image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ ਅਤੇ ਭੂਰਿਆਂ ਵਾਲੇ ਰਾਜੇ ਕੀਤੇ, ਮੁਗ਼ਲਾਂ ਜ਼ਹਿਰ ਪਿਆਲੇ ਪੀਤੇ, ਦੇ ਲੇਖਕ ਪ੍ਰਿੰ: ਸਵਰਨ ਸਿੰਘ ਚੂਸਲੇਵੜ ਅਕਾਲ ਚਲਾਣਾ ਕਰ ਗਏ

ਅਕਾਲ ਚੈਨਲ ਦੀ ਖ਼ਬਰ ਅਨੁਸਾਰ, ਸ਼ਹੀਦੀ ਭਾਈ ਤਾਰਾ ਸਿੰਘ ਜੀ ਵਾਂ, ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ, ਪਹਿਲਾ ਘੱਲੂਘਾਰਾ (ਛੋਟਾ ਘੱਲੂਘਾਰਾ) ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ ਅਤੇ ਭੂਰਿਆਂ ਵਾਲੇ ਰਾਜੇ ਕੀਤੇ, ਮੁਗ਼ਲਾਂ ਜ਼ਹਿਰ ਪਿਆਲੇ ਪੀਤੇ ਦੇ ਲੇਖਕ ਪ੍ਰਿੰ: ਸਵਰਨ ਸਿੰਘ ਚੂਸਲੇਵੜ 25 ਅਗਸਤ 2023 ਨੂੰ ਅਕਾਲ ਚਲਾਣਾ ਕਰ ਗਏ । ਦਾਸ ਸ: ਸਵਰਨ ਸਿੰਘ ਚੂਸਲੇਵੜ ਨੂੰ ਜਾਤੀ ਤੌਰ &lsquoਤੇ ਤਾਂ ਕਦੇ ਨਹੀਂ ਮਿਲਿਆ ਪਰ ਉਨ੍ਹਾਂ ਦੀਆਂ ਉੱਪਰ ਲਿਖੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਟੈਲੀਫੋਨ &lsquoਤੇ 18ਵੀਂ ਸਦੀ ਦੇ ਸਿੱਖ ਇਤਿਹਾਸ ਬਾਰੇ ਜਰੂਰ ਵਿਚਾਰ ਚਰਚਾ ਹੁੰਦੀ ਰਹੀ । ਸ਼ਹੀਦੀ ਭਾਈ ਤਾਰਾ ਸਿੰਘ ਵਾਂ ਦੀ ਪੁਸਤਕ ਦੇ ਅਰੰਭ ਵਿੱਚ ਸ: ਸਵਰਨ ਸਿੰਘ ਚੂਸਲੇਵੜ ਦੀ ਜਾਣ ਪਛਾਣ ਪ੍ਰਕਾਸ਼ਕ ਵੱਲੋਂ ਇਸ ਪ੍ਰਕਾਰ ਲਿਖੀ ਮਿਲਦੀ ਹੈ : ਸ: ਸਵਰਨ ਸਿੰਘ ਪੰਜਾਬ ਦੇ ਇਤਿਹਾਸ ਵਿੱਚ ਰੁਚੀ ਰੱਖਣ ਵਾਲਿਆਂ ਲਈ ਕੋਈ ਨਵਾਂ ਨਾਮ ਨਹੀਂ । ਭਰਵੇਂ ਜੁਸੇ ਤੇ ਲੰਮੇ-ਉੱਚੇ ਕੱਦ ਵਾਲੇ ਇਹ ਸਰਦਾਰ ਸਾਹਿਬ ਜਦੋਂ ਵੀ ਇਤਿਹਾਸ-ਕਾਨਫਰੰਸਾਂ ਵਿੱਚ ਵੱਡੇ-ਵੱਡੇ ਇਤਿਹਾਸਕਾਰਾਂ ਦੇ ਪਰਚਿਆਂ ਸਬੰਧੀ ਬਹਿਸ ਵਿੱਚ ਹਿੱਸਾ ਲੈਂਦਿਆਂ ਆਪਣੀ ਭਬਕਵੀਂ ਅਵਾਜ਼ ਵਿੱਚ ਤੱਥਾਂ ਨੂੰ ਸੋਧਦੇ ਜਾਂ ਨਵੀਂ ਸੂਚਨਾ ਮੁਹੱਈਆ ਕਰਵਾਂਦੇ ਹਨ ਤਾਂ ਵਕਤਾ-ਜਨ ਨਿਰੁੱਤਰ ਹੋ ਜਾਂਦੇ ਹਨ ਤੇ ਸਰੋਤੇ ਮੰਤਰ-ਮੁਗਧ । ਹਰ ਕੋਈ ਇਨ੍ਹਾਂ ਦੇ ਵਸੀਹ ਗਿਆਨ-ਘੇਰੇ &lsquoਤੇ ਰਸ਼ਕ ਕਰਦਾ ਹੈ । ਇਤਿਹਾਸ ਇਨ੍ਹਾਂ ਦਾ ਸ਼ੌਕ ਨਹੀਂ, ਬਲਕਿ ਜਿੰਦ-ਜਾਨ ਹੈ । 
ਸ਼ਹਿਰ ਭਾਵੇਂ ਦਿੱਲੀ ਹੋਵੇ ਜਾਂ ਅਲੀਗੜ੍ਹ, ਕੁਤਬ-ਫਰੋਸ਼ਾਂ ਪਾਸ ਜਾ ਕੇ ਇਨ੍ਹਾਂ ਦੀ ਘੜੀ ਰੁੱਕ ਜਾਂਦੀ ਹੈ ਤੇ ਪੁਰਾਣੀਆਂ ਕਿਤਾਬਾਂ ਦੀ ਫੋਲਾ-ਫਾਲੀ ਕਰਕੇ ਮਨ-ਪਸੰਦ ਖ਼ਜ਼ਾਨੇ ਨੂੰ ਮੂੰਹ-ਮੰਗੇ ਦਾਮ &lsquoਤੇ ਖਰੀਦਣਾ ਇਨ੍ਹਾਂ ਦੀ ਨਾ ਟਾਲੇ ਜਾ ਸਕਣ ਵਾਲੀ ਆਦਤ ਹੈ । ਕਿਸੇ ਵੀ ਥਾਂ ਤੋਂ ਇਨ੍ਹਾਂ ਨੂੰ ਕਿਸੇ ਦੁਰਲੱਭ ਸਰੋਤ ਦੀ ਸੋਅ ਮਿਲੇ ਤਾਂ ਇਹ ਉਸ ਨੂੰ ਹਾਸਲ ਕਰਨ ਲਈ ਕੁਝ ਵੀ ਦੇ ਸਕਦੇ ਹਨ । ਅਰਬੀ, ਫਾਰਸੀ, ਹਿੰਦੀ, ਪੰਜਾਬੀ, ਅੰਗ੍ਰੇਜ਼ੀ ਆਦਿ ਕਈ ਜ਼ਬਾਨਾਂ &lsquoਤੇ ਇਕੋ ਜਿਹੀ ਮੁਹਾਰਤ ਰੱਖਣ ਵਾਲੇ ਸਰਦਾਰ ਜੀ ਦੀ ਨਿੱਜੀ ਲਾਇਬ੍ਰੇਰੀ ਹੈਰਤ-ਅੰਗੇਜ਼ ਸੰਗ੍ਰਹਿਲਾਯ ਹੈ । ਫੌਜ ਦੀ ਕਪਤਾਨੀ ਤੋਂ ਬਾਅਦ ਆਪ ਸਰਕਾਰੀ ਸਕੂਲ ਘੜਿਆਲਾ ਦੇ ਹੈੱਡਮਾਸਟਰ ਨਿਯੁਕਤ ਹੋਏ । ਵਿੱਦਿਆ ਦੇ ਖੇਤਰ ਵਿੱਚ ਆਪ ਦੀ ਏਨੀ ਧਾਂਕ ਜੰਮ ਚੁੱਕੀ ਸੀ ਕਿ ਸੇਵਾਮੁਕਤ ਹੋਣ ਤੋਂ ਬਾਅਦ ਇਲਾਕੇ ਦੇ ਮੋਹਤਬਰਾਂ ਨੇ ਇਨ੍ਹਾਂ ਦੇ ਅਨੇਕਾਂ ਵਾਰੀ ਨਾਂਹ ਨੁਕਰ ਕਰਨ ਦੇ ਬਾਵਜੂਦ, ਇਨ੍ਹਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੱਟੀ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਣ ਲਈ ਮਨਾਅ ਹੀ ਲਿਆ । ਅੰਤ ਵਿੱਚ ਪ੍ਰਕਾਸ਼ਕ ਨੇ ਲਿਖਿਆ ਕਿ : ਕੌਣ ਕਹਿੰਦਾ ਹੈ ਕਿ ਇਤਿਹਾਸਕ ਰਚਨਾ ਵਿੱਚ ਨਿਜੱਤਵ ਮਨਫੀ ਹੋ ਸਕਦਾ ਹੈ ? ਪਰ ਸਾਨੂੰ ਮਾਣ ਹੈ ਕਿ ਸਾਡੀ ਇਸ ਰਚਨਾ ਵਿੱਚ ਸ: ਸਵਰਨ ਸਿੰਘ ਦਾ ਨਿਰਛਲ, ਨਿਰਕਪਟ, ਅਣਖੀਲਾ ਤੇ ਹਰ ਦਮ ਕੌਮ ਦਾ ਭਲਾ ਸੋਚਣ ਵਾਲਾ ਸੱਚੋ-ਸੱਚ ਨਿੱਜ ਹਾਜ਼ਰ ਹੈ । ਇਸ ਤੋਂ ਪ੍ਰੇਰਨਾ ਲੈ ਕੇ ਕੌਮ ਆਪਣਾ ਭਵਿੱਖ ਨਾ ਸੰਵਾਰ ਸਕੇ ਤਾਂ ਸਾਡੇ ਮੰਦੇ ਭਾਗ । ਸਤਾਰਵੀਂ, ਅਠਾਰਵੀਂ ਸਦੀ ਦਾ ਮੁਗ਼ਲ ਸਾਮਰਾਜ ਨਾਲ ਸਿੱਖ ਧਰਮ ਤੇ ਸਿੱਖ ਪੰਥ ਦਾ ਸੰਘਰਸ਼ ਕੋਈ ਐਵੇਂ Eਪਰੀ ਤੇ ਇਤਫਾਕੀਆ ਘਟਨਾ ਨਹੀਂ ਸੀ, ਸਗੋਂ ਬੁਨਿਆਦੀ, ਆਤਮਿਕ ਤੇ ਸਮਾਜਿਕ ਸਿਧਾਂਤਾਂ ਦਾ ਘੋਰ ਸੰਘਰਸ਼ ਅਤੇ ਇਤਿਹਾਸਕ ਭੇੜ ਸੀ, ਜਿਸ ਵਿੱਚੋਂ ਸਿੱਖ ਪੰਥ ਨੇ ਜੇਤੂ ਹੋ ਕੇ ਸਿੱਖ ਰਾਜ ਸਥਾਪਤ ਕੀਤਾ । 
ਹੁਣ ਦਾਸ ਸ: ਸਵਰਨ ਸਿੰਘ ਚੂਸਲੇਵੜ ਦੀਆਂ ਅਠਾਰਵੀਂ ਸਦੀ ਦੇ ਸਿੱਖ ਸੰਘਰਸ਼ ਬਾਰੇ ਲਿਖੀਆਂ ਕਿਤਾਬਾਂ ਵਿੱਚੋਂ ਕੁਝ ਚੋਣਵੇਂ ਅੰਸ਼ ਪਾਠਕਾਂ ਨਾਲ ਸਾਂਝੇ ਕਰੇਗਾ । ਮੱਸੇ ਰੰਘੜ ਨੂੰ ਕਰਣੀ ਦਾ ਫਲ ਦੇ ਪੰਨਾ 15 ਉੱਤੇ ਸ: ਸਵਰਨ ਸਿੰਘ ਚੂਸਲੇਵੜ ਲਿਖਦੇ ਹਨ : ਦਿੱਲੀ ਤੇ ਲਾਹੌਰ ਦੀਆਂ ਮੁਗ਼ਲ ਹਕੂਮਤਾਂ ਨੇ ਸਿੱਖ ਧਰਮ ਨੂੰ ਸੰਸਾਰ ਵਿੱਚੋਂ ਖ਼ਤਮ ਕਰਨ ਦੇ ਮਨਸੂਬੇ ਨੂੰ ਪੂਰਾ ਕਰਨ ਲਈ ਆਪਣੇ ਵੱਲੋਂ ਹਰ ਹੀਲਾ ਵਰਤਿਆ, ਸਿੰਘਾਂ ਉੱਤੇ ਅਕਹਿ ਤੇ ਅਸਹਿ ਜ਼ੁਲਮ ਕੀਤੇ, ਜਿਨ੍ਹਾਂ ਦੀ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਮਿਸਾਲ ਨਹੀਂ ਮਿਲਦੀ । ਸਿੱਖ ਹਰ ਤਰ੍ਹਾਂ ਦੇ ਜੁਲਮ ਤੇ ਜਬਰ ਤੇਰਾ ਕੀਆ ਮੀਠਾ ਲਾਗੇ ਕਰਕੇ ਝੱਲਦੇ ਰਹੇ, ਹੱਸ ਹੱਸ ਆਪਣੀਆਂ ਜਾਨਾਂ ਦੇਂਦੇ ਰਹੇ, ਪਰ ਧਰਮ ਨਹੀਂ ਹੱਥੋਂ ਜਾਣ ਦਿੱਤਾ । ਹਰ ਹਾਲਤ ਵਿੱਚ ਆਪਣੇ ਆਪ ਨੂੰ ਚੜ੍ਹਦੀਕਲਾ ਵਿੱਚ ਰੱਖਿਆ ਅਤੇ ਸਿੱਖੀ ਦੀ ਹੋਂਦ ਨੂੰ ਮਿਟਾਉਣ ਵਾਲੇ ਵੈਰੀਆਂ ਨਾਲ ਡੱਟ ਕੇ ਲੋਹਾ ਲਈ ਗਏ । ਅਕਾਲ ਪੁਰਖ ਉੱਤੇ ਅਟੱਲ ਭਰੋਸਾ ਰੱਖਿਆ । ਸਿੱਖ ਧਰਮ ਨੂੰ ਮਿਟਾਉਣ ਵਾਲੇ ਖੁਦ ਮਿਟ ਗਏ । ਸਿੰਘਾਂ ਦਾ ਨਾਮ ਸਾਰੀ ਦੁਨੀਆਂ ਵਿੱਚ ਗੂੰਜਦਾ ਹੈ ਤੇ ਸਦਾ ਗੂੰਜਦਾ ਰਹੇਗਾ । ਜੋ ਕੌਮ ਆਪਣੇ ਇਸ਼ਟ ਵਿੱਚ ਸੱਚਾ ਭਰੋਸਾ ਰੱਖਦੀ ਹੈ, ਆਪਣੇ ਬਾਹੂ-ਬਲ ਤੇ ਮਾਣ ਰੱਖਦੀ ਹੈ, ਹਰ ਮੁਸੀਬਤ ਤੇ ਮੁਸ਼ਕਿਲ ਵਿੱਚ ਦਿਲ ਨਹੀਂ ਹਾਰਦੀ ਸਗੋਂ ਚੜ੍ਹਦੀਕਲਾ ਵਿੱਚ ਰਹਿੰਦੀ ਹੈ, ਮੁਸੀਬਤਾਂ ਦੇ ਤੂਫਾਨ ਉਸ ਦੇ ਸਿਰਾਂ ਉੱਤੋਂ ਦੀ ਲੰਘ ਕੇ ਖ਼ਤਮ ਹੋ ਜਾਂਦੇ ਹਨ ਤੇ ਕੌਮ ਚਟਾਨ ਵਾਂਗ ਅਹਿਲ ਤੇ ਅਡੋਲ ਖੜ੍ਹੀ ਰਹਿੰਦੀ ਹੈ, ਜਿਉਂ ਦੀ ਤਿਉਂ ਕਿਸੇ ਅਗਲੇ ਤੂਫ਼ਾਨ ਦੀ ਉਡੀਕ ਵਿੱਚ, ਪਹਿਲੇ ਤੋਂ ਵੀ ਸਖ਼ਤ ਤੇ ਜੋਰਦਾਰ ਬਣਕੇ, ਐਸੀ ਕੌਮ ਨੂੰ ਕੌਣ ਦਬਾਅ ਸਕਦੈ ? ਕਿਸ ਦੀ ਤਾਕਤ ਹੈ ਕਿ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਝਾਕ ਸਕੇ । ਮੁਕਾਬਲੇ ਵਿੱਚ ਹੀ ਸੁਆਦ ਆਉਂਦਾ ਹੈ । ਮੁਸ਼ਕਿਲਾਂ ਤੇ ਮੁਸੀਬਤਾਂ ਕੌਮਾਂ ਨੂੰ ਨਿਖਾਰਦੀਆਂ ਹਨ, ਮਜ਼ਬੂਤ ਤੋਂ ਮਜ਼ਬੂਤ-ਤਰ ਬਣਾਉਂਦੀਆਂ ਹਨ । 
ਅਗਲੇ ਪੈਰੇ੍ਹ ਵਿੱਚ ਸ: ਸਵਰਨ ਸਿੰਘ ਚੂਸਲੇਵੜ ਸਿੱਖ ਕੌਮ ਨੂੰ ਇਕ ਚਿਤਾਵਨੀ ਦਿੰਦੇ ਹੋਏ ਲਿਖਦੇ ਹਨ : ਕੌਮਾਂ ਬਾਹਰਮੁਖੀ ਹਾਦਸਿਆਂ ਹੱਥੋਂ ਨਹੀਂ ਮਰਦੀਆਂ, ਇਨ੍ਹਾਂ ਨੂੰ ਅੰਦਰਲੇ ਭਭੀਖਣ ਲੈ ਡੁੱਬਦੇ ਹਨ । ਚਟਾਨਾਂ ਨੂੰ ਤੂਫ਼ਾਨ ਹਿਲਾ-ਡੇਗ ਨਹੀਂ ਸਕਦੇ, ਇਨ੍ਹਾਂ ਦੀਆਂ ਤਹਿਆਂ ਵਿੱਚ ਹੋਣ ਵਾਲੀ ਉੱਥਲ-ਪੁੱਥਲ ਇਨ੍ਹਾਂ ਨੂੰ ਭੋਰਾ ਭੋਰਾ ਕਰ ਦਿੰਦੀ ਹੈ । (ਨੋਟ-ਦੁਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖ ਕੌਮ ਦੀ ਮੌਜੂਦਾ ਸਥਿਤੀ ਉਕਤ ਪੈਰੇ੍ਹ ਦੀ ਇਨ-ਬਿਨ ਵਿਆਖਿਆ ਸਾਬਤ ਹੋ ਰਹੀ ਹੈ) ਸ਼ਹੀਦੀ, ਭਾਈ ਤਾਰਾ ਸਿੰਘ ਜੀ ਵਾਂ ਦੇ ਪੰਨਾ 22 ਉੱਤੇ ਮਿਲਵਰਤਨੀਏ ਤੇ ਨਾ ਮਿਲਵਰਤਨੀਏ ਦੇ ਸਿਰਲੇਖ ਹੇਠਾਂ ਉਹ ਲਿਖਦੇ ਹਨ : ਸਿੱਖੀ ਇਕ ਜੀਵਨ ਜਾਚ ਹੈ ਤੇ ਇਸ ਦਾ ਧੁਰਾ ਧਰਮ ਹੈ । ਸਿੱਖੀ ਵਿੱਚ ਧਰਮ ਸਰਵ ਸ੍ਰੇਸ਼ਟ ਹੈ । ਜਦ ਵੀ ਧਰਮ ਤੇ ਆਂਚ ਆਉਂਦੀ ਦਿਸੇਗੀ ਤਾਂ ਨਰਮ ਤੋਂ ਨਰਮ ਸਿੱਖ ਵੀ ਗੁਰੂ ਦੇ ਸਨਮੁੱਖ ਹੋ ਕੇ ਕੁਰਬਾਨੀ ਦੇਣ ਲਈ ਤਿਆਰ ਹੋ ਜਾਵੇਗਾ । ਮਿਲਵਰਤਨੀਏ ਸਿੱਖ ਵੀ ਸਿੱਖੀ ਪੱਖੋਂ ਕੱਚੇ ਨਹੀਂ ਸਨ । ਭਾਈ ਸੁਬੇਗ ਸਿੰਘ ਮੁਗ਼ਲਾਂ ਦੀ ਨੌਕਰੀ ਕਰਦੇ ਬੁੱਢੇ ਹੋ ਗਏ ਪਰ ਜਦ ਸਿੱਖੀ ਦੀ ਆਨ ਦਾ ਸੁਆਲ ਆਇਆ ਤਾਂ ਪਿਉ ਪੁੱਤ ਦੋਵੇਂ ਹੀ ਬਾਕੀ ਸੱਚੇ ਸਿੰਘਾਂ ਵਾਂਗ ਹੀ ਸ਼ਹੀਦ ਹੋ ਗਏ ।
ਪਹਿਲਾ ਘੱਲੂਘਾਰਾ (ਛੋਟਾ ਘੱਲੂਘਾਰਾ) ਦੇ ਪੰਨਾ 11, 12, 42, 43 ਉੱਤੇ ਸ: ਸਵਰਨ ਸਿੰਘ ਚੂਸਲੇਵੜ ਜੀ ਲਿਖਦੇ ਹਨ । ਹੁਣ ਸਮਾਂ ਆਇਆ ਲਖਪਤ ਦੀਵਾਨ ਤੇ ਜਸਪਤ ਫੌਜਦਾਰ ਸੀ । (ਨੋਟ-ਇਹ ਦੋਵੇਂ ਭਰਾ ਹਿੰਦੂ ਸਨ) ਜਦੋਂ ਮਾਲ ਦੌਲਤ ਤੇ ਸੱਤਾ ਹੱਥ ਵਿੱਚ ਹੋਵੇ ਤਾਂ ਦਿਮਾਗ ਵਿਗੜਦੇ ਨੂੰ ਚਿਰ ਨਹੀਂ ਲੱਗਦਾ । ਜੈਸੀ ਸੌਭਤ ਤੈਸਾ ਸੁਭਾਅ, ਮੁਗ਼ਲ ਸ਼ਾਹੀ ਵਾਲੀ ਆਕੜ ਤੇ ਹੈਂਕੜ ਬੇਥਵੀਆਂ ਢੀਦਾਂ ਤੇ ਬੇ-ਮੁਹਾਰੇ ਗਰੂਰ ਨੇ ਲਖਪਤ ਤੇ ਜਸਪਤ ਦੋਹਾਂ ਹਿੰਦੂ ਭਰਾਵਾਂ ਨੂੰ ਮੁਗ਼ਲਾਂ ਤੋਂ ਵੀ ਦੋ ਕਦਮ ਅੱਗੇ ਲਿਆ ਖੜ੍ਹਾ ਕੀਤਾ । ਲਖਪਤ ਤੇ ਜਸਪਤ ਆਪਣਾ ਪਿਛੋਕੜ ਭੁਲਾ ਕੇ ਜਲਾਦ ਬਿਰਤੀ ਵਾਲੇ ਬਣ ਚੁੱਕੇ ਸਨ । ਹੰਕਾਰੇ ਹੋਏ ਜਸਪਤ ਨੇ ਰੋੜੀ ਸਾਹਿਬ ਗੁਰਦੁਆਰੇ ਅੰਦਰ ਬੈਠੇ ਹੋਏ ਸਿੰਘਾਂ &lsquoਤੇ ਵੱਡੀ ਫੌਜ ਨਾਲ ਲੈ ਕੇ ਹਮਲਾ ਕਰ ਦਿੱਤਾ ਪਰ ਸਿੰਘਾਂ ਹੱਥੋਂ ਮਾਰਿਆ ਗਿਆ । ਭਰਾ ਮਰੇ ਦੀ ਖ਼ਬਰ ਸੁਣਕੇ ਲਖਪਤ ਕ੍ਰੋਧ ਨਾਲ ਅੰਨਾ ਹੋ ਗਿਆ । ਲਾਹੌਰ ਦੇ ਆਲੇ-ਦੁਆਲੇ ਦੇ ਹਜ਼ਾਰਾਂ ਬੇ-ਗੁਹਾਨ ਗੁਰ ਸਿੱਖ ਜੋ ਮਿਲਵਰਤਨੀਏ ਸਨ ਸਭ ਸ਼ਹੀਦ ਕਰਵਾ ਦਿੱਤੇ । ਇਸ ਭ੍ਰਿਸ਼ਟ ਬੁੱਧੀ ਵਾਲੇ ਲਖਪਤ ਹਿੰਦੂ ਦੀਵਾਨ ਨੇ ਹੁਕਮਨ ਜਬਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ, ਪੋਥੀਆਂ ਤੇ ਗੁਟਕੇ ਸਾਹਿਬ ਖੂਹਾਂ ਵਿੱਚ ਸੁੱਟਵਾ ਦਿੱਤੇ । ਲਖਪਤ ਰਾਏ ਨੇ ਇਕ ਪਾਸੇ ਬੇ-ਗੁਨਾਹ ਗੁਰ ਸਿੰਘਾਂ ਦਾ ਕਤਲੇਆਮ ਅਰੰਭ ਕਰ ਦਿੱਤਾ ਤੇ ਨਾਲ ਹੀ ਲਾਹੌਰ ਸ਼ਹਿਰ ਦੇ ਆਸੇ ਪਾਸੇ ਪਿੰਡਾਂ ਵਿੱਚ ਹੋਕਾ ਫਿਰਵਾ ਦਿੱਤਾ ਕਿ ਗੁਰੂ ਕੀ ਬਾਣੀ ਨਾ ਪੜੋ੍ਹ, ਜੋ ਵੀ ਗੁਰੂ ਦਾ ਨਾਂਅ ਲੈਂਦਾ ਸੁਣਿਆ ਗਿਆ ਟੱਬਰ ਟੀਰ ਸਮੇਤ ਕਤਲ ਕਰ ਦਿੱਤਾ ਜਾਵੇਗਾ । ਗੁੜ ਨੂੰ ਕੋਈ ਗੁੜ ਨਾ ਕਹੇ, ਰੋੜੀ ਜਾਂ ਭੇਲੀ ਕਹੇ ਕਿਉਂਕਿ ਗੁੜ ਆਖਣ ਤੇ ਗੁਰੂ ਦਾ ਚੇਤਾ ਆਉਂਦਾ ਹੈ । ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ ਦੇ ਪੰਨਾ 121-122 ਉੱਤੇ ਸ: ਸਵਰਨ ਸਿੰਘ ਚੂਸਲੇਵੜ ਜੀ ਲਿਖਦੇ ਹਨ । ਪਿਪਲੀ ਸਾਹਿਬ ਦੀ ਜੰਗ ਵਿੱਚ ਦੀਵਾਲੀ ਵਾਲੇ ਦਿਨ ਸਿੰਘਾਂ ਨੇ ਵੱਡੇ ਘੱਲੂਘਾਰੇ ਵਾਲਾ ਬਦਲਾ ਹੀ ਨਹੀਂ ਲਿਆ ਸਗੋਂ ਅਬਦਾਲੀ ਦੀ ਸ਼ਾਨ ਤੇ ਅਜ਼ਮਤ ਨੂੰ ਵੀ ਮਿੱਟੀ ਵਿੱਚ ਮਿਲਾ ਦਿੱਤਾ, ਉਹਦੇ ਇਹ ਸੁਪਨੇ ਨੂੰ ਕਿ ਪੰਜਾਬ ਕਾਬਲ ਦੇ ਰਾਜ ਦਾ ਹਿੱਸਾ ਹੈ ਚਕਨਾ ਚੂਰ ਕਰ ਦਿੱਤਾ । ਉਹ ਬੀਜ ਬੀਜਿਆ ਜੋ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਬਾਦਸ਼ਾਹੀ ਦੀ ਸ਼ਕਲ ਵਿੱਚ ਰੂਪਮਾਨ ਹੋਇਆ । ਅਬਦਾਲੀ ਪੰਜਾਬ ਨੂੰ ਕਾਬਲ ਨਾਲ ਮਿਲਾਉਣਾ ਚਾਹੁੰਦਾ ਸੀ, ਸਿੰਘਾਂ ਨੇ ਸਗੋਂ ਅਟਕੋਂ ਪਾਰਲਾ ਇਲਾਕਾ ਪਿਸ਼ਾਵਰੋਂ ਅੱਗੇ ਜਮਰੌਦ ਤੱਕ ਖੋਹ ਕੇ ਉਲਟਾ ਪੰਜਾਬ ਨਾਲ ਰਲਾ ਲਿਆ । 
ਸ: ਸਵਰਨ ਸਿੰਘ ਚੂਸਲੇਵੜ ਦੀ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ ਸਮਰਪਣ ਨਾਲ ਸਮਾਪਤੀ ਕਰਦੇ ਹਾਂ । 
ਸਮਰਪਣ
ਦਸ਼ਮੇਸ਼ ਪਿਤਾ ਦੇ ਦੂਲੇ ਸੂਰਬੀਰ, ਸਿਦਕੀ, ਜੁਝਾਰੂ ਯੋਧੇ ਸਿੰਘਾਂ ਨੂੰ ਜਿਨ੍ਹਾਂ ਜ਼ੁਲਮ, ਜਬਰ, ਬੇਨਿਆਈ ਤੇ ਮੌਤ ਦੇ ਹਨੇਰ-ਝਖੜਾਂ ਨੂੰ ਛਾਤੀਆਂ ਡਾਹਕੇ ਰੋਕਿਆ, ਦੋ ਦੋ ਭੂਰਿਆਂ ਵਿੱਚ ਹੀ ਮੁਸੀਬਤਾਂ ਝੱਲੀਆਂ, ਤੇਗਾਂ ਮਥਿਆਂ &lsquoਤੇ ਮਾਰੀਆਂ ਤੇ ਸੀਨਿਆਂ ਵਿੱਚ ਖਾਧੀਆਂ, ਸਿੱਖੀ ਆਨ ਸ਼ਾਨ ਲਈ ਸੀਸ ਸਦਾ ਤਲੀਆਂ &lsquoਤੇ ਰੱਖੀ ਛੱਡੇ, ਹੱਸ ਹੱਸ ਕੁਰਬਾਨ ਹੁੰਦੇ ਰਹੇ, ਮੁਗ਼ਲ ਰਾਜ ਦੀ ਪੰਜਾਬ ਵਿੱਚੋਂ ਸਫ਼ ਵਲੇਟ ਸੁੱਟੀ ਤੇ ਆਪਣਾ ਖ਼ਾਲਸਾ ਰਾਜ ਕਾਇਮ ਕੀਤਾ ।
ਸ: ਸਵਰਨ ਸਿੰਘ ਚੂਸਲੇਵੜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਫਤਹਿ ਬੁਲਾਉਂਦਾ ਹਾਂ ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ