image caption: -ਰਜਿੰਦਰ ਸਿੰਘ ਪੁਰੇਵਾਲ

ਨਸ਼ਿਆਂ ਦਾ ਹੜ੍ਹ, ਲੋਕਾਂ ਦੀ ਮੁਹਿੰਮ ਤੇ ਸਰਕਾਰ ਦਾ ਮੀਸਣਾਪਣ

ਪੰਜਾਬ ਦੇ ਦਰਿਆਵਾਂ ਵਿੱਚ ਆਏ ਹੜ੍ਹਾਂ ਦਾ ਲਾਹਾ ਲੈ ਰਹੇ ਨਸ਼ਾ ਤਸਕਰਾਂ ਨੇ ਪੰਜਾਬ ਪੁਲੀਸ ਤੇ ਬੀਐਸਐਫ ਦੀਆਂ ਚੁਣੌਤੀਆਂ ਵਧਾ ਦਿੱਤੀਆਂ ਹਨ| ਸੂਬੇ ਵਿਚੋਂ ਲੰਘਦੇ ਦੋ ਵੱਡੇ ਦਰਿਆਵਾਂ ਰਾਵੀ ਤੇ ਸਤਲੁਜ ਵਿੱਚ ਪਾਣੀ ਚੜ੍ਹਨ ਕਰਕੇ ਨਸ਼ਾ ਤਸਕਰਾਂ ਦਾ ਕੰਮ ਹੋਰ ਸੌਖਾ ਹੋ ਗਿਆ ਹੈ| ਬੀਤੇ ਦਿਨੀਂ ਪੰਜਾਬ ਪੁਲੀਸ ਅਤੇ ਬੀਐਸਐਫ ਦੇ ਸਾਂਝੇ ਅਪਰੇਸ਼ਨਾਂ ਤਹਿਤ ਪਹਿਲੀ ਜੂਨ ਤੋਂ 23 ਅਗਸਤ ਤੱਕ ਦੋ ਕੁਇੰਟਲ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਗਈ ਹੈ| ਨਸ਼ਾ ਤਸਕਰਾਂ ਵੱਲੋਂ ਦਰਿਆਵਾਂ ਰਾਹੀਂ ਗੋਤਾਖੌਰਾਂ ਦੀ ਮਦਦ ਲਾਲ ਚੜ੍ਹਦੇ ਪੰਜਾਬ ਵਿੱਚ ਹੈਰੋਇਨ ਭੇਜੀ ਜਾ ਰਹੀ ਹੈ| ਪੁਲੀਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ 17 ਅਗਸਤ ਨੂੰ 8 ਕਿੱਲੋ ਹੈਰੋਇਨ, 11 ਅਗਸਤ ਨੂੰ 5 ਕਿੱਲੋ, 10 ਅਗਸਤ ਨੂੰ 12 ਕਿੱਲੋ, 6 ਅਗਸਤ ਨੂੰ 78 ਕਿੱਲੋ ਹੈਰੋਇਨ ਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ| ਇਸੇ ਤਰ੍ਹਾਂ 5 ਅਗਸਤ ਨੂੰ 4 ਕਿੱਲੋ, 3 ਅਗਸਤ ਨੂੰ 6 ਕਿੱਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ| ਕੁੱਝ ਦਿਨ ਪਹਿਲਾਂ ਹੀ 21 ਅਗਸਤ ਨੂੰ 30 ਕਿੱਲੋ ਤੇ 23 ਅਗਸਤ ਨੂੰ ਅੰਮ੍ਰਿਤਸਰ ਵਿਚ 42 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ| ਇਸੇ ਤਰ੍ਹਾਂ ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ ਵੀ ਵੱਡੀ ਗਿਣਤੀ ਵਿੱਚ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਹੈ| ਮਹੱਤਵਪੂਰਨ ਤੱਥ ਇਹ ਹੈ ਕਿ ਪਿਛਲੇ ਸਾਲ ਪਹਿਲੀ ਜੂਨ ਤੋਂ 21 ਅਗਸਤ ਦੌਰਾਨ ਸਰਹੱਦ ਪਾਰ ਤੋਂ ਜੋ ਤਸਕਰੀ ਦੇ ਮਾਮਲੇ ਸਾਹਮਣੇ ਆਏ ਸਨ ਉਨ੍ਹਾਂ &rsquoਚ ਲਗਪਗ 40 ਕਿੱਲੋ ਹੈਰੋਇਨ ਬਰਾਮਦ ਹੋਈ ਹੈ, ਜਦਕਿ ਇਸ ਸਾਲ ਇਹ ਬਰਾਮਦਗੀ 2 ਕੁਇੰਟਲ ਤੱਕ ਕੀਤੀ ਗਈ ਹੈ| ਇਸ ਸਾਲ ਪਹਿਲੀ ਜਨਵਰੀ ਤੋਂ 31 ਮਈ ਤੱਕ 44 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ| ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਹੜ੍ਹਾਂ ਦਾ ਲਾਹਾ ਲੈ ਕੇ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀਆਂ ਵੱਡੀਆਂ ਖੇਪਾਂ ਦੇਸ਼ ਵਿੱਚ ਭੇਜੀਆਂ ਜਾ ਰਹੀਆਂ ਹਨ|  ਇਸ ਸਬੰਧ ਵਿੱਚ ਪੁਲੀਸ ਨੇ ਹੁਣ ਤੱਕ ਲਗਪਗ ਦੋ ਦਰਜਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ|
ਵਡੀ ਗੱਲ ਇਹ ਹੈ ਕਿ ਪੰਜਾਬ ਦੇ ਸਿਆਸਤਦਾਨ, ਭ੍ਰਿਸ਼ਟ ਸਤਾਧਾਰੀ ਤੇ ਪੁਲਿਸ ਅਫਸਰ ਆਪਸ ਵਿਚ ਰਲਕੇ ਕਾਰੋਬਾਰ ਕਰ ਰਹੇ ਹਨ| ਗੁਜਰਾਤ ਸਪਲਾਈ ਦਾ ਮੁਖ ਕੇਂਦਰ ਮੰਨਿਆ ਜਾ ਰਿਹਾ ਹੈ|ਮਾਲਵੇ ਦੇ ਪਿੰਡਾਂ ਵਿਚ ਡਰਗ ਵਿਰੁੱਧ ਲੋਕਾਂ ਨੇ ਮੋਰਚਾ ਵਿਢ ਦਿਤਾ ਹੈ|ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੋ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਲੜਕੀਆਂ  ਵੀ ਨਸ਼ੇ ਦਾ ਸ਼ਿਕਾਰ ਹਨ| 
ਹੁਣੇ ਜਿਹੇ ਪਿੰਡ ਕੋਟਸ਼ਮੀਰ ਦੀ ਨਸ਼ਾ ਵਿਰੋਧੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਨੂੰ ਫੜਾਏਗਾ, ਉਸ ਨੂੰ ਪੰਜ ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ| ਇਸ ਦੇ ਨਾਲ ਹੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ| ਕਮੇਟੀ ਵੱਲੋਂ ਨਸ਼ਾ ਤਸਕਰਾਂ ਨੂੰ ਹਰ ਪਾਸਿਓਂ ਘੇਰਨ ਦੇ ਯਤਨ ਕੀਤੇ ਜਾ ਰਹੇ ਹਨ| ਸੂਬੇ ਦੀ ਇਹ ਪਹਿਲੀ ਨਸ਼ਾ ਰੋਕੂ ਕਮੇਟੀ ਨੇ ਜਿਸ ਨੇ ਨਸ਼ਾ ਤਸਕਰਾਂ ਨੂੰ ਫੜਾਉਣ ਲਈ ਇਨਾਮ ਰੱਖਿਆ ਹੈ ਅਤੇ ਨਸ਼ਾ ਵੇਚਣ ਵਾਲੇ ਦੁਕਾਨਦਾਰਾਂ ਨੂੰ ਜ਼ੁਰਮਾਨਾ ਕਰਨ ਦਾ ਐਲਾਨ ਕੀਤਾ ਹੈ| ਹੁਣ ਤਕ ਜ਼ਿਲ੍ਹੇ ਦੇ 35 ਪਿੰਡਾਂ ਵਿਚ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਗਈਆਂ ਹਨ ਜਿਹੜੀਆਂ ਨਸ਼ਾ ਤਸਕਰਾਂ ਨੂੰ ਘੇਰ ਰਹੀਆਂ ਹਨ| ਪਹਿਲੀ ਕਮੇਟੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਿਮਣ ਕੌਰ ਸਿੰਘ ਵਿਚ ਬਣਾਈ ਗਈ ਸੀ| 
ਇਸ ਤੋਂ ਬਾਅਦ ਹੋਰਨਾਂ ਪਿੰਡਾਂ ਵਿਚ ਵੀ ਕਮੇਟੀਆਂ ਬਣਾਈਆਂ ਗਈਆਂ| ਜ਼ਿਕਰਯੋਗ ਹੈ ਕਿ ਕਈ ਪਿੰਡਾਂ ਵਿਚ ਨਸ਼ਾ ਰੋਕੂ ਕਮੇਟੀਆਂ ਤੇ ਹਮਲੇ ਵੀ ਹੋ ਚੁੱਕੇ ਹਨ| ਨਸ਼ਿਆਂ ਵਿਰੁੱਧ ਪੰਜਾਬੀਆਂ ਨੂੰ ਜਗਾਉਣ ਲਈ ਵਿਸ਼ਾਲ ਜਾਗ੍ਰਿਤੀ ਯਾਤਰਾ ਗੁਰਾਂ ਦੀ ਜਾਗੋ ਇਕ ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਜਾ ਰਹੀ ਹੈ| ਲਹਿਰ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਅਗੰਮੀ ਮਿਹਰ ਸਦਕਾ ਗੁਰਾਂ ਦੀ ਜਾਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਅਤੇ ਸਤਿਗੁਰਾਂ ਦੀ ਛਤਰ-ਛਾਇਆ ਹੇਠ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਪੰਜਾਬੀਆਂ ਨੂੰ ਜਾਗਰੂਕ ਕਰੇਗੀ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਮੁੱਠ ਹੋ ਕੇ ਨਸ਼ਿਆਂ ਖਿਲਾਫ਼ ਡਟਣ ਲਈ ਲਾਮਬੰਦ ਕਰੇਗੀ|
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਪਿਛਲੇ 30 ਸਾਲਾਂ ਵਿਚ ਸਰਕਾਰਾਂ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਹੁਣ ਵੀ ਨਸ਼ਿਆਂ ਨੂੰ ਬੰਦ ਕਰਨ ਲਈ ਸਰਕਾਰ ਵਲੋਂ ਯਤਨ ਤਾਂ ਸਿਰਫ 2 ਫੀਸਦੀ ਹੀ ਕੀਤੇ ਜਾ ਰਹੇ ਹਨ ਜਦੋਂਕਿ ਬਾਕੀ 98 ਫੀਸਦੀ ਸਿਰਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨਸ਼ਿਆਂ ਨੂੰ ਠਲ ਪਾਈ ਗਈ ਹੈ| ਸਿੰਘ ਸਾਹਿਬ ਅਨੁਸਾਰ ਸਰਕਾਰਾਂ ਵਲੋਂ ਨਸ਼ਾ ਬੰਦ ਕਰਨ ਦੇ ਕੋਈ ਸੰਜੀਦਾ ਯਤਨ ਆਰੰਭੇ ਹੀ ਨਹੀ ਗਏ | ਇਸੇ ਲਈ ਹੁਣ ਸਰਕਾਰਾਂ ਤੋਂ ਨਸ਼ੇ ਬੰਦ ਕਰਨ ਦੀ ਆਸ ਛੱਡ ਕੇ ਪਿੰਡਾਂ/ਸ਼ਹਿਰਾਂ ਦੇ ਲੋਕਾਂ ਨੇ ਨਸ਼ਾ ਵਿਰੋਧੀ ਕਮੇਟੀਆਂ ਗਠਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ|
ਯਾਦ ਰਹੇ ਕਿ ਕੁਝ ਸਾਲਾਂ ਤੋਂ ਕੁਝ ਲਾਲਚੀ ਅਤੇ ਰਾਜਨੀਤਕ ਲੋਕਾਂ ਨੇ ਆਪਣੇ ਸੁਆਰਥ ਲਈ ਪੰਜਾਬ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਸੁੱਟ ਦਿੱਤਾ ਹੈ| ਇਸ ਸਮੇਂ ਨਸ਼ਿਆਂ ਦਾ ਫੈਲਾਅ ਵੱਡੇ ਪੱਧਰ ਤੇ ਫੈਲ ਚੁੱਕਿਆ ਹੈ, ਜੋ ਪੁਲੀਸ, ਨਸ਼ਾ ਤਸਕਰਾਂ ਅਤੇ ਲੀਡਰਾਂ ਦੀ ਮਿਲੀਭੁਗਤ ਦਾ ਨਤੀਜਾ ਹੈ| ਪੰਜਾਬ ਦੇ ਨੌਜਵਾਨ ਉੱਚੀਆਂ ਪੜ੍ਹਾਈਆਂ ਪੜ ਕੇ ਵੀ ਸੜਕਾਂ ਤੇ ਬੇਰੁਜਗਾਰ ਘੁੰਮਣ ਲਈ ਮਜਬੂਰ ਹਨ| ਇਸ ਪਿੱਛੇ ਸਰਕਾਰ ਦੀ ਬਹੁਤ ਹੀ ਵੱਡੀ ਅਣਗਹਿਲੀ ਜ਼ਿੰਮੇਵਾਰ ਹੈ| ਇਹੀ ਅਣਗਹਿਲੀ ਨੌਜਵਾਨਾਂ ਵਿੱਚ ਨਸ਼ੇ ਫੈਲਣ ਦਾ ਵੱਡਾ ਕਾਰਨ ਹੈ| ਨੌਜਵਾਨ ਪੀੜ੍ਹੀ ਦਾ ਫਰਜ਼ ਹੈ ਕਿ ਉਹ ਆਪਣੇ-ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰ ਕੇ ਅੱਗੇ ਆਵੇ ਤਾਂ ਜੋ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਮੁੜ ਖੁਸ਼ਹਾਲ ਬਣਾਇਆ ਜਾ ਸਕੇ|
ਪੰਜਾਬ ਅੱਜ ਸੰਕਟਮਈ ਦੌਰ ਵਿੱਚੋਂ ਗੁਜ਼ਰ ਰਿਹਾ ਹੈ|  ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਨਸ਼ਿਆਂ ਦੀ ਭੇਟ ਚੜ੍ਹ ਰਹੀਆਂ ਹਨ ਤੇ ਸਰਕਾਰਾਂ ਮੌਨ ਵਰਤ ਧਾਰ ਕੇ ਸ਼ਾਂਤ ਬੈਠੀਆਂ ਹਨ| ਸਾਨੂੰ ਅੱਜ ਵੀ ਯਾਦ ਹੈ, ਸਾਡੀ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ ਨਸ਼ਾ ਮੁਕਤ ਪੰਜਾਬ ਦੇ, ਪਰ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਨਜ਼ਰ ਆ ਰਹੀ ਹੈ| ਇਸ ਰੁਝਾਨ ਨੂੰ ਰੋਕਣ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਵਰਗ ਸਭ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ| ਜੇਕਰ ਅਜਿਹਾ ਨਾ ਹੋਇਆ ਤਾਂ ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਪਤਨ ਦੇ ਨਾਲ-ਨਾਲ ਪੰਜਾਬ ਦੀ ਸਥਿਤੀ ਉਸ ਦਰਖਤ ਵਾਂਗ ਹੋ ਜਾਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ਖੜੋਤਾ ਹੋਵੇ|
-ਰਜਿੰਦਰ ਸਿੰਘ ਪੁਰੇਵਾਲ