image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਜੇ ਸਿੱਖ (ਖਾਲਸਤਾਨੀ) ਨਾ ਹੁੰਦੇ ਤਾਂ ਭਾਰਤ ਦਾ ਕੋਈ ਵਜੂਦ ਨਹੀਂ ਸੀ ਹੋਣਾ ਅਤੇ ਜੇ ਪੰਥ ਖ਼ਾਲਸਾ ਅਬਦਾਲੀ ਨਾਲ ਹਿੱਕ ਡਾਹ ਕੇ ਨਾਂ ਲੜਦਾ ਤਾਂ ਫਿਰ ਭਾਰਤ ਕਾਬਲ ਦਾ ਹਿੱਸਾ ਹੋਣਾ ਸੀ

ਸਿੱਖਾਂ ਲਈ ਖਾਲਸਤਾਨੀ ਸ਼ਬਦ ਵਰਤ ਕੇ ਨਫ਼ਰਤ ਫੈਲਾਊ ਹਿੰਦੂਤਵੀ ਗੋਦੀ ਮੀਡੀਆ ਸਿੱਖਾਂ ਨੂੰ ਬਦਨਾਮ ਕਰਨ ਲਈ ਨਿਰਮੂਲ ਕਾਂਵਾ ਰੌਲੀ ਪਾ ਰਿਹਾ ਹੈ । ਹੱਥਲੇ ਲੇਖ ਵਿੱਚ ਵਿਚਾਰ ਕਰਾਂਗੇ ਸਿੱਖੀ ਸਿਧਾਂਤਾਂ ਅਨੁਸਾਰ ਹਰ ਸਿੱਖ ਖਾਲਸਤਾਨੀ ਹੈ । ਸਿੱਖ ਕੌਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਕੀਤੀ ਜਾਂਦੀ ਦੋ ਵੇਲੇ ਦੀ ਅਰਦਾਸ ਵਿੱਚ ਖ਼ਾਲਸਾ ਸ਼ਬਦ ਸਮੂਹਿਕ ਸਿੱਖ ਚੇਤਨਾ ਨੂੰ ਉਜਾਗਰ ਕਰਨ ਲਈ ਸਮੁੱਚੇ ਖ਼ਾਲਸਾ ਪੰਥ ਲਈ ਵਰਤਿਆ ਜਾਂਦਾ ਹੈ ਅਰਥਾਤ : 
ਪ੍ਰਿਥਮੇ ਸਰਬੱਤ ਖ਼ਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖ਼ਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ । ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫ਼ਤਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖ਼ਾਲਸੇ ਜੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ । ਖ਼ਾਲਸਾ ਪੰਥ ਦਾ ਰਾਜਸੀ ਨਿਸ਼ਾਨਾ ਨਿਸ਼ਚੇ ਤੌਰ ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ, ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖ਼ਾਲਸਾ ਪੰਥ ਦੇ ਮਨ ਮੰਦਰ ਵਿੱਚ ਉਕਰਿਆ ਚੱਲਿਆ ਆ ਰਿਹਾ ਹੈ, ਜਿਸ ਦਾ ਮਨੋਰਥ ਖ਼ਾਲਸੇ ਜੀ ਦੇ ਬੋਲ ਬਾਲੇ ਹੈ, ਖ਼ਾਲਸੇ ਦਾ ਵਿਸ਼ਲੇਸ਼ਣ ਖਾਲਸਤਾਨੀ ਹੈ । ਖ਼ਾਲਸਾ ਜੀ ਦੇ ਬੋਲ ਬਾਲੇ ਦੀ ਵਿਆਖਿਆ ਸੰਵਾਦ ਕਿਤਾਬਚੇ ਵਿੱਚ ਦਰਜ ਹੈ : ਪਾਤਸ਼ਾਹੀ ਦੇ ਸਿਧਾਂਤ ਅਨੁਸਾਰ ਅਕਾਲ ਪੁਰਖ ਤੋਂ ਇਲਾਵਾ ਖ਼ਾਲਸਾ ਪੰਥ ਹੋਰ ਕਿਸੇ ਵੀ ਤਾਕਤ, ਵਿਚਾਰ ਜਾਂ ਰਾਜ ਪ੍ਰਬੰਧ ਦੀ ਅਧੀਨਗੀ ਜਾਂ ਗੁਲਾਮੀ ਕਿਸੇ ਵੀ ਰੂਪ ਵਿੱਚ ਕਬੂਲ ਨਹੀਂ ਕਰ ਸਕਦਾ । ਖ਼ਾਲਸਾ ਪੰਥ ਸਿਰਫ਼ ਅਕਾਲ ਪੁਰਖ ਦੀ ਅਧੀਨਗੀ ਕਬੂਲ ਕਰਦਾ ਹੈ ਅਤੇ ਇਸ ਸਿਧਾਂਤ ਅਨੁਸਾਰ ਪੰਥ ਦੇ ਅਮਲ, ਸਰਗਰਮੀ ਅਤੇ ਸੁਤੰਤਰਤਾ ਨੂੰ ਸੀਮਤ ਜਾਂ ਕਾਬੂ ਕਰਨ ਦਾ ਹੱਕ ਕਿਸੇ ਵੀ ਤਾਕਤ ਕੋਲ ਨਹੀਂ ਹੈ । 
ਜਦੋਂ ਵੀ ਕੋਈ ਤਾਕਤ ਖ਼ਾਲਸਾ ਪੰਥ ਦੀ ਸੁਤੰਤਰ ਹੋਂਦ ਨੂੰ ਕਾਬੂ ਜਾਂ ਸੀਮਤ ਕਰਨ ਦਾ ਯਤਨ ਕਰਦੀ ਹੈ ਜਾਂ ਰੱਬੀ ਹੁਕਮਾਂ ਦੀ ਉਲੰਘਣਾ ਕਰਕੇ ਜੁਲਮੀ ਰਾਜ ਸਥਾਪਤ ਕਰਦੀ ਹੈ ਤਾਂ ਖ਼ਾਲਸਾ ਪੰਥ ਉਸ ਨੂੰ ਜੜ੍ਹੋਂ ਪੱਟ ਕੇ ਸਰਬਤ ਦੇ ਭਲੇ ਵਾਲਾ ਪ੍ਰਬੰਧ ਸਿਰਜਣ ਲਈ ਦ੍ਰਿੜਤਾ ਨਾਲ ਜੱਦੋ-ਜਹਿਦ ਕਰਦਾ ਹੈ । (ਹਵਾਲਾ ਸੰਵਾਦ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, 6 ਜੂਨ 2020) 
ਸਤਾਰਵੀਂ, ਅਠਾਰਵੀਂ ਸਦੀ ਦਾ ਪਠਾਣਾਂ ਤੇ ਮੁਗ਼ਲ ਸਾਮਰਾਜ ਨਾਲ ਸਿੱਖ ਧਰਮ, ਸਿੱਖ ਪੰਥ ਦਾ ਸੰਘਰਸ਼ ਕੋਈ ਐਵੇਂ ੳਪਰੀ ਤੇ ਇਤਫਾਕੀਆ ਘਟਨਾ ਨਹੀਂ ਸੀ, ਸਗੋਂ ਬੁਨਿਆਦੀ, ਆਤਮਿਕ ਤੇ ਸਮਾਜਿਕ ਸਿਧਾਂਤਾਂ ਦਾ ਘੋੋਰ ਸੰਘਰਸ਼ ਤੇ ਭੇੜ ਸੀ, ਜਿਸ ਵਿੱਚੋਂ ਖ਼ਾਲਸਾ ਪੰਥ ਜੇਤੂ ਹੋ ਕੇ ਨਿਕਲਿਆ । ਜੇਕਰ ਖ਼ਾਲਸਾ ਪੰਥ ਏਸ਼ੀਆ ਦੇ ਜੇਤੂ ਜਰਨੈਲ ਅਹਿਮਦ ਸ਼ਾਹ ਅਬਦਾਲੀ ਨੂੰ ਮੈਦਾਨੇ-ਜੰਗ ਵਿੱਚੋਂ ਨਾ ਭਜਾਉਂਦਾ ਤਾਂ ਅੱਜ ਭਾਰਤ ਤੇ ਅਫ਼ਗਾਨਾਂ ਦਾ ਰਾਜ ਹੋਣਾ ਸੀ ਤੇ ਗੋਦੀ ਮੋਦੀ ਮੀਡੀਏ ਵਾਲੇ ਹਿੰਦੂਤਵੀ, ਅਫ਼ਗਾਨਾਂ ਦੇ ਗੁਲਾਮ ਹੋਣੇ ਸੀ, ਇਹ ਸਿੱਖ (ਖਾਲਸਤਾਨੀ) ਹੀ ਹਨ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਗੋਦੀ ਮੋਦੀ ਮੀਡੀਆ ਵਾਲੇ ਆਪ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ ਤੇ ਸਿੱਖਾਂ ਉੱਤੇ ਖਾਲਸਤਾਨੀਆਂ ਦਾ ਲੇਬਲ ਲਾਅ ਉਨ੍ਹਾਂ ਨੂੰ ਅੱਤਵਾਦੀ ਤੇ ਵੱਖਵਾਦੀ ਆਖ ਕੇ ਭੰਡ ਰਹੇ ਹਨ । ਸਿੱਖਾਂ ਵਿਰੁੱਧ ਕਾਵਾਂ ਰੌਲੀ ਪਾਉਣ ਵਾਲੇ ਹਿੰਦੂਤਵੀ ਐਂਕਰਾਂ ਨੂੰ ਚੱਪਣੀ ਵਿੱਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ 1947 ਤੋਂ ਪਹਿਲਾਂ ਵਾਲੀ ਆਪਣੀ ਔਕਾਤ ਯਾਦ ਰੱਖਣੀ ਚਾਹੀਦੀ ਹੈ । 1940 ਤੱਕ ਅਲੀਗੜ੍ਹ ਵਿੱਚ ਮੁਸਲਮਾਨਾਂ ਵੱਲੋਂ ਹਿੰਦੂਆਂ ਨੂੰ ਰਾਮਨੌਮੀ ਦੇ ਮੌਕੇ ਕੋਈ ਸ਼ੋਭਾ ਯਾਤਰਾ ਨਹੀਂ ਸੀ ਕੱਢਣ ਦਿੱਤੀ ਜਾਂਦੀ । ਹਿੰਦੂਆਂ ਦੀ ਕੋਈ ਸੁਣਵਾਈ ਨਹੀਂ ਸੀ । 1940 ਵਿੱਚ ਹਿੰਦੂ ਆਗੂਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਸ: ਸਾਧੂ ਸਿੰਘ ਭੌਰਾ ਪਾਸ ਬੇਨਤੀ ਕੀਤੀ । ਰਾਮਨੌਮੀ ਦੇ ਮੌਕੇ &lsquoਤੇ ਪਹਿਲੀ ਸ਼ੋਭਾ ਯਾਤਰਾ ਜਥੇਦਾਰ ਸਾਧੂ ਸਿੰਘ ਭੌਰਾ ਦੀ ਅਗਵਾਈ ਹੇਠ ਸਿੱਖਾਂ ਦੀ ਮਦਦ ਨਾਲ ਅੰਮ੍ਰਿਤਸਰ ਅਤੇ ਅਲੀਗੜ੍ਹ ਵਿੱਚ ਹਿੰਦੂਆਂ ਨੇ ਕੱਢੀ । 
ਅਠਾਰਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਨੇ ਨਵਾਂ ਇਤਿਹਾਸ ਸਿਰਜਿਆ ਤਾਂ ਉਸ ਘਟਨਾਕ੍ਰਮ ਨੂੰ ਸਿਰਦਾਰ ਕਪੂਰ ਸਿੰਘ ਨੇ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ : ਇਹ ਗੁਰੂ ਨਾਨਕ ਹੀ ਸਨ ਜਿਨ੍ਹਾਂ ਨੇ ਪਹਿਲੀ ਵਾਰ ਦੇਸ਼ ਦੇ ਇਤਿਹਾਸ ਵਿੱਚ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਵੀ ਪਹਿਲੀ ਵਾਰ ਇਹ ਅਵਾਜ਼ ਬੁਲੰਦ ਕੀਤੀ ਕਿ ਉਨ੍ਹਾਂ ਚਿਰ ਤੱਕ ਚੰਗਾ ਲੋਕਰਾਜੀ ਸੱਭਿਆਚਾਰ ਕਾਇਮ ਨਹੀਂ ਹੋ ਸਕਦਾ ਜਦ ਤੱਕ ਕਿ ਇਸਤਰੀ ਨੂੰ ਮਰਦ ਦੇ ਬਰਾਬਰ ਪੂਰਾ ਪੂਰਾ ਦਰਜਾ ਤੇ ਹੱਕ ਨਾ ਦਿੱਤਾ ਜਾਵੇ । ਆਪਣੇ ਉਪਦੇਸ਼ਾਂ ਰਾਹੀਂ ਗੁਰੂ ਨਾਨਕ ਨੇ ਨਾ ਕੇਵਲ ਇਕ ਰਾਜਸੀ ਕੌਮ ਦੀ ਹੀ ਸਿਰਜਨਾ ਕੀਤੀ ਸਗੋਂ ਅਜੋਕੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ, ਸ਼ਬਦ ਪੰਜਾਬ ਇਕ ਅੱਡਰੇ ਰਾਜਸੀ ਖੇਤਰ (ਸਿੱਖ ਹੋਮ ਲੈਂਡ) ਦੇ ਨਾਂ ਨਾਲ ਉਭਰਿਆ । ਇਹ ਪੰਜਾਬ ਗੁਰੂ ਗੋਬਿੰਦ ਸਿੰਘ ਤੋਂ ਸੌ ਕੁ ਸਾਲ ਮਗਰੋਂ ਆਪਣੀਆਂ ਸਿਆਸੀ ਸਰਹੱਦਾਂ ਰਾਹੀਂ ਪਿਸ਼ਾਵਰ ਤੋਂ ਪਾਨੀਪਤ ਅਤੇ ਗਿਲਗਤ ਤੋਂ ਸਪਿਤੀ ਤੱਕ ਫੈਲਿਆ । ਭਾਰਤ ਦੇ ਲਿਖਤੀ ਇਤਿਹਾਸ ਵਿੱਚ ਪਹਿਲੀ ਵਾਰ ਕੁਦਰਤੀ ਹਮਲਿਆਂ ਤੇ ਬਾਹਰੋਂ ਆਉਣ ਵਾਲਿਆਂ ਦਾ ਰੁੱਖ ਉੱਤਰ-ਪੱਛਮ ਤੋਂ ਦੱਖਣ-ਪੂਰਬ ਦੀ ਥਾਂ ਦੱਖਣ-ਪੂਰਬ ਤੋਂ ਉੱਤਰ-ਪੱਛਮ ਵੱਲ ਮੋੜ ਦਿੱਤਾ ਗਿਆ ਅਤੇ 19ਵੀਂ ਸਦੀ ਵਿੱਚ ਕਾਬਲ ਤੇ ਗ਼ਜਨੀ ਦੀਆਂ ਗਲੀਆਂ ਵਿੱਚ ਇਸ ਤਬਦੀਲੀ ਦੇ ਸਬੂਤ ਵਜੋਂ ਸਤਿ ਸ੍ਰੀ ਅਕਾਲ ਦੇ ਜੰਗੀ ਜੈਕਾਰੇ ਗੂੰਜਦੇ ਸੁਣੇ ਗਏ ਅਤੇ ਮਹਿਮੂਦ ਗਜਨੀ ਗਿਆਰਵੀਂ ਸਦੀ ਵਿੱਚ ਹਿੰਦੂਆਂ ਦੇ ਮੰਦਿਰ ਸੋਮਨਾਥ ਦੇ ਦਰਵਾਜੇ ਪੁੱਟ ਕੇ ਲੈ ਗਿਆ ਸੀ, ਉਹ ਵਾਪਸ ਲਿਆਂਦੇ (ਨੋਟ-ਇਹ ਹਮਲਿਆਂ ਦਾ ਰੱੁਖ ਮੋੜ ਕੇ ਸੋਮਨਾਥ ਮੰਦਿਰ ਦੇ ਦਰਵਾਜੇ ਮੋੜ ਕੇ ਲਿਆਉਣ ਵਾਲੇ ਸਿੱਖ (ਖਾਲਸਤਾਨੀ) ਹੀ ਸਨ । 
ਇਥੇ ਇਹ ਦੱਸਣਾ ਵੀ ਕੁਥਾਂਹ ਨਹੀਂ ਹੋਵੇਗਾ ਕਿ ਸਿੱਖਾਂ ਅਤੇ ਖ਼ਾਲਸੇ ਵਿੱਚਕਾਰ ਨਿਖੇੜ ਦੀ ਇਹ ਸ਼ਰਾਰਤ ਵੀਹਵੀਂ ਸਦੀ ਵਿੱਚ ਕਰਮ ਚੰਦ ਗਾਂਧੀ ਨੇ ਇਕ ਖ਼ਾਸ ਮੰਤਵ ਨਾਲ ਕੀਤੀ ਸੀ ਅਤੇ ਉਦੋਂ ਤੋਂ ਹੀ ਭਾਰਤੀ ਸਿਆਸਤ ਵਿੱਚ ਚਾਲਕ-ਸ਼ਕਤੀ ਦਾ ਕੰਮ ਕਰ ਰਹੀ ਹੈ ਤੇ ਜਦੋਂ ਤੋਂ 1947 ਵਿੱਚ ਉਪਰਲੀਆਂ ਜਾਤਾਂ ਦੇ ਹਿੰਦੂਆਂ ਹੱਥ ਸੱਤਾ ਆਈ ਹੈ । ਜੇਕਰ ਭਾਰਤ ਵਿੱਚ ਸਿੱਖ ਨਾ ਹੁੰਦੇ ਤਾਂ ਅੱਜ ਵਾਲਾ ਭਾਰਤ ਨਹੀਂ ਸੀ ਹੋਣਾ, ਕਿਸੇ ਸ਼ਾਇਰ ਨੇ ਕਿਹਾ ਹੈ : ਅਗਰ ਸ਼ਾਮਿਲ ਨਾ ਹੋ ਕਿੱਸਾ ਹਮਾਰਾ, ਤੁਮਹਾਰੀ ਦਾਸਤਾਨ ਕੁਛ ਭੀ ਨਹੀਂ ਹੈ । ਸਿੱਖ ਕੌਮ ਨੇ ਭਾਰਤ ਨੂੰ ਇਸ ਦੇ ਸਭ ਤੋਂ ਵੱਧ ਤੇ ਸਭ ਤੋਂ ਵਧੀਆ ਜਨਰਲ, ਇੰਜੀਨੀਅਰ, ਖਿਡਾਰੀ, ਅਰਥ ਸ਼ਾਸਤਰੀ, ਰਣਨੀਤੀਕਾਰ ਅਤੇ ਸਾਹਸੀ ਵਿਅਕਤੀ ਦਿੱਤੇ ਹਨ, ਜਿਨ੍ਹਾਂ ਨੇ ਭਾਰਤ ਦੇ ਇਤਿਹਾਸ ਨੂੰ ਚਾਰ ਚੰਨ ਲਾਏ ਹਨ । ਕਾਮਨਵੈਲਥ ਦੇਸ਼ਾਂ ਦੀ ਸਭ ਤੋਂ ਵੱਧ ਸਨਮਾਨਿਤ ਫੌਜੀ ਆਰਮੀ ਬਟਾਲੀਅਨ, ਕਾਮਨਵੈਲਥ ਦਾ ਸਭ ਤੋਂ ਵੱਧ ਸਨਮਾਨਿਤ ਫਾਈਟਰ ਪਾਇਲਟ, ਭਾਰਤ ਦਾ ਸਭ ਤੋਂ ਵੱਧ ਸਨਮਾਨਿਤ ਐਥਲੀਟ-ਇਹ ਸਾਰੇ ਸਿੱਖ ਹੀ ਸਨ । ਸਿੱਖਾਂ ਨੇ ਭਾਰਤ ਨੂੰ ਅਜੇ ਤੱਕ ਕਿਧਰੇ ਵੀ ਸ਼ਰਮਸਾਰ ਨਹੀਂ ਹੋਣ ਦਿੱਤਾ, ਸਗੋਂ ਹਰ ਸਮੇਂ ਇਸ ਦੀ ਆਨ ਤੇ ਸ਼ਾਨ ਬਰਕਰਾਰ ਰੱਖੀ ਹੈ । ਇਥੋਂ ਤੀਕ ਕਿ 1965 ਦੀ ਲੜਾਈ ਵਿੱਚ ਜੇਕਰ ਭਾਰਤ ਦੇ ਇਕ ਵੱਡਮੁੱਲੇ ਹਿੱਸੇ (ਤਰਨ-ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਇਥੋਂ ਤੱਕ ਕਿ ਜੰਮੂ ਐਂਡ ਕਸ਼ਮੀਰ) ਤੇ ਪਾਕਿਸਤਾਨ ਕਬਜ਼ਾ ਨਹੀਂ ਕਰ ਸਕਿਆ ਤਾਂ ਇਹ ਜਨਰਲ ਹਰਬਖ਼ਸ਼ ਸਿੰਘ ਅਤੇ ਜਨਰਲ ਜੋਗਿੰਦਰ ਸਿੰਘ ਢਿੱਲੋਂ ਦੀ ਸੁਯੋਗ ਟੀਮ ਦਾ ਸਦਕਾ ਹੀ ਸੀ । ਜੇਕਰ ਉਸ ਵਕਤ ਦੇ ਫੌਜ ਮੁਖੀ ਚੀਫ਼ ਜਨਰਲ ਚੌਧਰੀ ਦੀਆਂ ਨੀਤੀਆਂ ਤੇ ਅਮਲ ਕੀਤਾ ਜਾਂਦਾ ਤਾਂ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੀ ਹਾਰ ਯਕੀਨੀ ਸੀ । 1971 ਦੀ ਲੜਾਈ ਵਿੱਚ ਵੀ ਜੇ ਉਸ ਵੇਲੇ ਦੇ ਫੌਜ ਮੁਖੀ ਜਨਰਲ ਮਾਣਕ ਸ਼ਾਹ ਦੀਆਂ ਨੀਤੀਆਂ &lsquoਤੇ ਚੱਲਿਆ ਜਾਂਦਾ ਤਾਂ ਢਾਕਾ ਤੇ ਕਬਜ਼ਾ ਮੁਸ਼ਕਿਲ ਹੁੰਦਾ । ਮੇਜਰ ਜਨਰਲ ਜੇ ਐਫ ਆਰ ਜੈਕੋਬ ਜਿਹੜਾ ਜਨਰਲ ਜਗਜੀਤ ਸਿੰਘ ਅਰੋੜਾ ਦਾ ਚੀਫ਼ ਆਫ਼ ਸਟਾਫ ਸੀ ਨੇ ਸੀਐਨਬੀਸੀ ਦੇ ਜੂਨ 30, 2007 ਦੇ ਕਰਨ ਥਾਪਰ ਦੇ ਇੰਡੀਆ ਟੁਨਾਈਟ ਦੇ ਪ੍ਰੋਗਰਾਮ ਵਿੱਚ ਦੱਸਿਆ ਕਿ ਫੌਜ ਦੇ ਮੁਖੀ ਜਨਰਲ ਮਾਣਕ ਸ਼ਾਹ ਦੀਆਂ ਗਲਤ ਨੀਤੀਆਂ ਕਾਰਨ ਇਹ ਹਾਰ ਵੀ ਯਕੀਨੀ ਸੀ । ਜੈਕਬ ਅਨੁਸਾਰ ਫੌਜ ਦੇ ਮੁਖੀ ਦੇ ਕਦਮਾਂ ਤੇ ਚੱਲਕੇ ਢਾਕੇ &lsquoਤੇ ਕਦੇ ਵੀ ਫਤਹਿ ਨਹੀਂ ਸੀ ਪਾਈ ਜਾ ਸਕਦੀ । ਜਰਨਲ ਜੈਕਬ ਨੇ ਮਾਨਕ ਸ਼ਾਹ ਦੀਆਂ ਗਲਤ ਨੀਤੀਆਂ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਸ ਤਰ੍ਹਾਂ ਭਾਰਤ ਦੀ ਜਿੱਤ ਹਾਰ ਵਿੱਚ ਬਦਲ ਸਕਦੀ ਸੀ । ਇਹ ਗੱਲਾਂ ਸਾਬਤ ਕਰਦੀਆਂ ਹਨ ਕਿ ਦੋਨੋਂ ਵਾਰੀ ਸਿੱਖਾਂ ਦੀ ਬਦੌਲਤ (ਜਨਰਲ ਹਰਬਖ਼ਸ਼ ਸਿੰਘ ਅਤੇ ਜਨਰਲ ਜਗਜੀਤ ਸਿੰਘ ਅਰੋੜਾ) ਭਾਰਤ ਦੀ ਪਾਕਿਸਤਾਨ &lsquoਤੇ ਹੋਈ ਜਿੱਤ ਕਾਰਨ ਭਾਰਤ ਨਮੋਸ਼ੀ ਤੋਂ ਬਚ ਸਕਿਆ ਸੀ । ਕਰਨ ਥਾਪਰ ਦੇ ਚਨਬਚ ਤਵ18 ਦੇ ਇੰਡੀਆ ਟੁਨਾਈਟ ਪ੍ਰੋਗਰਾਮ ਵਿੱਚ ਮਈ 2007 ਨੂੰ ਦਿੱਤੇ ਇੰਟਰਵੀਊ ਵਿੱਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਗੌਹਰ ਅਯੂਬ ਖਾਨ ਨੇ ਇਹ ਦੋਸ਼ ਲਾਇਆ ਸੀ ਕਿ ਜਨਰਲ ਮਾਣਕ ਸ਼ਾਹ ਨੇ 1950 ਵਿੱਚ ਭਾਰਤੀ ਯੁੱਧ ਨੀਤੀਆਂ ਨੂੰ ਪਾਕਿਸਤਾਨ ਕੋਲ ਵੇਚ ਦਿੱਤਾ ਸੀ । (ਹਵਾਲਾ ਪੁਸਤਕ, ਵਿਲੱਖਣ ਸਿੱਖ ਜਿਨ੍ਹਾਂ ਨੇ ਵਗਦੇ ਦਰਿਆਵਾਂ ਦੇ ਰੁੱਖ ਮੋੜ ਦਿੱਤੇ, ਲੇਖਕ ਪ੍ਰਿਤਪਾਲ ਸਿੰਘ ਤੁਲੀ ਪਹਿਲਾ ਸੰਸਕਰਣ ਅਕਤੂਬਰ 2014 ਪੰਨਾ 18) ਅਜ਼ਾਦੀ ਦੇ ਸੰਘਰਸ਼ ਵਿੱਚ ਵੀ ਸਿੱਖਾਂ ਨੇ ਆਪਣੀ ਘੱਟ ਗਿਣਤੀ ਹੁੰਦਿਆਂ ਹੋਇਆਂ ਵੀ ਬਹੁ ਪ੍ਰਤੀਸ਼ਤਤਾ ਨਾਲ ਕੁਰਬਾਨੀਆਂ ਦਿੱਤੀਆਂ ਹਨ, ਅਜ਼ਾਦੀ ਦੇ ਸੰਘਰਸ਼ ਲਈ ਕੁੱਲ 121 ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਹੋਈ, ਜਿਨ੍ਹਾਂ ਵਿੱਚੋਂ 93 ਸਿੱਖ ਸਨ । 2646 ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਕਾਲੇ ਪਾਣੀ ਦੀ ਜੇਲ੍ਹ ਭੇਜਿਆ ਗਿਆ, ਜਿਨ੍ਹਾਂ ਵਿੱਚੋਂ 2147 ਸਿੱਖ ਸਨ । 
ਕਿਧਰੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਸਿੱਖਾਂ ਨੇ ਅੰਗ੍ਰੇਜ਼ੀ ਸਾਮਰਾਜ ਅੱਗੇ ਆਪਣਾ ਸਿਰ ਝੁਕਾਇਆ ਹੋਵੇ ਜਾਂ ਮੁਆਫ਼ੀ ਮੰਗੀ ਹੋਵੇ, ਜਦਕਿ ਦੂਸਰੇ ਪਾਸੇ ਆਰ।ਐੱਸ।ਐੱਸ। ਦੇ ਹੀਰੋ ਵੀਰ ਸਾਵਰਕਰ ਨੇ ਬਰਤਾਨਵੀ ਸਰਕਾਰ ਕੋਲੋਂ ਕਥਿਤ ਤੌਰ &lsquoਤੇ ਮੁਆਫੀ ਮੰਗੀ ਸੀ । ਜਦੋਂ ਹਿੰਦੂਆਂ ਨੂੰ ਆਪਣੀ ਸੁਰੱਖਿਆ ਦੀ ਲੋੜ ਪਈ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਦੇਸ਼ ਭਗਤੀ ਦੀ ਪੁੱਠ ਚਾੜ ਕੇ ਆਪਣੀ ਖੜਗਧਾਰੀ ਬਾਂਹ ਬਣਾ ਲਿਆ ਅਤੇ ਕਦੇ ਸਿੱਖਾਂ ਨੂੰ ਹਿੰਦੂਆਂ ਦੇ ਵੱਡੇ ਭਰਾ ਆਖ ਕੇ ਪਲੋਸ ਲਿਆ, ਪਰ ਜਦੋਂ ਸਿੱਖਾਂ ਨੇ ਆਪਣੀ ਅੱਡਰੀ ਹੋਂਦ ਹਸਤੀ ਤੇ ਆਪਣੇ ਬਣਦੇ ਹੱਕਾਂ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਖਾਲਸਤਾਨੀ, ਵੱਖਵਾਦੀ, ਅਤਿਵਾਦੀ ਤੇ ਦੇਸ਼ ਧ੍ਰੋਹੀ ਆਖ ਕੇ ਭੰਡਣਾ ਸ਼ੁਰੂ ਕਰ ਦਿੱਤਾ । ਅਮਨ ਪਸੰਦ ਸਿੱਖਾਂ ਦੇ ਨਾਂਅ ਨਾਲ ਖਾਲਸਤਾਨੀ ਅਤਿਵਾਦੀ ਸ਼ਬਦ ਜੋੜ ਕੇ ਸਿੱਖਾਂ ਵਿਰੁੱਧ ਨਫ਼ਰਤ ਭਰਪੂਰ ਪ੍ਰਾਪੇਗੰਡਾ ਕਰਨ ਵਾਲੇ ਗੋਦੀ ਮੋਦੀ ਮੀਡੀਆ ਦੇ ਫਿਰਕਾਪ੍ਰਸਤ ਹਿੰਦੂਤਵੀ ਐਂਕਰਾਂ ਨੂੰ ਅਸੀਂ ਉਨ੍ਹਾਂ ਦੀਆਂ ਦੇਸ਼ ਨਾਲ ਕੀਤੀਆਂ ਗ਼ਦਾਰੀਆਂ ਦਾ ਸ਼ੀਸ਼ਾ ਵਿਖਾਉਂਦੇ ਰਹਾਂਗੇ । ਅੰਤ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਤਤਕਾਲੀਨ ਕੇਂਦਰ ਸਰਕਾਰ ਨੂੰ ਆਖੇ ਇਨ੍ਹਾਂ ਸ਼ਬਦਾਂ ਨਾਲ ਸਮਾਪਤੀ ਕਰਦਾ ਹਾਂ ਕਿ : ਅਸੀਂ 90 ਫੀਸਦੀ ਸਿਰ ਦੇ ਕੇ ਦੇਸ਼ ਅਜ਼ਾਦ ਕਰਵਾਇਆ ਹੈ, ਉਸ ਦੇ ਹਿਸਾਬ ਨਾਲ ਸਾਡਾ ਹਿੱਸਾ (ਸਿੱਖ ਹੋਮ ਲੈਂਡ) ਸਾਨੂੰ ਦੇ ਦਿਉ ਬਾਕੀ ਤੁਸੀਂ ਰੱਖ ਲਉ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ