image caption: -ਰਜਿੰਦਰ ਸਿੰਘ ਪੁਰੇਵਾਲ

ਝਾਰਖੰਡ ਵਿਚ ਸਪੇਨ ਦੀ ਔਰਤ ਨਾਲ ਗੈਂਗਰੇਪ, ਭਾਰਤੀ ਲੋਕਤੰਤਰ ਉਤੇ ਕਾਲਾ ਧੱਬਾ

ਬੀਤੇ ਦਿਨੀਂ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਸਪੇਨ ਦੀ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਪੁਲਸ ਨੇ ਇਸ ਘਟਨਾ ਦੇ ਸੰਬੰਧ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁਕੀ  ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ| ਇਸ ਘਟਨਾ ਵਿਚ 7 ਤੋਂ 8 ਸਥਾਨਕ ਨੌਜਵਾਨ ਸ਼ਾਮਲ ਸਨ| ਪੀੜਤਾ ਨੂੰ ਇਕ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ| ਪੀੜਤਾ ਅਨੁਸਾਰ  ਸੱਤ ਲੋਕਾਂ ਨੇ ਉਸ ਨਾਲ ਰੇਪ ਕੀਤਾ| ਉਨ੍ਹਾਂ ਗੁੰਡਿਆਂ ਨੇ ਉਸਨੂੰ ਤੇ ਉਸਦੇ ਪਤੀ ਨੂੰ ਕੁੱਟਿਆ ਅਤੇ ਲੁੱਟਮਾਰ ਵੀ ਕੀਤੀ|
ਪੀੜਤਾ ਦੇ ਪਤੀ ਜੋਹਨ ਦਾ ਚਿਹਰਾ ਕੁਟਮਾਰ ਨਾਲ ਕਾਫੀ ਖ਼ਰਾਬ ਹੋ ਚੁੱਕਾ ਹੈ, ਪਰ ਪੀੜਤਾ ਹਿਆਨਾ ਦੀ ਹਾਲਤ ਜ਼ਿਆਦਾ ਖ਼ਰਾਬ ਹੈ|  ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਪੂਰੇ ਮਾਮਲੇ ਵਿੱਚ ਰਿਪੋਰਟ ਤਲਬ ਕੀਤੀ ਹੈ| ਇਹ ਘਟਨਾ ਰਾਜ ਦੀ ਰਾਜਧਾਨੀ ਰਾਂਚੀ ਤੋਂ ਕਰੀਬ 300 ਕਿਲੋਮੀਟਰ ਦੂਰ ਹੰਸਡੀਹਾ ਥਾਣਾ ਖੇਤਰ ਦੇ ਕੁਰੂਮਾਹਾਟ ਵਿਚ ਬੀਤੇ  ਸ਼ੁੱਕਰਵਾਰ ਰਾਤ ਉਦੋਂ ਵਾਪਰੀ ਜਦੋਂ ਸਪੇਨ ਦਾ ਇਕ ਸੈਲਾਨੀ ਜੋੜਾ ਇਕ ਅਸਥਾਈ ਟੈਂਟ ਵਿਚ ਰਾਤ ਨੂੰ ਆਰਾਮ ਕਰ ਰਿਹਾ ਸੀ| ਇਹ ਜੋੜਾ ਦੋਪਹੀਆ ਵਾਹਨ ਰਾਹੀਂ ਬੰਗਲਾਦੇਸ਼ ਤੋਂ ਦੁਮਕਾ ਪਹੁੰਚਿਆ ਅਤੇ ਉਹ ਬਿਹਾਰ ਤੋਂ ਹੁੰਦੇ ਹੋਏ ਨੇਪਾਲ ਜਾਣਾ ਚਾਹੁੰਦਾ ਸੀ| ਇਸ ਸੰਬੰਧ ਵਿਚ ਪੁਲਸ ਸੁਪਰਡੈਂਟ ਪੀਤਾਂਬਰ ਸਿੰਘ ਖੇਰਵਾਰ ਦੀ ਅਗਵਾਈ ਵਿਚ ਜਾਂਚ ਕੀਤੀ ਜਾ ਰਹੀ ਹੈ|ਮੀਡੀਆ ਰਿਪੋਰਟ ਦੇ ਮੁਤਾਬਕ ਦੂਤਘਰ ਦੇ ਇੱਕ ਅਧਿਕਾਰੀ ਨੇ ਦੁਮਕਾ ਜਾ ਕੇ ਪੀੜਤਾ ਨਾਲ ਗੱਲ ਕਰਨਗੇ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਲੈਣਗੇ|
ਝਾਰਖੰਡ ਵਿੱਚ ਔਰਤਾਂ ਦੇ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ| ਪੁਲਿਸ ਦੀ ਵੈੱਬਸਾਈਟ ਦੇ ਮੁਤਾਬਕ ਸੂਬੇ ਵਿੱਚ ਹਰ ਦਿਨ ਔਸਤਨ ਚਾਰ ਤੋਂ ਵੱਧ ਔਰਤਾਂ ਨਾਲ ਬਲਾਤਾਕਾਰ ਦੀਆਂ ਘਟਨਾਵਾਂ ਹੁੰਦੀਆਂ ਹਨ| ਪਿਛਲੇ 9 ਸਾਲ ਦੇ ਦੌਰਾਨ ਝਾਰਖੰਡ ਵਿੱਚ ਬਲਾਤਕਾਰ ਦੀਆਂ ਕੁੱਲ 13,533 ਘਟਨਾਵਾਂ ਦਰਜ ਕਰਵਾਈਆਂ ਗਈਆਂ ਹਨ| ਇਨ੍ਹਾਂ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਸਜ਼ਾ ਮਿਲਣ ਦੇ ਮਾਮਲੇ ਵੀ ਇੰਨੇ ਨਹੀਂ ਹਨ| ਝਾਰਖੰਡ ਪੁਲਿਸ ਦੇ ਅੰਕੜਿਆਂ ਦੇ ਮੁਤਾਬਕ ਸਾਲ 2015 ਤੋਂ 2023 ਦੇ ਵਿੱਚ ਸੂਬਾ ਸਰਕਾਰ ਵਿੱਚ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੀਆਂ ਕੁੱਲ 13,533 ਘਟਨਾਵਾਂ ਦਰਜ ਕਰਵਾਈਆਂ ਗਈਆਂ ਸਨ|
ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧ ਵਿਚ ਸੈਰ ਸਪਾਟੇ ਵਾਲੇ ਖੇਤਰਾਂ ਵਿਚ ਨਿਗਰਾਨੀ ਵਧਾਏ ਅਤੇ ਸੈਲਾਨੀਆਂ ਖਿਲਾਫ਼ ਅਪਰਾਧਾਂ ਵਿਚ ਸ਼ਾਮਲ ਲੋਕਾਂ ਖਿਲਾਫ਼ ਸਖ਼ਤ ਸਜ਼ਾਵਾਂ ਦਾ ਪ੍ਰਾਬੰਧ ਕਰੇ ਅਤੇ ਛੇਤੀ ਇਨਸਾਫ਼ ਮੁਹੱਈਆ ਕਰਵਾਉਣ ਨਾਲ ਸਥਿਤੀ ਵਿਚ ਸੁਧਾਰ ਲਿਆਵੇ| ਤਦ ਹੀ ਵਿਦੇਸ਼ੀ ਤੇ ਘਰੋਗੀ ਹਰ ਤਰ੍ਹਾਂ ਦੇ ਸੈਲਾਨੀਆਂ ਲਈ ਸੁਰੱਖਿਅਤ ਮਾਹੌਲ ਪੈਦਾ ਕਰਨ ਵੱਲ ਵਧਿਆ ਜਾ ਸਕੇਗਾ| ਇਸ ਘਟਨਾ ਨੇ ਭਾਰਤੀ ਲੋਕਤੰਤਰ ਉਪਰ ਕਾਲਾ ਧਬਾ ਲਗਾਇਆ ਹੈ| ਪ੍ਰਸ਼ਾਸਨ ਨੂੰ ਇਹੋ ਜਿਹੀਆਂ ਘਟਨਾਵਾਂ ਨਾਲ ਸਖਤੀ ਨਾਲ ਨਿਬੜਨ ਦੀ ਲੋੜ ਹੈ|
-ਰਜਿੰਦਰ ਸਿੰਘ ਪੁਰੇਵਾਲ