image caption:

ਅਮਰੀਕਾ ਵੱਲੋਂ ਵੀਜ਼ਾ ਫੀਸਾਂ ਵਿਚ ਭਾਰੀ ਵਾਧਾ

ਵਾਸ਼ਿੰਗਟਨ : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਵੀਜ਼ਾ ਫੀਸਾਂ ਵਿਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਐਚ-1ਬੀ ਵੀਜ਼ਾ ਤੋਂ ਲੈ ਕੇ ਵਿਜ਼ਟਰ ਵੀਜ਼ਾ ਤੱਕ ਹਰ ਸ਼ੇ੍ਰਣੀ ਦਾ ਵੀਜ਼ਾ ਮਹਿੰਗਾ ਹੋ ਗਿਆ ਹੈ ਅਤੇ ਇੰਮੀਗ੍ਰੇਸ਼ਨ ਹਮਾਇਤੀ ਇਸ ਨੂੰ ਕਾਨੂੰਨੀ ਪ੍ਰਵਾਸ &rsquoਤੇ ਹਮਲਾ ਕਰਾਰ ਦੇ ਰਹੇ ਹਨ। ਵਧੀਆਂ ਫੀਸਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਐਚ-1ਬੀ ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵਾਸਤੇ ਮੌਜੂਦਾ ਸਮੇਂ ਵਿਚ ਸਿਰਫ 10 ਡਾਲਰ ਦੇਣੇ ਪੈਂਦੇ ਹਨ ਪਰ ਪਹਿਲੀ ਅਪ੍ਰੈਲ ਤੋਂ 215 ਡਾਲਰ ਖਰਚ ਕਰਨੇ ਹੋਣਗੇ। ਐਚ 1ਬੀ ਵੀਜ਼ਾ ਦੀ ਬੁਨਿਆਦੀ ਫੀਸ 460 ਡਾਲਰ ਤੋਂ ਵਧਾ ਦੇ 780 ਡਾਲਰ ਕਰ ਦਿਤੀ ਗਈ ਹੈ।

ਇਸੇ ਤਰ੍ਹਾਂ ਐਲ-1ਬੀ ਵੀਜ਼ਾ ਫੀਸ 460 ਡਾਲਰ ਵਸੂਲ ਕੀਤੀ ਜਾ ਰਹੀ ਹੈ ਪਰ ਪਹਿਲੀ ਅਪ੍ਰੈਲ ਤੋਂ 1,385 ਡਾਲਰ ਦੇਣੇ ਹੋਣਗੇ। ਦੂਜੇ ਪਾਸੇ ਨਿਵੇਸ਼ ਵੀਜ਼ਾ ਈ.ਬੀ. 5 ਦੀ ਫੀਸ 3,675 ਡਾਲਰ ਤੋਂ ਵਧਾ ਕੇ 11,160 ਡਾਲਰ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਨਿਵੇਸ਼ ਵੀਜ਼ੇ ਅਧੀਨ 5 ਲੱਖ ਡਾਲਰ ਖਰਚ ਕਰਦਿਆਂ ਅਮਰੀਕਾ ਵਿਚ ਪੱਕੇ ਤੌਰ &rsquoਤੇ ਰਿਹਾਇਸ਼ ਹਾਸਲ ਕੀਤੀ ਜਾ ਸਕਦੀ ਹੈ, ਬਾਸ਼ਰਤੇ ਨਿਵੇਸ਼ ਕਰਨ ਵਾਲਾ 10 ਅਮਰੀਕੀਆਂ ਨੂੰ ਰੁਜ਼ਗਾਰ ਦੇਣ ਦੀ ਸਮਰੱਥਾ ਰਖਦਾ ਹੋਵੇ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ 2016 ਮਗਰੋਂ ਪਹਿਲੀ ਵਾਰ ਵੀਜ਼ਾ ਫੀਸਾਂ ਵਿਚ ਵਾਧਾ ਕੀਤਾ ਗਿਆ ਹੈ। ਫੀਸ ਵਾਧੇ ਰਾਹੀਂ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਆਪਣੇ ਖਰਚੇ ਪੂਰੇ ਕਰਨ ਵਿਚ ਮਦਦ ਮਿਲੇਗੀ। ਪੱਤਰ ਮੁਤਾਬਕ ਆਨਲਾਈਨ ਅਰਜ਼ੀਆਂ ਦਾਖਲ ਕਰਨ ਵਾਲਿਆਂ ਨੂੰ 50 ਡਾਲਰ ਤੱਕ ਦੀ ਰਿਆਇਤ ਮਿਲ ਸਕਦੀ ਹੈ।

ਆਈ 102 ਐਪਲੀਕੇਸ਼ਨ ਵਾਸਤੇ ਪਹਿਲੀ ਅਪ੍ਰੈਲ ਤੋਂ 445 ਡਾਲਰ ਦੀ ਬਜਾਏ 680 ਡਾਲਰ ਦੇਣੇ ਹੋਣਗੇ। ਇਸੇ ਤਰ੍ਹਾਂ ਆਈ 129 ਐਚ 2 ਏ ਵੀਜ਼ਾ ਅਰਜ਼ੀ ਵਾਸਤੇ 460 ਡਾਲਰ ਦੀ ਬਜਾਏ 1,090 ਡਾਲਰ ਖਰਚ ਕਰਨੇ ਹੋਣਗੇ। ਰਿਸ਼ਤੇਦਾਰਾਂ ਦਾ ਵੀਜ਼ਾ ਮੰਨੀ ਜਾਂਦੀ ਆਈ 130 ਅਰਜ਼ੀ ਵਾਸਤੇ 535 ਡਾਲਰ ਦੀ ਬਜਾਏ 710 ਡਾਲਰ ਵਸੂਲ ਕੀਤੇ ਜਾਣਗੇ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਵੀਜ਼ਾ ਸ਼ੇ੍ਰਣੀ ਵਿਚ ਫੀਸ ਘਟਾਉਣ ਦਾ ਐਲਾਨ ਵੀ ਕੀਤਾ ਗਿਆ ਜਿਨ੍ਹਾਂ ਵਿਚ ਰਫਿਊਜੀ ਪ੍ਰਮੁੱਖ ਹਨ। ਪਹਿਲੀ ਅਪ੍ਰੈਲ ਤੋਂ 16 ਸਾਲ ਜਾਂ ਵੱਧ ਉਮਰ ਵਾਲਿਆਂ ਨੂੰ ਰਫਿਊਜੀ ਟ੍ਰੈਵਲ ਡਾਕੂਮੈਂਟ ਲੈਣ ਵਾਸਤੇ 220 ਡਾਲਰ ਦੀ ਬਜਾਏ 165 ਡਾਲਰ ਦੇਣੇ ਹੋਣਗੇ। ਡਿਪੋਰਟ ਕੀਤੇ ਲੋਕਾਂ ਨੂੰ ਅਮਰੀਕਾ ਵਿਚ ਮੁੜ ਦਾਖਲ ਹੋਣ ਦੀ ਇਜਾਜ਼ਤ ਲੈਣ ਵਾਸਤੇ ਅਰਜ਼ੀ ਦਾਖਲ ਕਰਦਿਆਂ 930 ਡਾਲਰ ਦੀ ਬਜਾਏ 1,395 ਡਾਲਰ ਦੀ ਅਦਾਇਗੀ ਕਰਨੀ ਹੋਵੇਗੀ।