ਅਮਰੀਕੀ ਯੁਨੀਵਰਸਿਟੀ ਵਿਚ ਲਾਪਤਾ ਹੋਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਮਿਲੀ ਲਾਸ਼
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਪੁਰਡਿਊ ਯੁਨੀਵਰਸਿਟੀ (ਇੰਡਿਆਨਾ) ਵਿਚ ਪੜਦੇ ਭਾਰਤੀ ਮੂਲ ਦੇ ਵਿਦਿਆਰਥੀ ਨੀਲ ਅਚਾਰੀਆ ਦੀ ਕੈਂਪਸ ਵਿਚੋਂ ਲਾਸ਼ ਮਿਲਣ ਦੀ ਖਬਰ ਹੈ। ਟਿਪਕੈਨੋ ਕਾਊਂਟੀ ਕੋਰੋਨਰ ਦਫਤਰ ਅਨੁਸਾਰ ਵੈਸਟ ਲਫੇਟ ਵਿਚ 500 ਐਲੀਸਨ ਰੋਡ 'ਤੇ ਕਿਸੇ ਵਿਅਕਤੀ ਦੀ ਸੰਭਾਵੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ। ਪੁਲਿਸ ਨੂੰ ਯੁਨੀਵਰਸਿਟੀ ਦੇ ਕੈਂਪਸ ਵਿਚ ਮਾਈਰਾਈਸ ਜੇ ਜ਼ਕਰੌਅ ਲੈਬਾਰਟਰੀਜ ਦੇ ਬਾਹਰਵਾਰ ਇਕ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਜਿਸ ਦੀ ਪਛਾਣ ਨੀਲ ਅਚਾਰੀਆ ਵਜੋਂ ਹੋਈ ਹੈ। ਯੁਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਕ੍ਰਿਸ ਕਲਿਫਟਨ ਨੇ ਕਿਹਾ ਹੈ ਕਿ ਉਸ ਨੂੰ ਡੀਨ ਦੇ ਦਫਤਰ ਤੋਂ ਇਕ ਮਿਲੀ ਈ ਮੇਲ ਵਿਚ ਅਚਾਰੀਆ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਅਚਾਰੀਆ ਦੀ ਮਾਂ ਗੌਰੀ ਅਚਾਰੀਆ ਨੇ ਕਿਹਾ ਹੈ ਕਿ ਉਸ ਦੇ ਪੁੱਤਰ ਨੂੰ ਆਖਰੀ ਵਾਰ ਉਬੇਰ ਟੈਕਸੀ ਦੇ ਇਕ ਡਰਾਈਵਰ ਨੇ ਵੇਖਿਆ ਸੀ ਜਿਸ ਨੇ ਉਸ ਨੂੰ ਪੁਰਡਿਊ ਯੁਨੀਵਰਸਿਟੀ ਵਿਖੇ ਛੱਡਿਆ ਸੀ। ਉਹ 28 ਜਨਵਰੀ ਤੋਂ ਲਾਪਤਾ ਸੀ। ਕੌਂਸਲੇਟ ਜਨਰਲ ਆਫ ਇੰਡੀਆ ਸ਼ਿਕਾਗੋ ਨੇ ਕਿਹਾ ਹੈ ਕਿ ਉਹ ਪੁਰਡਿਊ ਯੁਨੀਵਰਸਿਟੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਤੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।