image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਗ੍ਰੰਥ, ਗੁਰੂ ਪੰਥ ਦੇ ਜੋਤਿ ਅਤੇ ਜੁਗਤਿ ਦਾ ਸਿੱਖੀ ਵਿਧਾਨ ਲਾਗੂ ਕੀਤੇ ਤੋਂ ਬਿਨਾਂ ਸਿੱਖ ਕੌਮ ਆਪਣੀ ਅੱਡਰੀ, ਨਿਆਰੀ ਤੇ ਸੁਤੰਤਰ ਹੋਂਦ ਹਸਤੀ ਕਾਇਮ ਨਹੀਂ ਰੱਖ ਸਕੇਗੀ

ਸਿਧਾਂਤਕ ਰੂਪ ਵਿੱਚ ਵੇਖੀਏ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਪੰਥ ਦੀ ਪ੍ਰਤੀਨਿੱਧ ਸੰਸਥਾ ਹੈ, ਜਿਸ ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਹੱਕ ਨਹੀਂ ਹੈ । ਗੁਰੂ ਪੰਥ ਦੋ ਸ਼ਬਦਾਂ ਦਾ ਜੋੜ ਹੈ, ਜਿਸ ਵਿੱਚ ਗੁਰੂ ਗ੍ਰੰਥ ਜੋਤਿ ਤੇ ਪੰਥ ਜੁਗਤਿ ਦਾ ਲਖਨਾਇਕ ਹੈ । ਅਕਾਲ ਤਖ਼ਤ ਇਕ ਮਹਾਨ ਸਦੀਵੀ ਪ੍ਰਭੂਸੱਤਾ ਦਾ ਸੰਕਲਪ ਹੈ । ਸਿੱਖ ਧਰਮ ਦਾ ਸਾਰਾ ਸਿੱਖ ਫ਼ਲਸਫਾ ਇਸੇ ਵਿੱਚ ਸਮਾਇਆ ਹੋਇਆ ਹੈ ਅਰਥਾਤ ਅਕਾਲ ਤਖ਼ਤ ਹੈ ਤਾਂ ਸਿੱਖ ਧਰਮ ਜਿੰਦਾ ਹੈ । ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਨੂੰ ਧਾਰਮਿਕ ਪਵਿੱਤਰਤਾ ਅਤੇ ਆਸਥਾ ਦੇ ਪੱਧਰ ਉੱਤੇ ਅਲੱਗ-ਅਲੱਗ ਕਰਨਾ ਹੀ ਸਿੱਖ ਧਰਮ ਦਾ ਹਿੰਦੂਕਰਨ ਕਰਨਾ ਹੈ । ਭਾਈ ਗੁਰਦਾਸ ਜੀ ਨੇ ਸਿੱਖ ਧਰਮ ਨੂੰ ਨਾਨਕ ਨਿਰਮਲ ਪੰਥ ਕਿਹਾ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ ਅਤੇ ਸਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ, ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਪੜਾਅ ਹੈ । ਸਿੱਖ ਧਰਮ ਦੇ ਵਿਕਾਸ ਅਤੇ ਸਥਾਪਤੀ ਵਿੱਚ ਅਕਾਲ ਤਖ਼ਤ ਦੀ ਸੰਸਥਾ ਨੇ ਮੀਲ-ਪੱਥਰ ਦਾ ਕਾਰਜ ਕੀਤਾ ਹੈ ।
ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਲੋਕਾਈ ਵਿੱਚ ਰਾਜਸੀ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਅਧੋਗਤੀ ਨੂੰ ਠੱਲ੍ਹ ਪਾਉਣ ਲਈ ਸਿੱਕਾ ਮਾਰ ਕੇ ਨਿਰਮਲ ਪੰਥ ਚਲਾਇਆ । ਇਹ ਨਿਰਮਲ ਪੰਥ ਨਿਰੋਲ ਇਕ ਅਧਿਆਤਮਕ ਲਹਿਰ ਹੀ ਨਹੀਂ ਸੀ, ਸਗੋਂ ਇਹ ਆਦਿ-ਅਰੰਭ ਤੋਂ ਹੀ ਭਗਤੀ-ਸ਼ਕਤੀ ਨੂੰ ਇਕ ਦੂਸਰੇ ਦੀ ਹੋਂਦ ਲਈ ਜ਼ਰੂਰੀ ਮੰਨਦਾ ਹੈ । ਪ੍ਰਮਾਤਮਾਂ ਦੀ ਉਸਤਤੀ ਵਿੱਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ : ਮੂਰਖ ਗੰਢੁ ਪਵੈ ਮੁਹਿ ਮਾਰ (ਵਾਰ ਮਾਝ ਮਹਲਾ 1 ਅੰਗ 143) । ਸਿਧਾਂਤਕ ਰੂਪ ਵਿੱਚ ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿਣਾ ਇਸ ਦਾ ਪਹਿਲਾ ਪ੍ਰਮਾਣ ਸੀ । ਇਸ ਸਿਧਾਂਤ ਅਨੁਸਾਰ ਹੀ ਗੁਰੂ ਅੰਗਦ ਸਾਹਿਬ ਬਾਦਸ਼ਾਹ ਹਮਾਯੂੰ ਨੂੰ ਤਲਵਾਰ ਦੀ ਸਮੇਂ ਤੇ ਸਥਾਨ ਅਨੁਸਾਰ ਵਰਤੋਂ ਕਰਨ ਲਈ ਸੁਚੇਤ ਕਰਦੇ ਹਨ । ਗੁਰਮਤਿ ਵਿਚਾਰਧਾਰਾ ਅਨੁਸਾਰ ਆਤਮਿਕ ਸੁਤੰਤਰਤਾ ਨੂੰ ਸਮਾਜਿਕ ਸੁਤੰਤਰਤਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਸ੍ਰੀ ਅਕਾਲ ਤਖ਼ਤ ਸਾਹਿਬ ਸਮੇਂ ਤੇ ਸਥਾਨ ਦੇ ਪ੍ਰਭਾਵਾਂ ਤੋਂ ਸੁਤੰਤਰ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾਲ ਸਿੱਖ ਕੌਮ ਇਕ ਸੁਤੰਤਰ ਤੇ ਪ੍ਰਭੂਸੱਤਾ ਸੰਪੰਨ ਦੈਵੀ ਗੁਣਾਂ ਆਧਾਰਿਤ ਕੌਮ ਦੇ ਰੂਪ ਵਿੱਚ ਪ੍ਰਗਟ ਹੋਈ । ਅਕਾਲ ਤਖ਼ਤ ਤੋਂ ਹੀ ਸਮੇਂ-ਸਮੇਂ ਅਕਾਲ ਤਖ਼ਤ ਦੇ ਵਿਰੋਧੀਆਂ, ਸਮਾਜਿਕ, ਰਾਜਸੀ ਬੇਇਨਸਾਫ਼ੀਆਂ, ਜਬਰ-ਜ਼ੁਲਮ ਦੇ ਖਿਲਾਫ਼ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਹਿੱਤ, ਸਿੱਖ ਤੇ ਸਿੱਖ ਹਿੱਤਕਾਰੀ ਲਹਿਰਾਂ ਉੱਠਦੀਆਂ ਰਹੀਆਂ ਹਨ ।
ਅਜਿਹੀ ਇਕ ਲਹਿਰ ਸਿੱਖ ਕੌਮ ਦੇ ਗਲੋਂ ਗ਼ੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਵੀਹਵੀਂ ਸਦੀ ਦੇ ਅੱਠਵੇਂ-ਨੌਵੇਂ ਦਹਾਕੇ ਵਿੱਚ ਵੀ ਉੱਠੀ ਸੀ, ਜਦੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੀਰੀ-ਪੀਰੀ ਦੇ ਸਿਧਾਂਤ ਦੀ ਸਹੀ ਤਰਜ਼ਮਾਨੀ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਦੁਆਰਾ ਮਨੁੱਖ ਨੂੰ ਰੂਹਾਨੀ, ਮਾਨਸਿਕ ਤੇ ਸਰੀਰਿਕ ਗ਼ੁਲਾਮੀ ਤੋਂ ਮੁਕਤ ਕਰਨ ਲਈ ਅਰੰਭੇ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ਼ਹਾਦਤ ਦਾ ਜਾਮ ਪੀ ਕੇ ਜਿਥੇ ਸਿੱਖ ਸਿਧਾਂਤਾਂ ਦੀ ਸੁੱਚਤਾ ਦਾ ਵਿਲੱਖਣ ਨਮੂਨਾ ਪੇਸ਼ ਕੀਤਾ, ਉਥੇ ਉਨ੍ਹਾਂ ਨੇ ਸਿੱਖ ਸਿਆਸਤ ਦੀ ਦਿਸ਼ਾ ਵੀ ਬਦਲ ਕੇ ਰੱਖ ਦਿੱਤੀ । ਉਨ੍ਹਾਂ ਨੇ ਖ਼ਾਲਸਾ ਪੰਥ ਨੂੰ ਆਪਣੀ ਹੋਣੀ ਦੇ ਮਾਲਕ ਆਪ ਬਣਨ ਦਾ ਰਾਹ ਵਿਖਾਇਆ । ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਖ਼ਾਲਸਾ ਪੰਥ (ਸਿੱਖ ਕੌਮ) ਦੀ ਅੱਡਰੀ, ਨਿਆਰੀ ਤੇ ਵਿਲੱਖਣ ਹੋਂਦ ਹਸਤੀ ਕਾਇਮ ਰੱਖਣ ਲਈ ਖ਼ਾਲਸਾ ਪੰਥ ਦੇ ਅਗਲੇਰੇ ਸੰਘਰਸ਼ਾਂ ਦਾ ਰਾਹ ਦਰਸਾਣਾ ਹੈ ।
ਆਧੁਨਿਕ ਰਾਜਨੀਤਿਕ ਖੇਡ ਵਿੱਚ ਸਿੱਖਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਆਉਂਦੀ ਹੈ ਕਿ ਸਿੱਖ ਰਾਜਨੀਤਿਕ ਸਿਧਾਂਤ ਅਤੇ ਅਮਲ ਨੂੰ ਆਧੁਨਿਕ ਪ੍ਰਬੰਧਾਂ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ ਅਤੇ ਨਾ ਇਸ ਦੇ ਵਿਕਸਤ ਹੋਣ ਲਈ ਲੋੜੀਂਦਾ ਵਾਤਾਵਰਣ ਹੈ । ਸਿੱਖ ਰਾਜਨੀਤੀ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਜਿਸ ਨੂੰ ਭਾਰਤੀ ਪ੍ਰਕਿਰਿਆ ਤੋਂ ਇਕ ਪਾਸੇ ਕੀਤਾ ਗਿਆ ਹੈ । ਭਾਰਤੀ ਰਾਜ ਦੀ ਗ਼ੁਲਾਮੀ ਸਿੱਖ ਸੰਸਥਾਵਾਂ ਦੀ ਅਜ਼ਾਦੀ ਲਈ ਖ਼ਤਰਾ ਹੈ । ਇਸ ਕਰਕੇ ਹੀ ਸਿੱਖ ਭਾਈਚਾਰਾ ਆਪਣੀਆਂ ਸੰਸਥਾਵਾਂ ਨਾਲ ਕੇਵਲ ਭਾਵਨਾਤਮਕ ਸਾਂਝ ਰੱਖ ਰਿਹਾ ਹੈ । ਆਮ ਜੀਵਨ ਵਿੱਚ ਦੁਨਿਆਵੀ ਸੱਤਾ ਦਾ ਬੋਲ-ਬਾਲਾ ਹੈ, ਇਸ ਕਰਕੇ ਸਿੱਖ ਰਾਜਨੀਤੀ ਦੇ ਸਿਧਾਂਤ ਅਤੇ ਸਿੱਖ ਸੰਸਥਾਵਾਂ ਭਾਰਤੀ ਰਾਜਨੀਤੀ ਦੀ ਭੇਂਟ ਚੜ੍ਹ ਗਈਆਂ । ਸੱਤਾ ਦਾ ਤਰਕ ਤਾਕਤਵਰ ਹੋਣ ਕਰਕੇ ਸਿੱਖ ਸਿਧਾਂਤਾਂ ਨੂੰ ਸੁਭਾਵਿਕ ਹੀ ਨਜ਼ਰਅੰਦਾਜ਼ ਕਰ ਰਿਹਾ ਹੈ । ਸਿੱਖਾਂ ਦੀ ਇਹ ਤ੍ਰਾਸਦੀ ਹੈ ਕਿ ਆਧੁਨਿਕ ਰਾਜਨੀਤੀ ਦੇ ਇਸ ਜ਼ੋਰਦਾਰ ਪ੍ਰਭਾਵ ਅਧੀਨ ਇਹ ਆਪਣੀਆਂ ਸਿੱਖ ਸਿਧਾਂਤਾਂ ਅਨੁਸਾਰ ਰਾਜਨੀਤਿਕ ਰਵਾਇਤਾਂ ਨੂੰ ਸੰਭਾਲਣ ਪ੍ਰਤੀ ਅਵੇਸਲੇ ਜਾਂ ਬੇਪਰਵਾਹ ਜਾਪਦੇ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਜਨੀਤੀ ਤਾਕਤ ਦੀ ਖੇਡ ਹੈ । ਤਾਕਤ ਦੇ ਤਰਕ ਅਧੀਨ ਸਿੱਖ ਰਾਜਨੀਤਿਕ ਰਵਾਇਤਾਂ ਦੀ ਅਹਿਮੀਅਤ ਨੂੰ ਸਮਝਣ ਦਾ ਹੁਣ ਕਿਸੇ ਨੂੰ ਕੋਈ ਲਾਭ ਨਜ਼ਰ ਨਹੀਂ ਆ ਰਿਹਾ, ਪ੍ਰੰਤੂ ਜਦੋਂ ਆਧੁਨਿਕ ਰਾਜ ਨਾਲੋਂ ਅਗਾਂਹ ਜਾਂ ਇਸ ਨਾਲੋਂ ਬਿਹਤਰ ਰਾਜ ਦੀ ਸਥਾਪਤੀ ਦੀ ਲੋੜ ਮਹਿਸੂਸ ਹੋਵੇਗੀ ਤਾਂ ਹੁਣ ਅਣਗੋਲੇ ਜਾ ਰਹੇ ਗੁਰਮਤਿ ਦੇ ਸਿਧਾਂਤ ਅਤੇ ਇਨ੍ਹਾਂ &lsquoਤੇ ਆਧਾਰਿਤ ਰਾਜਨੀਤੀ ਦੇ ਤਜਰਬਿਆਂ ਤੋਂ ਸਬਕ ਸਿਖਣ ਅਤੇ ਗ੍ਰਹਿਣ ਕਰਨ ਲਈ ਯਤਨ ਕੀਤੇ ਜਾਣਗੇ ।
(ਹਵਾਲਾ ਪੁਸਤਕ - ਸਿੱਖੀ ਅਤੇ ਸਿੱਖਾਂ ਦਾ ਭਵਿੱਖ-ਪੰਨਾ 150/151)
ਅੱਜ ਅਕਾਲ ਤਖ਼ਤ ਦੇ ਇਤਿਹਾਸਕ ਮਹੱਤਵ ਨੂੰ ਵੀ ਵਿਚਾਰਨ ਦੀ ਲੋੜ ਹੈ । ਸਿੱਖ ਰਾਜ ਸਮੇਂ ਅਕਾਲ ਤਖ਼ਤ ਦੇ ਰੱਖਵਾਲੇ ਸੋਚੀ-ਸਮਝੀ ਯੋਜਨਾ ਅਧੀਨ ਰਣਜੀਤ ਸਿੰਘ ਪ੍ਰਤੀ ਅਪਮਾਨਜਨਕ ਢੰਗ ਨਾਲ ਵਿਉਹਾਰ ਕਰਦੇ ਰਹੇ, ਭਾਵੇਂ ਉਹ ਉਸ ਨੂੰ ਸਰਕਾਰ ਖ਼ਾਲਸਾ ਜੀਉ ਦਾ ਮੁਖੀ ਪ੍ਰਵਾਨ ਕਰਦੇ ਸਨ । ਉਹ ਰਣਜੀਤ ਸਿੰਘ ਨੂੰ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੇ, ਪਰ ਉਸ ਨੂੰ ਲਗਾਤਾਰ ਯਾਦ ਕਰਵਾਉਂਦੇ ਰਹਿਣਾ ਚਾਹੁੰਦੇ ਸਨ ਕਿ ਖ਼ਾਲਸਾ ਸੁਤੰਤਰ ਹੈ ਤੇ ਰਣਜੀਤ ਸਿੰਘ ਕੇਵਲ ਉਨ੍ਹਾਂ ਦੀ ਮਰਜ਼ੀ ਨਾਲ ਹੀ ਉਨ੍ਹਾਂ ਉੱਤੇ ਰਾਜ ਕਰਦਾ ਹੈ । ਰਣਜੀਤ ਸਿੰਘ ਵੱਲੋਂ ਸਿੱਖ ਰਾਜ ਦੇ ਵਾਧੇ ਲਈ ਲੜੀਆਂ ਗਈਆਂ ਲੜਾਈਆਂ ਵਿੱਚ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਇਹੀ ਅਕਾਲੀ ਅਗਲੀ ਕਤਾਰ ਵਿੱਚ ਜੂਝਦੇ ਸਨ । ਧਾਰਮਿਕ ਖੇਤਰ ਵਿੱਚ ਅਕਾਲ ਤਖ਼ਤ ਨੇ ਆਪਣੀ ਸੁਤੰਤਰਤਾ ਦਾ ਪ੍ਰਗਟਾਵਾ ਕੀਤਾ ਤੇ ਇਸ ਦਾ ਐਲਾਨ ਇਸ ਤਰ੍ਹਾਂ ਕੀਤਾ ਕਿ ਰਣਜੀਤ ਸਿੰਘ ਨੂੰ ਵੀ ਜਵਾਬ ਦੇਣ ਲਈ ਬੁਲਾ ਭੇਜਿਆ । ਇਕ ਵਾਰ ਉਸ ਨੂੰ ਦਰਖ਼ਤ ਨਾਲ ਬੰਨ ਕੇ ਕੋਰੜੇ ਮਾਰਨ ਦਾ ਹੁਕਮ ਵੀ ਸੁਣਾਇਆ ਗਿਆ । ਰਣਜੀਤ ਸਿੰਘ ਨੂੰ ਦਰਖ਼ਤ ਨਾਲ ਬੰਨਿਆ ਵੀ ਗਿਆ, ਪਰ ਕੋਰੜੇ ਮਾਰਨ ਦੀ ਸਜ਼ਾ ਮਾਫ਼ ਕਰ ਦਿੱਤੀ ਗਈ । ਸਦੀਆਂ ਦੇ ਰੂਹਾਨੀ ਤਜ਼ਰਬੇ ਸਦਕਾ ਸਿੱਖਾਂ ਨੂੰ ਇਹ ਗੁੜਤੀ ਮਿਲੀ ਹੋਈ ਹੈ ਕਿ ਉਹ ਆਪਣੀ ਵਫ਼ਾਦਾਰੀ ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਸੌਂਪਣ ਤੇ ਫਿਰ ਆਪਣੀ ਆਤਮਾ ਅਤੇ ਨੇਕ ਕੰਮਾਂ ਨੂੰ । ਰਾਜ ਭਾਵੇਂ ਉਹ ਅਫ਼ਗਾਨਾਂ, ਮੁਗ਼ਲਾਂ, ਸਿੱਖਾਂ, ਅੰਗ੍ਰੇਜ਼ਾਂ ਜਾਂ ਭਾਰਤੀਆਂ ਦਾ ਹੋਵੇ, ਸਿੱਖਾਂ ਦੀ ਵਫ਼ਾਦਾਰੀ ਉੱਤੇ ਉਸ ਅਨੁਪਾਤ ਅਨੁਸਾਰ ਹੀ ਦਾਅਵਾ ਕਰ ਸਕਦਾ ਹੈ, ਜਿਸ ਅਨੁਪਾਤ ਨਾਲ ਉਹ ਉਨ੍ਹਾਂ ਆਦਰਸ਼ਾਂ ਪ੍ਰਤੀ ਵਚਨਬੱਧ ਹੈ । ਸਿਧਾਂਤਕ ਤੌਰ &lsquoਤੇ ਜੇ ਕੱਲ੍ਹ ਨੂੰ ਸਿੱਖ ਰਾਜ ਹੋਂਦ ਵਿੱਚ ਆ ਜਾਏ ਤਾਂ ਵੀ ਸਥਿਤੀ ਇਹੀ ਰਹੇਗੀ ।
(ਹਵਾਲਾ-ਪੁਸਤਕ ਸਿੰਘ ਨਾਦ, ਪੰਨਾ 219, 220)
ਗੁਰਮਤਿ ਦਾ ਮੁੱਖ ਉਦੇਸ਼ ਮਨੁੱਖ ਨੂੰ ਹਰ ਕਿਸਮ ਦੇ ਭੈਅ ਅਤੇ ਗ਼ੁਲਾਮੀ ਤੋਂ ਮੁਕਤ ਕਰ ਕੇ ਸੱਚੇ ਪਾਤਸ਼ਾਹ ਨਾਲ ਜੋੜਨਾ ਹੈ । ਇਸ ਦੇ ਉਲਟ ਆਧੁਨਿਕ ਰਾਜਨੀਤੀ ਦਾ ਮਕਸਦ ਮਨੁੱਖ ਦੇ ਦੁਆਲੇ ਭੈਅ ਵਾਲਾ ਵਾਤਾਵਰਨ ਸਿਰਜ ਕੇ ਦੁਨਿਆਵੀ ਰਾਜਾਂ ਦੇ ਅਧੀਨ ਕਰਨਾ ਹੈ । ਸਿੱਖ ਅਕਾਲ ਪੁਰਖ ਨਾਲ ਜੁੜਨ ਲਈ ਤਾਂ ਅਜ਼ਾਦ ਹਨ ਪਰ ਦੁਨਿਆਵੀ ਰਾਜਨੀਤੀ ਇਸ ਅਜ਼ਾਦੀ ਦੇ ਰਾਹ ਵਿੱਚ ਰੁਕਾਵਟ ਬਣ ਰਹੀ ਹੈ । ਆਧੁਨਿਕ ਰਾਜਨੀਤੀ ਦੇ ਪ੍ਰਭਾਵ ਹੇਠ ਸਿੱਖਾਂ ਦੀ ਹਾਲਤ ਦੋ ਬੇੜੀਆਂ ਦੇ ਸਵਾਰ ਵਾਲੀ ਬਣ ਗਈ ਹੈ । ਗੁਰੂ ਦਾ ਜਹਾਜ਼ ਭਵਜਲ ਨੂੰ ਪਾਰ ਕਰਵਾਉਂਦਾ ਹੈ, ਜਦੋਂ ਕਿ ਦੁਨਿਆਵੀ ਰਾਜਨੀਤੀ ਦਾ ਸਮਾਜਿਕ ਜੀਵਨ ਵਿੱਚ ਮਹੱਤਵ ਵੱਧਦਾ ਜਾ ਰਿਹਾ ਹੈ । ਸਿੱਖਾਂ ਦੇ ਅਧਿਆਤਮਕ ਸਰੋਕਾਰ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਨ, ਜਦੋਂ ਕਿ ਇਨ੍ਹਾਂ ਦੀਆਂ ਆਧੁਨਿਕ ਰਾਜਨੀਤਿਕ ਲੋੜਾਂ ਤੇ ਮਜਬੂਰੀਆਂ ਇਨ੍ਹਾਂ ਨੂੰ ਦੁਨਿਆਵੀ ਪ੍ਰਬੰਧਾਂ ਦੇ ਅਧੀਨ ਕਰਦੀਆਂ ਹਨ । ਅਜੋਕੇ ਸਮੇਂ ਵਿੱਚ ਪੰਥ ਨੂੰ ਦਰਪੇਸ਼ ਮਹੱਤਵਪੂਰਨ ਰਾਜਨੀਤਿਕ ਸਮੱਸਿਆਵਾਂ ਬਾਰੇ ਵਿਚਾਰ ਕਰਨ ਲਈ ਸਰਬੱਤ ਖ਼ਾਲਸੇ ਦੀਆਂ ਸੰਸਥਾਵਾਂ ਨੂੰ ਭਾਵੇਂ ਪੁਨਰ-ਸੁਰਜੀਤ ਕਰਨ ਦੇ ਯਤਨ ਹੋਏ ਹਨ, ਪ੍ਰੰਤੂ ਇਸ ਦੇ ਸੰਵਿਧਾਨ ਬਾਰੇ ਆਮ ਸਹਿਮਤੀ ਨਹੀਂ ਹੋ ਸਕੀ ।
(ਮੇਜਰ ਗੁਰਮੁਖ ਸਿੰਘ : ਐਡੀਸ਼ਨ 2008)
ਸਿੱਖ ਸੰਸਥਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਸਰਬੱਤ ਖ਼ਾਲਸਾ ਅਤੇ ਗੁਰਮਤਾ ਦੇ ਸੰਵਿਧਾਨ, ਇਨ੍ਹਾਂ ਦੇ ਖੇਤਰ ਅਤੇ ਕਾਰਜਾਂ ਨੂੰ ਅਜੋਕੇ ਸਮੇਂ ਵਿੱਚ ਪੁਨਰ-ਪ੍ਰਭਾਵਿਤ ਅਤੇ ਇਨ੍ਹਾਂ ਦੀ ਸੱਤਾ ਨੂੰ ਵਿਹਾਰ ਵਿੱਚ ਲਾਗੂ ਕਰਨ ਲਈ ਸਭ ਤੋਂ ਵੱਡੀ ਰੁਕਾਵਟ ਦੁਨਿਆਵੀ ਰਾਜ ਅਤੇ ਇਨ੍ਹਾਂ ਦੀਆਂ ਸੰਸਥਾਵਾਂ ਬਣਦੀਆਂ ਹਨ । ਦੁਨਿਆਵੀ ਰਾਜ ਦੇ ਸੰਕਟ ਵਿੱਚੋਂ ਸਿੱਖਾਂ ਨੂੰ ਬਾਹਰ ਕੱਢਣ ਲਈ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਨੂੰ ਗੁਰੂ ਗ੍ਰੰਥ, ਗੁਰੂ ਪੰਥ ਦਾ ਬਖ਼ਸ਼ਿਸ਼ ਕੀਤਾ ਸੰਵਿਧਾਨ ਹੀ ਇਕ ਆਸ ਦੀ ਕਿਰਨ ਹੈ । ਸ। ਰੂਪ ਸਿੰਘ ਜੀ ਨੇ ਇਕ ਪੁਸਤਕ, ਹੁਕਮਨਾਮੇ, ਆਦੇਸ਼, ਸੰਦੇਸ਼, ਸ੍ਰੀ ਅਕਾਲ ਤਖ਼ਤ ਸਾਹਿਬ ਲਿਖੀ ਹੈ, ਉਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਮੌਜੂਦਾ ਮੋਹਰ ਦੀ ਸ਼ਬਦਾਵਲੀ ਇਸ ਪ੍ਰਕਾਰ ਦਰਜ ਹੈ, ਸ੍ਰੀ ਅਕਾਲ ਜੀ ਸਹਾਇ, ਸ੍ਰੀ ਅਕਾਲ ਤਖ਼ਤ ਸਾਹਿਬ, ਦੇਗ, ਤੇਗ, ਫ਼ਤਹ ਨੁਸਰਤ ਬੇ-ਦਰੰਗ, ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਲੋੜ ਸਿਰਫ਼ ਇਸ ਮੋਹਰ ਦੇ ਸਿਧਾਂਤ ਨੂੰ ਲਾਗੂ ਕਰਨ ਦੀ ਹੈ ।
ਸ੍ਰੀ ਅਕਾਲ ਤਖ਼ਤ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਖ਼ਾਲਸਾ ਪੰਥ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਵੱਖ-ਵੱਖ ਨਹੀਂ ਹਨ, ਗੁਰੂ ਨਾਨਕ ਸਾਹਿਬ ਹੀ ਗੁਰੂ ਗੋਬਿੰਦ ਸਿੰਘ ਜੀ ਹਨ । ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ ਭਾਵ Eਹੀ ਗੁਰੂ ਗੋਬਿੰਦ ਸਿੰਘ ਤੇ ਉਹ ਗੁਰੂ ਨਾਨਕ ਹੈ । (ਹਵਾਲਾ ਭਾਈ ਨੰਦ ਲਾਲ ਜੋਤਿ ਬਿਗਾਸ)
ਅੱਜ ਜਦੋਂ ਸਿੱਖ ਵਿਰੋਧੀ ਤਾਕਤਾਂ ਵੱਲੋਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲੱਗ-ਅਲੱਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਸਮਾਂ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਦੇ ਪਲੇਟਫ਼ਾਰਮ ਰਾਹੀਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰਕਾਂ ਰਾਹੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਸਿੱਖੀ ਸਿਧਾਂਤ ਦੇ ਪ੍ਰਚਾਰ ਦਾ ਪ੍ਰਵਾਹ ਚਲਾਉਣਾ ਚਾਹੀਦਾ ਹੈ । ਇਕ ਹੋਰ ਗੱਲ ਵੀ ਸਮਝਣ ਵਾਲੀ ਹੈ ਕਿ ਸੰਸਾਰ ਪੱਧਰ &lsquoਤੇ ਇਸਲਾਮ ਅਤੇ ਈਸਾਈਅਤ ਦਾ ਫੱਸਵਾਂ ਮੁਕਾਬਲਾ ਚੱਲ ਰਿਹਾ ਹੈ, ਜਿਵੇਂ ਇਨ੍ਹਾਂ ਨੇ ਇਕ ਦੂਜੇ ਵਿਰੁੱਧ ਪ੍ਰਚਾਰ ਕਰਨ ਲਈ ਵੱਡੇ ਬਜਟ ਵਾਲੀਆਂ ਅਕਾਦਮਿਕ ਸੰਸਥਾਵਾਂ ਖੋਲ੍ਹ ਰੱਖੀਆਂ ਹਨ ਤਿਵੇਂ ਹੀ ਭਾਰਤ ਸਟੇਟ ਨੇ ਵੀ ਅਣਗਿਣਤ ਸਿੱਖੀ ਸਰੂਪ ਵਾਲੇ ਲੇਖਕ ਤਿਆਰ ਕਰ ਲਏ ਹਨ ਜਿਹੜੇ ਸਿੱਖੀ ਦੇ ਖਿਲਾਫ਼ ਤੇ ਹਿੰਦੂਇਜ਼ਮ ਦੇ ਹੱਕ ਵਿੱਚ ਭੁਗਤ ਰਹੇ ਹਨ ਅਤੇ ਉਹ ਨਿਆਰੇ ਸਿੱਖ ਧਰਮ ਦਾ ਭਗਵਾਂਕਰਨ ਕਰਨ ਨੂੰ ਹੀ ਆਪਣੀ ਸਿਆਣਪ ਸਮਝਦੇ ਹਨ । ਪਰ ਉਹ ਇਹ ਨਹੀਂ ਜਾਣਦੇ ਕਿ ਸਿੱਖ ਧਰਮ ਦੇ ਨਿਆਰੇਪਣ ਅਤੇ ਖ਼ਾਲਸਾ ਪੰਥ ਦੀ ਅੱਡਰੀ ਸੁਤੰਤਰ ਹੋਂਦ ਹਸਤੀ ਤੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨੂੰ ਚੁਣੌਤੀ ਦੇਣਾ ਏਨਾ ਅਸਾਨ ਕੰਮ ਨਹੀਂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਰਬਕਾਲੀ ਅਤੇ ਸਰਬ-ਕਲਿਆਣਕਾਰੀ ਹੈ । ਗੁਰੂ ਗ੍ਰੰਥ ਸਾਹਿਬ ਵਿਸ਼ਵ ਗੁਰੂ ਹਨ, ਇਹ ਧੁਰ ਕੀ ਬਾਣੀ ਹੈ ਜੋ ਮਨੁੱਖ ਨੂੰ ਸਦਾਚਾਰ ਦਾ ਪਾਠ ਪੜ੍ਹਾਉਣ ਅਤੇ ਦੁਰਾਚਾਰ ਦੇ ਰਾਹ ਤੋਂ ਰੋਕਕੇ ਆਤਮਾ ਦਾ ਪ੍ਰਮਾਤਮਾਂ ਨਾਲ ਮੇਲ ਕਰਾਉਂਦੀ ਹੈ । ਗੁਰਬਾਣੀ ਸਰਬੱਤ ਦਾ ਭਲਾ ਮੰਗਣ ਅਤੇ ਕਰਨ ਵਾਲੇ ਐਸੇ ਗੁਰਮੁਖਾਂ ਦੀ ਘਾੜਤ ਘੜਦੀ ਹੈ ਜਿਸ ਦਾ ਬਦਲ ਦੁਨੀਆਂ ਦੇ ਹੋਰ ਕਿਸੇ ਵੀ ਧਰਮ ਵਿੱਚ ਨਹੀਂ ਹੈ ।
  ਅੰਤ ਵਿੱਚ ਸਿੱਖੀ ਸਿਦਕ ਭਰੋਸੇ ਤੋਂ ਟੁੱਟਾ ਹੋਇਆ ਅਕਾਲੀ ਦਲ ਗੁਰੂ ਗ੍ਰੰਥ, ਗੁਰੂ ਪੰਥ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਕਦੇ ਵੀ ਰਾਜ ਸੱਤਾ ਹਾਸਿਲ ਨਹੀਂ ਕਰ ਸਕੇਗਾ । (ਪੇਡੂ ਮੂੰਢਾਹੂ ਕੱਟਿਆ ਤਿਸ ਡਾਲ ਸੁਕੰਦੇ ਪੰਨਾ 306) 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ-ਜਥੇਦਾਰ ਮਹਿੰਦਰ ਸਿੰਘ ਯੂ।ਕੇ।