image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਬੁੱਤ ਪੂਜਣ ਵਾਲਿਆਂ ਤੇ ਬੁੱਤ ਤੋੜਨ ਵਾਲਿਆਂ ਦੀ ਮਿਲਵੀਂ ਫੌਜ ਨੇ, ਏਕੁ ਪਿਤਾ ਏਕਸ ਕੇ ਹਮ ਬਾਰਿਕ ਦਾ ਉਪਦੇਸ਼ ਦੇਣ ਵਾਲੇ ਗੁਰੂ ਗੋਬਿੰਦ ਸਿੰਘ ‘ਤੇ ਕਸਮਾਂ ਤੋੜ ਕੇ ਧੋਖੇ ਨਾਲ ਹਮਲਾ ਕੀਤਾ ।

 (ਲੜੀ ਜੋੜਨ ਲਈ ਵੇਖੋ ਪਿਛਲੇ ਹਫ਼ਤੇ ਦਾ ਪੰਜਾਬ ਟਾਈਮਜ਼ ਅੰਕ 3009)

1699 ਈ: ਨੂੰ ਦਸ਼ਮੇਸ਼ ਪਿਤਾ ਨੇ ਸੀਸ ਭੇਟ ਕੌਤਕ ਵਰਤਾ ਕੇ ਪਹਿਲਾਂ ਸੀਸ ਭੇਟ ਕਰਨ ਵਾਲੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਨ੍ਹਾਂ ਕੋਲੋਂ ਅੰਮ੍ਰਿਤ ਦੀ ਮੰਗ ਕੀਤੀ ਅਰਥਾਤ, ਖ਼ਾਲਸਾ ਗੁਰੂ ਹੈ ਗੁਰੂ ਖ਼ਾਲਸਾ ਕਰੋ ਮੈਂ ਆਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿE । ਸੰਕ ਨਾ ਕਰੀਜੈ ਸਾਵਧਾਨ ਹੋਇ ਦੀਜੈ, ਅਬ ਅੰਮ੍ਰਿਤ ਛਕਾਵੋ ਮੋਹਿ, ਜੈਸੇ ਤੁਮ ਲੀਨਿE । ਦਸ਼ਮੇਸ਼ ਪਿਤਾ ਨੇ ਗੁਰੂ ਖ਼ਾਲਸਾ ਕੋਲੋਂ ਅੰਮ੍ਰਿਤ ਛੱਕ ਕੇ ਆਪਣੇ ਆਪ ਨੂੰ ਖ਼ਾਲਸਾ ਪੰਥ ਵਿੱਚ ਅਭੇਦ ਕਰ ਲਿਆ ਅਤੇ ਬਚਨ ਕੀਤਾ, ਪ੍ਰਗਟਿE ਖ਼ਾਲਸਾ ਪਰਮਾਤਮ ਕੀ ਮੌਜ ਖ਼ਾਲਸਾ ਅਕਾਲ ਪੁਰਖ ਕੀ ਫੌਜ ਅਰਥਾਤ ਰਚ ਦੀਨੇ ਖ਼ਾਲਸਾ ਜਗਤ ਕਉ ਦੈਨ ਸੰਥ । ਅਸੀਂ ਪਿਛਲੇ ਹਫ਼ਤੇ ਜ਼ਿਕਰ ਕਰ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅਨੰਦਪੁਰ ਨੂੰ ਖ਼ਾਲਸੇ ਦਾ ਨਗਰ (ਚਣਥਯ ਸਥਾਂਥੲ) ਐਲਾਨ ਕਰਕੇ ਖ਼ਾਲਸਈ ਗਣਤੰਤਰ ਸਥਾਪਤ ਕਰ ਦਿੱਤਾ । ਅਸੀਂ ਇਹ ਵੀ ਜ਼ਿਕਰ ਕਰ ਆਏ ਹਾਂ ਕਿ ਬਾਈਧਾਰ ਦੇ ਪਹਾੜੀ ਹਿੰਦੂ ਰਾਜੇ ਮੁਗਲਾਂ ਦੇ ਜੁਲਮੀ ਰਾਜ ਦੇ ਅਧੀਨ ਸਨ ਅਤੇ ਉਨ੍ਹਾਂ ਵਿੱਚ ਮੁਗਲਾਂ ਦੇ ਜੁਲਮੀ ਰਾਜ ਵਿਰੁੱਧ ਲੜਨ ਦੀ ਹਿੰਮਤ ਨਹੀਂ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਹਿੰਦੂ ਰਾਜਿਆਂ ਨੂੰ ਮੁਗਲਾਂ ਦੇ ਜੁਲਮੀ ਰਾਜ ਦੇ ਖ਼ਿਲਾਫ ਲੜਾਈ ਵਿੱਚ ਸ਼ਾਮਿਲ ਹੋਣ ਲਈ ਸੱਦਾ ਤਾਂ ਦਿੱਤਾ ਪਰ ਸ਼ਰਤ ਇਹ ਲਾਈ ਕਿ ਉਹ ਖ਼ਾਲਸੇ (ਰਚ ਦੀਨੇ ਖਾਲਸਾ ਜਗਤ ਕੋ ਦੈਨ ਸੰਥ) ਦੇ ਮਿਸ਼ਨ ਨੂੰ ਭਾਵ ਖ਼ਾਲਸੇ ਦੇ ਸਮਾਜਿਕ ਤੇ ਰਾਜਸੀ ਨਿਸ਼ਾਨਿਆਂ ਨੂੰ ਅਪਨਾਉਣ ਅਤੇ ਖ਼ਾਲਸੇ ਦੀ ਅਗਵਾਈ ਕਬੂਲ ਕਰਨ । ਤਬ ਸਭ ਕੋ ਇਹ ਭਾਂਤ ਉਚਾਰੋ । ਤੁਮ ਖ਼ਾਲਸ ਕੀ ਰਹਿਤ ਸੁਧਾਰੋ (ਭਾਵ ਸਭ ਜਾਤਾਂ ਨਾਲ ਇਕੋ ਬਾਟੇ ਵਿੱਚੋਂ ਅੰਮ੍ਰਿਤ ਛੱਕ ਕੇ ਵਰਣ-ਵੰਡ ਦਾ ਭੇਦ ਖ਼ਤਮ ਕਰ ਦਿਉ) ਤੁਹਕਨ ਕੋ ਭਰੋ ਹਾਲਾ ਮਾਨੋ । ਲੇਵ ਤੁਰਕ ਕੋ ਅਬ ਪਹਿਚਾਨੋ । ਖੰਡੈ ਜੀ ਕੀ ਸਰਨੀ ਆਵੋ । ਯਮਨੀ ਸਭਾ ਸੁ ਮਾਰ ਗਰਾਵੋ । ਮੈਂ ਤੁਮ ਕੋ ਇਕ ਥਾਨ ਵਿਚਾਰਾ । ਮਤਿ ਤੁਮ ਦੇਉ ਉਲ੍ਹਾਮਾ ਭਾਰਾ । ਤਾ ਕਾਰਨ ਤੁਝੇ ਅਲਾਇਆ । ਤੁਝ ਕੋ ਖ਼ਾਲਸ ਚਰਨੀ ਲਾਇਆ ॥ (ਜਗਜੀਤ ਸਿੰਘ ਸਿੱਖ ਰੈਵੂਲੈਸ਼ਨ ਪੰਨਾ 139, ਕੋਇਰ ਸਿੰਘ ਗੁਰ ਬਿਲਾਸ ਪਾਤਸ਼ਾਹੀ ਦਸਵੀਂ) ਪਰ ਗੁਰੂ ਗੋਬਿੰਦ ਸਿੰਘ ਦੇ ਇਸ ਸੱਦੇ ਦਾ ਪਹਾੜੀ ਹਿੰਦੂ ਰਾਜਿਆਂ ਨੇ ਜੋ ਜੁਆਬ ਦਿੱਤਾ ਉਹ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਇਸ ਵਿੱਚ ਉਨ੍ਹਾਂ ਦਾ ਉੱਚ-ਜਾਤੀ ਦਾ ਜਾਤ, ਘੁਮੰਡ ਸਿਰ ਚੜ੍ਹ ਬੋਲਦਾ ਹੈ ਹਿੰਦੂ ਰਾਜਿਆਂ ਨੇ ਕਿਹਾ : ਚਾਰ ਬਚਨ ਤੁਮ ਇਕ ਜਾ ਕੀਨੇ । ਅੰਮ੍ਰਿਤ ਨਿਜ ਉਪਦੇਸ ਸੁਦੀਨੇ । ਹਮਰੀ ਜਾਤ ਅਧਿਕ ਜਗ ਮਾਹੀ । ਕਿਮ ਹਮ ਚਰਨ ਬਰਨ ਸੰਗ ਖਾਹੀ । ਤੁਮਰੇ ਪੰਥ ਰਾਜ ਕਿਮ ਦੈ ਹੈਂ । ਅਜਾ ਗੰਨੇ (ਬਕਰੀਆਂ) ਮਾਰ ਸੌ ਲੈ ਹੈਂ । ਨੀਚ ਜਾਤ ਕਹਿ ਨੀ ਹਲ ਵਾਸੀ । ਹਮਰੋ ਰਾਜ ਖੋਹ ਜਗ ਹਾਸੀ । ਇਹ ਤੋਂ ਬਡ ਅਚਰਜ ਕੀ ਬਾਤਾ । ਦੁਆਦਸ ਜਾਤ (ਕਸ਼ੱਤਰੀ, ਬ੍ਰਾਹਮਣਾਂ ਦੀਆਂ) ਸਨਾਤ ਕਾ ਨਾਤਾ । ਭਾਵ ਉੱਚੀਆਂ ਜਾਤਾਂ ਦਾ ਨੀਵੀਆਂ ਜਾਤਾਂ ਨਾਲ ਕੀ ਮੇਲ ? ਪਹਾੜੀ ਹਿੰਦੂ ਰਾਜਿਆਂ ਨੂੰ ਗੁਰੂ ਨਾਨਕ ਦੀ ਇਹ ਵਿਚਾਰਧਾਰਾ : ਉੱਚੀਆਂ ਜਾਤਾਂ ਦਾ ਨੀਵੀਆਂ ਜਾਤਾਂ ਨਾਲ ਮਿਲ ਬੈਠਣਾ ਅਤੇ ਨੀਚਾਂ ਦੇ ਹੱਥ ਰਾਜਸੀ ਸੱਤਾ ਸੌਂਪਣੀ ਨਾ ਸਿਰਫ ਅਚੰਭੇ ਵਾਲੀ ਹੀ ਗੱਲ ਲੱਗੀ ਸਗੋਂ ਇਸ ਨਾਲ ਉਨ੍ਹਾਂ ਨੂੰ ਆਪਣੀ ਸਾਰੀ ਚੌਧਰ ਤੇ ਸ਼ਾਨ ਘੱਟੇ ਰੁਲਦੀ ਦਿਖਦੀ ਸੀ (ਹਮਰੋ ਰਾਜ ਖੋਹ ਜਗ ਹਾਸੀ) ਇਸ ਕਰਕੇ ਉਨ੍ਹਾਂ ਨੂੰ ਜੁਲਮੀ ਮੁਗਲ ਰਾਜ ਦੀ ਮੁਗਲ ਹਕੂਮਤ ਵਿਰੁੱਧ ਗੁਰੂ ਗੋਬਿਦ ਸਿੰਘ ਦਾ ਸਾਥ ਦੇਣ ਦੀ ਬਜਾਇ ਗੁਰੂ ਸਾਹਿਬ ਦੇ ਖ਼ਿਲਾਫ ਮੁਗਲ ਹਕੂਮਤ ਦਾ ਪੱਖ ਲੈਣਾ ਵਧੇਰੇ ਯੋਗ ਜਾਪਿਆ । ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਏ ਤਾਂ ਇਹ ਤੱਥ ਹੋਰ ਵੀ ਉੱਘੜ ਕੇ ਸਾਹਮਣੇ ਆਉਂਦਾ ਹੈ ਕਿ ਉੱਚ ਜਾਤੀ ਦੇ ਹਿੰਦੂਆਂ ਦਾ ਇਕ ਵਰਗ, ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਗੁਰੂ ਨਾਨਕ ਦੀ ਸਿੱਖੀ ਤੇ ਖ਼ਾਲਸਾ ਪੰਥ ਦਾ ਵਿਰੋਧ ਕਰਦਾ ਚੱਲਿਆ ਆ ਰਿਹਾ ਹੈ, ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਸਿੰਘ ਨਾਦ, ਜਉ ਤਉ ਪ੍ਰੇਮ ਖੇਲਣ ਕਾ ਚਾਉ । ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਪੰਜਾਬ ਦੀ ਜਰਖੇਜ ਧਰਤੀ ਉੱਤੇ ਬੀਜਿਆ ਹੈ ਏਸ ਨੇ ਲੱਖਾਂ ਅਜੇਹੇ ਮਨੁੱਖ ਪੈਦਾ ਕੀਤੇ ਹਨ ਜਿਨ੍ਹਾਂ ਨੇ ਗੁਰ-ਬਚਨਾਂ ਦੇ ਹਰ ਅੱਖਰ ਦੇ ਅੰਤਰੀਵ ਭਾਵ ਨੂੰ ਮੂਰਤੀਮਾਨ ਕਰਕੇ ਵਿਖਾਇਆ ਹੈ । ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਦਸਮੇਸ਼ ਪਿਤਾ ਦੇ ਦਰਬਾਰ ਦੀਆਂ ਸ਼ਾਨਾਂ, ਨਗਾਰੇ ਦੀਆਂ ਗੂੰਜਾਂ, ਸਿੰਘ ਘੋੜ ਸਵਾਰਾਂ ਦੀਆਂ ਨਿੱਤ ਨਵੀਆਂ ਚੜਤਲਾਂ, ਖ਼ਾਲਸੇ ਦਾ ਨਿਰਭਉ ਨਿਰਵੈਰ ਹੋ ਕੇ ਵਿਚਰਨਾ ਅਤੇ ਸਭ ਤੋਂ ਵੱਧ ਨਵੇਂ ਪੈਦਾ ਹੋਏ ਨਿਆਰੇ ਪੰਥ ਦਾ ਰਾਜਾਂ-ਸਮਾਜਾਂ ਤੋਂ ਉੱਚਾ ਆਸਨ ਕੁਝ ਅਜਿਹੇ ਕਾਰਨ ਸਨ ਜਿਹੜੇ ਪਹਾੜੀ ਹਿੰਦੂ ਰਾਜਿਆਂ ਦੇ ਧੁਰ-ਅੰਦਰ ਪੈਦਾ ਹੋਈ ਜਲਨ ਨੂੰ ਤੇਜ਼ ਕਰਦੇ ਰਹਿੰਦੇ ਸਨ । ਉਨ੍ਹਾਂ ਦੀ ਅਵਸਥਾ ਨੀਵੇਂ ਅਤੇ ਤੰਗ ਹਨੇਰੇ ਵਿੱਚ ਰੀਂਗਦੇ ਕੀੜਿਆਂ ਜੇਹੀ ਸੀ । ਆਖਿਰ ਉਨ੍ਹਾਂ ਲਈ ਦਿਲਾਂ ਵਿੱਚ ਪੈਦਾ ਹੋਈ ਈਰਖਾ ਨੂੰ ਡੱਕਣਾ ਅਸਹਿ ਹੋ ਗਿਆ । ਸ੍ਰੀ ਗੁਰ ਸੋਭਾ ਦੇ ਕਰਤਾ ਕਵੀ ਸੈਨਾਪਤਿ (ਜੋ ਅੰਮ੍ਰਿਤ ਛੱਕ ਕੇ ਸੈਣਾ ਸਿੰਘ ਬਣਿਆ) ਨੇ ਉਸ ਵੇਲੇ ਦੇ ਹਲਾਤਾਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ : ਤਬੈ ਖਾਲਸਾ ਐਸੀ ਕਰੈ ॥ ਹੁਇ ਅਸੁਵਾਰ ਗਾਂਵਨ ਪੈ ਚਰੈ । ਜੋ ਆਗੇ ਤੇ ਮਿਲਨੇ ਆਵੈ ॥ ਬਸਤ ਰਹੈ ਕੁਛ ਭੇਟ ਚੜਾਵੈ ॥ ਇਹ ਬਿਧਿ ਚਰਚਾ ਭਈ ਅਪਾਰਾ । ਤਬ ਰਾਜਨ ਮਨ ਮਾਹਿ ਬਿਚਾਰਾ । ਹਮਰੋ ਰਾਜ ਅਕਾਰਥ ਗਯੋ । ਸਤਿਗੁਰ ਰਾਜ ਚਹੁ ਦਿਸ ਭਯੋ । ਤਵ ਬਿਚਾਰ ਰਾਜਨ ਮਨ ਆਇE । ਠਉਰ ਠਉਰ ਤੇ ਲੋਗ ਬੁਲਾਯੋ । ਤਬ ਰਾਜਨ ਯਹ ਬਿਧਿ ਕਰੀ ਸੈਨਾ ਲਈ ਬੁਲਾਇ । ਸਕਲ ਸੰਗ ਦਲ ਜੋਰਿ ਕੈ ਨਿਕਟ ਪਹੁੰਚੇ ਆਇ । ਫਿਰਿ ਲਿਖਾ ਰਾਜਨ ਕੀE ਸੁਨਹੁ ਗਰੀਬ ਨਿਵਾਜ । ਅਬ ਛਾਡੋ ਅਨੰਦ ਗੜ੍ਹ ਭਲੀ ਬਾਤ ਹੋ ਆਜੁ । ਰਾਜਾ ਭੀਮ ਚੰਦ ਕਹਿਲੂਰੀਏ ਦੀ 1692 ਵਿੱਚ ਮੌਤ ਹੋ ਗਈ, ਉਸ ਤੋਂ ਬਾਅਦ ਉਸ ਦਾ ਪੁੱਤਰ ਅਜਮੇਰ ਚੰਦ ਕਹਿਲੂਰ ਦਾ ਰਾਜਾ ਬਣਿਆ । ਅਜਮੇਰ ਚੰਦ ਨੇ ਛੇੜ ਛੇੜਨ ਲਈ ਬਹਾਨੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖਿਆ ਕਿ ਜਾਂ ਤਾਂ ਤੁਸੀਂ ਸਾਡਾ ਇਲਾਕਾ ਅਨੰਦਪੁਰ ਛੱਡ ਜਾਉ ਜਾਂ ਇਸ ਦੇ ਪੈਸੇ ਭਰਿਆ ਕਰੋ, ਨਹੀਂ ਤਾਂ ਲੜਾਈ ਲਈ ਤਿਆਰ ਹੋ ਜਾਉ । ਅਸੀਂ ਪਿੱਛੇ ਜ਼ਿਕਰ ਕਰ ਆਏ ਹਾਂ ਅਨੰਦਪੁਰ ਦੀ ਜ਼ਮੀਨ ਗੁਰੂ ਸਾਹਿਬ ਦੀ ਮਲਕੀਅਤ ਸੀ ਜੋ ਉਨ੍ਹਾਂ ਦੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮੁੱਲ ਦੇ ਕੇ ਖਰੀਦੀ ਸੀ ਅਤੇ ਉਸ ਦੀ ਉਸਾਰੀ ਸਿੱਖਾਂ ਦੇ ਦਸਵੰਧ ਨਾਲ ਹੋਈ ਸੀ । ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਖੇ ਖ਼ਾਲਸੇ ਦਾ ਰਾਜ ਸਥਾਪਤ ਕਰਨ ਲਈ, ਨਿਰਮੋਹ ਗੜ੍ਹ, ਲੋਹ ਗੜ੍ਹ, ਹੋਲ ਗੜ੍ਹ, ਫਤਹਿ ਗੜ੍ਹ, ਕੇਸ ਗੜ੍ਹ ਤੇ ਅਨੰਦ ਗੜ੍ਹ ਪੰਜ ਕਿਲ੍ਹੇ ਤਿਆਰ ਕਰਵਾਏ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕਹਿਲੂਰ ਦੇ ਰਾਜੇ ਅਜਮੇਰ ਚੰਦ ਦੀ ਉਕਤ ਧਮਕੀ ਦੀ ਕੋਈ ਪ੍ਰਵਾਹ ਨਾ ਕੀਤੀ ਤਾਂ ਉਸ ਨੇ ਬਲੀਆ ਚੰਦ, ਆਲਮ ਚੰਦ, ਰੂਪ ਚੰਦ ਹੰਡੂਰੀਆ ਆਦਿ ਪਹਾੜੀ ਹਿੰਦੂ ਰਾਜਿਆਂ ਨਾਲ ਸਲਾਹ ਮਸ਼ਵਰਾ ਕਰਕੇ ਦੁਬਾਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕਾਸਦ ਰਾਹੀਂ ਚਿੱਠੀ ਭੇਜੀ ਕਿ : ਜੇ ਤੁਸੀਂ ਅਨੰਦਪੁਰ ਸੁੱਖ ਨਾਲ ਰਹਿਣਾ ਚਾਹੁੰਦੇ ਹੋ ਤਾਂ ਵਫ਼ਾਦਾਰ ਪਰਜਾ ਦੀ ਤਰ੍ਹਾਂ ਆਪ ਜੀ (ਗੁਰੂ ਗੋਬਿੰਦ ਸਿੰਘ) ਨੂੰ ਰਹਿਣਾ ਪਵੇਗਾ । ਪਿਛਲੇ ਕੰਮਾਂ ਦੀ ਮੁਆਫੀ ਮੰਗੋ ਅਤੇ ਅੱਗੋਂ ਤੋਂ ਕਹਿਲੂਰ ਦੇ ਰਾਜੇ ਅਜਮੇਰ ਚੰਦ ਦੇ ਹੁਕਮਾਂ ਦੀ ਉਲੰਘਣਾ ਨਾ ਕਰਨ ਦਾ ਪ੍ਰਣ ਕਰੋ, ਜੇ ਐਸਾ ਨਹੀਂ ਕਰਨਾ ਤਾਂ ਸਾਡੀ ਜਗ੍ਹਾ ਛੱਡ ਜਾਉ ਜੇ ਥਾਂ ਛੱਡਣ ਲਈ ਤਿਆਰ ਨਹੀਂ ਤਾਂ ਜੰਗ ਕਰਕੇ ਛੁਡਵਾ ਲਈ ਜਾਵੇਗੀ । ਦਸਮੇਸ਼ ਪਿਤਾ ਨੇ ਉਸ ਦਾ ਜੁਆਬ ਭੇਜਿਆ : ਮੈਂ ਤੁਹਾਡੀ ਥਾਂ ਵਿੱਚ ਨਹੀਂ ਰਹਿੰਦਾ, ਇਹ ਥਾਂ ਮੇਰੇ ਪਿਤਾ ਤੇਗ਼ ਬਹਾਦਰ ਸਾਹਿਬ ਨੇ ਮੁੱਲ ਦੇ ਕੇ ਖਰੀਦੀ ਸੀ । ਅਸੀਂ ਕਿਸੇ ਦੀ ਪਰਜਾ ਨਹੀਂ, ਖ਼ਾਲਸਾ ਪੰਥ ਸੁਤੰਤਰ ਹੈ, ਜੰਗ ਦੀ ਧਮਕੀ ਦੇਣੀ ਫਜ਼ੂਲ ਹੈ ਤੇ ਤੁਸੀਂ ਜੰਗ ਲਈ ਤੁੱਲੇ ਹੀ ਹੋਏ ਤਾਂ ਖ਼ਾਲਸਾ ਜੰਗ ਲਈ ਤਿਆਰ ਹੈ (ਸਾਡਾ ਇਤਿਹਾਸ ਦਸ ਪਾਤਸ਼ਾਹੀਆਂ 1469-1708, ਭਾਗ ਪਹਿਲਾ, ਲੇਖਕ ਪ੍ਰਿੰ: ਸਤਿਬੀਰ ਸਿੰਘ) ਗੁਰੂ ਸਾਹਿਬ ਦੇ ਉਕਤ ਜੁਆਬ ਤੋਂ ਬਾਅਦ ਜੰਗ ਹੋਣੀ ਅਵੱਸ਼ ਸੀ । ਕਹਿਲੂਰੀਏ ਅਜਮੇਰ ਚੰਦ ਦੀ ਅਗਵਾਈ ਵਿੱਚ ਰਾਜਾ ਅਮੀਰ ਚੰਦ (ਬਿਲਾਸਪੁਰ), ਘੁਮੰਡ ਚੰਦ (ਕਾਂਗੜਾ), ਬੀਰ ਸਿੰਘ ਤੇ ਕੁੱਲੂ, ਕੈਥਲ, ਮੰਡੀ, ਜੰਮੂ, ਨੂਰਪੁਰ, ਚੰਬਾ, ਗੁਲੇਰ, ਕੇਸਰੀ ਚੰਦ ਜਸਵਾਲੀਆ ਤੇ ਸ੍ਰੀ ਨਗਰ ਦੇ ਰਾਜਿਆਂ ਅਤੇ ਬਲੀਆ ਚੰਦ, ਆਲਮ ਚੰਦ ਦੂਨ ਵਾਲਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਤੋਂ ਬਾਹਰ ਕੱਢਣ ਲਈ ਜੰਗ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ । ਸਿੱਧੀ ਜੰਗ ਲੜਨ ਤੋਂ ਪਹਿਲਾਂ ਦੂਨ ਬਿਲਾਸਪੁਰ ਦੇ ਬਲੀਆ ਚੰਦ ਅਤੇ ਆਲਮ ਚੰਦ ਨੇ ਉਸ ਦਿਨ ਗੁਰੂ ਗੋਬਿੰਦ ਸਿੰਘ &lsquoਤੇ ਲੁੱਕਵਾਂ ਵਾਰ ਕੀਤਾ, ਜਿਸ ਦਿਨ ਗੁਰੂ ਸਾਹਿਬ ਸ਼ਿਕਾਰ ਕਰਨ ਵਾਸਤੇ ਦੂਨ ਦੀ ਵਾਦੀ ਵਿੱਚ ਕਟੋਚਾਂ ਦੇ ਇਲਾਕੇ ਵੱਲ ਨਿਕਲ ਗਏ, ਗੁਰੂ ਸਾਹਿਬ ਨਾਲ ਕੁਝ ਗਿਣਵੇਂ ਹੀ ਸਿੰਘ ਸਨ । ਗੁਰੂ ਮਹਾਰਾਜ ਸ਼ਿਕਾਰ ਦਾ ਪਿੱਛਾ ਕਰਦੇ-ਕਰਦੇ ਦੂਰ ਨਿਕਲ ਗਏ । ਕੇਵਲ ਉਦੈ ਸਿੰਘ ਤੇ ਆਲਮ ਸਿੰਘ ਹੀ ਗੁਰੂ ਸਾਹਿਬ ਦੇ ਨਾਲ ਸਨ । ਆਲਮ ਚੰਦ ਤੇ ਬਲੀਆ ਚੰਦ ਕਟੋਚੀਏ ਨੇ ਆਪਣੇ ਫੌਜੀ ਦਸਤਿਆਂ ਸਮੇਤ ਗੁਰੂ ਸਾਹਿਬ &lsquoਤੇ ਹਮਲਾ ਕਰ ਦਿੱਤਾ ਪਰ ਉਦੈ ਸਿੰਘ ਤੇ ਆਲਮ ਸਿੰਘ ਬਿਜਲੀ ਦੇ ਤੇਜੀ ਵਾਂਗ ਬਲੀਆ ਚੰਦ ਤੇ ਆਲਮ ਚੰਦ ਤੇ ਜਾ ਪਏ, ਉਦੈ ਸਿੰਘ ਨੇ ਆਲਮ ਚੰਦ ਦੀ ਸੱਜੀ ਬਾਂਹ ਕੱਟ ਦਿੱਤੀ ਤੇ ਆਲਮ ਸਿੰਘ ਨੇ ਬਲੀਆ ਚੰਦ &lsquoਤੇ ਐਸਾ ਭਰਵਾਂ ਵਾਰ ਕੀਤਾ ਕਿ ਉਹ ਇਕੋ ਵਾਰ ਨਾਲ ਹੀ ਜ਼ਮੀਨ ਤੇ ਡਿੱਗ ਪਿਆ ਤੇ ਉਸ ਦੀ ਫੌਜ ਨੱਸ ਉੱਠੀ, ਫਿਰ ਦੋਵੇਂ ਰਾਜੇ ਜ਼ਖਮੀ ਹਾਲਤ ਵਿੱਚ ਮੈਦਾਨ ਛੱਡ ਕੇ ਭੱਜ ਗਏ । ਇਸ ਘਟਨਾ ਤੋਂ ਬਾਅਦ ਵੀ ਪਹਾੜੀ ਹਿੰਦੂ ਰਾਜੇ ਗੁਰੂ ਗੋਬਿੰਦ ਸਿੰਘ ਨੂੰ ਮਰਵਾਉਣ ਲਈ ਸਕੀਮਾਂ ਬਣਾਉਂਦੇ ਰਹੇ । ਦੂਸਰੀ ਘਟਨਾ ਚਮਕੌਰ ਸਾਹਿਬ ਵਾਪਰੀ ਜਦੋਂ ਗੁਰੂ ਸਾਹਿਬ ਕੁਰਕਸ਼ੇਤਰ ਤੋਂ ਵਾਪਿਸ ਆ ਰਹੇ ਸਨ ਤੇ ਕੇਵਲ ਪੰਜ ਸੌ ਸਿੰਘ ਉਨ੍ਹਾਂ ਦੇ ਨਾਲ ਸਨ । ਉਨ੍ਹਾਂ ਦਿਨਾਂ ਵਿੱਚ ਹੀ ਦੋ ਮੁਸਲਮਾਨ ਫੌਜੀ ਸਰਦਾਰ ਸਯਦ ਬੇਗ ਅਤੇ ਅਲਫ ਖ਼ਾਂ ਦਿੱਲੀ ਵੱਲ ਕਈ ਹਜ਼ਾਰ ਸਿਪਾਹੀਆਂ ਨਾਲ ਜਾ ਰਹੇ ਸਨ । ਪਹਾੜੀ ਹਿੰਦੂ ਰਾਜਿਆਂ ਨੇ ਉਨ੍ਹਾਂ ਨੂੰ ਗੁਰੂ ਜੀ ਦੇ ਵਿਰੁੱਧ ਸ਼ਹਿਨਸ਼ਾਹੀ ਦਾ ਦੁਸ਼ਮਣ ਆਖ ਕੇ ਚੁੱਕਿਆ ਅਤੇ ਸੂਹ ਦਿੱਤੀ ਕਿ ਏਸ ਵੇਲੇ ਗੁਰੂ ਜੀ ਨਾਲ ਬਹੁਤ ਥੋੜ੍ਹੀ ਗਿਣਤੀ ਵਿੱਚ ਕੁਝ ਅਣਸਿਖੇ ਸਿੰਘ-ਸਿਪਾਹੀ ਹਨ, ਜਿਨ੍ਹਾਂ ਨੂੰ ਬੜੀ ਸੌਖੀ ਤਰ੍ਹਾਂ ਮਾਰਿਆ ਜਾ ਸਕਦਾ ਹੈ । ਮੁਸਲਮਾਨ ਫੌਜੀ ਸਰਦਾਰਾਂ ਨੂੰ ਗੁਰੂ ਜੀ ਦੀ ਅਸਲ ਸ਼ਕਤੀ ਦਾ ਗਿਆਨ ਨਹੀਂ ਸੀ, ਸੋ ਪਹਾੜੀ ਹਿੰਦੂ ਰਾਜਿਆਂ ਨੇ ਮੁਸਲਮਾਨ ਫੌਜੀ ਸਰਦਾਰਾਂ ਨੂੰ ਚੋਖਾ ਨਜ਼ਰਾਨਾ ਦੇ ਕੇ ਗੁਰੂ ਸਾਹਿਬ ਉੱਤੇ ਹਮਲਾ ਕਰਨ ਲਈ ਰਜ਼ਾਮੰਦ ਕਰ ਲਿਆ ਤੇ ਕਿਹਾ ਜੇ ਗੁਰੂ ਨੂੰ ਜਾਨੋਂ ਮਾਰ ਦਿਉਗੇ ਤਾਂ ਹੋਰ ਵੀ ਮੂੰਹੋਂ ਮੰਗਿਆ ਇਨਾਮ ਦਿੱਤਾ ਜਾਵੇਗਾ । ਮੁਸਲਮਾਨ ਫੌਜੀ ਸਰਦਾਰਾਂ ਨੇ ਆਪਣੇ ਹਜ਼ਾਰਾਂ ਸਿਪਾਹੀਆਂ ਨੂੰ ਗੁਰੂ ਸਾਹਿਬ &lsquoਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ । ਮੁਸਲਮਾਨ ਸਿਪਾਹੀਆਂ ਅਤੇ ਸਿੰਘਾਂ ਵਿੱਚਕਾਰ ਭਾਰੀ ਜੰਗ ਹੋਣਾ ਸ਼ੁਰੂ ਹੋ ਗਿਆ । ਸਿੰਘਾਂ ਨੂੰ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਸੀ, ਥੋੜ੍ਹੇ ਜਿਹੇ ਸਿੰਘਾਂ ਨੇ ਹਜ਼ਾਰਾਂ ਮੁਸਲਮਾਨ ਸਿਪਾਹੀਆਂ ਨੂੰ ਅੱਗੇ ਲਾ ਲਿਆ । ਮੁਸਲਮਾਨ ਸਿਪਾਹੀਆਂ ਦੀ ਹਾਰ ਹੁੰਦੀ ਵੇਖ ਕੇ ਸਯਦ ਬੇਗ ਆਪ ਘੋੜਾ ਦੌੜਾ ਕੇ ਗੁਰੂ ਦੇ ਸਾਹਮਣੇ ਪਹੁੰਚਿਆ । ਪਰ ਗੁਰੂ ਜੀ ਦਾ ਦੀਦਾਰ ਕਰਦਿਆਂ ਹੀ ਉਸ ਰੂਹ ਵਿੱਚ ਕਿਸੇ ਅਣਜਾਣੀ ਕੁੰਟ ਵੱਲੋਂ ਮਹੱਬਤ ਦੀਆਂ ਆਪਮੁਹਾਰੀਆਂ ਛਲਾਂ ਉੱਠੀਆਂ । ਉਸ ਨੇ ਮਨ ਵਿੱਚ ਆਖਿਆ ਮੇਰਾ ਇਸ ਦਰਵੇਸ਼ ਨਾਲ ਲੜਨ ਦਾ ਕੀ ਮਤਲਬ ? ਸਯਦ ਬੇਗ ਆਪਣੇ ਸਾਥੀ ਅਲਫ ਖਾਂ ਦਾ ਸਾਥ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆ ਗਿਆ । ਅਲਫ ਖਾਂ ਆਪਣੇ ਸਿਪਾਹੀਆਂ ਸਮੇਤ ਮੈਦਾਨ ਛੱਡ ਕੇ ਭੱਜ ਗਿਆ । ਇੰਝ ਪਹਾੜੀਏ ਹਿੰਦੂ ਰਾਜਿਆਂ ਦਾ ਇਹ ਵਾਰ ਵੀ ਖਾਲੀ ਗਿਆ । ਪਹਾੜੀ ਹਿੰਦੂ ਰਾਜਿਆਂ ਦੀ ਦਰਖਾਸਤ ਮਨਜ਼ੂਰ ਕਰਦਿਆਂ ਹੋਇਆਂ ਜਦੋਂ ਔਰੰਗਜ਼ੇਬ ਨੇ ਪੀਰ ਬੁਧੂ ਸ਼ਾਹ ਦੇ ਸਾਲੇ ਸੈਦ ਖਾਨ ਨੂੰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਵੱਡੀ ਗਿਣਤੀ ਵਿੱਚ ਫੌਜ ਦੇ ਕੇ ਅਨੰਦਪੁਰ &lsquoਤੇ ਚੜ੍ਹਾਈ ਕਰਨ ਲਈ ਭੇਜਿਆ ਸੀ ਤਾਂ ਉਸ ਨਾਲ ਵੀ ਸਯਦ ਬੇਗ ਵਾਲੀ ਘਟਨਾ ਹੀ ਵਾਪਰੀ ਸੀ । ਸੈਦ ਖਾਨ ਵੀ ਜਦੋਂ ਗੁਰੂ ਸਾਹਮਣੇ ਲੜਨ ਲਈ ਆਇਆ ਸੀ ਤਾਂ ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਕਹਿ ਉੱਠਿਆ ਸੀ, ਲੋਕੋ ਰੱਬ ਆਇਆ ਹੈ ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ, ਜਿਸ ਨੇ ਮੈਨੂੰ ਮੁਰਦੇ ਨੂੰ ਜੀਵਾਲ ਦਿੱਤਾ ਹੈ, ਖ਼ੁਦਾ ਆਇਦ ਖ਼ੁਦਾ ਆਇਦ ਕਿ ਮੈਂ ਆਇਦ ਖ਼ੁਦਾ ਬੰਦਾਹ । ਹਕੀਕਤ ਦਰ ਮਜ਼ਾਜ ਆਇਦ, ਕਿ ਮੁਰਦਾ ਰਾ ਕੁਨੱਦ ਜ਼ਿਦਾਹ । ਗੁਰੂ ਜੀ ਨੇ ਸੈਦ ਖਾਨ &lsquoਤੇ ਬਖ਼ਸ਼ਿਸ਼ ਕਰਕੇ ਉਸ ਨੂੰ ਕਾਂਗੜੇ ਅੱਲਾਹ ਦੀ ਯਾਦ ਵਿੱਚ ਜੁੜਨ ਲਈ ਭੇਜ ਦਿੱਤਾ ਸੀ । ਬਾਅਦ ਵਿੱਚ ਜਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਤੋਂ ਮੁਕਤਸਰ ਵੱਲ ਗਏ ਤਾਂ ਸੈਦ ਖਾਨ ਗੁਰੂ ਸਾਹਿਬ ਨੂੰ ਸਾਬੋ ਕੀ ਤਲਵੰਡੀ ਮਿਲਣ ਆਇਆ ਸੀ । ਗੁਰੂ ਜੀ ਨੂੰ ਮਿਟਾਉਣ ਦੀਆਂ ਸਾਜ਼ਿਸ਼ਾਂ ਦਾ ਨਾਕਾਮ ਹੋਣਾ ਜੰਗਾਂ ਵਿੱਚ ਖਾਧੀਆਂ ਹਾਰਾਂ ਪਹਾੜੀ ਹਿੰਦੂ ਰਾਜਿਆਂ ਨੂੰ ਚੈਨ ਨਾਲ ਨਹੀਂ ਸੀ ਬਹਿਣ ਦਿੰਦੀਆਂ । ਉਨ੍ਹਾਂ ਨੂੰ ਗੁਰੂ ਸਾਹਿਬ ਦੇ ਇਹ ਬਚਨ : ਇਨ ਗਰੀਬ ਸਿਖਨ ਕੋ ਦੇਉਂ ਪਾਤਸ਼ਾਹੀ, ਯਹ ਯਾਦ ਕਰੇ ਹਮਰੀ ਗੁਰਆਈ, ਸੱਚ ਹੁੰਦੇ ਵਿਖਾਈ ਦੇ ਰਹੇ ਸਨ । ਨਮੋਸ਼ੀ ਤੋਂ ਬਚਨ ਵਾਸਤੇ ਕੋਈ ਹੋਰ ਰਾਹ ਲੱਭਣ ਲਈ ਹਿੰਦੂ ਰਾਜੇ ਸਰਹਿੰਦ ਅਤੇ ਲਾਹੌਰ ਦੇ ਸੂਬੇਦਾਰਾਂ ਕੋਲ ਜਾ ਫਰਿਆਦੀ ਹੋਏ । ਅੱਗੋਂ ਸੂਬੇਦਾਰਾਂ ਨੇ ਸ਼ਹਿਨਸ਼ਾਹ ਔਰੰਗਜ਼ੇਬ ਕੋਲੋਂ ਮਨਜ਼ੂਰੀ ਲੈ ਲਈ, ਲਾਹੌਰ ਤੇ ਸਰਹਿੰਦ ਦੇ ਸੂਬੇਦਾਰਾਂ ਨੇ ਦੀਨਾ ਬੇਗ ਅਤੇ ਪੈਂਦੇ ਖਾਂ ਦੀ ਕਮਾਨ ਹੇਠ ਕੁਝ ਹਜ਼ਾਰ ਸਿਪਾਹੀਆਂ ਨੂੰ ਅਨੰਦਪੁਰ ਉੱਤੇ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ । ਇਨ੍ਹਾਂ ਸਿਪਾਹ ਸਲਾਰਾਂ ਨਾਲ ਪਹਾੜੀ ਹਿੰਦੂ ਵੀ ਕਾਫੀ ਗਿਣਤੀ ਵਿੱਚ ਆ ਮਿਲੇ । ਜੰਗੀ ਖਰਚ ਦਾ ਜਿੰਮਾ ਪਹਾੜੀ ਹਿੰਦੂ ਰਾਜਿਆਂ ਨੇ ਲਿਆ ਸੀ । ਜਦੋਂ ਗੁਰੂ ਸਾਹਿਬ ਨੂੰ ਅਨੰਦਪੁਰ &lsquoਤੇ ਚੜ੍ਹੀ ਆ ਰਹੀ ਫੌਜ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਅੱਗੋਂ ਤਿਆਰੀ ਕਰ ਲਈ । ਜਦੋਂ ਦੀਨਾ ਬੇਗ ਅਤੇ ਪੈਂਦੇ ਖਾਂ ਦਾ ਲਸ਼ਕਰ ਕੀਰਤਪੁਰ ਵੱਲੋਂ ਅਨੰਦਪੁੀਰ ਵੱਲ ਵੱਧ ਰਿਹਾ ਸੀ ਤਾਂ ਗੁਰੂ ਜੀ ਦਾ ਹੁਕਮ ਮਿਲਣ ਪਿੱਛੋਂ ਇਸ ਚੜ੍ਹੀ ਆਉਂਦੀ ਵਹੀਰ ਨੂੰ ਡੱਕਣ ਲਈ ਸਿੰਘ ਸੂਰਮੇ ਲੜਨ-ਮਰਨ ਦੇ ਚਾਅ ਨਾਲ ਅੱਗੇ ਵੱਧੇ, ਘਮਸਾਨ ਦਾ ਯੁੱਧ ਹੋਇਆ । ਸਿੰਘਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ ਪਰ ਉਹ ਅਮਲ ਦੇ ਉਸ ਪੜਾਅ ਉੱਤੇ ਖਲੋ ਕੇ ਲੜ ਰਹੇ ਸਨ, ਜਦੋਂ ਉਨ੍ਹਾਂ ਦੀ ਲਿਵ ਸਿੱਧੀ ਅਕਾਲ ਪੁਰਖ ਦੇ ਹੁਕਮ ਨਾਲ ਜੁੜੀ ਹੋਈ ਸੀ । ਪੈਂਦੇ ਖਾਂ ਨੇ ਗੁਰੂ ਸਾਹਿਬ &lsquoਤੇ ਤੀਰਾਂ ਨਾਲ ਦੋ ਵਾਰ ਕੀਤੇ, ਦੋਵੇਂ ਹੀ ਖਾਲੀ ਗਏ । ਫਿਰ ਗੁਰੂ ਸਾਹਿਬ ਨੇ ਵਾਰ ਕੀਤਾ ਅਤੇ ਇਕੋ ਤੀਰ ਨਾਲ ਉਸ ਦਾ ਅੰਤ ਕਰ ਦਿੱਤਾ । ਦੂਸਰਾ ਸਿਪਾਹ ਸਿਲਾਰ ਦੀਨਾ ਬੇਗ ਸਿੰਘਾਂ ਹੱਥੋਂ ਜ਼ਖਮੀ ਹੋ ਕੇ ਭੱਜ ਨਿਕਲਿਆ, ਦੋਹਾਂ ਸਿਪਾਹ-ਸਿਲਾਰਾਂ ਅਤੇ ਹਿੰਦੂ ਰਾਜਿਆਂ ਦੀ ਫੌਜ ਮੈਦਾਨ ਛੱਡ ਕੇ ਭੱਜ ਗਈ, ਜਿੱਤ ਖ਼ਾਲਸੇ ਦੀ ਹੋਈ । ਹਿੰਦੂ ਰਾਜਿਆਂ ਵਿੱਚ ਇਕ ਪ੍ਰਕਾਰ ਦਾ ਛਿੱਥਾਪਣ ਪੈਦਾ ਹੋ ਗਿਆ । ਅਚਾਨਕ ਇਸ ਸੰਕਟ ਵਿੱਚ ਰਾਜਾ ਕੇਸ ਹੀ ਸਿਹੁੰ ਜਸਵਾਲੀਏ ਨੂੰ ਐਸੀ ਜੰਗ ਕਲਾ ਸੁੱਝੀ ਉਨ੍ਹਾਂ ਇਕ ਹਾਥੀ ਨੂੰ ਸ਼ਰਾਬ ਪਿਲਾਕੇ ਅਤੇ ਉਸ ਦੇ ਪਾਸਿਆਂ ਤੇ ਤਿੱਖੇ ਸ਼ਸਤਰ ਬੰਨਕੇ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੁੜਵਾਉਣ ਦੀ ਕੋਸ਼ਿਸ਼ ਕੀਤੀ ਪਰ ਭਾਈ ਬਚਿੱਤਰ ਸਿੰਘ ਨੇ ਨਾਗਨੀ ਬਰਛੀ ਐਡੇ ਜੋਰ ਨਾਲ ਸ਼ਰਾਬੀ ਹਾਥੀ ਦੇ ਮੱਥੇ ਵਿੱਚ ਮਾਰੀ ਉਹ ਚਿੰਘਾੜਦਾ ਹੋਇਆ ਪਿੱਛੇ ਮੁੜਿਆ ਤੇ ਉਸ ਨੇ ਹਿੰਦੂ ਰਾਜਿਆਂ ਦੀ ਫੌਜ ਨੂੰ ਹੀ ਮਿੱਧਣਾ ਸ਼ੁਰੂ ਕਰ ਦਿੱਤਾ । ਬਚਿੱਤਰ ਸਿੰਘ ਦੇ ਛੋਟੇ ਵੀਰ ਉਦੇ ਸਿੰਘ ਨੇ ਕੇਸਰ ਸਿਹੁੰ ਜਸਵਾਲੀਏ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ । ਇਸ ਲੜਾਈ ਵਿੱਚ ਵੀ ਜਿੱਤ ਖ਼ਾਲਸੇ ਦੀ ਹੋਈ । ਅਨੰਦਪੁਰ ਨੂੰ ਲੰਬਾ ਘੇਰਾ ਪੈਣ ਤੋਂ ਪਹਿਲਾਂ ਨਿਰਮੋਹ, ਬਸਾਲੀ, ਕਲਮੋਟ ਆਦਿ ਹੋਰ ਵੀ ਜੰਗਾਂ ਝੜਪਾਂ ਦਾ ਜ਼ਿਕਰ ਆਉਂਦਾ ਹੈ ਪਰ ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਉਨ੍ਹਾਂ ਦਾ ਵਿਸਥਾਰ ਕੀਤਾ ਜਾਵੇ । ਸਭ ਪਾਸਿਆਂ ਤੋਂ ਹਾਰ ਜਾਣ ਤੋਂ ਬਾਅਦ ਪਹਾੜੀ ਹਿੰਦੂ ਰਾਜਿਆਂ ਨੂੰ ਸੂਬਾ ਸਰਹਿੰਦ ਤੇ ਸੂਬਾ ਲਾਹੌਰ ਦੇ ਸੂਬੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੀ ਲਿਖਤੀ ਸ਼ਿਕਾਇਤ ਭੇਜੀ, ਜਿਸ ਦਾ ਤਾਤਪਰਜ ਸੀ, ਕਿ ਨਾਨਕ ਪ੍ਰਸਤਾਂ ਦਾ ਗੁਰੂ, ਗੁਰੂ ਗੋਬਿੰਦ ਸਿੰਘ ਖੁਦ ਗੁਰੂ ਨਾਨਕ ਬਣ ਬੈਠਾ ਹੈ (ਨੋਟ ਗੁਰੂ ਗੋਬਿੰਦ ਸਿੰਘ ਨਾਨਕ ਦਾ ਆਖਰੀ ਨਾਮ ਹੈ) ਫੌਜਾਂ ਭਰਤੀ ਕਰ ਰਿਹਾ ਹੈ, ਝੰਡੇ ਝੁਲਾਉਂਦਾ ਹੈ, ਨਗਾਰੇ ਵਜਾਉਂਦਾ ਹੈ, ਉਸ ਨੇ ਅਨੰਦਪੁਰ ਨੂੰ ਸੁਤੰਤਰ ਰਾਜ ਐਲਾਨ ਦਿੱਤਾ ਹੈ, ਜੇ ਗੁਰੂ ਗੋਬਿੰਦ ਸਿੰਘ ਨੂੰ ਦਿੱਲੀ ਦੇ ਸ਼ਹਿਨਸ਼ਾਹ (ਔਰੰਗਜ਼ੇਬ) ਨੇ ਅਨੰਦਪੁਰ ਵਿੱਚੋਂ ਕੱਢਣ ਲਈ ਸ਼ਾਹੀ ਫੌਜ ਨਾ ਭੇਜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਗੋਬਿੰਦ ਸਿੰਘ ਦਿੱਲੀ ਦੇ ਤਖ਼ਤ &lsquoਤੇ ਕਾਬਜ਼ ਹੋ ਜਾਵੇਗਾ । ਔਰੰਗਜ਼ੇਬ ਨੇ ਸ਼ਿਕਾਇਤ ਨੂੰ ਸਹੀ ਮੰਨਦਿਆਂ ਦਿੱਲੀ ਦੀ ਸ਼ਾਹੀ ਫੌਜ ਤੋਂ ਇਲਾਵਾ ਕਸ਼ਮੀਰ, ਲਾਹੌਰ, ਸਰਹਿੰਦ ਆਦਿ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ ਕਿ ਨਾਨਕ ਪ੍ਰਸਤ ਦੇ ਗੁਰੂ, ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਵਤਨ ਅਨੰਦਪੁਰ ਵਿੱਚੋਂ ਬਾਹਰ ਕੱਢਣ ਲਈ, ਪਹਾੜੀ ਹਿੰਦੂ ਰਾਜਿਆਂ ਦੀ ਮਦਦ ਕੀਤੀ ਜਾਵੇ । ਔਰੰਗਜ਼ੇਬ ਦੇ ਫੁਰਮਾਨ &lsquoਤੇ ਅਮਲ ਹੋਇਆ, ਬੁੱਤ ਤੋੜਨ ਵਾਲਿਆਂ ਅਤੇ ਪੂਜਣ ਵਾਲਿਆਂ ਦੀਆਂ ਮਿਲਵੀਆਂ ਫੌਜਾਂ ਅਨੰਦਪੁਰ ਨੂੰ ਅੱਠ ਮਹੀਨੇ ਘੇਰਾ ਪਾ ਕੇ ਬੈਠੀਆਂ ਰਹੀਆਂ ਤੇ ਛੇਕੜ ਕੁਰਾਨ, ਗੀਤਾ ਤੇ ਗਊ ਦੀਆਂ ਕਸਮਾਂ ਖਾ ਕੇ ਕਿਲ੍ਹਾ ਖਾਲੀ ਕਰਵਾਇਆ । ਜਿਸ ਰਾਤ ਗੁਰੂ ਸਾਹਿਬ ਨੇ ਕਸਮਾਂ &lsquoਤੇ ਇਤਬਾਰ ਕਰਕੇ ਅਨੰਦਪੁਰ ਖਾਲੀ ਕੀਤਾ, ਉਸੇ ਰਾਤ ਦੇ ਤੜਕੇ ਹੀ ਕਸਮਾਂ ਤੋੜ ਕੇ ਬੁੱਤ ਤੋੜਨ ਵਾਲਿਆਂ ਤੇ ਬੁੱਤ ਪੂਜਣ ਵਾਲਿਆਂ ਨੇ ਏਕੁ ਪਿਤਾ ਏਕਸ ਕੇ ਹਮ ਬਾਰਿਕ ਦਾ ਉਪਦੇਸ਼ ਦੇਣ ਵਾਲੇ ਗੁਰੂ ਗੋਬਿੰਦ ਸਿੰਘ &lsquoਤੇ ਧੋਖੇ ਨਾਲ ਹਮਲਾ ਕੀਤਾ । 
ਗੁਰੂ ਪੰਥ ਦਾ ਦਾਸ
 ਜਥੇਦਾਰ ਮਹਿੰਦਰ ਸਿੰਘ