image caption: -ਰਜਿੰਦਰ ਸਿੰਘ ਪੁਰੇਵਾਲ

ਮੋਦੀ ਸਰਕਾਰ ਟਕਰਾਅ ਦੀਆਂ ਨੀਤੀਆਂ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ

ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਪੰਜ ਘੰਟੇ ਤੋਂ ਵੱਧ ਚੱਲੀ ਮੀਟਿੰਗ ਵਿਚ ਕੋਈ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਕਿਸਾਨਾਂ ਵਲੋਂ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕਰ ਦਿਤਾ ਗਿਆ| ਇਕ ਪਾਸੇ ਤਾਂ ਕੇਂਦਰ ਦੇ ਤਿੰਨ ਮੰਤਰੀ ਪਿਊਸ਼ ਗੋਇਲ, ਅਰਜਨ ਮੁੰਡਾ ਅਤੇ ਨਿੱਤਿਆਨੰਦ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਗੱਲਬਾਤ ਜਾਰੀ ਰੱਖ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਪੰਜਾਬ ਅਤੇ ਉੱਤਰ ਪ੍ਰਦੇਸ਼ ਵਾਲੇ ਪਾਸੇ ਤੋਂ ਦਿੱਲੀ ਜਾਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ| ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਸੰਬੰਧੀ ਗੰਭੀਰ ਨਹੀਂ ਹੈ, ਜੋ ਦੋ ਸਾਲ ਪਹਿਲਾਂ ਕਿਸਾਨ ਆਗੂਆਂ ਨੇ ਸਾਰੀਆਂ ਫ਼ਸਲਾਂ ਤੇ ਖ਼ਰੀਦ ਲਈ ਐਮ.ਐਸ.ਪੀ. ਗਾਰੰਟੀ ਕਾਨੂੰਨ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ, ਗੰਨੇ ਦਾ ਆਰ.ਪੀ. ਅਤੇ ਐਸ.ਏ.ਪੀ. ਤਹਿਤ ਕਰਵਾਉਣਾ, ਕਿਸਾਨਾਂ ਤੇ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਲਖੀਮਪੁਰ ਖੀਰੀ ਕਤਲ ਕਾਂਡ ਦਾ ਇਨਸਾਫ਼, ਦਿੱਲੀ ਅੰਦੋਲਨ ਦੌਰਾਨ ਫ਼ੌਤ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ, ਬਿਜਲੀ ਸੋਧ 2020 ਨੂੰ ਰੱਦ ਕਰਵਾਉਣਾ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਚੋਂ ਬਾਹਰ ਕੱਢਣਾ, ਫ਼ਸਲ ਬੀਮਾ ਜੀਵਨ ਯੋਜਨਾ ਲਾਗੂ ਕਰਵਾਉਣੀ, ਭੂਮੀ ਗ੍ਰਹਿਣ ਕਾਨੂੰਨ ਨੂੰ 2013 ਵਾਲੇ ਸਰੂਪ ਵਿਚ ਲਾਗੂ ਕਰਵਾਉਣਾ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਦਾ ਰੁਜ਼ਗਾਰ ਅਤੇ ਮਿਹਨਤਾਨਾ 700 ਰੁਪਏ ਕਰਨ, ਬੀਜਾ ਦੇ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਅਤੇ ਨਕਲੀ ਖੇਤੀ ਕੀਟ ਨਾਸ਼ਕ ਅਤੇ ਹੋਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਜ਼ਾ ਅਤੇ ਜੁਰਮਾਨੇ ਆਦਿ 10 ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ| ਪਰ ਸਰਕਾਰ ਨੇ ਸਾਡੀਆਂ ਮੰਗਾਂ ਮੰਨਣ ਲਈ ਹੁੰਗਾਰਾ ਨਹੀਂ ਭਰਿਆ|
ਕਿਸਾਨਾਂ ਨੂੰ ਦਿਲੀ ਜਾਣ ਤੋਂ ਰੋਕਣ ਲਈ ਹਰਿਆਣੇ ਦੀ ਸਰਕਾਰ ਨੇ ਪੰਜਾਬ ਨਾਲ ਲਗਦੀਆਂ ਆਪਣੀਆਂ ਸਾਰੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ| ਪੁਲਿਸ ਤੇ ਪ੍ਰਸ਼ਾਸਨ ਨੇ ਇੱਥੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਜਿਨ੍ਹਾਂ ਨੂੰ ਦੇਖ ਕੇ ਅਜਿਹਾ ਜਾਪਦਾ ਹੈ ਕਿ ਜਿਵੇਂ ਕਿਸੇ ਮੁਲਕ ਨੇ ਹਮਲੇ ਲਈ ਚੜ੍ਹ ਕੇ ਆ ਰਹੇ ਗੁਆਂਢੀ ਮੁਲਕ ਨੂੰ ਰੋਕਣ ਦੀਆਂ ਤਿਆਰੀਆਂ ਕੀਤੀਆਂ ਹੋਣ| ਸ਼ੰਭੂ ਦੀ ਸਰਹੱਦ ਤੇ ਸੀਮੈਂਟ ਦੇ ਵੱਡੇ-ਵੱਡੇ ਬਲਾਕ ਰੱਖੇ ਗਏ ਹਨ, ਕੰਡਿਆਲੀ ਤਾਰ ਲਗਾਈ ਗਈ ਹੈ ਅਤੇ ਸੜਕ &rsquoਤੇ ਕੰਕਰੀਟ ਵਿਛਾ ਕੇ ਲੋਹੇ ਦੀਆਂ ਕਿੱਲਾਂ ਵੀ ਲਾਈਆਂ ਗਈਆਂ ਹਨ| ਆਮ ਲੋਕਾਂ ਨੂੰ ਵੀ ਆਪਣੇ ਨਿੱਜੀ ਵਾਹਨਾਂ ਰਾਹੀਂ ਦਿੱਲੀ ਜਾਣ ਵਿਚ ਬੇਹੱਦ ਮੁਸ਼ਕਿਲ ਆ ਰਹੀ ਹੈ| ਇਥੇ ਹੀ ਬਸ ਨਹੀਂ, ਸ਼ੰਭੂ ਸਰਹੱਦ ਤੇ ਹਰਿਆਣੇ ਦੀ ਸਰਕਾਰ ਵਲੋਂ ਕਿਸਾਨਾਂ ਉਪਰ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਛੱਡੇ ਹਨ| ਪੰਜਾਬ ਨੇ ਸ਼ੰਭੂ ਸਰਹੱਦ &rsquoਤੇ ਆਪਣੇ ਖੇਤਰ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਤੇ ਹਰਿਆਣਾ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡਣ ਲਈ ਡਰੋਨ ਦੀ ਵਰਤੋਂ ਕਰਨ ਤੇ ਇਤਰਾਜ਼ ਜਤਾਇਆ ਹੈ| ਪਟਿਆਲਾ ਦੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ਼ੰਭੂ ਸਰਹੱਦ ਤੇ ਪੰਜਾਬ ਦੇ ਅੰਦਰ ਆਪਣੇ ਡਰੋਨ ਨਾ ਭੇਜਣ ਲਈ ਕਿਹਾ ਹੈ| 
ਹਰਿਆਣਾ ਪੁਲੀਸ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਤੇ ਦਬਾਅ ਬਣਾਉਣ ਲਈ ਦਿੱਲੀ ਵੱਲ ਮਾਰਚ ਕਰਦੇ ਹੋਏ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡਣ ਲਈ ਡਰੋਨ ਤਾਇਨਾਤ ਕੀਤਾ ਸੀ| 2020 ਵਿਚ ਪਹਿਲੇ ਕਿਸਾਨ ਅੰਦੋਲਨ ਦੌਰਾਨ ਵੀ ਹਰਿਆਣਾ ਸਰਕਾਰ ਨੇ ਇਸੇ ਤਰ੍ਹਾਂ ਦੀ ਪਾਬੰਦੀ ਲਗਾਈ ਸੀ| ਇਸ ਦੇ ਬਾਵਜੂਦ ਕਿਸਾਨ ਹਰਿਆਣਾ ਵਿਚ ਦੀ ਹੁੰਦੇ ਹੋਏ ਸਿੰਘੂ, ਟਿਕਰੀ ਅਤੇ ਕੁੰਡਲੀ ਆਦਿ ਸਰਹੱਦਾਂ ਤੱਕ ਪਹੁੰਚ ਗਏ ਸਨ ਅਤੇ ਉਥੇ ਉਨ੍ਹਾਂ ਨੇ ਪੱਕੇ ਮੋਰਚੇ ਲਗਾ ਦਿੱਤੇ ਸਨ| ਉਦੋਂ ਕਿਸਾਨ ਅੰਦੋਲਨ ਇਕ ਸਾਲ ਤੋਂ ਵੀ ਵਧੇਰੇ ਸਮੇਂ ਤੱਕ ਜਾਰੀ ਰਿਹਾ ਸੀ, ਜਦੋਂ ਤੱਕ ਕਿ ਕੇਂਦਰ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਦਾ ਐਲਾਨ ਨਹੀਂ ਸੀ ਕਰ ਦਿੱਤਾ| ਸ਼ਾਇਦ ਹਰਿਆਣਾ ਸਰਕਾਰ ਆਪਣੀ ਪਿਛਲੀ ਅਸਫ਼ਲਤਾ ਨੂੰ ਮੁੱਖ ਰੱਖਦਿਆਂ ਸਰਹੱਦਾਂ ਤੇ ਵਧੇਰੇ ਚੌਕਸੀ ਵਰਤ ਰਹੀ ਹੈ, ਤਾਂ ਕਿ ਕਿਸਾਨ ਹਰਿਆਣਾ ਵਿਚੋਂ ਲੰਘ ਕੇ ਕਿਸੇ ਵੀ ਸੂਰਤ ਵਿਚ ਦਿੱਲੀ ਤਕ ਨਾ ਪਹੁੰਚ ਸਕਣ| ਰਾਜਧਾਨੀ ਦੀਆਂ ਤਿੰਨੇ ਮੁੱਖ ਸਰਹੱਦਾਂ ਸਿੰਘੂ ਬਾਰਡਰ, ਗਾਜੀਪੁਰ ਬਾਰਡਰ ਤੇ ਟਿੱਕਰੀ ਬਾਰਡਰ ਤੇ ਲੋਹੇ ਅਤੇ ਪੱਥਰਾਂ ਦੇ ਬੈਰੀਕੇਡਸ ਦੇ ਨਾਲ-ਨਾਲ ਸੀ.ਸੀ.ਟੀ.ਵੀ. ਕੈਮਰੇ ਤੇ ਮਾਈਕ ਵੀ ਲਗਾਏ ਗਏ ਹਨ| ਨਾਲ ਹੀ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦਿੱਲੀ ਦੀਆਂ ਸਰਹੱਦਾਂ &rsquoਤੇ ਕਰ ਦਿੱਤੀ ਗਈ ਹੈ|
ਚੰਗੀ ਗਲ ਇਹ ਹੁੰਦੀ ਕਿ ਕੇਂਦਰ ਸਰਕਾਰ ਨੂੰ ਆਪਣੇ ਪਿਛਲੇ ਤਜਰਬੇ ਨੂੰ ਮੁੱਖ ਰੱਖਦਿਆਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀਆਂ ਵਾਜਬ ਮੰਗਾਂ ਨੂੰ ਸਵੀਕਾਰ ਕਰਨ ਨੂੰ ਤਰਜੀਹ ਦਿੰਦੀ| ਮੋਦੀ ਸਰਕਾਰ ਵਲੋਂ ਹਰਿਆਣਾ ਸਰਕਾਰ ਰਾਹੀਂ ਪੰਜਾਬ ਦੀਆਂ ਜਾਂ ਦਿੱਲੀ ਨਾਲ ਲਗਦੀਆਂ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ਨੂੰ ਆਪਣੇ ਤੌਰ ਤੇ ਬੰਦ ਕਰਨਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ| ਇਸ ਨਾਲ ਆਮ ਲੋਕਾਂ ਵਿਚ ਬੇਗਾਨਗੀ ਅਤੇ ਰੋਸ ਦੀ ਭਾਵਨਾ ਪੈਦਾ ਹੋ ਰਹੀ ਹੈ| ਯਾਦ ਰਹੇ ਕਿ 1982 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਆਪਣੀਆਂ ਮੰਗਾਂ ਲਈ ਧਰਮ ਯੁੱਧ ਮੋਰਚੇ ਦੇ ਨਾਂਅ ਹੇਠ ਅੰਦੋਲਨ ਆਰੰਭਿਆ ਹੋਇਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਏਸ਼ੀਅਨ ਖੇਡਾਂ ਦੌਰਾਨ ਦਿੱਲੀ ਵਿਚ ਜਾ ਕੇ ਰੋਸ ਪ੍ਰਗਟ ਕਰਨ ਦਾ ਸੱਦਾ ਦਿੱਤਾ ਸੀ, ਉਸ ਨੂੰ ਮੁੱਖ ਰੱਖਦਿਆਂ ਹਰਿਆਣੇ ਦੇ ਉਸ ਸਮੇਂ ਦੇ ਮੁੱਖ ਮੰਤਰੀ ਭਜਨ ਲਾਲ ਨੇ ਨਾ ਸਿਰਫ਼ ਪੰਜਾਬ ਦੇ ਆਮ ਲੋਕਾਂ ਨੂੰ ਸੜਕ ਰਾਹੀਂ ਹਰਿਆਣਾ ਵਿਚ ਦਾਖ਼ਲ ਹੋਣ ਤੋਂ ਰੋਕਿਆ ਸੀ, ਸਗੋਂ ਜਿਹੜੇ ਸਿਖ ਆਪਣੇ ਨਿੱਜੀ ਕੰਮਾਂ-ਕਾਰਾਂ ਲਈ ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਕਿਸੇ ਨਾ ਕਿਸੇ ਢੰਗ ਨਾਲ ਹਰਿਆਣੇ ਵਿਚ ਦਾਖ਼ਲ ਹੋਏ ਸਨ, ਉਨ੍ਹਾਂ ਨੂੰ ਵਾਹਨਾਂ ਵਿਚੋਂ ਕੱਢ-ਕੱਢ ਕੇ ਬੁਰੀ ਤਰ੍ਹਾਂ ਬੇਇੱਜ਼ਤ ਵੀ ਕੀਤਾ ਸੀ| ਭਜਨ ਲਾਲ ਨੇ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨਾਲ ਉਦੋਂ ਜਿਸ ਤਰ੍ਹਾਂ ਦਾ ਭੈੜਾ ਸਲੂਕ ਕੀਤਾ ਸੀ, ਉਸ ਦੀ ਪੀੜ ਪੰਜਾਬ ਦੇ ਸਿਖਾਂ ਦੇ ਦਿਲਾਂ ਵਿਚ ਅੱਜ ਤੱਕ ਵੀ ਵਸੀ ਹੋਈ ਹੈ| ਇਸ ਇਤਿਹਾਸਕ ਸੰਦਰਭ ਵਿਚ ਅਸੀਂ ਹਰਿਆਣੇ ਦੀ ਸਰਕਾਰ ਅਤੇ ਖ਼ਾਸ ਕਰਕੇ ਕੇਂਦਰ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਪੰਜਾਬ ਦੇ ਲੋਕਾਂ ਤੇ ਹਰਿਆਣੇ ਵਿਚ ਦਾਖ਼ਲ ਹੋਣ &rsquoਤੇ ਲਗਾਈਆਂ ਗਈਆਂ ਪਾਬੰਦੀਆਂ ਫ਼ੌਰੀ ਤੌਰ &rsquoਤੇ ਵਾਪਸ ਲਵੇ|  ਪੰਜਾਬੀਆਂ ਨੂੰ ਗੁਲਾਮੀ ਦਾ ਅਹਿਸਾਸ ਨਾ ਕਰਵਾਇਆ ਜਾਵੇ| ਹਰਿਆਣਾ ਸਰਕਾਰ ਦਾ ਅਜਿਹਾ ਕਰਨ ਦਾ ਕੋਈ ਹੱਕ ਨਹੀਂ ਹੈ| 
ਆਸ ਕਰਦੇ ਹਾਂ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ, ਫ਼ਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਦੇਣਾ, ਪਿਛਲੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਮੁਆਵਜ਼ਾ ਦੇਣਾ ਅਤੇ ਉਸ ਸਮੇਂ ਤੇ ਦਰਜ ਹੋਏ ਕੇਸਾਂ ਨੂੰ ਵਾਪਸ ਲੈਣ ਆਦਿ ਦਾ ਨਿਪਟਾਰਾ ਗੱਲਬਾਤ ਰਾਹੀਂ ਕਰਨ ਨੂੰ ਹੀ ਤਰਜੀਹ ਦੇਵੇਗੀ ਤੇ ਇਸ ਸੰਬੰਧੀ ਕਿਸਾਨ ਵਿਰੋਧੀ ਨੀਤੀਆਂ ਅਖ਼ਤਿਆਰ ਕਰਨ ਤੋਂ ਗੁਰੇਜ਼ ਕਰੇਗੀ|
-ਰਜਿੰਦਰ ਸਿੰਘ ਪੁਰੇਵਾਲ