image caption: -ਰਜਿੰਦਰ ਸਿੰਘ ਪੁਰੇਵਾਲ

ਖਹਿਰਾ ਨੂੰ ਗੈਂਗਸਟਰਾਂ ਤੋਂ ਖ਼ਤਰਾ, ਆਪ ਸਰਕਾਰ ਸੁਰਖਿਆ ਦੇਣ ਤੋਂ ਇਨਕਾਰੀ

ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹੁਣ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰਕੇ ਕਿਹਾ ਕਿ ਉਸ ਨੂੰ ਗੈਂਗਸਟਰ ਅਰਸ਼ਦੀਪ ਤੋਂ ਧਮਕੀ ਮਿਲੀ ਹੈ ਅਤੇ ਅਜਿਹੇ ਚ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੀ ਸ਼ਰਤ ਹਟਾਈ ਜਾਵੇ| ਹਾਈ ਕੋਰਟ ਨੇ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ| ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਸਿਆਸੀ ਦੁਸ਼ਮਣੀਆਂ ਪੁਗਾ ਰਹੀ ਹੈ ਤੇ ਖਹਿਰਾ ਨੂੰ ਮਜਬੂਤ ਸੁਰਖਿਆ ਵੀ ਪ੍ਰਦਾਨ ਨਹੀਂ ਕਰ ਰਹੀ| ਆਪ ਸਰਕਾਰ ਦੇ ਰਾਜ ਦੌਰਾਨ ਨਸ਼ੇ, ਗੈਗਸਟਰ ਕਰਾਈਮ ਵਧ ਚੁਕਾ ਹੈ| ਆਪ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਮੁਖ ਮੰਤਰੀ ਦੋਵਾਂ ਨੇ ਤਿੰਨ ਮਹੀਨਿਆਂ ਵਿਚ ਨਸ਼ਾਖੋਰੀ ਨੂੰ ਖਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਸੂਬੇ ਵਿਚ ਆਪ ਸਰਕਾਰ ਦੇ ਡੇਢ ਸਾਲ ਤੋਂ ਵੱਧ ਰਾਜ ਦੇ ਬਾਅਦ ਵੀ ਪੰਜਾਬ ਵਿਚ ਇਸ ਮੁੱਦੇ ਨੂੰ ਹੱਲ ਕਰਨ ਚ ਅਸਫਲ ਰਹੀ
ਚੰਡੀਗੜ੍ਹ ਮੇਅਰ ਚੋਣ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਤੇ ਰਿਟਰਨਿੰਗ ਅਫ਼ਸਰ ਵਲੋਂ ਬੈਲਟ ਪੇਪਰਾਂ ਵਿਚ ਗੜਬੜੀ ਦਾ ਮਾਮਲਾ
ਚੰਡੀਗੜ੍ਹ ਮੇਅਰ ਚੋਣ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਲੋਕਤੰਤਰ ਦੀ ਹੱਤਿਆ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ| ਸਰਬ-ਉੱਚ ਅਦਾਲਤ ਨੇ ਚੰਡੀਗੜ੍ਹ ਮੇਅਰ ਚੋਣਾਂ ਕਰਵਾਉਣ ਵਾਲੇ ਰਿਟਰਨਿੰਗ ਅਫ਼ਸਰ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਰਿਟਰਨਿੰਗ ਅਫ਼ਸਰ ਨੇ ਬੈਲਟ ਪੇਪਰਾਂ ਵਿਚ ਗੜਬੜੀ ਕੀਤੀ ਹੈ| ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਿਚ ਤਿੰਨ ਜੱਜਾਂ ਨੇ ਮਾਮਲੇ ਦੀ ਸੁਣਵਾਈ ਕੀਤੀ| ਚੀਫ ਜਸਟਿਸ ਨੇ ਪ੍ਰੀਜ਼ਾਈਡਿੰਗ ਅਫਸਰ ਦਾ ਉਹ ਵੀਡੀਓ ਵੀ ਵੇਖਿਆ, ਜਿਸ ਚ ਉਹ ਵੋਟਾਂ ਨੂੰ ਕਥਿਤ ਤੌਰ ਤੇ ਰੱਦ ਕਰ ਰਹੇ ਹਨ| ਚੀਫ ਜਸਟਿਸ ਨੇ ਚੋਣ ਦਾ ਪੂਰਾ ਵੀਡੀਓ ਪੇਸ਼ ਕਰਨ ਲਈ ਕਿਹਾ ਹੈ ਤੇ ਨੋਟਿਸ ਵੀ ਜਾਰੀ ਕੀਤਾ ਹੈ| ਅਦਾਲਤ ਨੇ ਕਿਹਾ ਹੈ ਕਿ ਕੀ ਇਹ ਰਿਟਰਨਿੰਗ ਅਫ਼ਸਰ ਦਾ ਵਿਵਹਾਰ ਹੈ? ਇਸ ਵਿਅਕਤੀ ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ| ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਰਾਹੀਂ ਬੈਲਟ ਬਾਕਸ, ਵੀਡੀਓਗ੍ਰਾਫੀ ਤੇ ਹੋਰ ਸਮੱਗਰੀ ਸਹਿਤ ਚੋਣ ਪ੍ਰਕਿਰਿਆ ਦਾ ਪੂਰਾ ਰਿਕਾਰਡ ਮੰਗਿਆ ਹੈ| ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਇਹ ਲੋਕਤੰਤਰ ਦਾ ਮਜਾਕ ਹੈ, ਜੋ ਕੁਝ ਹੋਇਆ ਉਹ ਹੈਰਾਨ ਕਰਨ ਵਾਲਾ ਹੈ| ਅਸੀਂ ਇਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਨਹੀਂ ਹੋਣ ਦੇਵਾਂਗੇ| ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 12 ਫਰਵਰੀ ਨੂੰ ਕਰੇਗੀ| ਦੱਸਣਯੋਗ ਹੈ ਕਿ ਸੁਪਰੀਮ ਕੋਰਟ ਆਪ ਕੌਂਸਲਰ ਕੁਲਦੀਪ ਸਿੰਘ ਵਲੋਂ ਪੰਜਾਬ ਤੇ ਹਰਿਆਣਾ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ &rsquoਤੇ ਸੁਣਵਾਈ ਕਰ ਰਹੀ ਹੈ| ਹਾਈ ਕੋਰਟ ਨੇ ਚੰਡੀਗੜ੍ਹ ਚ ਨਵੇਂ ਮੇਅਰ ਦੀ ਚੋਣ ਦੀ ਮੰਗ ਕਰਨ ਵਾਲੀ ਪਾਰਟੀ ਨੂੰ ਅੰਤਰਿਮ ਰਾਹਤ ਦੇਣ ਤੋ ਇਨਕਾਰ ਕਰ ਦਿੱਤਾ ਸੀ| ਸੁਪਰੀਮ ਕੋਰਟ ਦਾ ਫੈਸਲਾ ਨਿਆਂ ਪਖੀ ਹੈ| ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਰਿਟਰਨਿੰਗ ਅਫ਼ਸਰ ਨੇ ਹੇਰਾਫੇਰੀ ਕਰਕੇ ਭਾਜਪਾ ਦੇ ਹਿਤ ਵਿਚ ਚੋਣ ਜਿਤਾਈ ਹੈ ਜੋ ਕਿ ਜਮਹੂਰੀਅਤ ਲਈ ਖਤਰਨਾਕ ਹੈ|ਇਹ ਨੀਤੀਆਂ ਹਿਟਲਰਸ਼ਾਹੀ ਨੂੰ ਜਨਮ ਦੇਣਗੀਆਂ|
ਦਰਬਾਰ ਸਾਹਿਬ ਅੱਗੋਂ ਸਰਕਾਰੀ ਮਸ਼ਹੂਰੀ ਦੀਆਂ 
ਸਕ੍ਰੀਨਾਂ ਹਟਾਵੇ ਭਗਵੰਤ ਮਾਨ ਸਰਕਾਰ
ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਵਿਰਾਸਤੀ ਮਾਰਗ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਮਸ਼ਹੂਰੀ ਲਈ ਹੋਰ ਸਕ੍ਰੀਨਾਂ ਲਗਾ ਕੇ ਇੱਥੋਂ ਦੇ ਅਧਿਆਤਮਿਕ ਵਾਤਾਵਰਣ ਨੂੰ ਖੰਡਤ ਕਰਨ ਦੇ ਯਤਨਾਂ ਦੀ ਸ਼ਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ|
ਭਗਵੰਤ ਮਾਨ ਮੁਖ ਮੰਤਰੀ ਪੰਜਾਬ ਨੂੰ ਦਰਬਾਰ ਸਾਹਿਬ ਦੇ ਚੌਗਿਰਦਾ ਦੇ ਰੂਹਾਨੀਅਤ ਦੇ ਮਾਹੌਲ ਵਿਚ ਖਲਲ ਨਹੀਂ ਪਾਉਣਾ ਚਾਹੀਦਾ, ਕਿਉਂਕਿ ਸੰਗਤ ਦਰਬਾਰ ਸਾਹਿਬ ਵਿਖੇ ਸਰਕਾਰੀ ਮਸ਼ਹੂਰੀਆਂ ਦੇਖਣ ਨਹੀਂ ਆਉਂਦੀ|ਕੇਵਲ ਗੁਰੂ ਸਾਹਿਬ ਦੇ ਉਪਦੇਸ਼ ਸਰਵਣ ਕਰਨ ਲਈ ਆਉਂਦੀ ਹੈ| ਇੱਥੇ ਕੇਵਲ ਗੁਰਬਾਣੀ ਦਾ ਉਜਾਲਾ ਹੋਣਾ ਚਾਹੀਦਾ ਹੈ ਨਾ ਕਿ ਸਰਕਾਰ ਦੀਆਂ ਅਖੌਤੀ ਪ੍ਰਾਪਤੀਆਂ ਦਾ ਪ੍ਰਦਰਸ਼ਨ|  ਸਿੱਖ ਮਰਯਾਦਾ ਅਤੇ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਸਰਕਾਰ ਦੀਆਂ ਮਸ਼ਹੂਰੀਆਂ ਲਈ ਲਾਈਆਂ ਇਨ੍ਹਾਂ ਸਕ੍ਰੀਨਾਂ ਨੂੰ ਤੁਰੰਤ ਹਟਾਉਣ ਦੀ ਲੋੜ ਹੈ| ਆਸ ਕਰਦੇ ਹਾਂ ਕਿ ਭਗਵੰਤ ਮਾਨ  ਦਰਬਾਰ ਸਾਹਿਬ ਦੁਆਲੇ ਰੂਹਾਨੀ ਮਾਹੌਲ ਨੂੰ ਕਾਇਮ ਰਖਣ ਲਈ ਸਕਰੀਨਾਂ ਉਪਰ ਚਲ ਰਹੀਆਂ ਮਸ਼ਹੂਰੀਆਂ ਤੁਰੰਤ ਹਟਾਉਣਗੇ|
-ਰਜਿੰਦਰ ਸਿੰਘ ਪੁਰੇਵਾਲ