image caption: -ਰਜਿੰਦਰ ਸਿੰਘ ਪੁਰੇਵਾਲ

ਪ੍ਰਿਤਪਾਲ ਉਪਰ ਬੇਰਹਿਮੀ ਨਾਲ ਕੀਤੇ ਤਸ਼ੱਦਦ ਕਾਰਣ ਹਰਿਆਣਾ ਪੁਲਿਸ ਹਾਈਕੋਰਟ ਵਿਚ ਘਿਰੀ

ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ਤੇ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਪ੍ਰਿਤਪਾਲ ਸਿੰਘ ਦੇ ਮਾਮਲੇ ਉਪਰ ਹਰਿਆਣਾ ਪੁਲਿਸ ਕਸੂਤੀ ਘਿਰਦੀ ਜਾਪਦੀ ਹੈ| ਬੀਤੇ ਦਿਨੀਂ ਹਾਈਕੋਰਟ ਵਿਚ ਸੁਣਵਾਈ ਦੌਰਾਨ ਹਰਿਆਣਾ ਪੁਲਿਸ ਨੇ ਪ੍ਰਿਤਪਾਲ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਤੋਂ ਇਨਕਾਰ ਕੀਤਾ ਹੈ ਪਰ ਅਦਾਲਤ ਨੇ ਰੋਹਤਕ ਪੀਜੀਆਈ ਤੋਂ 28 ਫਰਵਰੀ ਤੱਕ ਪ੍ਰਿਤਪਾਲ ਦੀ ਮੈਡੀਕਲ ਰਿਪੋਰਟ ਮੰਗ ਲਈ ਹੈ| ਹਾਈ ਕੋਰਟ ਨੇ ਮੈਡੀਕਲ ਰਿਪੋਰਟ ਦਾਖ਼ਲ ਨਾ ਕਰਨ ਤੇ ਹਰਿਆਣਾ ਸਰਕਾਰ ਨੂੰ ਸਖ਼ਤ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਅਸੀਂ ਵਿਸ਼ੇਸ਼ ਤੌਰ ਤੇ ਮੈਡੀਕਲ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਸਨ| ਹਵਾਲਾਤੀ ਪਟੀਸ਼ਨ ਵਿਚ ਹੁਕਮਾਂ ਦੀ ਸਹੀ ਪਾਲਣਾ ਨਾ ਹੋਣਾ ਮਾਣਹਾਨੀ ਦੇ ਦਾਇਰੇ ਵਿਚ ਆਉਂਦਾ ਹੈ| ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਦੋ ਦਿਨ ਦਾ ਸਮਾਂ ਦਿੰਦਿਆਂ ਮੈਡੀਕਲ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ| 
ਹਰਿਆਣਾ ਸਰਕਾਰ ਨੇ ਦਲੀਲ ਦਿੱਤੀ ਕਿ ਉਸ ਤੇ ਕੋਈ ਤਾਕਤ ਨਹੀਂ ਵਰਤੀ ਗਈ| ਹਰਿਆਣਾ ਪੁਲਿਸ ਨੇ ਕਿਹਾ ਕਿ ਪ੍ਰੀਤਪਾਲ ਸਿੰਘ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਉਸ ਖ਼ਿਲਾਫ਼ ਕੋਈ ਐਫ.ਆਈ.ਆਰ. ਦਰਜ ਕੀਤੀ ਗਈ ਹੈ| ਉਹ ਜੀਂਦ ਦੇ ਦਾਤਾ ਸਿੰਘ ਵਾਲਾ ਸਰਹੱਦ ਤੇ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ ਅਤੇ ਉਸ ਨੂੰ ਇਲਾਜ ਲਈ ਰੋਹਤਕ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ| ਇਸ ਤੇ ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਪ੍ਰੀਤਪਾਲ ਸਿੰਘ ਨੇ ਖੁਦ ਨੂੰ ਸੱਟ ਮਾਰੀ ਹੈ | ਇਸ ਮਗਰੋਂ ਹਾਈਕੋਰਟ ਨੇ ਰੋਹਤਕ ਪੀਜੀਆਈ ਤੋਂ ਮੈਡੀਕਲ ਰਿਪੋਰਟ ਮੰਗਵਾ ਲਈ ਹੈ| ਇਨ੍ਹਾਂ ਸੱਟਾਂ ਦੀ ਅਸਲੀਅਤ ਮੈਡੀਕਲ ਰਿਪੋਰਟ ਤੋਂ ਸਾਹਮਣੇ ਆਵੇਗੀ| ਇਹ ਮੈਡੀਕਲ ਰਿਪੋਰਟ ਕਈ ਭੇਤ ਖੋਲ੍ਹ ਸਕਦੀ ਹੈ ਕਿ ਪ੍ਰਿਤਪਾਲ ਸਿੰਘ ਨੂੰ ਕਿਵੇਂ ਸੱਟਾਂ ਲੱਗੀਆਂ ਹਨ| ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਅਧੀਨ ਪ੍ਰਿਤਪਾਲ ਠੀਕ ਤਰ੍ਹਾਂ ਬੋਲ ਵੀ ਨਹੀਂ ਪਾ ਰਿਹਾ ਪਰ ਉਸ ਨੇ ਆਪਣੀ ਹਾਲਤ ਲਈ ਸਿੱਧੇ ਤੌਰ &rsquoਤੇ ਹਰਿਆਣਾ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ| 
ਪ੍ਰੀਤਪਾਲ ਸਿੰਘ ਦੇ ਪਿਤਾ ਦਵਿੰਦਰ ਸਿੰਘ ਵਾਸੀ ਸੰਗਰੂਰ ਨੇ ਪਟੀਸ਼ਨ ਦਾਇਰ ਕਰਦੇ ਹੋਏ ਹਾਈਕੋਰਟ ਨੂੰ ਦੱਸਿਆ ਕਿ ਉਸ ਦਾ ਲੜਕਾ ਕਿਸਾਨਾਂ ਨਾਲ ਸ਼ਾਂਤਮਈ ਢੰਗ ਨਾਲ ਧਰਨੇ ਵਿਚ ਹਿੱਸਾ ਲੈ ਰਿਹਾ ਸੀ| ਹਰਿਆਣਾ ਪੁਲਿਸ ਨੇ 21 ਫਰਵਰੀ ਨੂੰ ਦੁਪਹਿਰ 2 ਵਜੇ ਖਨੌਰੀ ਸਰਹੱਦ ਤੋਂ ਪੰਜਾਬ ਦੇ ਖੇਤਰ ਵਿਚ ਦਾਖਲ ਹੋ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ |ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਪੁਲਿਸ ਨੇ ਗੈਰ-ਕਾਨੂੰਨੀ ਤੌਰ ਤੇ ਹਿਰਾਸਤ &rsquoਚ ਲੈ ਲਿਆ ਸੀ |
ਪ੍ਰਿਤਪਾਲ ਅਨੁਸਾਰ 21 ਫਰਵਰੀ ਨੂੰ ਉਹ ਪਹਿਲੀ ਵਾਰ ਖਨੌਰੀ ਬਾਰਡਰ &rsquoਤੇ ਕਿਸਾਨਾਂ ਦੇ ਧਰਨੇ ਵਿਚ ਲੰਗਰ ਲੈਕੇ ਗਿਆ ਸੀ| ਪੁਲਿਸ ਤੇ ਅਰਧ ਸੈਨਿਕ ਬਲਾਂ ਤੇ ਕਿਸਾਨਾਂ ਵਿਚਕਾਰ ਅਚਾਨਕ ਟਕਰਾਅ ਸ਼ੁਰੂ ਹੋ ਗਿਆ ਸੀ| ਇਸੇ ਦੌਰਾਨ ਹਰਿਆਣਾ ਪੁਲਿਸ ਦੇ ਕੁਝ ਮੁਲਾਜ਼ਮ ਅਚਾਨਕ ਅੱਗੇ ਵਧੇ ਤੇ ਉਸ ਨੂੰ ਚੁੱਕ ਕੇ ਆਪਣੀ ਹੱਦ ਤੱਕ ਲੈ ਗਏ| ਦੂਜੇ ਪਾਸੇ ਪਹੁੰਚ ਕੇ ਉਨ੍ਹਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ| ਉਨ੍ਹਾਂ ਸਿਰ ਤੇ ਬੁਰੀ ਤਰ੍ਹਾਂ ਬਟਾਂ, ਡੰਡਿਆਂ ਤੇ ਰਾਡਾਂ ਨਾਲ ਮਾਰਿਆ ਤੇ ਜਬਾੜਾ ਤੋੜ ਦਿੱਤਾ|ਪ੍ਰਿਤਪਾਲ ਅਨੁਸਾਰ ਇਸ ਤੋਂ ਬਾਅਦ ਵੀ ਉਨ੍ਹਾਂ ਦਾ ਮਨ ਨਹੀਂ ਭਰਿਆ| ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਲੱਤਾਂ ਤੇ ਦੋਵੇਂ ਹੱਥ ਫੜ ਲਏ ਤੇ ਤੰਬੂ ਵਿੱਚ ਲੈ ਗਏ| ਉਨ੍ਹਾਂ ਨੇ ਤੰਬੂ ਚ ਲਿਜਾ ਕੇ ਬੋਰੀ &rsquoਚ ਪਾ ਕੇ ਹਵਾ ਚ ਲਟਕਾਇਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ| ਜਦੋਂ ਹਾਲਤ ਬਹੁਤ ਖਰਾਬ ਹੋ ਗਈ ਤਾਂ ਕਾਰ ਵਿੱਚ ਬਿਠਾ ਕੇ ਰੋਹਤਕ ਪੀਜੀਆਈ ਲੈ ਗਏ|
ਕਿਸਾਨ ਆਗੂ ਪਹਿਲਾਂ ਹੀ ਦੋਸ਼ ਲਗਾ ਚੁਕੇ ਹਨ ਕਿ ਹਰਿਆਣਾ ਪੁਲਿਸ ਉਸਦੇ ਪੰਜ ਕਿਸਾਨ ਅਗਵਾ ਕਰ ਚੁਕੀ ਹੈ| ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਾਂਤਮਈ ਕਿਸਾਨੀ ਸੰਘਰਸ਼ ਉਪਰ ਸਿਧੀਆਂ ਗੋਲੀਆਂ, ਅੱਗ ਦੇ ਗੋਲੇ, ਮਿਰਚੀ ਬੰਬ ਸੁਰਖਿਆ ਫੋਰਸਾਂ ਵਲੋਂ ਸੁਟੇ ਗਏ ਹਨ| ਇਥੋਂ ਤਕ ਪੰਜਾਬ ਦੀ ਹੱਦ ਵਿਚ ਆਕੇ ਕਿਸਾਨ ਵਹੀਕਲਾਂ ਦੀ ਤੋੜ ਭੰਨ ਕੀਤੀ| ਲੰਗਰ ਦੇ ਭਾਂਡਿਆਂ ਉਪਰ ਬੁਲੇਟ ਲਗੇ ਹਨ| ਮੈਡੀਕਲ ਕੈਂਪ ਉਪਰ ਵੀ ਹਮਲੇ ਕੀਤੇ| ਇਸ ਸਰਕਾਰੀ ਦਹਿਸ਼ਤਗਰਦੀ ਵਿਰੁੱਧ ਪੰਜਾਬ ਸਰਕਾਰ ਚੁਪ ਕਰਕੇ ਬੈਠੀ ਹੈ ਤੇ ਉਸਨੇ ਹਰਿਆਣਾ ਸਰਕਾਰ ਦੀਆਂ ਜ਼ਾਲਮਾਨਾ ਕਾਰਵਾਈਆਂ ਉਪਰ ਕੋਈ ਨੋਟਿਸ ਨਹੀਂ ਲਿਆ| ਮਨੁੱਖੀ ਅਧਿਕਾਰਾਂ ਸੰਗਠਨਾਂ ਤੇ ਵਕੀਲਾਂ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਅਵਾਜ਼ ਉਠਾਉਣ| ਪ੍ਰਵਾਸੀ ਪੰਜਾਬੀ ਭਾਈਚਾਰੇ ਨੂੰ ਵੀ ਕਿਸਾਨਾਂ ਦੇ ਹੱਕ ਵਿਚ ਅਵਾਜ ਬੁਲੰਦ ਕਰਨ ਦੀ ਲੋੜ ਹੈ|
-ਰਜਿੰਦਰ ਸਿੰਘ ਪੁਰੇਵਾਲ