image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਨਿਆਵੀ ਨਾਇਕ ਨਹੀਂ, ਸਗੋਂ ਪੈਗੰਬਰ ਹਨ

ਸਤਾਵਰੀਂ-ਅਠਾਰ੍ਹਵੀਂ ਸਦੀ ਦੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ਪੜ੍ਹਨ ਤੋਂ ਬਾਅਦ ਸਿੱਧੇ ਅਸਿੱਧੇ ਤੌਰ &lsquoਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੈਗੰਬਰੀ ਜਲਾਲ ਤੋਂ ਭੈਭੀਤ ਹੋ ਗਿਆ ਸੀ । ਇਸ ਕਰਕੇ ਹੀ ਉਸ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ ਸੀ ਅਤੇ ਆਪਣੇ ਅਹਿਲਕਾਰਾਂ ਨੂੰ ਫੁਰਮਾਣ ਜਾਰੀ ਕੀਤੇ ਸਨ ਕਿ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਮਿਲਣ ਆਣ ਸਮੇਂ ਕਿਤੇ ਵੀ ਰੋਕਿਆ ਨਾ ਜਾਵੇ ਸਗੋਂ ਸਰਕਾਰੀ ਖਜ਼ਾਨੇ ਵਿੱਚੋਂ 300 ਰੁਪਿਆ ਰੋਜ, ਰਾਹ-ਖ਼ਰਚ ਦਿੱਤਾ ਜਾਵੇ ।
ਗੁਰੂ ਗੋਬਿੰਦ ਸਿੰਘ ਜੀ ਅਜੇ ਰਸਤੇ ਵਿੱਚ ਹੀ ਸਨ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਅਤੇ ਇਤਿਹਾਸ ਗਵਾਹ ਹੈ ਕਿ ਉਸ ਨੇ ਮਰਨ ਤੋਂ ਪਹਿਲਾਂ ਸ਼ਿਕਸਤਨਾਮਾ ਵੀ ਲਿਖਿਆ । ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਪੁੱਤਰਾਂ ਵਿੱਚਕਾਰ ਰਾਜ ਗੱਦੀ ਲਈ ਲੜਾਈ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਵੱਡੇ ਪੁੱਤਰ ਬਹਾਦਰਸ਼ਾਹ ਦੀ ਬੇਨਤੀ ਮੰਨ ਕੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਰਾਜ ਗੱਦੀ &lsquoਤੇ ਬਹਾਲਿਆ, ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪੈਗੰਬਰੀ ਅਮਲ ਸੀ ਕਿਉਂਕਿ ਜਿਸ ਔਰੰਗਜ਼ੇਬ ਦੇ ਪੜਦਾਦੇ ਜਹਾਂਗੀਰ ਨੇ ਗੁਰੂ ਸਾਹਿਬ ਦੇ ਪੜਦਾਦੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਅਤੇ ਜਿਸ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾਇਆ ਅਤੇ ਜਿਸ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ 6 ਤੋਂ 8 ਸਾਲ ਦੇ ਸਾਹਿਬਜ਼ਾਦਿਆਂ ਨੂੰ ਬਿਨਾਂ ਕਿਸੇ ਕਾਰਨ ਇਸ ਕਰਕੇ ਸ਼ਹੀਦ ਕਰਵਾਇਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਹਨ ਅਤੇ ਜਿਸ ਔਰੰਗਜ਼ੇਬ ਨੇ ਬੁਤ ਪੂਜ ਪਹਾੜੀਆਂ ਦੀ ਮਦਦ ਕਰਨ ਲਈ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾਇਆ, ਕਸਮਾਂ ਤੋੜ ਕੇ ਦੱਸ ਲੱਖ ਫੌਜ ਦੀ ਮਦਦ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਗੁਰੂ ਸਾਹਿਬ ਨੂੰ ਜੀਊਂਦਾ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ।
ਜੇਕਰ ਗੁਰੂ ਗੋਬਿੰਦ ਸਿੰਘ ਜੀ ਪੈਗੰਬਰ ਨਾ ਹੁੰਦੇ ਤਾਂ ਉਹ ਔਰੰਗਜ਼ੇਬ ਦੇ ਪੁੱਤਰਾਂ ਦੀ ਆਪਸੀ ਲੜਾਈ ਦਾ ਫਾਇਦਾ ਉਠਾ ਕੇ ਆਪਣੇ ਪੜਦਾਦੇ, ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਤੇ ਆਪਣੇ ਮਸੂਮ ਸਾਹਿਬਜ਼ਾਦਿਆਂ ਦਾ ਬਦਲਾ ਲੈ ਲੈਂਦੇ, ਪੈਗੰਬਰ ਹੋਣ ਕਰਕੇ ਉਨ੍ਹਾਂ ਨੇ ਐਸਾ ਨਹੀਂ ਕੀਤਾ ਸਗੋਂ ਔਰੰਗਜ਼ੇਬ ਦੇ ਜਿਸ ਪੁੱਤਰ (ਬਹਾਦਰਸ਼ਾਹ) ਦਾ ਹੱਕ ਬਣਦਾ ਸੀ, ਉਸ ਨੂੰ ਰਾਜ ਗੱਦੀ ਉੱਤੇ ਬਹਾਉਣ ਲਈ ਸੈਨਿਕ ਮਦਦ ਕੀਤੀ । ਇਸ ਕਰਕੇ ਹੀ ਬਹਾਦਰਸ਼ਾਹ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਕਰਨ ਲਈ ਆਗਰੇ ਆਉਣ ਦੀ ਬੇਨਤੀ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਮੁਗ਼ਲੀਆ ਦਰਬਾਰ ਵਿੱਚ ਸ਼ਸ਼ਤਰਾਂ ਸਮੇਤ ਸ਼ਾਹੀ ਠਾਠ-ਬਾਠ ਨਾਲ ਪਹੁੰਚੇ ਤਾਂ ਬਹਾਦਰਸ਼ਾਹ ਨੇ ਕਲਗੀਧਰ ਪਾਤਿਸ਼ਾਹ ਨੂੰ ਸੰਕੇਤਕ ਤੌਰ &lsquoਤੇ ਤਖ਼ਤ ਉੱਤੇ ਬਰਾਬਰ ਬਿਠਾ ਕੇ ਹਜ਼ਰਤ ਅਲੀ ਸਾਹਿਬ ਦਾ ਖੰਡਾ ਭੇਟ ਕਰਕੇ ਔਰੰਗਜ਼ੇਬ ਦੇ ਕੀਤੇ ਗੁਨਾਹਾਂ ਲਈ ਗੁਰੂ ਸਾਹਿਬ ਕੋਲੋਂ ਮਾਫ਼ੀ ਮੰਗ ਕੇ ਗੁਰੂ ਸਾਹਿਬ ਨੂੰ ਪੈਗੰਬਰ ਤਸਲੀਮ ਕਰ ਲਿਆ ਸੀ । ਬਹਾਦਰਸ਼ਾਹ ਵੱਲੋਂ ਗੁਰੂ ਸਾਹਿਬ ਨੂੰ ਭੇਟ ਕੀਤਾ ਹੋਇਆ ਹਜ਼ਰਤ ਅਲੀ ਸਾਹਿਬ ਦਾ ਖੰਡਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ &lsquoਤੇ ਸਾਂਭਿਆ ਹੋਇਆ ਹੈ ਅਤੇ ਹਰ ਹੋਲੇ ਮੁਹੱਲੇ &lsquoਤੇ ਉਸ ਦੇ ਦਰਸ਼ਨ ਕਰਵਾਏ ਜਾਂਦੇ ਹਨ ।
ਇਤਿਹਾਸ ਵਿੱਚ ਬਹੁਤ ਸਾਰੇ ਮੁਸਲਮਾਨ ਪੀਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੈਗੰਬਰ ਮੰਨ ਕੇ ਹੀ ਉਨ੍ਹਾਂ ਨਾਲ ਮੇਲ ਮਿਲਾਪ ਰੱਖਿਆ । ਇਨ੍ਹਾਂ ਪੀਰਾਂ ਵਿੱਚੋਂ ਪੀਰ ਬੁੱਧੂ ਸ਼ਾਹ ਦਾ ਨਾਂ ਉਘੜਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ । ਕੋਟਲਾ ਨਿਹੰਗ ਖਾਂ ਦਾ ਪਠਾਣ ਨਬੀ ਖ਼ਾਨ, ਗਨੀ ਖਾਨ, ਪੀਰ ਹਸਨ ਅਲੀ, ਕਾਜ਼ੀ ਪੀਰ ਮੁਹੰਮਦ, ਪੀਰ ਅਨਾਇਤ ਅਲੀ ਅਤੇ ਹੋਰ ਬਹੁਤ ਸਾਰੇ ਮੁਸਲਮਾਨਾਂ ਦਾ ਜ਼ਿਕਰ ਆਉਂਦਾ ਹੈ, ਜਿਹੜੇ ਗੁਰੂ ਸਾਹਿਬ ਨੂੰ ਪੈਗੰਬਰਾਂ ਵਾਲਾ ਸਤਿਕਾਰ ਦਿੰਦੇ ਰਹੇ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਵੀ ਧਰਮ ਬਦਲੀ ਲਈ ਨਹੀਂ ਆਖਿਆ, ਸਗੋਂ ਉਨ੍ਹਾਂ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਲਈ ਉਪਦੇਸ਼ ਦਿੱਤਾ ।
ਅਸੀਂ ਇਥੇ ਦੋ ਮੁਗ਼ਲ ਜਰਨੈਲਾਂ ਦਾ ਜ਼ਿਕਰ ਜ਼ਰੂਰ ਕਰਾਂਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਿੱਚੋਂ ਪੈਗੰਬਰੀ ਪ੍ਰਕਾਸ਼ ਸ਼ਾਖਸ਼ਾਤ ਵੇਖਿਆ ।
ਚਮਕੌਰ ਦੀ ਗੜ੍ਹੀ ਦੇ ਘੇਰੇ ਦੇ ਸਾਕੇ ਤੋਂ ਪਹਿਲਾਂ ਵੀ ਦਸਮ ਪਾਤਸ਼ਾਹ &lsquoਤੇ ਚਮਕੌਰ ਵਿਖੇ ਹਮਲਾ ਹੋਇਆ ਸੀ ਅਤੇ ਇਸ ਹਮਲੇ ਦਾ ਭਾਂਡਾ ਸੈਦ ਬੇਗ ਤੇ ਮੈਮੂ ਖਾਨ ਨੇ ਚੁਰਾਹੇ ਵਿੱਚ ਭੰਨ ਦਿੱਤਾ ਸੀ । ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਵਾਰਤਾ ਖੋਲ੍ਹ ਕੇ ਦੱਸੀ ਕਿ ਕਿਸ ਤਰ੍ਹਾਂ ਪਹਾੜੀ ਰਾਜਿਆਂ ਨੇ ਇਨ੍ਹਾਂ ਨੂੰ ਲਾਲਚ ਦੇ ਕੇ ਚਮਕੌਰ ਵਿੱਚ ਲੱਗੇ ਗੁਰੂ ਸਾਹਿਬ ਦੇ ਕੈਂਪ &lsquoਤੇ ਧਾਵਾ ਬੁਲਵਾਇਆ ਸੀ । ਗੁਰੂ ਜੀ ਨੇ ਜਦੋਂ ਸੈਦ ਬੇਗ ਤੇ ਮੈਮੂ ਖਾਨ ਨੂੰ ਪੁੱਛਿਆ ਕਿ ਜਦੋਂ ਤੁਹਾਨੂੰ ਇਨ੍ਹਾਂ ਨੇ ਲਾਲਚ ਦੇ ਕੇ ਆਪਣੇ ਨਾਲ ਗੰਢ ਕੇ ਰਲਵਾਂ ਹਮਲਾ ਤੁਸਾਂ ਸਾਡੇ ਉੱਤੇ ਕੀਤਾ ਸੀ, ਉਦੋਂ ਤੁਸੀਂ ਉਨ੍ਹਾਂ ਦਾ ਸਾਥ ਕਿਉਂ ਨਹੀਂ ਛੱਡਿਆ ?
ਤਾਂ ਸੈਦ ਬੇਗ ਨੇ ਕਿਹਾ ਕਿ ਆਪ ਜੀ ਦੇ ਦਰਸ਼ਨ ਕਰਨ ਅਤੇ ਆਪ ਜੀ ਦੇ ਸਿੱਖਾਂ ਦਾ ਜਾਨ ਹੂਲ ਕੇ ਲੜੀ ਲੜਾਈ ਨੇ ਸਾਡੇ ਆਤਮਾ ਨੂੰ ਹਲੂਣ ਦਿੱਤਾ । ਅਸੀਂ ਹੈਰਾਨ ਹੋ ਕੇ ਵਿਚਾਰ ਕੀਤਾ ਕਿ ਸਿੱਖਾਂ ਕੋਲ ਕੋਈ ਦੇਸ਼ ਨਹੀਂ ਤੇ ਨਾ ਹੀ ਇਨ੍ਹਾਂ ਨੇ ਕਿਸੇ ਦਾ ਦੇਸ਼ ਖੋਹਿਆ ਹੈ ਅਤੇ ਨਾ ਹੀ ਇਨ੍ਹਾਂ ਨੇ ਮੁਗ਼ਲ ਹਕੂਮਤ ਵਿਰੁੱਧ ਕੋਈ ਬਗਾਵਤ ਕੀਤੀ ਹੈ, ਇਹ ਤਾਂ ਗਰੀਬਾਂ, ਮਜ਼ਲੂਮਾਂ, ਅਨਾਥਾਂ ਦੇ ਸਾਥੀ ਹਨ ਤਾਂ ਫਿਰ ਅਸੀਂ ਇਨ੍ਹਾਂ ਨਾਲ ਕਿਉਂ ਲੜਦੇ ਹਾਂ । ਸੱਚ ਜਾਣੋ ਪੀਰ ਜੀ, ਜਦੋਂ ਅਸੀਂ ਅੰਦਰੋਂ ਅੰਦਰੀ ਪ੍ਰੇਸ਼ਾਨ ਹੋ ਕੇ ਆਪ ਜੀ ਦੇ ਦਰਸ਼ਨ ਕੀਤੇ ਤਾਂ ਸਾਨੂੰ ਤੁਹਾਡੇ ਵਿੱਚੋਂ ਪੈਗੰਬਰੀ ਪ੍ਰਕਾਸ਼ ਨਜ਼ਰ ਆਇਆ । 
ਇਸ ਤੋਂ ਬਾਅਦ ਸੈਦ ਬੇਗ ਤੇ ਮੈਮੂ ਖਾਨ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਸ਼ਾਮਿਲ ਹੋ ਗਏ ਸਨ ਤੇ ਚਮਕੌਰੋਂ ਗੁਰੂ ਜੀ ਦੇ ਨਾਲ ਹੀ ਅਨੰਦਪੁਰ ਆ ਗਏ ਸਨ ਅਤੇ ਉਨ੍ਹਾਂ ਨੇ ਹਮੇਸ਼ਾਂ ਲਈ ਸ਼ਾਹੀ ਫੌਜ ਦਾ ਤਿਆਗ ਕਰ ਦਿੱਤਾ ਸੀ ।
ਦੂਸਰਾ ਜਰਨੈਲ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸੈਦ ਖਾਨ ਸ਼ਾਹੀ ਹੁਕਮ ਮਿਲਣ ਤੋਂ ਬਾਅਦ ਦਿੱਲੀ ਤੋਂ ਆਪਣੇ ਜੰਗੀ ਸਾਜੋ ਸਮਾਨ ਜੰਗੀ ਹਥਿਆਰਾਂ ਤੋਪਾਂ, ਤਲਵਾਰਾਂ, ਨੇਜੇ, ਤੰਬੂ, ਕਨਾਤਾਂ, ਸ਼ਮਿਆਨੇ ਗੱਡਿਆਂ &lsquoਤੇ ਲੱਦਵਾ ਕੇ ਅਨੰਦਪੁਰ &lsquoਤੇ ਚੜ੍ਹਾਈ ਕਰਨ ਲਈ ਤੁਰਿਆ । ਫੌਜ ਦੀ ਹਾਜ਼ਰੀ ਲੱਗਵਾਈ ਗਈ ਜੋ ਪੂਰੀ ਦੱਸ ਹਜ਼ਾਰ ਸੀ । ਅਨੰਦਪੁਰ ਨੂੰ ਵਹੀਰਾਂ ਤੁਰ ਪਈਆਂ, ਰਸਤੇ ਵਿੱਚ ਸੋਨੀਪਤ, ਪਾਨੀਪਤ, ਕਰਨਾਲ, ਤਰਾਵੜੀ, ਹੁੰਦੇ ਹੋਏ ਕੁਰਕਸ਼ੇਤਰ ਪੜਾਅ ਕੀਤਾ ।
ਸਭ ਪਤਸ਼ਹਿ ਸੈਨ ਕਾ, ਸੈਦ ਖਾਂ ਸਰਦਾਰ ॥
ਭੇਜਿE ਥਾ ਬਾਦਸ਼ਾਹ ਨੇ ਜੋ ਕਰ ਵਡ ਮੁਖਤਾਰ ॥
(ਪੰਥ ਪ੍ਰਕਾਸ਼)
ਇਥੇ ਆ ਕੇ ਸੈਦ ਖਾਂ ਦੀ ਸਲਾਹ ਬਣੀ ਕਿ ਮੈਂ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣੀ ਭੈਣ ਨਸੀਰਾਂ ਨੂੰ ਸੰਢੋਰੇ ਜਾ ਕੇ ਮਿਲ ਆਵਾਂ । ਇਸ ਦੀ ਭੈਣ ਨਸੀਰਾਂ ਪੀਰ ਬੁੱਧੂ ਸ਼ਾਹ ਨੂੰ ਵਿਆਹੀ ਹੋਈ ਸੀ । ਸੈਦ ਖਾਂ ਜਦੋਂ ਆਪਣੀ ਭੈਣ ਨਸੀਰਾਂ ਕੋਲ ਪਹੁੰਚਿਆ ਤਾਂ ਨਸੀਰਾਂ ਨੇ ਪੰਜਾਬ ਆਉਣ ਦਾ ਕਾਰਨ ਪੁੱਛਣ &lsquoਤੇ ਸੈਦ ਖਾਂ ਨੇ ਦੱਸਿਆ ਕਿ ਮੈਨੂੰ ਦਿੱਲੀ ਦਰਬਾਰ ਵਲੋਂ ਹੁਕਮ ਹੋਇਆ ਹੈ ਕਿ (ਗੁਰੂ) ਗੋਬਿੰਦ ਸਿੰਘ ਅੱਵਲ ਤਾਂ ਜ਼ਿੰਦਾ ਫੜ ਕੇ ਲਿਆਉ ਨਹੀਂ ਤਾਂ ਕਤਲ ਕਰ ਦਿਉ । ਭੈਣ ਨਸੀਰਾਂ ਨੇ ਸੈਦ ਖਾਂ ਨੂੰ ਆਖਿਆ ਕਿ ਵੇਖੀਂ ਕਿਤੇ ਇਹ ਗ਼ੁਨਾਹ ਨਾ ਕਰੀਂ । ਗੁਰੂ ਗੋਬਿੰਦ ਸਿੰਘ ਤਾਂ ਗ਼ਰੀਬਾਂ ਦੇ ਸਹਾਇਕ ਅਤੇ ਮਾੜਿਆਂ ਦੀ ਪਨਾਹ ਅਤੇ ਸਰਬ ਸਾਂਝੇ ਪੈਗੰਬਰ ਹਨ । ਨਸੀਰਾਂ ਨੇ ਆਖਿਆ ਕਿ ਸੌ ਹੱਥ ਰੱਸਾ ਤੇ ਸਿਰੇ &lsquoਤੇ ਗੰਢ, ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਵਿੱਚੋਂ ਮੁਹੰਮਦ ਸਾਹਿਬ ਦੇ ਦਰਸ਼ਨ ਹੁੰਦੇ ਹਨ ।
ਉਸ ਵੇਲੇ ਤਾਂ ਆਪਣੀ ਭੈਣ ਦੇ ਮੂੰਹੋਂ ਇਹ ਲਫਜ਼ ਸੁਣ ਕੇ ਸੈਦ ਖਾਂ ਹੱਕਾ-ਬੱਕਾ ਰਹਿ ਗਿਆ ਸੀ । ਪਰ ਜਦੋਂ ਸੈਦ ਖਾਂ ਦਾ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਆਹਮਣਾਂ-ਸਾਹਮਣਾਂ ਹੋਇਆ ਤਾਂ ਸੈਦ ਖਾਂ ਗੁਰੂ ਗੋਬਿੰਦ ਸਿੰਘ ਦਾ ਪੈਗੰਬਰੀ ਜਲਾਲ ਵੇਖ ਕੇ ਲੜਨ ਜੋਗਾ ਨਹੀਂ ਸੀ ਰਿਹਾ, ਸਗੋਂ ਹਥਿਆਰ ਭੁੰਜੇ ਰੱਖ ਕੇ ਗੁਰੂ ਦੇ ਚਰਨੀਂ ਢਹਿ ਪਿਆ ਸੀ । ਗੁਰੂ ਸਾਹਿਬ ਨੇ ਸੈਦ ਖਾਂ ਨੂੰ ਬਾਹਵਾਂ ਤੋਂ ਫੜ ਕੇ ਉਤਾਂਹ ਚੁੱਕ ਕੇ ਆਪਣੇ ਗਲੇ ਨਾਲ ਲਾ ਲਿਆ ਤੇ ਆਖਿਆ ਕਹੋ ਬਿਸਮਿਲਾ ਤੇ ਪੜ੍ਹ ਕਲਮਾ ।
ਇਤਿਹਾਸ ਦੱਸਦਾ ਹੈ ਕਿ ਸੈਦ ਖਾਂ ਗੁਰੂ ਜੀ ਤੋਂ ਉਪਦੇਸ਼ ਲੈ ਕੇ ਵਾਪਸ ਘਰ ਨਹੀਂ ਸੀ ਗਿਆ ਸਗੋਂ ਸਾਰੀ ਉਮਰ ਅੱਲਾ ਦੀ ਬੰਦਗੀ ਕਰਦਾ ਰਿਹਾ ਤੇ ਲੋਕ ਉਸ ਨੂੰ ਸੈਦਾ ਫਕੀਰ ਕਰ ਕੇ ਜਾਣਨ ਲੱਗੇ ।
ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਪੈਗੰਬਰ ਹੋਣ ਦੇ ਇਤਿਹਾਸਕ ਹਵਾਲੇ ਇਸ ਕਰਕੇ ਦੇਣੇ ਪਏ ਕਿ ਆਰ।ਐੱਸ।ਐੱਸ। ਤੇ ਰਾਸ਼ਟਰੀ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਜੀ ਨੂੰ ਪੈਗੰਬਰ ਮੰਨਣ ਤੋਂ ਇਨਕਾਰੀ ਹੈ । 8 ਜੂਨ ਦੀ ਅੰਗ੍ਰੇਜ਼ੀ ਟ੍ਰਿਬਿਊਨ ਵਿੱਚ ਆਰ।ਐੱਸ।ਐੱਸ। ਵਾਲਿਆਂ ਨੇ ਐਲਾਨ ਕੀਤਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਦੁਨਿਆਵੀ ਰੋਲ ਮਾਡਲ ਮੰਨਦੇ ਹਨ ਅਤੇ ਜਨਵਰੀ 2017 ਨੂੰ ਤਖ਼ਤ ਪਟਨਾ ਸਾਹਿਬ ਵਿਖੇ ਰਾਸ਼ਟਰੀਆ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਵਸ ਮਨਾਉਣਗੇ । ਆਰ।ਐੱਸ।ਐੱਸ। ਇਸ ਤਰਕ ਉੱਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਰਾਸ਼ਟਰੀ ਨਾਇਕ ਹਨ, ਜਿਨ੍ਹਾਂ ਨੂੰ ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਵਰਗੇ ਹਿੰਦੂ ਨਾਇਕਾਂ ਦੇ ਬਰਾਬਰ ਰੱਖਿਆ ਜਾ ਸਕਦਾ ਹੈ । ਆਰ।ਐੱਸ।ਐੱਸ। ਵਾਲੇ ਆਪਣੀਆਂ ਸ਼ਾਖਾਵਾਂ ਤੇ ਕਾਨਫਰੰਸਾਂ ਵਿੱਚ ਹਿੰਦੂ ਨਾਇਕਾਂ ਦੀਆਂ ਤਸਵੀਰਾਂ ਨਾਲ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਵੀ ਲਾਉਂਦੇ ਹਨ । ਆਰ।ਐੱਸ।ਐੱਸ। ਵਾਲੇ ਇਹ ਵੀ ਪ੍ਰਚਾਰ ਕਰ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਦੁਰਗਾ ਦੇ ਪੁਜਾਰੀ ਸਨ ਤੇ ਉਹ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਦੂਰ ਚਲੇ ਗਏ ਸਨ ।
ਆਰ।ਐੱਸ।ਐੱਸ। ਦੀਆਂ ਨੀਤੀਆਂ ਬਾਰੇ ਜੋ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲੈਣਾ ਚਾਹੁੰਦੀਆਂ ਹਨ ਅਤੇ ਗੁਰੂ ਸਾਹਿਬਾਨ ਨੂੰ ਹਿੰਦੂ ਸਿੱਧ ਕਰਨ ਲਈ ਵਰਤੀਆਂ ਜਾ ਰਹੀਆਂ ਹਨ, ਉਨ੍ਹਾਂ ਸਾਜਿਸ਼ੀ ਨੀਤੀਆਂ ਬਾਰੇ ਪੁਸਤਕ ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਵਿੱਚ ਸ। ਅਜਮੇਰ ਸਿੰਘ ਜੀ ਲਿਖਦੇ ਹਨ ਕਿ ਨਿਝਾਵਨ ਨੇ ਆਪਣੀ ਕਿਤਾਬ ਦੀ ਭੂਮਿਕਾ ਵਿੱਚ ਇਥੋਂ ਤੱਕ ਲਿਖ ਮਾਰਿਆ ਸੀ ਕਿ ਹੋਰ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਸਿੱਖਾਂ ਦੇ ਸਾਢੇ ਨੌਂ ਗੁਰੂ ਹਿੰਦੂ ਸਨ ਤੇ ਅਖੀਰਲਾ ਅੱਧਾ ਗੁਰੂ ਹੀ ਹਿੰਦੂ ਨਹੀਂ ਸੀ, ਉਥੇ ਮੇਰਾ ਮੱਤ ਇਸ ਨਾਲੋਂ ਥੋੜ੍ਹਾ ਵੱਖਰਾ ਹੈ, ਮੇਰੇ ਵਿਚਾਰ ਅਨੁਸਾਰ ਅਖੀਰਲਾ ਅੱਧਾ ਗੁਰੂ ਹੀ ਵਾਹਦ ਅਜਿਹਾ ਗੁਰੂ ਸੀ ਜਿਹੜਾ ਪੂਰਾ ਦਾ ਪੂਰਾ ਹਿੰਦੂ ਸੀ । ਇਸ ਕਰਕੇ ਸਿੱਖ ਪ੍ਰਚਾਰਕਾਂ, ਕਥਾਵਾਚਕਾਂ, ਰਾਗੀਆਂ, ਢਾਡੀਆਂ ਅਤੇ ਕਵੀਸ਼ਰੀ ਜਥਿਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਕਿ ਸਿੱਖ ਧਰਮ ਦਾ ਭਗਵਾਂਕਰਨ, ਕਰਨ ਵਾਲੀ ਆਰ।ਐੱਸ।ਐੱਸ। ਤੇ ਕਰਿਡ ਵਰਗੀਆਂ ਸੰਸਥਾਵਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ ।
ਆਰ।ਐੱਸ।ਐੱਸ। ਵਾਲਿਆਂ ਦਾ ਇਹ ਤਰਕ ਕਿ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇ ਮਾਰਗ ਤੋਂ ਦੂਰ ਚਲੇ ਗਏ ਸਨ, ਬਹੁਤ ਹੀ ਬੇਤੁਕਾ ਹੈ । ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ &lsquoਤੇ ਮੋਹਰ ਲਾਉਂਦੇ ਹਨ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਹਨ :
ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
ਗੁਰੂ ਨਾਨਕ ਸਾਹਿਬ ਦੀ ਜੋਤਿ ਹੀ ਦਸਾਂ ਜਾਮਿਆਂ ਵਿੱਚ ਵਰਤੀ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਦੂਜੇ, ਤੀਜੇ, ਚੌਥੇ, ਪੰਜਵੇਂ ਤੇ ਨੌਵੇਂ ਗੁਰੂ ਦੀ ਬਾਣੀ ਵਿੱਚ ਹਰੇਕ ਸ਼ਬਦ ਦੇ ਅੰਤ ਵਿੱਚ ਨਾਨਕ ਸ਼ਬਦ ਦੀ ਵਰਤੋਂ ਹੋਈ ਹੈ । ਇਸ ਤੋਂ ਬਿਨਾਂ ਸਮਕਾਲੀ ਮੁਗ਼ਲ ਪ੍ਰਸ਼ਾਸ਼ਨ ਬਾਰੇ ਵਿਲੀਅਮ ਇਰਬਨ ਦੀ ਉੱਘੀ ਰਚਨਾ ਲੇਟਰ ਮੁਗ਼ਲਜ਼ ਵਿੱਚ ਵੀ ਲੇਖਕ ਨੇ ਦੱਸਵੇਂ ਪਾਤਿਸ਼ਾਹ ਲਈ ਗੁਰੂ ਗੋਬਿੰਦ-ਨਾਨਕ ਦੀ ਵਰਤੋਂ ਕੀਤੀ ਹੈ, ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ, ਭੱਟਾਂ ਦੇ ਸਵੱਈਏ ਇਸ ਨੂੰ ਹੋਰ ਵੀ ਸਪੱਸ਼ਟ ਕਰ ਦਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਦੀ ਜੋਤਿ ਹੀ ਦਸਾਂ ਜਾਮਿਆਂ ਵਿੱਚ ਵਰਤਦੀ ਹੈ ਅਤੇ ਜਦੋਂ ਦੱਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ 1708 ਈ: ਨੂੰ ਧੁਰ ਕੀ ਬਾਣੀ ਨੂੰ ਗੁਰਗੱਦੀ &lsquoਤੇ ਸੁਭਾਇਮਾਨ ਕਰਕੇ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ ਵਿਦਮਾਨ ਕਰ ਦਿੱਤਾ । ਗੁਰੂ ਗ੍ਰੰਥ ਸਾਹਿਬ ਦਸਾਂ ਪਾਤਿਸ਼ਾਹੀਆਂ ਦੀ ਜੋਤਿ ਹਨ, ਇਸ ਕਰਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ ।
ਦਰਅਸਲ ਅੱਜ ਜਦੋਂ ਆਰ।ਐੱਸ।ਐੱਸ। ਤੇ ਭਾਜਪਾ ਵਾਲੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ ਤੇ ਇਨ੍ਹਾਂ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿਕਾ ਸਿੱਖਾਂ ਦੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤ ਦਾ ਹੈ । ਦੂਸਰਾ ਆਰ।ਐੱਸ।ਐੱਸ। ਨੂੰ ਹਿੰਦੂਆਂ ਦੇ ਇਤਿਹਾਸ ਵਿੱਚੋਂ ਹਿੰਦੂ ਰਾਸ਼ਟਰ ਲਈ ਕੋਈ ਰੋਲ ਮਾਡਲ ਨਹੀਂ ਲੱਭ ਰਿਹਾ । ਸਿੱਖ ਰਾਸ਼ਟਰ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਰੋਲ ਮਾਡਲ ਹਨ ਪਰ ਹਿੰਦੂ ਰਾਸ਼ਟਰ ਲਈ ਰੋਲ ਮਾਡਲ ਕਿਥੋਂ ਲਿਆਉਣ ? ਕਿਉਂਕਿ ਇਨ੍ਹਾਂ ਦਾ ਅੱਠਾਂ ਸਦੀਆਂ ਦਾ ਇਤਿਹਾਸ ਅੱਤ ਨਮੋਸ਼ੀ ਭਰਿਆ ਹੈ । ਕਿਉਂਕਿ ਇਨ੍ਹਾਂ ਨੇ ਸਦੀਆਂ ਤੱਕ ਧੌਣਾਂ ਨੀਵੀਆਂ ਕਰ ਕੇ ਮੁਗ਼ਲਾਂ ਤੇ ਦੁਰਾਨੀਆਂ ਦੀ ਗ਼ੁਲਾਮੀ ਝੱਲੀ ਹੋਈ ਹੈ, ਉਸ ਗ਼ੁਲਾਮੀ ਦੇ ਦਾਗ ਧੌਣ ਲਈ ਆਰ।ਐੱਸ।ਐੱਸ। ਤੇ ਭਾਜਪਾ ਵਾਲੇ ਘੱਟ ਗਿਣਤੀਆਂ &lsquoਤੇ ਜ਼ੁਲਮ ਕਰਕੇ ਉਨ੍ਹਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਹਨ ਤੇ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਸਿੱਧ ਕਰਕੇ ਖ਼ਾਲਸਾ ਪੰਥ (ਸਿੱਖ ਕੌਮ) ਦੀ ਵੱਖਰੀ ਪਛਾਣ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਸਿੱਖਾਂ ਦੀ ਮਾਨਸਿਕਤਾ ਵਿੱਚੋਂ ਰਾਜ ਕਰੇਗਾ ਖ਼ਾਲਸਾ ਦਾ ਸੰਕਲਪ ਕੱਢਣਾ ਚਾਹੁੰਦੇ ਹਨ । ਇਸ ਕਰਕੇ ਹੀ ਆਰ।ਐੱਸ।ਐੱਸ। ਨੇ ਸਾਜਿਸ਼ੀ ਢੰਗ ਨਾਲ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਾਮ, ਦਾਮ, ਦੰਡ, ਭੇਦ ਦੀ ਚਾਣਕੀਆ ਨੀਤੀ ਅਨੁਸਾਰ ਜਨਤਕ ਤੌਰ &lsquoਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮਕ ਤੌਰ &lsquoਤੇ ਚਿੰਨ ਮੰਨ ਲਿਆ ਹੈ (ਗੁਰੂ ਸਾਹਿਬ ਦੀ ਕਿਸੇ ਕਾਲਪਨਿਕ ਤਸਵੀਰ ਜਾਂ ਮੂਰਤੀ) ਜੋ ਉਨ੍ਹਾਂ ਦੀ ਸ਼ਖ਼ਸ਼ੀਅਤ ਦਾ ਪ੍ਰਗਟਾਵਾ ਕਰਦੀ ਹੋਵੇ, ਨੂੰ ਪ੍ਰਵਾਣ ਕਰ ਲਿਆ ਹੈ । ਜੋ ਸਿੱਖ ਕੌਮ ਦੀ ਵੱਖਰੀ ਪਛਾਣ ਖ਼ਤਮ ਕਰਨ ਵਾਸਤੇ ਸਿੱਖ ਧਰਮ ਦੇ ਗੁਰੂ ਗ੍ਰੰਥ, ਗੁਰੂ ਪੰਥ ਦੇ ਸਿੱਖੀ ਸਿਧਾਂਤ ਉੱਤੇ ਬਹੁਤ ਵੱਡਾ ਬੌਧਿਕ ਹਮਲਾ ਹੈ । ਦੇਸ਼ ਵਿਦੇਸ਼ਾਂ ਵਿੱਚ ਫੈਲੇ ਹੋਏ ਖ਼ਾਲਸਾ ਪੰਥ ਨੂੰ ਸਚੇਤ ਰੂਪ ਵਿੱਚ ਇਸ ਬੌਧਿਕ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ ।
-ਜਥੇਦਾਰ ਮਹਿੰਦਰ ਸਿੰਘ ਯੂ।ਕੇ।