image caption:

ਹੁਣ 2027 ਤੱਕ ਵਿਦੇਸ਼ੀ ਨਾਗਰਿਕ ਕੈਨੇਡਾ ਵਿੱਚ ਨਹੀਂ ਖਰੀਦ ਸਕਣਗੇ ਰਿਹਾਇਸ਼ੀ ਪ੍ਰਾਪਰਟੀ

ਓਟਵਾ : ਵਿਦੇਸ਼ੀ ਨਾਗਰਿਕਾਂ ਤੇ ਕੰਪਨੀਆਂ ਦੇ ਕੈਨੇਡਾ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ ਦੋ ਹੋਰ ਸਾਲਾਂ ਲਈ ਵਧਾ ਦਿੱਤੀ ਗਈ ਹੈ। ਐਤਵਾਰ ਨੂੰ ਫੈਡਰਲ ਵਿੱਤ ਮੰਤਰੀ ਨੇ ਆਖਿਆ ਕਿ ਇਸ ਸਮੇਂ ਉਨ੍ਹਾਂ ਨੂੰ ਹਾਊਸਿੰਗ ਅਫੋਰਡੇਬਿਲਿਟੀ ਵਰਗੇ ਮੁੱਦਿਆਂ ਦੀ ਚਿੰਤਾ ਹੈ ਤੇ ਇਸੇ ਲਈ ਫੈਡਰਲ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।
ਕ੍ਰਿਸਟੀਆ ਫਰੀਲੈਂਡ ਨੇ ਐਲਾਨ ਕੀਤਾ ਕਿ ਇਹ ਪਾਬੰਦੀ 2027 ਤੱਕ ਚੱਲੇਗੀ। ਪਿਛਲੇ ਸਾਲ ਹੋਂਦ ਵਿੱਚ ਆਈ ਇਹ ਪਾਬੰਦੀ 2025 ਵਿੱਚ ਖ਼ਤਮ ਹੋਣ ਜਾ ਰਹੀ ਸੀ। ਜਿ਼ਕਰਯੋਗ ਹੈ ਕਿ ਵਿਦੇਸ਼ੀ ਕਮਰਸ਼ੀਅਲ ਐਂਟਰਪ੍ਰਾਈਜਿ਼ਜ਼ ਤੇ ਜਿਹੜੇ ਲੋਕ ਕੈਨੇਡਾ ਦੇ ਨਾਗਰਿਕ ਨਹੀਂ ਹਨ ਜਾਂ ਪਰਮਾਨੈਂਟ ਵਾਸੀ ਨਹੀਂ ਹਨ ਉਨ੍ਹਾਂ ਦੇ ਕੈਨੇਡਾ ਵਿੱਚ ਰਿਹਾਇਸ਼ੀ ਸੰਪਤੀ ਖਰੀਦਣ ਉੱਤੇ ਪਾਬੰਦੀ ਲਾਈ ਗਈ ਸੀ। ਜਿਨ੍ਹਾਂ ਕੋਲ ਟੈਂਪਰੇਰੀ ਵਰਕ ਪਰਮਿਟ ਹੈ, ਰਫਿਊਜੀ ਦਾਅਵੇਦਾਰਾਂ ਤੇ ਇੰਟਰਨੈਸ਼ਨਲ ਸਟੂਡੈਂਟਸ, ਜਿਹੜੇ ਮਾਪਦੰਡਾਂ ਉੱਤੇ ਖਰੇ ਉਤਰਦੇ ਹਨ, ਉਨ੍ਹਾਂ ਲਈ ਛੋਟ ਹੈ।
ਜਿਹੜੇ ਗੈਰ ਕੈਨੇਡੀਅਨ ਇਸ ਪਾਬੰਦੀ ਦੀ ਉਲੰਘਣਾ ਕਰਦੇ ਪਾਏ ਜਾਣਗੇ, ਉਨ੍ਹਾਂ ਨੂੰ 10,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਤੇ ਉਨ੍ਹਾਂ ਨੂੰ ਪ੍ਰਾਪਰਟੀ ਵੇਚਣ ਲਈ ਵੀ ਆਖਿਆ ਜਾ ਸਕਦਾ ਹੈ। ਫਰੀਲੈਂਡ ਨੇ ਆਖਿਆ ਕਿ ਸਰਕਾਰ ਕੈਨੇਡੀਅਨਜ਼ ਲਈ ਹਾਊਸਿੰਗ ਨੂੰ ਹੋਰ ਅਫੋਰਡੇਬਲ ਬਣਾਉਣ ਲਈ ਹਰ ਸੰਭਵ ਹੀਲਾ ਵਰਤਣ ਦੀ ਕੋਸਿ਼ਸ਼ ਕਰ ਰਹੀ ਹੈ।