image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਤੰਬਰ 1604 ਈ: ਨੂੰ ਅੰਮ੍ਰਿਤਸਰ ਸਾਹਿਬ ਦੇ ਜਿਸ ਅਸਥਾਨ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਉਹ ਦਰਬਾਰ ਸਾਹਿਬ ਹੈ ਨਾ ਕਿ ਸਚਖੰਡ ਹਰਿਮੰਦਰ ਸਾਹਿਬ ਅਤੇ ਇਹ ਸਵਰਨ ਮੰਦਿਰ ਵੀ ਨਹੀਂ ਹੈ

ਵੱਡਾ ਤੇਰਾ ਦਰਬਾਰ ਸਚਾ ਤੁਧੁ ਤਖਤੁ-ਗੁ: ਗ੍ਰੰ: ਸਾ: ਅੰਕ 964
ਸਤੰਬਰ 1604 ਈ: ਨੂੰ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਦਰਬਾਰ ਸਾਹਿਬ ਵਿਖੇ, ਪੋਥੀ ਪਰਮੇਸਰ ਕਾ ਥਾਨ, (ਸਾਰਗ ਮਹਲਾ ਪੰਜਵਾਂ ਅੰਕ 1226) ਆਦਿ ਗ੍ਰੰਥ &lsquoਤੇ ਚੰਦੋਆ ਤਾਨ੍ਹ ਕੇ ਪੀੜ੍ਹਾ ਸਾਹਿਬ ਉੱਤੇ ਪ੍ਰਕਾਸ਼ ਕੀਤਾ ਤਾਂ ਹੁਕਮਨਾਮਾ ਬਾਬਾ ਬੁੱਢਾ ਜੀ ਨੇ ਲਿਆ ਤੇ ਚੌਰ ਗੁਰੂ ਅਰਜਨ ਪਾਤਸ਼ਾਹ ਨੇ ਆਪ ਕੀਤਾ । ਗੁਰੂ ਅਰਜਨ ਪਾਤਸ਼ਾਹ ਨੇ ਪੀੜ੍ਹਾ ਸਾਹਿਬ (ਸਿੰਘਾਸਨ) ਚੰਦੋਆ (ਛਤਰ) ਅਤੇ ਚੌਰ ਦੀ ਦਰਬਾਰ ਸਾਹਿਬ ਵਿਖੇ ਮਰਿਯਾਦਾ ਨਿਰਧਾਰਤ ਕਰ ਦਿੱਤੀ । ਸੁੱਖ ਆਸਣ ਕੋਠਾ ਸਾਹਿਬ (ਅੱਜ ਅਕਾਲ ਤਖ਼ਤ) ਪਲੰਘ ਉੱਤੇ ਕੀਤਾ ਤੇ ਗੁਰੂ ਜੀ ਆਪ ਭੁੰਜੇ ਚਾਦਰ ਵਿਛਾ ਕੇ ਸੌਂਦੇ ਰਹੇ । ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਨੇ ਦਰਬਾਰ ਸਾਹਿਬ ਵਿਖੇ ਹੁੰਦਾ ਹੈ ਤੇ ਰਾਤ ਨੂੰ ਸੁੱਖ ਆਸਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਤਖ਼ਤ ਤੇ ਸੁਭਾਇਮਾਨ ਹੁੰਦੇ ਹਨ ਤੇ ਹਰ ਰੋਜ਼ ਤੜਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੱਡੇ ਸਤਿਕਾਰ ਅਤੇ ਆਨ-ਸ਼ਾਨ ਨਾਲ ਲਿਆ ਕੇ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਜਾਂਦਾ ਹੈ ਭਾਵ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦਾ ਅਨਿਖੜਵਾਂ ਸਬੰਧ ਹੈ । ਇਹ ਪਵਿੱਤਰ ਦਰਬਾਰ ਸਾਹਿਬ 16ਵੀਂ ਸਦੀ ਵਿੱਚ ਉਸਰਿਆ ਸੀ । ਆਪਣੀ ਸਥਾਪਤੀ ਦੇ ਅਰੰਭ ਤੋਂ ਹੀ ਦਰਬਾਰ ਸਾਹਿਬ ਇਸ ਨਾਮ ਨਾਲ ਹੀ ਜਾਣਿਆ ਜਾਂਦਾ ਹੈ । ਗੁਰੂ ਅਰਜਨ ਪਾਤਸ਼ਾਹ ਨੇ ਮਾਝ ਰਾਗ ਦੀ ਬਾਣੀ ਵਿੱਚ ਇਸ ਨੂੰ ਗੁਰਦਰਬਾਰ ਹੀ ਕਿਹਾ ਹੈ : ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥ ਹਉ ਘੋਲੀ ਜੀਉ ਘੋਲ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥ 
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਇਤਿਹਾਸ ਬਾਰੇ ਪੰਛੀ ਝਾਤ ਮਾਰਨੀ ਵੀ ਜਰੂਰੀ ਹੈ । ਗੁਰੂ ਨਾਨਕ ਸਾਹਿਬ ਪਹਿਲੀ ਵਾਰ ਭਾਈ ਮਰਦਾਨਾ ਜੀ ਦੇ ਨਾਲ ਇਥੇ 1502 ਈ: ਵਿੱਚ ਪਧਾਰੇ ਤੇ ਇਸ ਦਾ ਸ਼ਾਂਤ ਵਾਤਾਵਰਨ ਉਨ੍ਹਾਂ ਨੂੰ ਬਹੁਤ ਪਸੰਦ ਆਇਆ । ਇਸ ਮਗਰੋਂ 1532 ਈ: ਨੂੰ ਉਹ ਫਿਰ ਲਹਿਣੇ ਤੇ ਬਾਬਾ ਬੁੱਢਾ ਜੀ ਨਾਲ ਇਥੇ ਇਕ ਛਪੜੀ ਦੇ ਕੰਢੇ ਕੁਝ ਦੇਰ ਲਈ ਠਹਿਰੇ ਤੇ ਉਨ੍ਹਾਂ ਨੇ ਇਸ ਨੂੰ ਸੁਖਾਵੀਂ ਜਗ੍ਹਾ ਸਮਝਦੇ ਇਸ ਨੂੰ ਦਿਲੋਂ ਪਸੰਦ ਕੀਤਾ ਇਥੇ ਇਕ ਤਲਾਅ ਵੀ ਸੀ । ਚੌਥੇ-ਪੰਜਵੇਂ ਪਾਤਸ਼ਾਹ ਦੇ ਸਮੇਂ ਜਦੋਂ ਅੰਮ੍ਰਿਤਸਰ, ਕੌਲ ਸਰ, ਸੰਤੋਖ ਸਰ, ਬਿਬੇਕ ਸਰ ਅਤੇ ਰਾਮ ਸਰ ਪੰਜ ਸਰੋਵਰ ਬਣੇ ਤਾਂ ਅੰਮ੍ਰਿਤਸਰ ਸਰੋਵਰ ਇਸੇ ਤਲਾਅ ਨੂੰ ਡੂੰਘਾ ਕਰਕੇ ਬਣਾਇਆ ਗਿਆ ਸੀ ਅਤੇ ਅੰਮ੍ਰਿਤਸਰ ਸਰੋਵਰ ਦੇ ਨਾਂਅ ਤੋਂ ਹੀ ਚਕ ਗੁਰੂ ਕਾ ਸ਼ਹਿਰ ਦਾ ਨਾਂਅ ਅੰਮ੍ਰਿਤਸਰ ਹੋਇਆ ਸੀ । ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਰਾਵੀ ਦੇ ਕੰਢੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨਗਰ 1504 ਈ: ਵਿੱਚ ਵਸਾਇਆ ਪਰ ਇਥੇ ਪੱਕਾ ਨਿਵਾਸ ਆਪ ਜੀ ਨੇ 1522 ਈ: ਵਿੱਚ ਉਦੋਂ ਕੀਤਾ ਜਦੋਂ ਭਾਈ ਗੁਰਦਾਸ ਜੀ ਅਨੁਸਾਰ ਫਿਰਿ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ॥ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ॥ ਕਰਤਾਰਪੁਰ ਅੱਜ ਵੀ ਗੁਰੂ ਨਾਨਕ ਦਾ ਹੀ ਹੈ । ਆਪ ਨੇ ਕਰਤਾ ਨੂੰ ਹੀ ਅਕਾਲ ਪੁਰਖ ਮੰਨਿਆ ਤੇ ਉਸ ਨੂੰ ਅਕਾਲ ਮੂਰਤਿ ਕਿਹਾ । ਕਰਤਾ ਨਾਲ ਗੁਰੂ ਨਾਨਕ ਸਰਕਾਰ ਦੀ ਸੰਗਤ ਹੀ ਸੀ ਕਿ ਗੁਰੂ ਨਾਨਕ ਦੀ ਕਿਰਤ ਤੋਂ ਸਮਸਾਰ ਰੂਪ ਕਰਤਾਰਪੁਰ ਹਾਸਲ ਹੋਇਆ । ਇਹ ਨਗਰ ਵਸਾਉਣਾ ਸਟੇਟ ਅੰਦਰ ਸਟੇਟ ਵਸਾਉਣ ਦੀ ਕਲਾ, ਗੁਰੂ ਨਾਨਕ ਦੇ ਘਰ ਅਤੇ ਗੱਦੀ ਦੀ ਪਰੰਪਰਾ ਰਹੀ ਹੈ । (ਹਵਾਲਾ-ਨਾਨਕ ਦੀ ਨਾਨਕਸ਼ਾਹੀ ਸਿੱਖੀ, ਲੇਖਕ ਸ: ਅਤਿੰਦਰਪਾਲ ਸਿੰਘ)
ਗੁਰੂ ਅੰਗਦ ਜੀ ਨੇ ਖਡੂਰ ਸਾਹਿਬ ਵਸਾਇਆ ਜੋ ਨਗਰ ਗੁਰੂ ਦਾ ਹੀ ਹੈ । ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ । ਅੰਮ੍ਰਿਤਸਰ ਗੈਜ਼ਟੀਅਰ ਅਨੁਸਾਰ ਗੁਰੂ ਰਾਮ ਦਾਸ ਜੀ ਨੇ ਤੁੰਗ ਪਿੰਡ ਦੇ ਜਿੰਮੀਦਾਰਾਂ ਤੋਂ 700 ਅਕਬਰੀ ਰੁਪੈ ਦੀ 500 ਵਿੱਘੇ ਜ਼ਮੀਨ ਮੁੱਲ ਖਰੀਦ ਕੇ ਗੁਰੂ ਕਾ ਚੱਕ ਰਾਮਦਾਸ ਪੁਰ ਅੰਮ੍ਰਿਤਸਰ ਸ਼ਹਿਰ ਵਸਾਇਆ । ਅੰਮ੍ਰਿਤਸਰ ਸ਼ਹਿਰ ਵਿੱਚ ਇਸੇ ਜ਼ਮੀਨ &lsquoਤੇ ਸਰੋਵਰ ਪੁੱਟਵਾਇਆ । ਨਗਰ ਵਿੱਚ 52 ਕਿਸਮ ਦੇ ਵਪਾਰੀ, ਗੁਰੂ ਕੀ ਮੰਡੀ ਵਿੱਚ ਵਸਾਏ ਤਾਂ ਜੋ ਕਾਰੋਬਾਰ ਦਾ ਗੜ੍ਹ ਬਣ ਸਕੇ । ਵਪਾਰ ਲਈ ਗੁਰੂ ਕਾ ਬਜ਼ਾਰ ਤਿਆਰ ਕਰਵਾਇਆ ਅਤੇ ਸ੍ਰੀ ਦਰਬਾਰ ਸਾਹਿਬ ਚੱਕ ਰਾਮਦਾਸ ਪੁਰ ਵਿੱਚ ਪ੍ਰਵੇਸ਼ ਦੀ ਡਿਉੜੀ ਇਸੇ ਗੁਰੂ ਕੇ ਬਜ਼ਾਰ ਵਿੱਚ ਅੱਜ ਵੀ ਦੁਕਾਨਾਂ ਦੇ ਅੰਦਰ ਛਿਪੀ ਪਈ ਹੈ । 1589 ਈ: ਵਿੱਚ ਗੁਰੂ ਰਾਮ ਦਾਸ ਜੀ ਵੱਲੋਂ ਬਣਾਏ ਅੰਮ੍ਰਿਤਸਰ ਸਰੋਵਰ ਦੇ ਵਿੱਚਕਾਰ ਦਰਬਾਰ ਸਾਹਿਬ ਦੀ ਨੀਂਹ ਗੁਰ ਅਰਜਨ ਸਾਹਿਬ ਨੇ ਸੂਫੀ ਫ਼ਕੀਰ ਮੀਆਂ ਮੀਰ ਪਾਸੋਂ ਰੱਖਵਾਈ । ਦਰਬਾਰ ਸਾਹਿਬ ਦੀ ਉਸਾਰੀ 1601 ਈ: ਵਿੱਚ ਮੁਕੰਮਲ ਹੋ ਗਈ । ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਸਤੰਬਰ 1604 ਈ: ਨੂੰ ਹੋਇਆ, ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਤਿਆਰ ਕਰਵਾ ਲਿਆ ਗਿਆ ਸੀ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਸੀ ।
ਨਾਨਕ ਰਾਜ ਵਿੱਚ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਦਰਬਾਰ ਲੱਗਦਾ ਹੈ ਜਿਸ ਨੂੰ ਦੀਵਾਨ ਕਿਹਾ ਜਾਂਦਾ ਹੈ ਅਰਥਾਤ-ਨਾਨਕਿ ਰਾਜ ਚਲਾਇਆ ਸਚੁ ਕੋਟ ਸਤਾਣੀ ਨੀਵਦੈ ਅੰਗ 966) ਸੱਤੇ ਬਲਵੰਡ ਦੀ ਵਾਰ ਵਿੱਚ ਦਰਬਾਰ ਨੂੰ ਦੀਬਾਣ ਕਿਹਾ ਗਿਆ ਹੈ । ਸਾਰੇ ਗੁਰੂ ਸਾਹਿਬਾਨ ਦਰਬਾਰ ਲਗਾਉਂਦੇ ਸਨ ਅਤੇ ਉਸ ਦਰਬਾਰ ਵਿੱਚ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆਪਣੇ ਫਰਜ ਨਿਭਾਉਦੇ ਸਨ । ਸੱਚਾ ਪਾਤਸ਼ਾਹ ਦੇ ਸੰਕਲਪ ਨੇ ਗੁਰੂ ਪਰੰਪਰਾ ਨਾਲ ਉਜਾਗਰ ਹੋ ਰਹੇ ਰਾਜ ਸੰਕਲਪ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ । ਇਹ ਸ਼ਬਦ ਵਿਸ਼ਲੇਸ਼ਣ ਦੇ ਰੂਪ ਵਿੱਚ ਸਾਰੇ ਗੁਰੂ ਸਾਹਿਬਾਨ ਨਾਲ ਜੁੜਿਆ ਰਿਹਾ ਹੈ । ਸੱਤੇ ਬਲਵੰਡ ਦੀਆਂ ਗੁਰੂ ਅਮਰਦਾਸ ਜੀ ਪ੍ਰਤੀ ਉਚਾਰੀਆਂ ਹੇਠਲੀਆਂ ਪੰਕਤੀਆਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ : ਸੋ ਟਿਕਾ ਸੋ ਬੈਹਣਾ ਸੋਈ ਦੀ ਬਾਣ ॥ ਪਿਯੂ ਦਾਦੇ ਜਿਵਹਾ ਪੋਤਾ ਪਰਵਾਣ ॥ (ਗੁ: ਗ੍ਰ: ਸਾ: ਅੰਕ 967) ਸੱਤੇ ਬਲਵੰਡ ਦੀ ਵਾਰ ਅਨੁਸਾਰ ਸੱਚੇ ਪਾਤਸ਼ਾਹ ਦੇ ਦਰਬਾਰ ਦੀ ਸੋਭਾ ਕਿਸੇ ਵੀ ਰਾਜ ਦਰਬਾਰ ਤੋਂ ਕਿਤੇ ਵੱਧ ਸੀ । ਦਰਬਾਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ ਤੇ ਅਰਸਾਂ ਕੁਰਸਾਂ ਤੋਂ ਨੂਰ ਝੜ ਰਿਹਾ ਹੈ । ਅਲਾਹੀ ਕੁਦਰਤੀ ਨੂਰ ਦੀ ਵਰਖਾ ਹੋ ਰਹੀ ਹੈ ਅਰਥਾਤ : ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਅਤੇ ਵਰਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ (ਗੁ: ਗ੍ਰੰ: ਸਾਹਿਬ ਅੰਕ 966-967) 
ਗੁਰੂ ਜੋਤਿ ਦਾ ਦੈਵੀ ਸਿਧਾਂਤ - ਨਾਨਕ ਰਾਜ ਜਿਸ ਦੀ ਸਥਾਪਨਾ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਰੂਪ ਕਿਲ੍ਹਾ ਉਸਾਰ ਕੇ ਕੀਤੀ ਹੈ ਉਸ ਵਿੱਚ ਸਾਰੀਆਂ ਸ਼ਕਤੀਆਂ ਦਾ ਸ੍ਰੋਤ ਸਰਬਸ਼ਕਤੀਮਾਨ ਪਰਮਾਤਮਾ ਨੂੰ ਮੰਨਿਆ ਗਿਆ ਹੈ । ਇਹ ਵੀ ਸਪੱਸ਼ਟ ਹੈ ਨਾਨਕ ਰਾਜ ਅਕਾਲ ਪੁਰਖ ਦੀ ਇੱਛਾ ਅਨੁਸਾਰ ਹੀ ਸੰਭਵ ਹੋ ਸਕਿਆ ਹੈ । ਗੁਰੂ ਪਾਤਸ਼ਾਹ ਪਾਸ ਅਥਾਹ ਸ਼ਕਤੀਆਂ ਦਾ ਭੰਡਾਰ ਹੈ ਉਹ ਉਸ ਨੂੰ ਪਰਮਸ਼ਕਤੀ ਅਕਾਲ ਪੁਰਖ ਪਾਸੋਂ ਬਖ਼ਸ਼ਿਸ਼ ਵਿੱਚ ਮਿਲਿਆ ਹੈ । ਗੁਰੂ ਸਰੀਰ ਵਿੱਚ ਪਰਮਾਤਮਾ ਦੀ ਜੋਤ ਹੀ ਕਾਰਜਸ਼ੀਲ ਹੈ । (ਹਵਾਲਾ-ਰਾਜ ਦਾ ਸਿੱਖ ਸੰਕਲਪ, ਲੇਖਕ ਡਾ: ਜਸਪਾਲ ਸਿੰਘ)
ਗੁਰੂ ਪਰੰਪਰਾ ਵਿੱਚ ਨਿਰੰਤਰਤਾ -ਗੁਰੂ ਨਾਨਕ ਸਾਹਿਬ ਦੇ ਸਰੀਰ ਵਿੱਚ ਜਿਹੜੀ ਰਬੀ ਜੋਤ ਕ੍ਰਿਆਸ਼ੀਲ ਸੀ ਉਹੀ ਜੋਤ ਬਾਅਦ ਵਿੱਚ ਦੂਜੇ ਗੁਰੂ ਸਾਹਿਬਾਨ ਵਿੱਚ ਵਰਤ ਰਹੀ ਸੀ । ਜਿਹੜੀ ਜੁਗਤ ਨਾਲ ਗੁਰੂ ਨਾਨਕ ਸਾਹਿਬ ਨੇ ਸੱਚ ਦੇ ਰਾਜ ਦੀ ਕਾਇਮੀ ਕੀਤੀ, ਉਸੇ ਜੁਗਤ ਨਾਲ ਉਨ੍ਹਾਂ ਤੋਂ ਬਾਅਦ ਸਿੱਖ ਗੁਰੂਆਂ ਨੇ ਨਾਨਕ ਰਾਜ ਨੂੰ ਅਗਾਂਹ ਵਧਾਇਆ । ਕਾਇਆ ਜਰੂਰ ਬਦਲਦੀ ਰਹੀ ਹੈ ਪਰ ਜੋਤਿ ਤੇ ਜੁਗਤਿ ਸਾਰੇ ਗੁਰੂ ਸਾਹਿਬਾਨ ਦੀ ਇਕ ਹੀ ਸੀ । ਅਰਥਾਤ-ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ (ਗੁਰੂ ਗ੍ਰੰਥ ਸਾਹਿਬ ਅੰਕ 966) ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਿਖੜਵੇਂ ਅੰਗ ਹਨ । ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਹਰੀ ਸਰੂਪ ਹੈ, ਏਸ ਰੂਪ ਵਿੱਚ ਹੀ ਇਹ ਹਰ ਸਿੱਖ ਦੀ ਅੰਤਰ-ਆਤਮਾ ਅੰਦਰ ਉਸਰਿਆ ਹੋਇਆ ਹੈ ਅਤੇ ਇਹ ਗੁਰਬਾਣੀ ਵਾਂਗ ਹੀ ਥਿਰੁ ਹੈ ਭਾਵ-ਥਿਰੁ ਨਰਾਇਣੁ ਥਿਰ ਗੁਰੂ ਥਿਰੁ ਸਾਚਾ ਬੀਚਾਰੁ (ਗੁ: ਗ੍ਰੰ: ਸਾ: ਅੰਕ 929) ਅਤੇ ਇਸ ਦੀ ਹੋਂਦ ਮਨੁੱਖਤਾ ਦੇ ਸਦੀਵੀ ਭਲੇ ਦੀ ਜਾਮਨ ਹੈ । ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਟੈਂਕਾਂ ਨਾਲ ਢਾਹੁਣ ਵਾਲੇ ਮਹਾਂ-ਮੂੜ ਲੋਕ ਇਹ ਨਹੀਂ ਜਾਣਦੇ ਕਿ ਅਸਲ ਤਖ਼ਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸ਼ਬਦਾਂ ਦੀਆਂ ਇੱਟਾਂ ਨਾਲ ਉਸਰਦਾ ਹੈ (ਸ: ਗੁਰਤੇਜ ਸਿੰਘ) ਅੰਤ ਵਿੱਚ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਹੱਥਲਾ ਲੇਖ ਲਿਖਣ ਦੀ ਲੋੜ ਕਿਉਂ ਪਈ ? ਐੱਲ:ਕੇ: ਅਡਵਾਨੀ ਆਪਣੀ ਮਾਈ ਕੰਟਰੀ ਲਾਈਫ ਦੇ ਪੰਨਾ 430/431 ਉੱਤੇ ਦਰਬਾਰ ਸਾਹਿਬ ਦੀ ਗੋਲਡਨ ਟੈਂਪਲ ਭਾਵ-ਸਵਰਨ ਮੰਦਰ ਵਜੋਂ ਵਿਆਖਿਆ ਕਰਦਾ ਹੋਇਆ ਲਿਖਦਾ ਹੈ : ਰਾਸ਼ਟਰ ਵਿਰੋਧੀ ਕਾਬਜਾਂ ਨੇ ਮੰਦਰ ਸਮੂਹ ਦੀਆਂ ਸਾਰੀਆਂ ਇਮਾਰਤਾਂ ਨੂੰ ਜਿਨ੍ਹਾਂ ਦੀ ਆਪਣੀ ਆਪਣੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਹੈ ਮੋਰਚਾ ਬੰਦੀ ਵਿੱਚ ਬਦਲ ਦਿੱਤਾ ਸੀ । ਇਸ ਨਾਲ ਭਾਰਤੀ ਫੌਜ ਦਾ ਕਾਰਜ ਅਤੀ ਕਠਿਨ ਹੋ ਗਿਆ ਸੀ ਕਿਉਂਕਿ ਫੌਜ ਨੂੰ ਸਵਰਨ ਮੰਦਰ ਦੀ ਪਤਿੱਰਤਾ ਨੂੰ ਬਚਾਉਣ ਲਈ ਕਾਫੀ ਸਾਵਧਾਨੀ ਵਰਤਣੀ ਪਈ ਸੀ । ਇਸੇ ਤਰ੍ਹਾਂ ਸੰਤ ਭਿੰਡਰਾਂ ਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ ਦੇ ਪੰਨਾ 201 ਉੱਤੇ ਸ: ਜਸਪਾਲ ਸਿੰਘ ਸਿੱਧੂ ਲਿਖਦੇ ਹਨ : ਬਾਬੇ ਸਿੰਧੀ ਨੇ ਕਿਹਾ ਉਨ੍ਹਾਂ ਨੂੰ ਦਰਬਾਰ ਸਾਹਿਬ ਦੇ ਵਿਲਖਣ ਰੁਤਬੇ (ੀਞÍਣੂਟਾਂਭਣਟਣਥਯ) ਦੀ ਸਮਝ ਨਹੀਂ ਪੈਂਦੀ । ਸਰਕਾਰ ਵੱਲੋਂ ਦਰਬਾਰ ਸਾਹਿਬ ਨੂੰ ਹਿੰਦੂ-ਮੰਦਰਾਂ ਦੀ ਤਰਜ਼ ਉੱਤੇ ਸਿੱਖ ਮੰਦਰ ਪੇਸ਼ ਕਰਨ ਦੀ ਰਣਨੀਤੀ ਨੂੰ ਉਹ ਨਹੀਂ ਸਮਝਦੇ, ਇਹੋ ਹੀ ਰਣਨੀਤੀ ਸੀ ਜਿਸ ਕਰਕੇ ਇੰਦਰਾ ਗਾਂਧੀ ਨੇ ਫੌਜੀ ਜਨਰਲਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਸਨ ਕਿ ਹਰਿਮੰਦਰ ਸਾਹਿਬ ਉੱਤੇ ਕੋਈ ਗੋਲੀ ਨਹੀਂ ਵੱਜਣੀ ਚਾਹੀਦੀ, ਉਸ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ । ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਨੂੰ ਧਾਰਮਿਕ ਪਵਿੱਤਰਤਾ ਅਤੇ ਆਸਥਾ ਦੇ ਪੱਧਰ ਉੱਤੇ ਅਲੱਗ-ਅਲੱਗ ਕਰਨਾ ਹੀ ਸਿੱਖ ਧਰਮ ਦਾ ਹਿੰਦੂਕਰਨ ਕਰਨਾ ਹੈ ।
ਸਿੱਖ ਕੌਮ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਖ਼ਤਮ ਕਰਨ ਲਈ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਲਈ ਆਰ।ਐੱਸ।ਐੱਸ। ਤੇ ਭਾਜਪਾ ਦਾ ਪੂਰਾ ਜੋਰ ਲੱਗਾ ਹੋਇਆ, ਪਰ ਸਿੱਖ ਸੰਸਥਾਵਾਂ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਤੇ ਸਿੱਖ ਧਰਮ ਦੇ ਨਿਆਰੇਪਣ ਨੂੰ ਬਚਾਉਣ ਲਈ ਕੋਈ ਉਪਰਾਲੇ ਕਰਦੀਆਂ ਨਜ਼ਰ ਨਹੀਂ ਆਉਂਦੀਆਂ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਸਮੁੱਚੇ ਪੰਥ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ