਭੱਠਾ  ਬੈਠਣ  ਦੇ ਬਾਵਜੂਦ, ਬਰਤਾਨੀਆ ਨੂੰ ਪਿੱਛੇ ਛੱਡ ਕੇ, ਭਾਰਤ ਪੰਜਵਾਂ ਸਭ ਤੋਂ ਵੱਡਾ ਆਰਥਿਕ ਦੇਸ਼ ਬਣ ਗਿਆ ਹੈ| ਜੇਕਰ ਅਰਥਵਿਵਸਥਾ ਦੀ ਰਫਤਾਰ ਮੱਠੀ ਨਾ ਹੁੰਦੀ ਤਾਂ ਭਾਰਤ 2022 ਵਿੱਚ ਹੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੁੰਦਾ|
ਮੋਦੀ ਭਾਵੇਂ ਪਿੱਠ ਥਪਥਪਾਉਂਦੇ ਹੋਏ ਆਪਣੇ ਤੋਂ ਪਹਿਲੀਆਂ ਸਰਕਾਰਾਂ ਨੂੰ ਕਿੰਨੇ ਵੀ ਕੋਸਦੇ ਹੋਣ ਪਰ ਹਕੀਕਤ ਇਹ ਹੈ ਕਿ ਭਾਰਤੀ ਅਰਥਚਾਰੇ ਨੂੰ ਰਫ਼ਤਾਰ ਦੇਣ ਦਾ ਕੰਮ 2004 ਤੋਂ 2014 ਦਰਮਿਆਨ ਹੋਇਆ ਹੈ| ਜਦੋਂ 2004 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਹਟਾਇਆ ਗਿਆ ਤਾਂ ਭਾਰਤ ਦੀ ਜੀਡੀਪੀ 722 ਬਿਲੀਅਨ ਡਾਲਰ ਸੀ, ਜੋ 2014 ਵਿੱਚ ਵੱਧ ਕੇ 2039 ਬਿਲੀਅਨ ਡਾਲਰ ਹੋ ਗਈ| ਯਾਨੀ ਕਿ 10 ਸਾਲਾਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ| ਇਸ ਤੋਂ ਬਾਅਦ 2014-15 ਵਿਚ ਰਫਤਾਰ ਠੀਕ ਰਹੀ ਪਰ 2016 ਦੇ ਅੰਤ ਵਿਚ ਨੋਟਬੰਦੀ ਅਤੇ ਉਸ ਤੋਂ ਬਾਅਦ ਜੀਐਸਟੀ ਅਤੇ ਕੋਰੋਨਾ ਮਹਾਮਾਰੀ ਕਾਰਨ ਅਰਥਵਿਵਸਥਾ ਬੁਰੀ ਤਰ੍ਹਾਂ ਨਾਲ ਢਹਿ ਗਈ| ਇਸ ਦੇ ਬਾਵਜੂਦ 2023 ਵਿੱਚ ਕੁੱਲ ਘਰੇਲੂ ਉਤਪਾਦ 3737 ਅਰਬ ਡਾਲਰ ਹੋ ਗਿਆ| ਯਾਨੀ ਕਿ 84 ਫੀਸਦੀ ਦਾ ਵਾਧਾ ਹੋਇਆ ਹੈ| ਇਸ ਤੋਂ ਪਹਿਲਾਂ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ 183 ਫੀਸਦੀ ਦਾ ਵਾਧਾ ਹੋਇਆ ਸੀ| ਅਨੁਮਾਨ ਹੈ ਕਿ ਅਗਲੇ ਚਾਰ ਸਾਲਾਂ ਵਿੱਚ ਜੀਡੀਪੀ ਵਿੱਚ 38 ਫੀਸਦੀ ਵਾਧਾ ਹੋਵੇਗਾ ਅਤੇ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ| ਇਸ ਲਈ ਇਹ ਗਾਰੰਟੀ ਨਹੀਂ ਹੈ ਪਰ ਇੱਕ ਗਣਿਤ ਹੈ| ਭਾਵੇਂ ਜੀਡੀਪੀ ਦੇ ਇਹ ਅੰਕੜੇ ਦੇਸ਼ ਦੀ ਅਰਥਵਿਵਸਥਾ ਦੀ ਰੌਸ਼ਨ ਤਸਵੀਰ ਪੇਸ਼ ਕਰਦੇ ਹਨ ਪਰ ਇਹ ਅੰਕੜੇ ਦੇਸ਼ ਦੀ ਅਸਲ ਆਰਥਿਕ ਤਸਵੀਰ ਨੂੰ ਉਜਾਗਰ ਨਹੀਂ ਕਰਦੇ| ਅਸਲ ਤਸਵੀਰ ਪ੍ਰਤੀ ਵਿਅਕਤੀ ਆਮਦਨ ਵਿੱਚ ਝਲਕਦੀ ਹੈ, ਜਿਸ ਵਿੱਚ ਭਾਰਤ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਨਹੀਂ ਹੈ| ਪਰ ਮੋਦੀ ਕਦੇ ਗਲਤੀ ਨਾਲ ਵੀ ਇਸ ਬਾਰੇ ਚਰਚਾ ਨਹੀਂ ਕਰਦੇ|
ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਵਿਚ ਲੜੀਵਾਰ ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਨਹੀਂ ਹੁੰਦੇ ਹਨ ਅਤੇ ਹੁਣ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ| ਉਸ ਦਾ ਇਹ ਦਾਅਵਾ ਕਿਸੇ ਹੱਦ ਤੱਕ ਸੱਚ ਹੈ, ਪਰ ਦੇਸ਼ ਅੰਦਰ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਕੀ ਉਹ ਅੱਤਵਾਦ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ?
ਮੋਦੀ ਨੇ ਆਪਣੇ ਭਾਸ਼ਣ ਵਿੱਚ ਮਨੀਪੁਰ ਦਾ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਉੱਥੇ ਹੁਣ ਸ਼ਾਂਤੀ ਸਥਾਪਤ ਹੋ ਰਹੀ ਹੈ, ਪਰ ਅਸਲੀਅਤ ਇਹ ਹੈ ਕਿ ਹੁਣ ਨਾਗਾ ਭਾਈਚਾਰਾ ਵੀ ਉੱਥੇ ਕੁਕੀ-ਮੇਤੀ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਹੈ| ਪ੍ਰਧਾਨ ਮੰਤਰੀ ਨੇ ਨਾ ਤਾਂ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਮਨੀਪੁਰ ਵਿੱਚ ਹਾਲਾਤ ਇੰਨੇ ਵਿਗੜ ਗਏ ਹਨ ਅਤੇ ਨਾ ਹੀ ਉਨ੍ਹਾਂ ਨੇ ਇਹ ਦੱਸਿਆ ਕਿ ਉਨ੍ਹਾਂ ਦੀ ਡਬਲ ਇੰਜਣ ਵਾਲੀ ਸਰਕਾਰ ਉੱਥੇ ਸਮੱਸਿਆ ਦੇ ਹੱਲ ਲਈ ਕੀ ਕਰ ਰਹੀ ਹੈ?
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਹਰ ਵਿਅਕਤੀ ਲਈ ਮਕਾਨ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਰਗੇ ਵਾਅਦਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ| ਮੋਦੀ ਕਦੇ ਵੀ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਆਪਣੇ ਸ਼ੁਰੂਆਤੀ ਵਾਅਦੇ ਦੀ ਗੱਲ ਨਹੀਂ ਕਰਦੇ ਅਤੇ ਅੱਜ ਵੀ ਉਨ੍ਹਾਂ ਦੇ ਭਾਸ਼ਣ ਵਿੱਚ ਬੇਰੁਜ਼ਗਾਰੀ ਦਾ ਕੋਈ ਜ਼ਿਕਰ ਨਹੀਂ ਸੀ| ਉਨ੍ਹਾਂ ਨੇ ਵਧਦੀ ਮਹਿੰਗਾਈ ਨੂੰ ਆਲਮੀ ਕਾਰਨਾਂ ਨਾਲ ਜੋੜ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਕਦਮ ਨਾ ਚੁੱਕੇ ਹੁੰਦੇ ਤਾਂ ਸਥਿਤੀ ਹੋਰ ਗੰਭੀਰ ਹੋਣੀ ਸੀ| ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਦਾ ਭਾਸ਼ਣ ਇੱਕ ਚੋਣ ਰੈਲੀ ਵਰਗਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ|
-ਰਜਿੰਦਰ ਸਿੰਘ ਪੁਰੇਵਾਲ