image caption:

ਮਹਾਰਾਸ਼ਟਰ ਵਿਚ ਲਿਵ-ਇਨ ਪਾਰਟਨਰ ਦਾ ਕੀਤਾ ਕਤਲ, ਮੁਲਜ਼ਮ ਨੇ ਸੂਟਕੇਸ ਵਿਚ ਰੱਖਕੇ ਲਾਸ਼ ਨੂੰ ਪਹਾੜੀ ਤੋਂ ਹੇਠਾਂ ਸੁੱਟਿਆ

 ਪਾਲਘਰ : ਮਹਾਰਾਸ਼ਟਰ ਦੇ ਪਾਲਘਰ ਵਿਚ 28 ਸਾਲਾ ਲਿਵ-ਇਨ ਪਾਰਟਨਰ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਪਹਿਲਾਂ ਔਰਤ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਸੂਟਕੇਸ ਵਿੱਚ ਪੈਕ ਕਰਕੇ ਗੁਜਰਾਤ ਦੇ ਵਲਸਾਡ ਵਿੱਚ ਇੱਕ ਨਦੀ ਵਿੱਚ ਸੁੱਟ ਦਿੱਤਾ।
ਇਸ ਕਤਲ ਵਿਚ ਮੁਲਜ਼ਮ ਦੀ ਪਤਨੀ ਨੇ ਵੀ ਸਾਥ ਦਿੱਤਾ ਸੀ, ਪੁਲਿਸ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਔਰਤ ਨੇ ਉਸ 'ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਉਸ ਦਾ ਕਤਲ ਕਰ ਦਿੱਤਾ ਸੀ।
ਮੁਲਜ਼ਮ ਦੀ ਪਹਿਚਾਣ ਮਨੋਹਰ ਸ਼ੁਕਲਾ ਵਜੋਂ ਹੋਈ ਹੈ ਜੋ ਮੁੰਬਈ ਵਿੱਚ ਕਾਸਟਿਊਮ ਡਿਜ਼ਾਈਨਰ ਵਜੋਂ ਕੰਮ ਕਰਦਾ ਹੈ। ਉਹ ਮੇਕਅੱਪ ਆਰਟਿਸਟ ਨੈਨਾ ਮਹਤ ਨਾਲ ਪੰਜ ਸਾਲ ਤੱਕ ਰਿਲੇਸ਼ਨਸਿ਼ਪ ਵਿੱਚ ਸੀ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਨੈਨਾ ਮਨੋਹਰ 'ਤੇ ਵਿਆਹ ਲਈ ਦਬਾਅ ਬਣਾ ਰਹੀ ਸੀ।
ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਮਨੋਹਰ ਵਿਰੁੱਧ ਪੁਲਸ ਕੋਲ ਬਲਾਤਕਾਰ ਦੀ ਸਿ਼ਕਾਇਤ ਦਰਜ ਕਰਵਾਈ। ਸ਼ੁਕਲਾ ਨੇ ਉਸ ਨੂੰ ਕੇਸ ਵਾਪਿਸ ਲੈਣ ਲਈ ਕਿਹਾ। ਜਦੋਂ ਨੈਨਾ ਨੇ ਇਨਕਾਰ ਕਰ ਦਿੱਤਾ ਤਾਂ ਮਨੋਹਰ ਨੇ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਮੁਤਾਬਕ ਇਹ ਘਟਨਾ 9 ਤੋਂ 12 ਅਗਸਤ ਦਰਮਿਆਨ ਵਾਪਰੀ। 12 ਅਗਸਤ ਨੂੰ ਨੈਨਾ ਨੂੰ ਉਸ ਦੀ ਭੈਣ ਨੇ ਬੁਲਾਇਆ। ਜਦੋਂ ਕਈ ਵਾਰ ਫੋਨ ਕਰਨ ਤੋਂ ਬਾਅਦ ਵੀ ਫੋਨ ਨਹੀਂ ਚੁੱਕਿਆ ਗਿਆ ਤਾਂ ਉਸ ਨੇ ਮਨੋਹਰ ਨੂੰ ਇਸ ਬਾਰੇ ਪੁੱਛਿਆ। ਮਨੋਹਰ ਨੇ ਦੱਸਿਆ ਕਿ ਨੈਨਾ ਦਾ ਫੋਨ ਖਰਾਬ ਹੈ। ਅਗਲੇ ਦਿਨ ਵੀ ਜਦੋਂ ਭੈਣ ਨੇ ਨੈਨਾ ਦੀ ਸੋਸ਼ਲ ਮੀਡੀਆ 'ਤੇ ਕੋਈ ਅਪਡੇਟ ਨਹੀਂ ਦੇਖੀ ਤਾਂ ਉਸ ਨੂੰ ਸ਼ੱਕ ਹੋ ਗਿਆ।
14 ਅਗਸਤ ਨੂੰ ਪੀੜਤਾ ਦੀ ਭੈਣ ਨੇ ਨਾਇਗਾਓਂ ਪੁਲਿਸ ਕੋਲ ਲਾਪਤਾ ਹੋਣ ਦੀ ਸਿ਼ਕਾਇਤ ਦਰਜ ਕਰਵਾਈ ਸੀ। ਐੱਫ.ਆਈ.ਆਰ. ਮੁਤਾਬਕ ਪੀੜਤਾ ਨੇ ਇਕ ਵਾਰ ਆਪਣੀ ਭੈਣ ਨੂੰ ਕਿਹਾ ਸੀ ਕਿ ਉਸ ਨੂੰ ਡਰ ਹੈ ਕਿ ਮਨੋਹਰ ਉਸ ਨੂੰ ਮਾਰ ਦੇਵੇਗਾ।