image caption: -ਰਜਿੰਦਰ ਸਿੰਘ ਪੁਰੇਵਾਲ

ਜੰਮੂ ਕਸ਼ਮੀਰ ਚ ਅਨੰਦ ਮੈਰਿਜ ਐਕਟ ਲਾਗੂ

ਸਿੱਖ ਭਾਈਚਾਰੇ ਦੀ ਸਾਲਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਜੰਮੂ ਕਸ਼ਮੀਰ ਸਰਕਾਰ ਨੇ ਅਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ ਹੈ| ਹੁਣ ਸਿੱਖ ਭਾਈਚਾਰੇ ਚ ਵਿਆਹ ਦੀ ਰਜਿਸਟ੍ਰੇਸ਼ਨ ਇਸ ਕਾਨੂੰਨ ਤਹਿਤ ਹੋਵੇਗੀ| ਅਨੰਦ ਮੈਰਿਜ ਐਕਟ ਦੇਸ਼ ਚ ਪਹਿਲਾਂ ਤੋਂ ਲਾਗੂ ਹੈ ਪਰ ਧਾਰਾ 370 ਕਾਰਨ ਜੰਮੂ ਕਸ਼ਮੀਰ ਚ ਇਹ ਲਾਗੂ ਨਹੀਂ ਸੀ| ਪੰਜ ਅਗਸਤ, 2019 ਨੂੰ ਧਾਰਾ 370 ਖ਼ਤਮ ਹੋਣ ਤੋਂ ਬਾਅਦ ਕੇਂਦਰੀ ਕਾਨੂੰਨ ਜੰਮੂ-ਕਸ਼ਮੀਰ ਚ ਲਾਗੂ ਹੋ ਗਏ| ਇਸ ਤੋਂ ਬਾਅਦ ਸਿੱਖ ਭਾਈਚਾਰਾ ਮੰਗ ਕਰ ਰਿਹਾ ਸੀ ਕਿ ਜੰਮੂ ਕਸ਼ਮੀਰ ਚ ਵੀ ਅਨੰਦ ਮੈਰਿਜ ਐਕਟ ਲਾਗੂ ਕੀਤਾ ਜਾਵੇ| ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਕਸ਼ਮੀਰ ਅਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2023 ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ| ਇਸ ਸਬੰਧੀ ਸੂਬਾ ਸਰਕਾਰ ਦੇ ਕਾਨੂੰਨ, ਨਿਆਂ ਤੇ ਸੰਸਦੀ ਮਾਮਲਿਆਂ ਦੇ ਵਿਭਾਗ ਨੇ ਹੁਕਮ ਵੀ ਜਾਰੀ ਕਰ ਦਿੱਤਾ ਹੈ| ਅਨੰਦ ਮੈਰਿਜ ਐਕਟ ਤਹਿਤ ਪ੍ਰਮਾਣ ਪੱਤਰ ਜਾਰੀ ਕਰਨ ਲਈ ਸਬੰਧਤ ਤਹਿਸੀਲਦਾਰ ਇਸ ਦੇ ਰਜਿਸਟਰਾਰ ਹੋਣਗੇ| ਵਿਆਹ ਦੀ ਰਜਿਸਟ੍ਰੇਸ਼ਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਰਜਿਸਟਰਾਰ ਦੋਵੇਂ ਧਿਰਾਂ ਨੂੰ ਅਨੰਦ ਮੈਰਿਜ ਦੇ ਪ੍ਰਮਾਣ ਪੱਤਰ ਦੀਆਂ ਦੋ ਕਾਪੀਆਂ ਮੁਫ਼ਤ ਜਾਰੀ ਕਰਨਗੇ|
ਯਾਦ ਰਹੇ ਕਿ ਅਨੰਦ ਮੈਰਿਜ ਐਕਟ ਕਈ ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ| ਉਸ ਵਕਤ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਆਪਣੇ ਨਿਯਮ ਬਣਾ ਕੇ ਇਸ ਕਾਨੂੰਨ ਨੂੰ ਲਾਗੂ ਕਰ ਸਕਦੇ ਹਨ| ਕਈ ਸੂਬਿਆਂ ਵੱਲੋਂ ਇਸ ਬਾਰੇ ਨਿਯਮ ਬਣਾਏ ਜਾ ਚੁੱਕੇ ਹਨ ਪਰ ਕੁਝ ਸੂਬਿਆਂ ਵੱਲੋਂ ਨਹੀਂ ਬਣਾਏ ਗਏ ਸਨ|ਇਹਨਾਂ ਵਿਚ ਜੰਮੂ ਕਸ਼ਮੀਰ ਵੀ ਸ਼ਾਮਲ ਸੀ| ਜੰਮੂ ਕਸ਼ਮੀਰ ਦੇ ਸਿੱਖ ਭਾਈਚਾਰੇ ਦੀ ਆਬਾਦੀ ਕਰੀਬ ਸਾਢੇ ਛੇ ਲੱਖ ਹੈ| ਜੰਮੂ ਦੇ ਪੁਣਛ, ਰਾਜੌਰੀ, ਜੰਮੂ ਤੇ ਕਠੂਆ ਜ਼ਿਲ੍ਹਿਆਂ &rsquoਚ ਸਿੱਖ ਭਾਈਚਾਰੇ ਦੀ ਚੰਗੀ ਖ਼ਾਸੀ ਆਬਾਦੀ ਹੈ| ਇਸ ਤੋਂ ਇਲਾਵਾ ਕਸ਼ਮੀਰ &rsquoਚ ਵੀ ਤਕਰੀਬਨ 100 ਪਿੰਡਾਂ &rsquoਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ| ਸਿੱਖ ਭਾਈਚਾਰੇ ਦੇ ਵੱਖ-ਵੱਖ ਵਫ਼ਦਾਂ ਨੇ ਸਮੇਂ-ਸਮੇਂ ਤੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰ ਕੇ ਅਨੰਦ ਮੈਰਿਜ ਐਕਟ ਲਾਗੂ ਕਰਨ ਦਾ ਮਾਮਲਾ ਚੁੱਕਿਆ ਸੀ| ਲੰਬੇ ਸਮੇਂ ਤੋਂ ਅਨੰਦ ਮੈਰਿਜ ਐਕਟ ਲਾਗੂ ਕਰਨ ਦਾ ਮਾਮਲਾ ਚੁੱਕ ਰਹੇ ਨੈਸ਼ਨਲ ਸਿੱਖ ਫਰੰਟ ਦੇ ਚੇਅਰਮੈਨ ਵਰਿੰਦਰ ਜੀਤ ਸਿੰਘ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਲਈ ਲੰਬੀ ਜੱਦੋ-ਜਹਿਦ ਕੀਤੀ ਗਈ| ਪਹਿਲਾਂ ਸਿੱਖ ਭਾਈਚਾਰੇ ਚ ਵਿਆਹ ਨੂੰ ਹਿੰਦੂ ਮੈਰਿਜ ਐਕਟ ਤਹਿਤ ਹੀ ਰਜਿਸਟਰਡ ਕੀਤਾ ਜਾਂਦਾ ਸੀ ਪਰ ਹੁਣ ਅਨੰਦ ਮੈਰਿਜ ਐਕਟ ਤਹਿਤ ਹੀ ਰਜਿਸਟਰਡ ਹੋਣਗੇ| ਹੁਣ ਕਿਸੇ ਵੀ ਤਰ੍ਹਾਂ ਦਾ ਭੰਬਲਭੂਸਾ ਖ਼ਤਮ ਹੋ ਗਿਆ ਹੈ| ਪੰਜਾਬ ਟਾਈਮਜ ਅਨੁਸਾਰ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ| ਗੁਰੂ ਸਾਹਿਬਾਨ ਨੇ ਵਿਆਹ ਦੀ ਸੰਸਥਾ ਨੂੰ ਰੱਬੀ ਆਨੰਦ ਦੇ ਅਨੁਭਵ ਨਾਲ ਜੋੜਿਆ ਹੈ| ਇਸ ਕਰਕੇ ਸਿੱਖਾਂ ਦਾ ਇਹ ਫਰਜ਼ ਹੈ ਕਿ ਇਸ ਰਿਸ਼ਤੇ ਦੇ ਅਧਿਆਤਮਕ ਮਹੱਤਵ ਨੂੰ ਸਮਝ ਕੇ ਇਸਦੇ ਨਿਯਮਾਂ ਨੂੰ ਪ੍ਰਭਾਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਕਰਨ|
ਕੀ ਮੋਦੀ ਨੂੰ ਟਕਰ ਦੇ ਸਕੇਗਾ ਇੰਡੀਆ ਗੱਠਜੋੜ
ਕਾਂਗਰਸ ਦੇ ਜਨਰਲ ਸਕੱਤਰ ਜੈ ਰਾਮ ਰਾਮੇਸ਼ ਨੇ ਹੁਣੇ ਜਿਹੇ ਕਿਹਾ ਕਿ ਮੁੱਖ ਸਾਕਾਰਾਤਮਿਕ ਏਜੰਡਾ ਵਿਕਸਿਤ ਕਰਨਾ, ਸੀਟਾਂ ਸਾਂਝੀਆਂ ਕਰਨਾ ਅਤੇ ਸੰਯੁਕਤ ਰੈਲੀਆਂ ਆਯੋਜਿਤ ਕਰਨ ਦਾ ਪ੍ਰੋਗਰਾਮ ਵਿਰੋਧੀ ਇੰਡੀਆ ਗਠਜੋੜ ਦੇ ਸਾਹਮਣੇ ਮੁੱਖ ਚੁਣੌਤੀਆਂ &rsquoਚੋਂ ਇਕ ਹੈ, ਜਿਸ ਨੂੰ 19 ਦਸੰਬਰ ਨੂੰ ਰਾਸ਼ਟਰੀ ਰਾਜਧਾਨੀ ਚ ਆਪਣੀ ਅਗਲੀ ਬੈਠਕ &rsquoਚ ਉਠਾਇਆ ਜਾਵੇਗਾ| ਇਹ ਬੈਠਕ ਹਾਲ ਚ ਹੀ ਸੰਪੰਨ ਵਿਧਾਨ ਸਭਾ ਚੋਣਾਂ &rsquoਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਦੇ ਪਿਛੋਕੜ ਚ ਹੋ ਰਹੀ ਹੈ| ਸੂਤਰਾਂ ਨੇ ਕਿਹਾ ਕਿ ਵਿਰੋਧੀ ਦਲ ਬੈਠਕ ਦੇ ਦੌਰਾਨ ਸੰਯੁਕਤ ਚੋਣ ਰੈਲੀਆਂ ਕਰਨ ਲਈ ਸੀਟਾਂ ਦੀ ਵੰਡ ਤੇ ਯੋਜਨਾ ਤਿਆਰ ਕਰਨਗੇ ਅਤੇ ਉਸ ਲਈ ਸਾਂਝਾ ਪ੍ਰੋਗਰਾਮ ਤਿਆਰ ਕਰਨਗੇ |
ਇਥੇ ਜਿਕਰਯੋਗ ਹੈ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਦੇਸ਼ ਭਰ ਦੇ ਮੀਡੀਆ ਅਤੇ ਸਿਆਸੀ ਹਲਕਿਆਂ ਵਿਚ ਇਹ ਚਰਚਾ ਜ਼ੋਰ-ਸ਼ੋਰ ਨਾਲ ਚਲ ਰਹੀ ਹੈ ਕਿ, ਕੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਵੱਡੀ ਜਿੱਤ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ? ਕੀ ਇੰਡੀਆ ਗੱਠਜੋੜ ਤੇ ਹੋਰ ਭਾਜਪਾ ਵਿਰੋਧੀ ਸਿਆਸੀ ਦਲਾਂ ਲਈ ਆਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਲੋਕਤੰਤਰ ਗੱਠਜੋੜ&rsquo ਨੂੰ ਟੱਕਰ ਦੇਣ ਦੀ ਅਜੇ ਵੀ ਕੋਈ ਸੰਭਾਵਨਾ ਬਚੀ ਹੋਈ ਹੈ ਜਾਂ ਨਹੀਂ? ਇਨ੍ਹਾਂ ਦੋ ਸਵਾਲਾਂ ਦੇ ਘੇਰੇ ਵਿਚ ਇਸ ਸਮੇਂ ਦੇਸ਼ ਦੀ ਰਾਜਨੀਤਕ ਬਹਿਸ ਸਿਮਟੀ ਹੋਈ ਹੈ| ਭਾਜਪਾ ਦੀ ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ  ਚੋਣਾਂ ਦੇ ਨਤੀਜਿਆਂ ਨਾਲ ਹੀ ਹਵਾ ਬਣੀ ਨਜ਼ਰ ਆਉਂਦੀ ਹੈ ਅਤੇ ਇਨ੍ਹਾਂ ਕਾਰਨ ਹੀ ਭਾਜਪਾ ਨੇਤਾਵਾਂ ਦੇ ਹੌਂਸਲੇ ਬੇਹੱਦ ਵਧੇ ਹੋਏ ਨਜ਼ਰ ਆਉਂਦੇ ਹਨ| ਦੂਜੇ ਪਾਸੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਕਾਰਨ ਹੀ ਕਾਂਗਰਸ ਅਤੇ ਹੋਰ ਭਾਜਪਾ ਵਿਰੋਧੀ ਪਾਰਟੀਆਂ ਵਿਚ ਕਾਫ਼ੀ ਹਫੜਾ-ਦਫੜੀ ਮਚੀ ਹੋਈ ਦਿਖਾਈ ਦਿੰਦੀ ਹੈ ਅਤੇ ਉਨ੍ਹਾਂ ਦੇ ਹੌਸਲੇ ਕਾਫ਼ੀ ਹੱਦ ਤਕ ਪਸਤ ਹੋਏ ਵੀ ਨਜ਼ਰ ਆਉਂਦੇ ਹਨ|  ਭਾਜਪਾ ਦੀ ਜਿੱਤ ਦਾ  ਵੱਡਾ ਕਾਰਨ ਇਹ ਰਿਹਾ ਕਿ ਕਾਂਗਰਸ ਦੇ ਕੋਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕੱਦ ਦਾ ਕੋਈ ਵੱਡਾ ਲੀਡਰ ਨਹੀਂ ਹੈ ਅਤੇ ਨਾ ਹੀ ਕੋਈ ਅਜਿਹਾ ਲੀਡਰ ਹੈ, ਜੋ ਸ੍ਰੀ ਨਰਿੰਦਰ ਮੋਦੀ ਦੀ ਤਰ੍ਹਾਂ ਹੀ ਹਿੰਦੀ ਵਿਚ ਪ੍ਰਭਾਵਸ਼ਾਲੀ ਭਾਸ਼ਨ ਕਰ ਕੇ ਲੋਕਾਂ ਨੂੰ ਵੱਡੀ ਪੱਧਰ ਤੇ ਆਪਣੇ ਨਾਲ ਜੋੜਨ ਦੇ ਸਮਰੱਥ ਹੋਵੇ| ਖ਼ਾਸ ਕਰ ਕੇ ਉੱਤਰੀ ਭਾਰਤ ਵਿਚ ਅਜਿਹੇ ਵੱਡੇ ਲੀਡਰ ਦੀ ਕਾਂਗਰਸ ਵਿਚ ਬੇਹੱਦ ਘਾਟ ਪਾਈ ਜਾ ਰਹੀ ਹੈ| ਕਾਂਗਰਸ ਦੇ ਇਸ ਸਮੇਂ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਬੜੇ ਸਿਆਣੇ ਅਤੇ ਤਜਰਬੇਕਾਰ ਲੀਡਰ ਜ਼ਰੂਰ ਹਨ, ਜਦੋਂ ਤੋਂ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ ਹੈ, ਉਨ੍ਹਾਂ ਨੇ ਕਾਂਗਰਸ ਨੂੰ ਪਹਿਲਾਂ ਨਾਲੋਂ ਵਧੇਰੇ ਸਰਗਰਮ ਕੀਤਾ ਹੈ| ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵੀ ਉਨ੍ਹਾਂ ਨੇ ਕੁਝ ਊਰਜਾ ਭਰੀ ਹੈ, ਪਰ ਫਿਰ ਵੀ ਮਲਿਕਅਰਜੁਨ ਖੜਗੇ ਦੱਖਣੀ ਭਾਰਤ ਵਿਚ ਤਾਂ ਕਾਫ਼ੀ ਹੱਦ ਤਕ ਮਕਬੂਲ ਹਨ, ਪਰ ਉੱਤਰੀ ਭਾਰਤ ਵਿਚ ਉਨ੍ਹਾਂ ਦੀ ਬਹੁਤੀ ਮਕਬੂਲੀਅਤ ਨਹੀਂ ਹੈ| ਇਸੇ ਚੀਜ਼ ਨੂੰ ਮੁੱਖ ਰੱਖ ਕੇ ਭਾਜਪਾ ਨੇ ਇਹ ਸਾਰੀਆਂ ਵਿਧਾਨ ਸਭਾ ਚੋਣਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਚਿਹਰੇ ਨੂੰ ਅੱਗੇ ਰੱਖ ਕੇ ਹੀ ਲੜੀਆਂ ਤੇ ਇਸ ਰਣਨੀਤੀ ਦਾ ਭਾਜਪਾ ਨੂੰ ਵੱਡਾ ਲਾਭ ਵੀ ਮਿਲਿਆ| ਭਾਜਪਾ ਦੀ ਜਿੱਤ ਦਾ ਚੌਥਾ ਵੱਡਾ ਕਾਰਨ ਇਹ ਹੈ ਕਿ ਭਾਜਪਾ ਦੀਆਂ ਇਸ ਸਮੇਂ ਦੇਸ਼ ਦੇ ਬਹੁਤੇ ਰਾਜਾਂ ਵਿਚ ਆਪਣੀਆਂ ਹਕੂਮਤਾਂ ਹਨ ਅਤੇ ਉਸ ਦਾ ਮਜ਼ਬੂਤ ਜਥੇਬੰਦਕ ਢਾਂਚਾ ਵੀ ਹੈ| ਇਸ ਤੋਂ ਇਲਾਵਾ ਆਰ.ਐਸ.ਐਸ. ਦਾ ਮਜ਼ਬੂਤ ਤਾਣਾ-ਬਾਣਾ ਵੀ ਹਰ ਸਮੇਂ ਉਸ ਦੀ ਮਦਦ &rsquoਤੇ ਰਹਿੰਦਾ ਹੈ, ਤੇ ਹਰ ਸਮੇਂ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਆਪਣੀਆਂ ਵੱਖ-ਵੱਖ ਸੰਸਥਾਵਾਂ ਬਣਾ ਕੇ ਉਹ ਆਪਣੀਆਂ ਸਰਗਰਮੀਆਂ ਵਿੱਢੀ ਰੱਖਦਾ ਹੈ| ਇਸ ਦਾ ਵੱਡਾ ਲਾਭ ਵੀ ਭਾਜਪਾ ਨੂੰ ਮਿਲਦਾ ਹੈ, ਜਦੋਂ ਕਿ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦਾ ਜ਼ਮੀਨੀ ਪੱਧਰ &rsquoਤੇ ਹੇਠਾਂ ਤੱਕ ਇਸ ਤਰ੍ਹਾਂ ਦਾ ਤਾਣਾ-ਬਾਣਾ ਨਹੀਂ ਹੈ, ਜਿਸ ਦਾ ਉਨ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ| 
ਬਿਨਾਂ ਸ਼ੱਕ ਇਨ੍ਹਾਂ ਚੋਣਾਂ ਵਿਚ ਭਾਜਪਾ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ ਹੈ ਪਰ ਕੁਲ ਹਾਸਲ ਕੀਤੀਆਂ ਵੋਟਾਂ ਦੇ ਪੱਖ ਤੋਂ ਭਾਜਪਾ ਕਾਂਗਰਸ ਤੋਂ ਪਿੱਛੇ ਰਹੀ ਹੈ| ਪ੍ਰਸਿੱਧ ਚੋਣ ਵਿਸ਼ਲੇਸ਼ਣਕਾਰ ਸ੍ਰੀ ਯੋਗਿੰਦਰ ਯਾਦਵ ਦੇ ਇਕ ਲੇਖ ਮੁਤਾਬਕ ਉਕਤ ਚੋਣਾਂ ਵਿਚ ਭਾਜਪਾ ਨੇ 4,81,33,463 ਵੋਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਹਾਰੀ ਹੋਈ ਕਾਂਗਰਸ ਨੇ 4,90,77,907 ਵੋਟਾਂ ਹਾਸਲ ਕੀਤੀਆਂ ਹਨ| ਕਹਿਣ ਦਾ ਭਾਵ ਹੈ ਕਿ ਕਾਂਗਰਸ ਨੇ ਹਾਰ ਕੇ ਵੀ ਭਾਜਪਾ ਤੋਂ 9 ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ| ਜੇਕਰ ਵੱਖ-ਵੱਖ ਰਾਜਾਂ ਦੀ ਸਥਿਤੀ ਨੂੰ ਦੇਖੀਏ ਤਾਂ ਭਾਜਪਾ ਤੇ ਕਾਂਗਰਸ ਦਰਮਿਆਨ ਵੋਟਾਂ ਦਾ ਬਹੁਤ ਜ਼ਿਆਦਾ ਫ਼ਰਕ ਨਜ਼ਰ ਨਹੀਂ ਆਉਂਦਾ| ਰਾਜਸਥਾਨ ਵਿਚ ਭਾਜਪਾ ਨੇ 41.7 ਫ਼ੀਸਦੀ ਅਤੇ ਕਾਂਗਰਸ ਨੇ 39.6 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ| ਫ਼ਰਕ ਸਿਰਫ਼ 2 ਫ਼ੀਸਦੀ ਦਾ ਹੈ| ਛੱਤੀਸਗੜ੍ਹ ਵਿਚ ਭਾਜਪਾ ਨੇ 46.3 ਫ਼ੀਸਦੀ ਅਤੇ ਕਾਂਗਰਸ ਨੇ 42.2 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ| ਫ਼ਰਕ ਸਿਰਫ਼ 4 ਫ਼ੀਸਦੀ ਦਾ ਹੈ| ਮੱਧ ਪ੍ਰਦੇਸ਼ ਵਿਚ ਭਾਜਪਾ ਨੇ 48.6 ਫ਼ੀਸਦੀ ਅਤੇ ਕਾਂਗਰਸ ਨੇ 40 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ| ਇਥੇ ਫ਼ਰਕ 8.6 ਫ਼ੀਸਦੀ ਦਾ ਹੈ, ਜਿਸ ਨੂੰ ਵੱਡਾ ਫ਼ਰਕ ਜ਼ਰੂਰ ਕਿਹਾ ਜਾ ਸਕਦਾ ਹੈ| ਜਿਥੋਂ ਤਕ ਚੌਥੇ ਰਾਜ ਤੇਲੰਗਾਨਾ ਦਾ ਸੰਬੰਧ ਹੈ, ਉਥੇ ਕਾਂਗਰਸ ਨੇ 39.4 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਭਾਜਪਾ ਨੂੰ 13.9 ਫ਼ੀਸਦੀ ਵੋਟਾਂ ਹੀ ਮਿਲੀਆਂ ਹਨ| ਪਰ ਇਸ ਰਾਜ ਵਿਚ ਕਾਂਗਰਸ ਦਾ ਮੁੱਖ ਮੁਕਾਬਲਾ ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤ ਰਾਸ਼ਟਰੀ ਸਮਿਤੀ ਨਾਲ ਹੀ ਸੀ| ਭਾਜਪਾ ਦਾ ਲੋਕ ਆਧਾਰ ਉਥੇ ਕਾਫ਼ੀ ਘੱਟ ਹੈ| ਇਹ ਸਮੁੱਚੇ ਅੰਕੜੇ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ ਕਾਂਗਰਸ ਅਜੇ ਵੀ ਬਹੁਤ ਵੱਡਾ ਵੋਟ ਆਧਾਰ ਰੱਖਦੀ ਹੈ| ਜੇਕਰ 2024 ਦੀਆਂ ਲੋਕ ਸਭਾ ਚੋਣਾਂ ਤਕ ਕਾਂਗਰਸ ਆਪਣਾ ਇਹ ਵੋਟ ਆਧਾਰ ਬਣਾਈ ਰੱਖਦੀ ਹੈ ਜਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਸਬਕ ਸਿਖਦਿਆਂ ਆਪਣੇ ਇੰਡੀਆ ਗੱਠਜੋੜ ਦੇ ਭਾਈਵਾਲਾਂ ਨਾਲ ਸਾਂਝੀ ਰਣਨੀਤੀ ਬਣਾ ਕੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲੋਕ ਸਭਾ ਚੋਣਾਂ ਲੜਦੀ ਹੈ, ਤੇ ਇਸ ਤਰ੍ਹਾਂ ਇਨ੍ਹਾਂ ਰਾਜਾਂ ਵਿਚ ਆਪਣੇ ਵੋਟ ਆਧਾਰ ਨੂੰ ਕੁਝ ਫ਼ੀਸਦੀ ਹੋਰ ਵਧਾਉਣ ਵਿਚ ਸਫ਼ਲ ਹੁੰਦੀ ਹੈ ਤਾਂ ਕਾਂਗਰਸ ਭਾਜਪਾ ਨੂੰ ਸਖਤ ਟਕਰ ਦੇਣ ਦੇ ਸਮਰਥ ਹੋ ਸਕੇਗੀ|
-ਰਜਿੰਦਰ ਸਿੰਘ ਪੁਰੇਵਾਲ