image caption:

ਦਰਬਾਰ ਸਾਹਿਬ ਸਮੂਹ ਵਿਚ ਮਹਿਕੇ ਚਾਲੀ ਤੋਂ ਵੱਧ ਕਿਸਮਾਂ ਦੇ ਫੁੱਲ

 ਅੰਮ੍ਰਿਤਸਰ- ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਭਲਕੇ 16 ਸਤੰਬਰ ਨੂੰ ਇੱਥੇ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਨੂੰ ਫੁੱਲਾਂ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਜਾਇਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਸਮੂਹ &rsquoਚ ਅੱਜ ਸੱਚਖੰਡ ਵਿਖੇ, ਦਰਸ਼ਨੀ ਡਿਉਢੀ ਵਾਲੇ ਪੁਲ ਤੇ ਦਰਸ਼ਨੀ ਡਿਉਢੀ ਨੂੰ, ਸ੍ਰੀ ਅਕਾਲ ਤਖ਼ਤ ਅਤੇ ਚਾਰੋਂ ਦਿਸ਼ਾਵਾਂ ਵਿੱਚ ਬਣੀਆਂ ਛਬੀਲਾਂ ਵਾਲੇ ਸਥਾਨ ਨੂੰ ਫੁੱਲਾਂ ਦੀਆਂ ਵੰਨ-ਸੁਵੰਨੀਆਂ 40-50 ਕਿਸਮਾਂ ਨਾਲ ਸ਼ਿੰਗਾਰਿਆ ਗਿਆ ਹੈ। ਫੁੱਲਾਂ ਦੀ ਸਜਾਵਟ ਨਾਲ ਇਸ ਅਲੌਕਿਕ ਅਸਥਾਨ ਦੀ ਦਿੱਖ ਹੋਰ ਵੀ ਸੁੰਦਰ ਲੱਗ ਰਹੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਸ ਸਜਾਵਟ ਵਾਸਤੇ ਫੁੱਲਾਂ ਦੇ ਲਗਪਗ ਪੰਜ ਟਰੱਕ ਲੱਗੇ ਹਨ ਜੋ ਦੇਸ਼-ਵਿਦੇਸ਼ ਤੋਂ ਮੰਗਵਾਏ ਗਏ ਹਨ। ਫੁੱਲਾਂ ਨਾਲ ਸਜਾਵਟ ਦੀ ਇਹ ਸੇਵਾ ਇਸ ਵਾਰ ਸਥਾਨਕ ਸੰਗਤ ਵੱਲੋਂ ਕੀਤੀ ਗਈ ਹੈ। ਇਸ ਸਜਾਵਟ ਵਾਸਤੇ ਲਗਪਗ 125 ਕਾਰੀਗਰ ਅਤੇ ਇਸ ਤੋਂ ਵੱਧ ਸ਼ਰਧਾਲੂ ਲੱਗੇ ਹੋਏ ਹਨ। ਇਸ ਵਾਰ ਗੁਰਦੁਆਰਾ ਰਾਮਸਰ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ ਹੈ ਜਿੱਥੇ ਅੱਜ ਰਾਤ ਗੁਰਮਤਿ ਸਮਾਗਮ ਚੱਲ ਰਿਹਾ ਹੈ। ਭਲਕੇ ਇਸ ਅਸਥਾਨ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਤੇ ਪਾਵਨ ਸਰੂਪ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਂਦਾ ਜਾਵੇਗਾ। ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਵਧਾਈ ਦਿੱਤੀ ਹੈ।