image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅਨੰਦਪੁਰ ਨੂੰ ਖ਼ਾਲਸੇ ਦਾ ਨਗਰ ਰਾਜ (CITY STATE) ਐਲਾਨ ਕਰਕੇ ਖ਼ਾਲਸਈ ਗਣਤੰਤਰ ਸਥਾਪਤ ਕਰ ਦਿੱਤਾ । ਮੁਗਲ ਸਾਮਰਾਜ ਦੇ ਗੁਲਾਮ ਬਾਈਧਾਰ ਦੇ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਨੋਂ ਮਰਵਾਉਣ ਦੀ ਕੋਸ਼ਿਸ਼ ਕੀਤੀ, ਜੰਗਾਂ ਲੜੀਆਂ ਤੇ ਹਾਰੀਆਂ

  ਪੰਜਾਬ ਦੀਆਂ ਤੱਤਕਾਲੀ ਪਹਾੜੀ ਰਿਆਸਤਾਂ ਵਿੱਚ ਬਾਈਧਾਰ ਦੇ ਹਿੰਦੂ ਰਾਜਿਆਂ ਦਾ ਜ਼ਿਕਰ ਆਉਂਦਾ ਹੈ । ਧਾਰ ਦਾ ਮਤਲਬ ਇਕ ਪਹਾੜੀ ਝਰਨੇ ਤੋਂ ਹੈ । ਇਸ ਤਰ੍ਹਾਂ ਮੋਟੇ ਰੂਪ ਵਿੱਚ ਹਰ ਧਾਰ ਜਾਂ ਹਰ ਪਹਾੜੀ ਝਰਨੇ ਦੀ ਇਕ ਵੱਖਰੀ ਰਿਆਸਤ ਹੁੰਦੀ ਸੀ । ਇਸ ਤਰ੍ਹਾਂ ਕੁੱਲ ਬਾਈਧਾਰਾਂ ਸਨ ਅਤੇ ਬਾਈ ਧਾਰਾਂ ਦੁਆਲੇ ਹੀ ਬਾਈ ਰਿਆਸਤਾਂ ਸਥਾਪਤ ਹੋ ਗਈਆਂ । ਬਾਈਧਾਰ ਦੀਆਂ ਬਾਈ ਰਿਆਸਤਾਂ ਭਾਵੇਂ ਮੁਗਲ ਸਾਮਰਾਜ ਦੇ ਅਧੀਨ ਸਨ, ਪਰ ਅੰਦਰੂਨੀ ਤੌਰ &lsquoਤੇ ਇਹ ਸੁਤੰਤਰ ਸਨ । ਵੈਸੇ ਮੁਗਲ ਬਾਦਸ਼ਾਹਾਂ ਨੇ ਇਨ੍ਹਾਂ ਪਹਾੜੀ ਰਿਆਸਤਾਂ ਨੂੰ ਇਸ ਤਰ੍ਹਾਂ ਕਾਬੂ ਕੀਤਾ ਹੋਇਆ ਸੀ ਕਿ ਬਹੁਤ ਹੀ ਘੱਟ ਹਾਲਾਤ ਵਿੱਚ ਬਾਗੀ ਹੋ ਸਕਦੀਆਂ ਸਨ । ਨਾ ਹੀ ਇਨ੍ਹਾਂ ਨੂੰ ਨਗਾਰਾ ਵਜਾਉਣ ਦੀ ਇਜਾਜ਼ਤ ਸੀ ਅਤੇ ਨਾ ਹੀ ਇਨ੍ਹਾਂ ਨੂੰ ਆਪਣਾ ਸਿੱਕਾ ਲਾਗੂ ਕਰਨ ਦੀ ਇਜਾਜ਼ਤ ਸੀ । ਇਥੋਂ ਤੱਕ ਪਹਾੜੀ ਰਾਜਿਆਂ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕਰਨ ਲਈ ਅੰਤਿਮ ਮਨਜ਼ੂਰੀ ਬਾਦਸ਼ਾਹ ਕੋਲੋਂ ਲੈਣੀ ਪੈਂਦੀ ਸੀ । ਮੁਗਲ ਬਾਦਸ਼ਾਹਾਂ ਦੀ ਮੁੱਖ ਦਿਲਚਸਪੀ ਇਨ੍ਹਾਂ ਰਿਆਸਤਾਂ ਵਿੱਚੋਂ ਸਾਲਾਨਾ ਜਾਂ ਛਿਮਾਹੀ ਮਾਮਲਾ ਉਗਰਾਹੁਣ ਅਤੇ ਨਜ਼ਰਾਨੇ ਲੈਣ ਤੱਕ ਹੀ ਸੀਮਤ ਸੀ । ਅੰਦਰੂਨੀ ਤੌਰ &lsquoਤੇ ਇਹ ਰਿਆਸਤਾਂ ਸੁਤੰਤਰ ਸਨ । ਇਹ ਆਪਣੀ ਮਰਜ਼ੀ ਮੁਤਾਬਕ ਕਿਲ੍ਹੇ ਉਸਾਰ ਸਕਦੀਆਂ ਸਨ । ਆਪਣੀ ਜਨਤਾ ਲਈ ਆਪਣੀ ਲੋੜ ਅਨੁਸਾਰ ਕਾਨੂੰਨ ਬਣਾ ਸਕਦੀਆਂ ਸਨ । ਜੇ ਇਕ ਰਿਆਸਤ ਦੂਸਰੀ ਰਿਆਸਤ &lsquoਤੇ ਹਮਲਾ ਕਰਦੀ ਸੀ ਤਾਂ ਇਸ ਵਿੱਚ ਵੀ ਮੁਗਲ ਬਾਦਸ਼ਾਹ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ, ਭਾਵ ਕਿ ਇਹ ਆਪਸ ਵਿੱਚ ਲੜ-ਭਿੜ ਕੇ ਮਰ ਸਕਦੀਆਂ ਸਨ, ਬਾਦਸ਼ਾਹ ਦੀ ਇਨ੍ਹਾਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਸੀ ਹੁੰਦੀ । ਪਹਾੜੀ ਰਿਆਸਤਾਂ ਦੇ ਸੈਨਿਕ ਵੀ ਮੈਦਾਨੀ ਸੈਨਿਕਾਂ ਦੇ ਮੁਕਾਬਲੇ &lsquoਤੇ ਕਮਜ਼ੋਰ ਹੀ ਹੁੰਦੇ ਸਨ । ਸੈਨਿਕਾਂ ਵਿੱਚ ਵੀ ਸਿਰਫ਼ ਰਾਜਪੂਤ ਜਾਂ ਖੱਤਰੀ ਲੋਕ ਹੀ ਹੁੰਦੇ ਸਨ । ਸਮਾਜ ਦਾ ਦਲਿਤ ਵਰਗ ਫੌਜ ਵਿੱਚ ਭਰਤੀ ਨਹੀਂ ਸੀ ਕੀਤਾ ਜਾਂਦਾ । ਅਨੰਦਪੁਰ ਸਾਹਿਬ ਕਹਿਲੂਰ ਦੀ ਰਿਆਸਤ ਵਿੱਚ ਸਥਿਤ ਸੀ । ਕਹਿਲੂਰ ਇਸ ਰਿਆਸਤ ਦਾ ਭੂਗੋਲਿਕ ਨਾਂਅ ਸੀ । ਕਿਉਂਕਿ ਇਸ ਦੀ ਰਾਜਧਾਨੀ ਬਿਲਾਸਪੁਰ ਸੀ ਇਸ ਕਰਕੇ ਇਸ ਨੂੰ ਬਿਲਾਸਪੁਰ ਦੀ ਰਿਆਸਤ ਵੀ ਕਹਿ ਦਿੱਤਾ ਜਾਂਦਾ ਸੀ । ਸਤਲੁੱਜ ਦਰਿਆ ਕਹਿਲੂਰ ਅਤੇ ਮੁਗਲ ਰਾਜ ਦੀ ਸਾਂਝੀ ਹੱਦ ਸੀ । ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਮੌਤ ਹੋ ਗਈ । ਬਿਲਾਸਪੁਰ ਦੀ ਵਿਧਾਨ ਰਾਣੀ ਚੰਪਾ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਰਾਜੇ ਦੀਪ ਚੰਦ ਦੀ ਸਤਾਰ੍ਹਵੀਂ ਦੀ ਰਸਮ &lsquoਤੇ ਪਹੁੰਚਣ ਲਈ ਸੱਦਾ ਭੇਜਿਆ, ਜੋ 15 ਜੇਠ ਸੰਮਤ 1722 ਬਿ: ਮੁਤਾਬਕ 13 ਮਈ 1665 ਨੂੰ ਹੋਈ ਸੀ । ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵਿਧਵਾ ਰਾਣੀ ਚੰਪਾ ਦਾ ਸੱਦਾ ਪ੍ਰਵਾਨ ਕਰ ਲਿਆ । ਇਥੇ ਇਹ ਵੀ ਦੱਸਣਯੋਗ ਹੈ ਕਿ ਰਾਜਾ ਦੀਪ ਚੰਦ ਉਸ ਰਾਜਾ ਤਾਰਾ ਚੰਦ ਦਾ ਪੁੱਤਰ ਸੀ ਜਿਹੜਾ ਤਾਰਾ ਚੰਦ ਉਨ੍ਹਾਂ ਬਵੰਜਾ ਹਿੰਦੂ ਰਾਜਿਆਂ ਵਿੱਚੋਂ ਇਕ ਸੀ ਜਿਸ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪਿਤਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ ਸੀ । ਭੋਗ ਦੀ ਰਸਮ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵਿਧਵਾ ਰਾਣੀ ਚੰਪਾ ਨਾਲ ਕਹਿਲੂਰ ਦੀ ਰਿਆਸਤ ਵਿੱਚ ਜਮੀਨ ਖਰੀਦ ਕੇ ਖ਼ਾਲਸੇ ਦਾ ਨਗਰ ਵਸਾਉਣ ਦੀ ਗੱਲ ਕੀਤੀ ਤਾਂ ਰਾਣੀ ਨੇ ਮਾਖੋਵਾਲ ਦਾ ਪਿੰਡ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਭੇਟ ਕਰਨਾ ਚਾਹਿਆ ਪਰ ਗੁਰੂ ਸਾਹਿਬ ਨੇ ਸਿੱਖ ਨੀਤੀ ਅਤੇ ਆਉਣ ਵਾਲੇ ਹਾਲਾਤ ਨੂੰ ਮੁੱਖ ਰੱਖਦਿਆਂ ਬਗੈਰ ਮੁੱਲ ਤਾਰੇ ਥਾਂ ਲੈਣ ਤੋਂ ਇਨਕਾਰ ਕਰ ਦਿੱਤਾ, ਸ੍ਰੀ ਗੁਰ ਪ੍ਰਤਾਪ ਸੂਰਜ ਦੇ ਕਰਤਾ ਅਨੁਸਾਰ : ਜ਼ਰ ਖਰੀਦ ਕਰ ਪਟੇ ਲਿਖਾਏ । ਲੈ ਸਤਿਗੁਰ ਨਿਜ ਨਿਕਟ ਰਖਾਏ । ਗੁਰੂ ਸਾਹਿਬ ਨੇ ਖ਼ਾਲਸੇ ਦਾ ਨਗਰ ਵਸਾਉਣ ਲਈ ਜਿਸ ਥਾਂ ਦੀ ਚੋਣ ਕੀਤੀ ਉਸ ਨੂੰ ਉਸ ਵੇਲੇ ਲੋਦੀਪੁਰ, ਮੀਆਂ ਪੁਰ ਅਤੇ ਸਹੋਟੇ ਪਿੰਡਾਂ ਦੀ ਸਾਂਝੀ ਜੂਹ ਦੇ ਤੌਰ &lsquoਤੇ ਮਾਖੋਵਾਲ ਦਾ ਥੇਹ ਕਿਹਾ ਜਾਂਦਾ ਸੀ । ਇਸ ਦਾ ਯੋਗ ਮੁੱਲ ਦੇ ਦਿੱਤਾ ਗਿਆ ਅਤੇ 21 ਹਾੜ ਸਮੰਤ 1722 ਬਿ: ਮੁਤਾਬਕ 19 ਜੂਨ 1665 ਈ: ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਦੇ ਵੰਸ਼ਜ਼ ਬਾਬਾ ਗੁਰਦਿੱਤਾ ਜੀ ਰੰਧਾਵਾ ਵੱਲੋਂ ਨਵੇਂ ਨਗਰ ਦੀ ਮੋੜੀ ਗੱਡੀ ਗਈ । ਇਸ ਦਾ ਨਾਂ ਗੁਰੂ ਜੀ ਦੀ ਮਾਤਾ ਨਾਨਕੀ ਜੀ ਦੇ ਨਾਂ &lsquoਤੇ ਚੱਕ ਨਾਨਕੀ ਰੱਖਿਆ, ਜਿਹੜਾ ਮਗਰੋਂ ਅਨੰਦਪੁਰ ਸਾਹਿਬ ਨਾਲ ਪ੍ਰਸਿੱਧ ਹੋਇਆ । ਇਸੇ ਅਨੰਦਪੁਰ ਨੂੰ 1699 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਖ਼ਾਲਸੇ ਦਾ ਨਗਰ ਰਾਜ (ਚੀਤੱ ਸਤਾਤ)ਿ ਐਲਾਨ ਕਰਕੇ ਖ਼ਾਲਸਈ ਗਣਤੰਤਰ ਸਥਾਪਤ ਕੀਤਾ ਸੀ । ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੇ ਖ਼ਾਲਸੇ ਦਾ ਨਗਰ (ਅਨੰਦਪੁਰ) ਵਸਾਉਣ ਲਈ ਬਿਲਾਸਪੁਰ ਦੀ ਰਾਣੀ ਕੋਲੋਂ ਮੁੱਲ ਤਾਰ ਕੇ ਜਮੀਨ ਖਰੀਦੀ ਸੀ ਤਾਂ ਫਿਰ ਇਹ ਵੀ ਸਪੱਸ਼ਟ ਕਰਨਾ ਜਰੂਰੀ ਹੋ ਜਾਂਦਾ ਹੈ ਕਿ : ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਗੁਰੂ ਤੇਗ਼ ਬਹਾਦਰ ਪਾਤਸ਼ਾਹ ਨੇ ਗੁਰੂ ਕੀ ਸੰਗਤ ਨੂੰ ਗੁਰੂ ਦਾ ਖ਼ਾਲਸਾ ਆਖ ਕੇ ਹੀ ਸੰਬੋਧਨ ਕੀਤਾ ਹੈ । ਗੁਰੂ ਹਰਗੋਬਿੰਦ ਪਾਤਸ਼ਾਹ ਅਤੇ ਗੁਰੂ ਤੇਗ਼ ਬਹਾਦਰ ਪਾਤਸ਼ਾਹ ਨੇ ਖ਼ਾਲਸਾ ਸ਼ਬਦ ਆਪਣੇ ਹੁਕਮਨਾਮਿਆਂ ਵਿੱਚ ਗੁਰੂ ਦੀ ਸੰਗਤ ਲਈ ਵਰਤਿਆ ਹੈ, ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਲਿਖਦੇ ਹਨ : ਪੂਰਬ ਕੀ ਸੰਗਤ ਗੁਰੂ ਦਾ ਖ਼ਾਲਸਾ ਹੈ । ਇਸੇ ਤਰ੍ਹਾਂ ਗੁਰੂ ਤੇਗ਼ ਬਹਾਦਰ ਪਾਤਸ਼ਾਹ ਲਿਖਦੇ ਹਨ : ਪਟਣ ਦੀ ਸੰਗਤ ਸ੍ਰੀ ਗੁਰੂ ਜੀ ਦਾ ਖ਼ਾਲਸਾ ਹੈ । (ਦੇਖੋ ਹੁਕਮਨਾਮੇ ਨੰਬਰ 3 ਅਤੇ 8, ਸ੍ਰੀ ਗੁਰ ਸੋਭਾ ਪੰਨਾ 20) ਇਸੇ ਤਰ੍ਹਾਂ ਨਗਰ ਵਸਾਉਣਾ ਸਟੇਟ ਅੰਦਰ ਸਟੇਟ ਵਸਾਉਣ ਦੀ ਕਲਾ, ਗੁਰੂ ਨਾਨਕ ਦੇ ਘਰ ਅਤੇ ਗੱਦੀ ਦੀ ਪਰੰਪਰਾ ਰਹੀ ਹੈ, ਇਸ ਵਿਸ਼ੇ ਦੀ ਵਿਆਖਿਆ ਬਹੁਤ ਲੰਬੀ ਚੌੜੀ ਹੈ ਕਿਤੇ ਸਮਾਂ ਮਿਲਿਆ ਤਾਂ ਗੁਰੂ ਦੀ ਕਿਰਪਾ ਅਨੁਸਾਰ ਸਟੇਟ ਅੰਦਰ ਸਟੇਟ ਨਗਰ ਵਸਾਉਣ ਦੀ ਕਲਾ ਬਾਰੇ ਵਿਸਥਾਰ ਨਾਲ ਲਿਖਾਂਗਾ । ਹੱਥਲੇ ਲੇਖ ਵਿੱਚ ਕੁਝ ਨੁਕਤੇ ਹੀ ਪਾਠਕਾਂ ਨਾਲ ਸਾਂਝੇ ਕਰਨੇ ਹਨ । ਕਰਤਾ ਨਾਲ ਗੁਰੂ ਨਾਨਕ ਸਰਕਾਰ ਦੀ ਸੰਗਤ ਸੀ ਉਨ੍ਹਾਂ ਨੇ ਕਰਤਾਰਪੁਰ ਵਸਾਇਆ । ਗੁਰੂ ਰਾਮਦਾਸ ਪਾਤਸ਼ਾਹ ਨੇ ਤੁੰਗ ਪਿੰਡ ਦੇ ਜਿੰਮੀਂਦਾਰਾਂ ਤੋਂ 700 ਅਕਬਰੀ ਰੁਪੈ ਦੀ 500 ਬਿਘੇ ਜਮੀਨ ਮੁੱਲ ਖਰੀਦ ਕੇ ਗੁਰੂ ਕਾ ਚੱਕ ਰਾਮਦਸ ਪੁਰ, ਅੰਮ੍ਰਿਤਸਰ ਸ਼ਹਿਰ ਵਸਾਇਆ । ਗੁਰੂ ਹਰਗੋਬਿੰਦ ਪਾਤਸ਼ਾਹ ਨੇ 1609 ਈਸਵੀ ਵਿੱਚ ਸਿੱਖ ਕੌਮ ਨੂੰ ਪਾਤਸ਼ਾਹੀ ਦੀ ਪ੍ਰਭੁਤਾ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹਿਰ (ਰਾਜਧਾਨੀ ਵਜੋਂ) ਸ੍ਰੀ ਅੰਮ੍ਰਿਤਸਰ ਵਿਖੇ ਦਿੱਤੀ, ਤੇ ਸਿੱਖ ਪ੍ਰਭੁਤਾ ਦੀ ਪ੍ਰਭੁ ਸੱਤਾ ਦੀ ਰਾਜਧਾਨੀ ਵਿੱਚ ਅਕਾਲ ਸੱਤਾ ਦੀ ਰਾਜ ਪ੍ਰਣਾਲੀ ਦੀ ਪ੍ਰਭੁਤਾ ਦੀ ਰੱਖਿਆ ਲਈ ਕਿਲ੍ਹਾ ਲੋਹਗੜ੍ਹ ਦਾ ਨਿਰਮਾਣ ਕਰਵਾਇਆ । ਅਕਾਲ ਦੀ ਸਿਆਸੀ ਸੱਤਾ ਦੀ ਪ੍ਰਭੁਸਤਾ ਅਤੇ ਸੁਤੰਤਰਤਾ ਦੀ ਰੱਖਿਆ ਲਈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵਕਤ ਦੀ ਮੁਗਲ ਹਕੂਮਤ ਨਾਲ ਚਾਰ ਯੁੱਧ ਵੀ ਲੜੇ ਅਤੇ ਚਾਰਾਂ ਵਿੱਚ ਹੀ ਫ਼ਤਹਿ ਹਾਸਲ ਕੀਤੀ । ਨਾਨਕ ਸਰਕਾਰ ਦੇ ਸਿੱਖ ਦੇ ਨਾਮ &lsquoਤੇ ਭਾਈ ਰੂਪਾ ਨਗਰ ਵਸਾਇਆ (ਹਵਾਲਾ-ਨਾਨਕ ਦੀ ਨਾਨਕ ਸ਼ਾਹੀ ਸਿੱਖੀ, ਪੰਨਾ 184-185) 

ਅਨੰਦਪੁਰ 1699 ਈ: ਨੂੰ ਗੁਰੂ ਗੋਬਿੰਦ ਸਿੰਘ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਸਮੇਂ ਬਾਈਧਾਰ ਦੇ ਹਿੰਦੂ ਰਾਜਿਆ ਨੂੰ ਬਹੁਤ ਤੱਕੜਾ ਧੱਕਾ ਵੱਜਾ ਸੀ । ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖ਼ਾਲਸਾ ਰਾਜ ਦੇ ਉੱਚੀਆਂ ਜਾਤਾਂ ਵਾਲੇ ਬ੍ਰਾਹਮਣਾਂ, ਖੱਤਰੀਆਂ ਅਤੇ ਨੀਵੀਆਂ ਜਾਤਾਂ ਵਾਲੇ ਵੈਸ਼ਾਂ, ਸ਼ੂਦਰਾਂ ਦਾ, ਖੰਡੇ ਦੀ ਪਾਹੁਲ ਦੀ ਮਰਯਾਦਾ ਅਨੁਸਾਰ ਭਿੰਨ-ਭੇਦ ਹੀ ਮਿਟਾ ਦਿੱਤਾ ਅਤੇ ਇਨ੍ਹਾਂ ਸਾਰਿਆਂ ਨੂੰ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ, ਖਾਣਾ ਪੀਣਾ ਸਾਂਝਾ ਕਰਕੇ ਬਿਲਕੁੱਲ ਹੀ ਅਭੇਦ ਕਰ ਦਿੱਤਾ ਜੋ ਅੱਜ ਤੱਕ ਪਹਿਲਾਂ ਹੋਰ ਕਿਸੇ ਨੇ ਨਹੀਂ ਸੀ ਕੀਤਾ । ਇਸ ਨਾਲ ਖ਼ਾਲਸਾ ਪੰਥ ਦੀ ਜਥੇਬੰਦੀ ਹੋਰ ਵੀ ਪੀਡੀ ਤੇ ਮਜ਼ਬੂਤ ਹੋ ਗਈ । ਬਾਈਧਾਰ ਦੇ ਹਿੰਦੂ ਰਾਜਿਆਂ ਨੂੰ ਸਭ ਤੋਂ ਵੱਧ ਤਕਲੀਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਨ੍ਹਾਂ ਉਪਦੇਸ਼ਾਂ ਦੀ ਹੋਈ ਜਿਹੜੇ ਉਨ੍ਹਾਂ ਨੇ ਚਹੁੰ ਵਰਣਾਂ ਨੂੰ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਉਣ ਤੋਂ ਬਾਅਦ ਦਿੱਤੇ । ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹੁਲਧਾਰੀਆਂ ਨੂੰ ਉਪਦੇਸ਼ ਦਿੱਤਾ : ਹਿੰਦੂ ਸ਼ਾਸਤਰਾਂ ਵਿੱਚ ਵਰਣ ਆਸ਼ਰਮ ਧਰਮ ਦੀ ਸੰਸਥਾ ਵਿੱਚ ਸ਼ਾਮਿਲ ਚਾਰ ਹਿੰਦੂ ਵਰਣਾਂ ਲਈ ਨਿਸ਼ਚਿਤ ਕੀਤੇ ਗਏ ਵਿਭਿੰਨ ਧਰਮਾਂ ਦਾ ਪੂਰੀ ਤਰ੍ਹਾਂ ਤਿਆਗ ਕਰੋ । ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੋ । ਰਾਮ, ਕ੍ਰਿਸ਼ਨ, ਬ੍ਰਹਮਾਂ ਤੇ ਦੁਰਗਾ ਆਦਿ ਦੇਵੀ ਦੇਵਤਿਆਂ ਦੀ ਕੋਈ ਪੂਜਾ ਨਾ ਕਰੇ ਅਤੇ ਗੁਰੂ ਨਾਨਕ ਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਦੇ ਉਪਦੇਸ਼ਾਂ ਵਿੱਚ ਯਕੀਨ ਕਰੋ । ਚਾਰ ਵਰਣਾਂ ਦੇ ਵਿਅਕਤੀ ਸਾਰੇ ਦੋ ਧਾਰੇ ਖੰਡੇ ਦਾ ਪਹੁਲ ਲਉ ਇਕੋ ਬਰਤਨ ਵਿੱਚ ਛਕੋ ਅਤੇ ਕਿਸੇ ਤੋਂ ਅੱਡਰੇ ਮਹਿਸੂਸ ਨਾ ਕਰੋ ਤੇ ਨਾ ਹੀ ਇਕ ਦੂਜੇ ਨੂੰ ਨਫ਼ਰਤ ਕਰੋ । ਕਹਿਲੂਰ ਦੇ ਰਾਜੇ ਅਜਮੇਰ ਚੰਦ ਦੀ ਅਗਵਾਈ ਵਿੱਚ ਬਾਈਧਾਰ ਦੇ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਛੱਡ ਦੇਣ ਲਈ ਕਿਹਾ ਅਤੇ ਗੁਰੂ ਸਾਹਿਬ ਨੇ ਕੀ ਜੁਆਬ ਦਿੱਤਾ ਅਗਲੇ ਹਫ਼ਤੇ ਪੜੋ੍ਹ । 
(ਚੱਲਦਾ ਬਾਕੀ ਅਗਲੇ ਹਫ਼ਤੇ)
-ਜਥੇਦਾਰ ਮਹਿੰਦਰ ਸਿੰਘ