image caption: -ਰਜਿੰਦਰ ਸਿੰਘ ਪੁਰੇਵਾਲ

ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਪਿਛੇ ਕੋਣ

ਬੀਤੇ ਦਿਨੀਂ ਬਟਾਲਾ ਦੇ ਪਿੰਡ ਸਦਾਰੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ| ਬੀਤੇ ਸੋਮਵਾਰ ਦੀ ਸਵੇਰ ਤਕਰੀਬਨ ਸਾਢੇ 8 ਵਜੇ 12 ਸਾਲ ਦਾ ਬੱਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਦਾ ਹੋਇਆ ਸੀਸੀਟੀਵੀ ਵਿੱਚ ਕੈਦ ਹੋਇਆ ਸੀ| ਇਲਜ਼ਾਮ ਹੈ ਕਿ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਪਾੜ ਦਿੱਤੇ| ਘਟਨਾ ਦੇ ਬਾਰੇ ਸਭ ਤੋਂ ਪਹਿਲਾਂ ਪਤਾ ਗ੍ਰੰਥੀ ਸਿੰਘ ਨੂੰ ਲੱਗਿਆ ਜਦੋਂ ਉਸ ਨੇ ਰੂਮਾਲਾ ਸਾਹਿਬ ਨਾਲ ਛੇੜਖਾਨੀ ਕਰਦੇ ਹੋਏ ਵੇਖਿਆ| ਗ੍ਰੰਥੀ ਸੁਖਵਿੰਦਰ ਨੇ ਫੌਰਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਿਆ| ਜਿੰਨਾਂ ਨੇ ਅੱਗੇ ਪੁਲਿਸ ਨੂੰ ਇਤਲਾਹ ਕੀਤੀ| ਘਟਨਾ ਦੇ ਬਾਅਦ ਸਤਿਕਾਰ ਕਮੇਟੀ ਅਤੇ ਪੰਥਕ ਆਗੂ ਵੀ ਪਹੁੰਚੇ|
ਜਿਸ ਤਰ੍ਹਾਂ ਨਾਲ ਬੱਚੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੂੰ ਪਾੜਿਆ ਅਤੇ ਫਰਾਰ ਹੋ ਗਿਆ ਉਸ ਤੋਂ ਸਾਫ ਜ਼ਾਹਿਰ ਹੈ ਕਿ ਉਸ ਨੂੰ ਕਿਸੇ ਨੇ ਇਹ ਕੰਮ ਕਰਨ ਦੇ ਲਈ ਲਾਲਚ ਦਿੱਤਾ ਗਿਆ ਹੈ| ਇਸ ਦਾ ਪਤਾ ਪੁਲਿਸ ਨੂੰ ਲਗਾਉਣਾ ਹੋਵੇਗਾ| ਸੁਆਲ ਇਹ ਹੈ ਕਿ ਵਾਰ-ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ| ਬੱਚੇ ਦੀ ਆੜ ਵਿੱਚ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਕੌਣ ਹਨ? ਉਹ ਇਹਨਾਂ ਹਰਕਤਾਂ ਰਾਹੀਂ ਸਿਖ ਪੰਥ ਨੂੰ ਜ਼ਲੀਲ ਕਿਉਂ ਕਰ ਰਹੇ ਹਨ| ਹਰ ਵਾਰ ਸ਼ਰਾਰਤੀ ਤੇ ਪਾਗਲ ਅਨਸਰਾਂ ਦਾ ਹਵਾਲਾ ਦੇਕੇ ਪੁਲਿਸ ਤੇ ਸਰਕਾਰ ਵੀ ਆਪਣੀ ਜਵਾਬ ਦੇਹੀ ਤੋਂ ਬਚ ਨਹੀਂ ਸਕਦੀ ਹੈ| ਅਜਿਹਾ ਲੋਕਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣਾ ਹੋਵੇਗਾ|
ਜਿਸ ਤਰ੍ਹਾਂ ਬਾਣੀ ਦੇ ਪੱਤਰਿਆਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ, ਇਨ੍ਹਾਂ ਨਾਲ ਉਹੋ ਜਿਹੀ ਰਾਜਨੀਤੀ ਪੈਦਾ ਨਹੀਂ ਹੋ ਸਕੀ, ਜਿਹੋ ਜਿਹੀ ਰਾਜਨੀਤੀ ਪੰਜਾਬ ਸੰਤਾਪ ਦੌਰਾਨ ਗੁਰਦੁਆਰਿਆਂ ਵਿਚ ਸਿਗਰਟਾਂ ਅਤੇ ਮੰਦਿਰਾਂ ਵਿਚ ਪੂਛਾਂ ਸੁੱਟਣ ਨਾਲ ਪੈਦਾ ਹੋ ਗਈ ਸੀ| ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਜਿਹੋ ਜਿਹੇ ਸੰਤਾਪ ਵਿਚੋਂ ਪੰਜਾਬ ਨੂੰ ਲੰਘਣਾ ਪਿਆ ਸੀ, ਉਹੋ ਜਿਹੇ ਸੰਤਾਪ ਵਿਚੋਂ ਪੰਜਾਬ ਦੁਬਾਰਾ ਨਹੀਂ ਲੰਘਣਾ ਚਾਹੁੰਦਾ| ਇਸੇ ਕਾਰਨ ਬੇਅਦਬੀ ਦੀਆਂ ਘਟਨਾਵਾਂ ਨਾਲ ਪੈਦਾ ਹੋਏ ਜਨਤਕ ਉਬਾਲ ਨੂੰ ਉਸ ਵੇਲੇ ਹੁੰਗਾਰਾ ਮਿਲਣਾ ਬੰਦ ਹੋਣ ਲੱਗ ਪਿਆ ਸੀ ਜਿਸ ਵੇਲੇ ਇਸ ਮਸਲੇ ਤੇ ਸਿਆਸੀ ਰੋਟੀਆਂ ਸੇਕਣ ਦੇ ਪੈਂਤੜੇ ਸਾਹਮਣੇ ਆਉਣ ਲੱਗ ਪਏ ਸਨ|
ਮਿਸਾਲ ਦੇ ਤੌਰ ਤੇ ਪੰਜਾਬ ਵਿਚ ਜੰਮਿਆ-ਪਲਿਆ ਕੋਈ ਵੀ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਸਾਹਸ ਕਿਵੇਂ ਕਰ ਸਕਦਾ ਹੈ? ਸਵਾਲ ਇਹ ਵੀ ਪੈਦਾ ਹੋਣਾ ਸੀ ਕਿ ਬੇਅਦਬੀ ਕਰਨ ਵਾਲੇ ਨੂੰ ਹਾਸਲ ਕੀ ਹੋਣਾ ਸੀ? ਇਸ ਵਾਸਤੇ ਵਾਪਰੀਆਂ ਘਟਨਾਵਾਂ ਪਿੱਛੇ ਕੰਮ ਕਰਦੀ ਫਿਰਕੂ ਸਿਆਸੀ ਸੋਚ ਦੀ ਨਿਸ਼ਾਨਦੇਹੀ ਕਰਨ ਦੀ ਲੋੜ ਹੈ ਜੋ ਪੰਜਾਬ ਵਿਚ ਸਿਖ ਪੰਥ ਨੂੰ ਜ਼ਲੀਲ ਕਰਨਾ ਚਾਹੁੰਦੀ ਹੈ ਤੇ ਪੰਜਾਬ ਨੂੰ ਹਿੰਸਾ ਦੇ ਦੌਰ ਵਲ ਧਕਣਾ ਚਾਹੁੰਦੀ ਹੈ| ਅਜਿਹਾ ਕਰਦਿਆਂ ਜੇ ਇਹ ਧਿਆਨ ਵਿਚ ਰੱਖਾਂਗੇ ਕਿ ਇਸ ਦਾ ਲਾਭ ਕਿਸ ਨੂੰ ਹੋਇਆ, ਤਾਂ ਨਿਰਸੰਦੇਹ ਇਸ ਮਸਲੇ ਦੀਆਂ ਪੈੜਾਂ ਕਿਸੇ ਨਾ ਕਿਸੇ ਕਿਸਮ ਦੀ ਸਿਆਸਤ ਵੱਲ ਲੈ ਜਾਣਗੀਆਂ| ਗੁਰੂ ਗ੍ਰੰਥ ਸਾਹਿਬ ਤੋਂ ਗੁਟਕਿਆਂ ਤੱਕ ਫੈਲੀਆਂ ਬੇਅਦਬੀ ਦੀਆਂ ਘਟਨਾਵਾਂ ਸਿਆਸੀ-ਸੌਖ (ਪਾਲਿਟਿਕਸ ਆਫ ਸੌਫਟ ਟਾਰਗੈਟ) ਨਾਲ ਜੁੜੀਆਂ ਹੋਈਆਂ ਹਨ| 
ਇਹ ਮਸਲਾ ਪੁਲਿਸ ਦੀ ਨਲਾਇਕੀ ਕਾਰਣ ਹੱਲ ਨਹੀਂ ਹੋ ਰਿਹਾ|  ਇਸ ਮਸਲੇ ਨੂੰ ਘਰ ਦਾ ਮਸਲਾ ਸਮਝ ਕੇ ਸੰਭਾਲਿਆ ਜਾਣਾ ਚਾਹੀਦਾ ਹੈ ਅਤੇ ਇਸ ਸੰਵੇਦਨਸ਼ੀਲ ਮਸਲੇ ਨੂੰ ਕਾਨੂੰਨੀ ਗਲੀਆਂ ਤੇ ਸਰਕਾਰੀ ਬਾਜ਼ਾਰਾਂ ਵਿਚ ਨਹੀਂ ਉਛਾਲਣਾ ਚਾਹੀਦਾ| ਇਹੋ ਜਿਹੀ ਸਿਆਸਤ ਬਹੁਤ ਹੋ ਚੁਕੀ ਹੈ ਅਤੇ ਇਸ ਦੇ ਨਤੀਜੇ ਵੀ ਸਭ ਦੇ ਸਾਹਮਣੇ ਹਨ| ਇਹ ਮਸਲਾ ਸਿੱਖ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਨੂੰ ਸਿੱਖ ਵਿਧੀ ਵਿਚ ਹੀ ਸੁਲਝਾਇਆ ਜਾ ਸਕਦਾ ਹੈ| ਗੁਰਦੁਆਰਿਆਂ ਦੀ ਸੁਰੱਖਿਆ ਖੁਦ ਸਿਖ ਪੰਥ ਨੂੰ ਕਰਨੀ ਪਵੇਗੀ|
-ਰਜਿੰਦਰ ਸਿੰਘ ਪੁਰੇਵਾਲ