image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ, (1) ਨਾਨਕ ਸ਼ਾਹੀ ਗਣਰਾਜ ਦੀ ਮੋਹਰ ਹੈ । (2) ਹੇਠਾਂ ਚਾਂਦੀ ਦੇ ਸਿੱਕੇ ਦੇ ਦੋਵਾਂ ਪਾਸਿਆਂ ਦੀ ਫੋਟੋ ਹੈ ।

ਨਾਨਕਸ਼ਾਹੀ ਸ਼ਬਦ ਸਿੱਖ ਕੌਮ ਦੀ ਅੱਡਰੀ ਤੇ ਵਿਲੱਖਣ ਕੌਮੀਅਤ ਦਾ ਪ੍ਰਗਟਾਵਾ ਕਰਦਾ ਹੈ ।

 ਨਾਨਕਸ਼ਾਹੀ 556 ਦੇ ਨਵੇਂ ਵਰੇ੍ਹ ਦੀ ਆਮਦ, ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ਦੀ ਪ੍ਰਤੀਕ ਹੈ (ਗੁ: ਗ੍ਰੰ: ਸਾ: ਪੰਨਾ 966) 

ਨਾਨਕ ਰਾਜ ਜਿਸ ਦੀ ਸਥਾਪਨਾ ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੇ ਸੱਚ ਰੂਪ ਕਿਲ੍ਹਾ ਉਸਾਰ ਕੇ ਕੀਤੀ ਹੈ, ਉਸ ਵਿੱਚ ਸਾਰੀਆਂ ਸ਼ਕਤੀਆਂ ਦਾ ਸਰੋਤ ਸਰਬ-ਸ਼ਕਤੀਮਾਨ ਪ੍ਰਮਾਤਮਾਂ ਨੂੰ ਮੰਨਿਆ ਗਿਆ ਹੈ । ਇਹ ਵੀ ਸਪੱਸ਼ਟ ਹੈ ਕਿ ਨਾਨਕ ਰਾਜ ਈਸ਼ਵਰੀ ਇੱਛਾ ਨਾਲ ਹੀ ਸੰਭਵ ਹੋ ਸਕਿਆ ਹੈ, ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ (ਗੁ: ਗ੍ਰੰ: ਸਾ: ਪੰਨਾ 74) ਅਰਥਾਤ ਪ੍ਰਮਾਤਮਾਂ ਨੂੰ ਇਹੋ ਮਨਜ਼ੂਰ ਹੈ ਕਿ ਧਰਮ ਵਿਸ਼ਵ-ਕਲਿਆਣਕਾਰੀ ਹੋਵੇ ਅਤੇ ਸੰਸਾਰ ਦੇ ਹਰ ਦੂਜੇ ਧਰਮਾਂ ਲਈ ਭਾਈਚਾਰੇ ਅਤੇ ਸਦਭਾਵਨਾ ਦੇ ਵਿਚਾਰ ਰੱਖਦਾ ਹੋਵੇ । ਗੁਰੂ ਪਾਸ ਅਥਾਹ ਸ਼ਕਤੀਆਂ ਦਾ ਜੋ ਭੰਡਾਰ ਹੈ ਉਹ ਉਸ ਨੂੰ ਪਰਮ ਸ਼ਕਤੀ ਪ੍ਰਮਾਤਮਾਂ ਪਾਸੋਂ ਬਖ਼ਸ਼ਿਸ਼ ਵਿੱਚ ਮਿਲਿਆ ਹੈ । ਗੁਰੂ ਸਰੀਰ ਵਿੱਚ ਪ੍ਰਮਾਤਮਾਂ ਦੀ ਜੋਤ ਹੀ ਕਾਰਜਸ਼ੀਲ ਹੈ । ਪ੍ਰਮਾਣ ਵਜੋਂ ਜਗਤ ਗੁਰੂ, ਗੁਰੂ ਨਾਨਕ ਦੀ ਵੱਡਿਆਈ ਆਪ ਕਰਤੇ ਨੇ ਉੱਚੀ ਕੀਤੀ ਹੈ । ਫਿਰ ਸਪੱਸ਼ਟ ਕੀਤਾ ਹੈ ਜੇ ਗੁਰੂ ਦਾ ਨਾਮ ਆਪ ਕਾਦਰ ਕਰਤਾ ਉੱਚਾ ਕਰੇ ਤਾਂ ਉਸ ਨੂੰ ਕੌਣ ਤੋਲ ਸਕਦਾ ਹੈ, ਅਰਥਾਤ ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੇ, ਦੇ ਗੁਨਾ ਸਤਿ ਭੈਣ ਭਰਾਵ ਹੈ ਪਰਿਗਤਿ ਦਾਨੁ ਪੜੀਵਦੈ (ਗੁ: ਗ੍ਰੰ: ਸਾ: ਪੰਨਾ 966)
ਅਕਾਲ ਪੁਰਖ ਨੇ ਆਪ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਅਰਥਾਤ : ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ॥ ਆਪਨੈ ਆਪ ਸਾਜਿਉਨ, ਆਪੇ ਥੰਮਿ ਖਲੋਆ (ਗੁ: ਗੁੰ: ਸਾ: ਪੰਨਾ 968) । ਜਗਤ ਗੁਰੂ, ਗੁਰੂ ਨਾਨਕ ਸਾਹਿਬ ਦੇ ਸਰੀਰ ਵਿੱਚ ਜਿਹੜੀ ਰੱਬੀ ਜੋਤ ਕ੍ਰਿਆਸ਼ੀਲ ਸੀ, ਉਹੀ ਜੋਤਿ ਬਾਅਦ ਵਿੱਚ ਦੂਜੇ ਨੌਂ ਗੁਰੂ ਸਾਹਿਬਾਨਾਂ ਵਿੱਚ ਵਰਤਦੀ ਰਹੀ । ਜਿਹੜੀ ਜੁਗਤ ਨਾਲ ਗੁਰੂ ਨਾਨਕ ਸਾਹਿਬ ਨੇ, ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੈ ਦੇ ਸੱਚ ਦੇ ਰਾਜ ਦੀ ਕਾਇਮੀ ਕੀਤੀ ਉਸੇ ਜੁਗਤ ਨਾਲ ਗੁਰੂ ਨਾਨਕ ਦੇ ਬਾਕੀ ਨੌਂ ਸਰੂਪਾਂ ਨੇ ਨਾਨਕ ਰਾਜ ਨੂੰ ਅਗਾਂਹ ਵਧਾਇਆ । ਕਾਇਆ ਜਰੂਰ ਬਦਲਦੀ ਰਹੀ ਪਰ ਜੋਤਿ ਅਤੇ ਜੁਗਤ ਸਾਰੇ ਗੁਰੂ ਸਾਹਿਬਾਨਾਂ ਦੀ ਇਕ ਹੀ ਸੀ । ਅਰਥਾਤ : ਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ (ਗੁ: ਗ੍ਰੰ: ਸਾ: ਪੰਨਾ 966) ਅਤੇ ਥਾਪਿਆ ਲਹਿਣਾ ਜੀਵਦੈ ਗੁਰਿਆਈ ਸਿਰਿ ਛਤ੍ਰ ਫਿਰਾਇਆ ॥ ਜੋਤੀ ਜੋਤਿ ਮਿਲਾਇਕੈ ਸਤਿਗੁਰੁ ਨਾਨਕ ਰੂਪ ਵਟਾਇਆ ॥ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਬਾਕੀ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖੂਨ ਪਾ-ਪਾ ਕੇ ਨਾਨਕਰਾਜ ਨੂੰ ਅੱਗੇ ਵਧਾਇਆ । ਲੋੜ ਪੈਣ ਉੱਤੇ ਸੱਚੇ ਪਾਤਸ਼ਾਹ ਨਾਨਕ ਤੱਤੀਆਂ ਤਵੀਆਂ ਉੱਤੇ ਬੈਠੇ ਕ੍ਰਿਪਾਨ ਫੜਕੇ ਰਣ ਤੱਤੇ ਵਿੱਚ ਜੂਝੇ, ਜਲਾਦਾਂ ਦਾ ਵਾਰ ਆਪਣੇ ਪਰਮ-ਪਾਕ ਸੀਸ ਉੱਤੇ ਸਹਾਰਕੇ ਆਪਣੀ ਸ਼ਹਾਦਤ ਵਿੱਚੋਂ ਖ਼ਾਲਸਾ ਪ੍ਰਗਟ ਕੀਤਾ ਅਤੇ ਚਰਮ ਸੀਮਾ ਉੱਤੇ ਪਹੁੰਚ ਕੇ ਆਪਣਾ ਸਰਬੰਸ, ਇਨ ਪੁਤਰਨ ਕੇ ਸੀਸ (ਨਾਦੀ ਸੰਤਾਨ ਖ਼ਾਲਸਾ) ਪਰ ਵਾਰ ਦਿੱਤਾ । 
ਚੱਵਰ ਛੱਤਰ ਦੇ ਮਾਲਕ ਜੁਗੋ-ਜੁੱਗ ਅਟੱਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਜਸੀ ਸੰਕਲਪ ਅਤੇ ਰਾਜਸੀ ਚਿੰਨ, ਤਖ਼ਤ, ਸੱਚਾ ਪਾਤਸ਼ਾਹ, ਦਰਬਾਰ, ਆਦਿ ਸ਼ਬਦ ਵੱਖ-ਵੱਖ ਪ੍ਰਕਰਣਾਂ ਵਿੱਚ ਮਿਲਦੇ ਹਨ । ਦਰਬਾਰ, ਦਰਬਾਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਥੇ ਸਭ ਤੋਂ ਪਹਿਲਾਂ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਉਦੋਂ ਅਜੇ ਸਤਿਗੁਰੂ ਪੰਜਵੇਂ ਜਾਮੇ ਵਿੱਚ ਸਰੀਰ ਕਰਕੇ ਸ਼ਸ਼ੋਭਿਤ ਸਨ ਅਤੇ ਗ੍ਰੰਥ ਸਾਹਿਬ ਨੂੰ ਗੁਰੂ ਪਦਵੀ ਵੀ ਨਹੀਂ ਸੀ ਮਿਲੀ । ਸਿੱਖੀ ਦੇ ਉਸਾਰੇ ਇਸ ਕੇਂਦਰ (ਦਰਬਾਰ ਸਾਹਿਬ) ਵਿੱਚ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਕੇ ਸਤਿਗੁਰੂ ਅਰਜਨ ਪਾਤਸ਼ਾਹ ਨੇ ਇਹ ਸਪੱਸ਼ਟ ਸੁਨੇਹਾ ਦੇ ਦਿੱਤਾ ਸਿੱਖੀ ਦੇ ਮੂਲ ਸਿਧਾਂਤ ਅਤੇ ਵਿਚਾਰਧਾਰਾ ਦਾ ਕੇਂਦਰ ਗੁਰੂ ਗ੍ਰੰਥ ਸਾਹਿਬ ਹੈ ਅਤੇ ਨਿਰਮਲ ਪੰਥ (ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ) ਨੇ ਹਰ ਤਰ੍ਹਾਂ ਦੀ ਅਗਵਾਈ ਧੁਰ ਕੀ ਬਾਣੀ ਗੁਰਬਾਣੀ ਤੋਂ ਲੈਣੀ ਹੈ । ਨਾਨਕ ਰਾਜ ਵਿੱਚ ਸੱਚੇ ਪਾਤਸ਼ਾਹ ਦੀ ਹਜੂਰੀ ਵਿੱਚ ਦਰਬਾਰ ਲੱਗਦਾ ਹੈ ਜਿਸ ਨੂੰ ਗੁਰਬਾਣੀ ਵਿੱਚ ਦੀਬਾਣ ਕਿਹਾ ਗਿਆ ਹੈ । ਸਾਰੇ ਗੁਰੂ ਸਾਹਿਬਾਨ ਦਰਬਾਰ ਲਗਾਉਂਦੇ ਸਨ ਅਤੇ ਉਸ ਦਰਬਾਰ ਵਿੱਚ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਆਪਣੇ ਫਰਜ ਨਿਭਾਉਂਦੇ ਸਨ । ਸਤੇ ਬਵਲੰਡ ਦੀਆਂ ਗੁਰੂ ਅਮਰਦਾਸ ਜੀ ਪ੍ਰਤੀ ਉਚਾਰੀਆਂ ਹੇਠਲੀਆਂ ਪੰਕਤੀਆਂ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ, ਸੋ ਟਿਕਾ ਸੋ ਬੋਹਣਾ ਸੋਈ ਦੀਬਾਣ ॥ ਪਿਯੂ ਦਾਦੇ ਜਿਵਿਹਾ ਪੋਤਾ ਪਰਵਾਣ ॥ (ਗੁ: ਗ੍ਰੰ: ਸਾ: ਪੰਨਾ 967) ਦਰਬਾਰ ਦੀ ਤਰ੍ਹਾਂ ਤਖ਼ਤ ਬਾਰੇ ਵੀ ਗੁਰਬਾਣੀ ਦਾ ਫੁਰਮਾਨ ਹੈ : ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ (ਗੁ: ਗ੍ਰੰ: ਸਾ: ਪੰਨਾ 964) ਅਤੇ ਸਚੈ ਤੱਖਤ ਰਚਾਇਆ ਬੈਸਣੁ ਕਉ ਜਾਂਦੀ (ਗੁ: ਗ੍ਰੰ: ਸਾ: ਪੰਨਾ 947) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ, ਨਾਨਕ ਰਾਜ ਅਤੇ ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਦਾ ਇਕ ਮਹੱਤਵਪੂਰਨ ਪੜਾਅ ਹੈ ਨਾਨਕ ਰਾਜ ਦੇ ਵਿਕਾਸ ਤੇ ਸਥਾਪਤੀ ਲਈ ਅਕਾਲ ਤਖ਼ਤ ਨੇ ਮੀਲ ਪੱਥਰ ਦਾ ਕਾਰਜ ਕੀਤਾ ਹੈ, ਅਕਾਲ ਤਖ਼ਤ ਇਕ ਅਕਾਲ ਪੁਰਖ ਦੀ ਪ੍ਰਭੂ ਸਤਾ ਵਿੱਚ ਹਰ ਮਨੁੱਖ ਮਾਤਰ ਦੀ ਹਰ ਕੌਮ ਦੀ ਮਾਨਸਿਕ ਅਜ਼ਾਦੀ ਦਾ ਪ੍ਰਤੀਕ ਹੈ । ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਸ ਮੰਤਵ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ ਜਿਸ ਦਾ ਸਿਧਾਂਤ ਤੇ ਸੁਭਾਉ ਸੰਸਾਰੀ ਤਖ਼ਤਾਂ ਤੋਂ ਨਿਰਾਲਾ ਹੈ । ਤਖ਼ਤ ਦੇ ਅਜਿਹੇ ਸਿਧਾਂਤ ਨੂੰ ਗੁਰੂ ਸਾਹਿਬਾਨ ਨੇ ਆਪਣੇ ਗੁਰੂ ਕਾਲ ਵਿੱਚ ਅਮਲੀ ਜਾਮਾ ਪਹਿਨਾਇਆ ਅਤੇ ਸਾਬਤ ਕਰ ਦਿੱਤਾ ਕਿ ਤਖ਼ਤ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਰਾਜਸੀ ਖੇਤਰੀ ਗਤੀਵਿਧੀਆਂ ਦਾ ਕੇਂਦਰ ਨਹੀਂ ਸਗੋਂ ਸੁਤੰਤਰ ਪ੍ਰਭੂਸਤਾ ਸੰਪਨ ਦੈਵੀ ਸੰਸਥਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨਾਲ ਸਿੱਖ ਕੌਮ ਇਕ ਸੁਤੰਤਰ ਤੇ ਪ੍ਰਭੂ ਸੱਤਾ ਸੰਪੰਨ ਦੈਵੀ ਗੁਣਾਂ ਅਧਾਰਿਤ ਕੌਮ ਦੇ ਰੂਪ ਵਿੱਚ ਪ੍ਰਗਟ ਹੋਈ । ਗੁਰੂ ਨਾਨਕ ਸਾਹਿਬ ਦੇ ਦੈਵੀ ਗੁਣ, ਗੁਰਬਾਣੀ ਦੇ ਅਲੰਕਾਰ-ਰੂਪਕਾਂ ਉਨ੍ਹਾਂ ਦੇ ਅੰਦਾਜ਼ ਅਤੇ ਅਮਲ ਵਿੱਚ ਕਿਰਪਾਨ ਦੀ ਸ਼ਕਤੀਸ਼ਾਲੀ ਰੂਹਾਨੀਅਤ ਚਲੰਤ ਸੀ, ਜਿਹੜੀ ਮੀਰੀ-ਪੀਰੀ ਦਾ ਵੇਸ ਵਟਾਉਣ ਮਗਰੋਂ ਖ਼ਾਲਸਾ-ਸਿਰਜਣਾਂ ਦੇ ਛਿਣਾਂ ਦੀਆਂ ਪਰਖ-ਘੜੀਆਂ ਦੀ ਤੇਗ ਹੋ ਨਿਬੜੀ ਅਤੇ ਅੰਮ੍ਰਿਤ ਦੇ ਪੰਜਾਂ ਕਕਾਰਾਂ ਵਿੱਚ ਸ਼ਾਮਿਲ ਹੋ ਗਈ । ਗੁਰੂ ਨਾਨਕ ਸਾਹਿਬ ਦੀ ਇਹੋ ਕਿਰਪਾਨ ਆਪਣੇ ਤੱਤ ਰੂਪ ਵਿੱਚ ਬੰਦਾ ਸਿੰਘ ਬਹਾਦਰ ਤੱਕ ਪਹੁੰਚੀ, ਜਿਸ ਨੇ ਉਨ੍ਹਾਂ ਦੀਆਂ ਮਹਾਨ ਜੰਗਾਂ ਨੂੰ ਗੁਰੂ-ਛੋਹ ਦਾ ਆਸਰਾ ਬਖਸ਼ਿਆ (ਵੇਖੋ ਬੰਦਾ ਸਿੰਘ ਬਹਾਦਰ ਅਤੇ ਨਾਨਕ ਦੀ ਕਿਰਪਾਨ) ਬੰਦਾ ਸਿੰਘ ਬਹਾਦਰ ਦੇ ਚਲਾਏ ਸਿੱਕਿਆਂ ਵਿੱਚ ਕ੍ਰਮਵਾਰ ਨਾਨਕ ਦੀ ਕਿਰਪਾਨ ਦੀ ਬਰਕਤ, ਸ਼ਾਹ-ਏ-ਸ਼ਹਾਨ ਗੁਰੂ ਗੋਬਿੰਦ ਸਿੰਘ ਦੀ ਮਿਹਰ (ਫ਼ਜ਼ਲ) ਦੇਗ ਤੇਗ ਦੀ ਜਿਤ ਅਤੇ ਨਾਨਕ ਦਸਮ ਪਾਤਸ਼ਾਹ ਵੱਲੋਂ ਬਖ਼ਸ਼ੀ ਗਈ ਬੇ-ਰੋਕ ਮਦਦ (ਨੁਸਰਤ ਬੇ-ਰੰਗ) ਵਰਗੇ ਇਸ਼ਾਰੇ ਗੁਰੂ ਨਾਨਕ ਸਾਹਿਬ ਦੀ ਉਸ ਕਿਰਪਾਨ ਦੀ ਗਵਾਹੀ ਦਿੰਦੇ ਹਨ ਜਿਹੜੀ ਸਿੱਖ ਜੰਗਾਂ ਦੇ ਮਾਨਵਵਾਦੀ ਪੱਖਾਂ ਨੂੰ ਵਧਾਉਂਦੀ ਹੋਈ ਨਿਰੰਤਰ ਚੱਲਦੀ ਹੈ (ਹਵਾਲਾ, ਸਿੱਖ ਸੁਰਤਿ ਦੀ ਪਰਵਾਜ਼ ਲੇਖਕ, ਹਰਿੰਦਰ ਸਿੰਘ ਮਹਿਬੂਬ)
ਸੱਚਾ ਪਾਤਸ਼ਾਹ - ਸੱਚਾ ਪਾਤਸ਼ਾਹ ਦੇ ਸੰਕਲਪ ਨੇ ਨਾਨਕ ਰਾਜ ਦੀ ਗੁਰੂ ਪਰੰਪਰਾ ਨਾਲ ਉਜਾਗਰ ਹੋ ਰਹੇ ਰਾਜ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ, ਇਹ ਸ਼ਬਦ ਵਿਸ਼ੇਸ਼ਣ ਦੇ ਰੂਪ ਵਿੱਚ ਸਾਰੇ ਗੁਰੂ ਸਾਹਿਬਾਨ ਨਾਲ ਜੁੜਿਆ ਰਿਹਾ ਹੈ ਸਮਕਾਲੀ ਬਾਦਸ਼ਾਹ (ਬਾਬਰ ਤੋਂ ਔਰੰਗਜ਼ੇਬ ਤੱਕ) ਦੇ ਹੁੰਦਿਆਂ ਲੋਕਾਂ ਦਾ ਸਿੱਖ ਗੁਰੂ ਸਾਹਿਬਾਨ ਨੂੰ ਸੱਚਾ ਪਾਤਸ਼ਾਹ ਕਹਿ ਕੇ ਸੰਬੋਧਨ ਕਰਨਾ ਇਸ ਗੱਲ ਦਾ ਪ੍ਰਤੀਕ ਸੀ ਕਿ ਲੋਕ ਸਮਕਾਲੀ ਰਾਜ ਤੋਂ (ਰਾਜੇ ਸ਼ਹਿ ਮੁਕਦਮ ਕੁਤੇ) ਪੂਰੀ ਤਰ੍ਹਾਂ ਅਸੰਤੁਸ਼ਟ ਸਨ ਅਤੇ ਇਕ ਐਸੇ ਵਿਕਲਪ (ਨਾਨਕਰਾਜ) ਰਾਜ ਦੀ ਭਾਲ ਕਰ ਰਹੇ ਸਨ ਜਿਸ ਵਿੱਚ ਸੱਤਾ ਸੱਚੇ ਪਾਤਸ਼ਾਹ ਦੇ ਹੱਥਾਂ ਵਿੱਚ ਹੋਵੇ । ਸੱਚੇ ਪਾਤਸ਼ਾਹ ਦੇ ਸੰਕਲਪ ਵਿੱਚ ਗੁਰੂ ਸਾਰੀ ਸ਼ਕਤੀ ਪ੍ਰਮਾਤਮਾਂ ਪਾਸੋਂ ਗ੍ਰਹਿਣ ਕਰਦਾ ਹੈ ਪਰ ਸ਼ਕਤੀ ਗ੍ਰਹਿਣ ਕਰਕੇ ਉਹ ਸਮਕਾਲੀ ਬਾਦਸ਼ਾਹਾਂ ਦੀ ਤਰ੍ਹਾਂ ਸੱਤਾ ਦਾ ਪ੍ਰਯੋਗ ਆਪਣੇ ਨਿੱਜੀ ਹਿੱਤ ਲਈ ਅਤੇ ਲੋਕ ਹਿੱਤਾਂ ਦੇ ਵਿਰੁੱਧ ਨਹੀਂ ਕਰਦਾ ਸਗੋਂ ਪ੍ਰਮਾਤਮਾਂ ਵੱਲੋਂ ਪ੍ਰਾਪਤ ਸਾਰੀ ਸ਼ਕਤੀ ਜੋਤਿ ਤੇ ਜੁਗਤਿ ਨਾਲ ਲੋਕਾਂ ਦਾ ਲੋਕ ਤੇ ਪਰਲੋਕ ਸੁਆਰਦਾ ਹੈ (ਹਵਾਲਾ-ਰਾਜ ਦਾ ਸਿੱਖ ਸੰਕਲਪ, ਲੇਖਕ ਡਾ: ਜਸਪਾਲ ਸਿੰਘ)
ਸਿੱਖੀ, ਖ਼ਾਲਸਾ ਅਤੇ ਪੰਥ, ਇਤਿਹਾਸਕ ਘਟਨਾਵਾਂ ਦੇ ਪ੍ਰਭਾਵ ਕਾਰਨ ਨਹੀਂ ਹੋਂਦ ਵਿੱਚ ਆਏ ਬਲਕਿ ਅਕਾਲ ਪੁਰਖ ਦੇ ਹੁਕਮ ਨਾਲ ਗੁਰੂ ਨਾਨਕ ਅਤੇ ਉਨ੍ਹਾਂ ਦੇ ਨੌਂ ਸਰੂਪਾਂ ਦੀ ਸੋਚੀ ਸਮਝੀ ਵਿਉਂਤਬੰਦੀ ਕਾਰਨ ਇਨ੍ਹਾਂ ਦਾ ਨਿਰਮਾਣ ਹੋਇਆ (ਖ਼ਾਲਸਾ ਅਕਾਲ ਪੁਰਖ ਕੀ ਫੌਜ) ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਭਾਈ ਨੰਦ ਲਾਲ ਜੀ ਆਪਣੀ ਫਾਰਸੀ ਦੀ ਲਿਖਤ ਜੋਤਿ ਬਿਗਾਸ ਵਿੱਚ ਗੁਰੂ ਨਾਨਕ ਦੀ ਮਹਿਮਾ ਕਰਦੇ ਹੋਏ ਲਿਖਦੇ ਹਨ : ਗੁਰੂ ਨਾਨਕ ਆਮਦ ਨਰਾਇਨ ਸਰੂਪ, ਹਮਾਨਾ ਨਿਰੰਜਨ ਨਿਰੰਕਾਰ ਰੂਪ ॥ ਅਰਥਾਤ, ਗੁਰੂ ਨਾਨਕ ਨਰਾਇਣ ਦਾ ਸਰੂਪ ਹੈ, ਨਿਰ ਸੰਦੇਹ ਉਹ ਨਿਰੰਜਨ ਅਤੇ ਨਿਰੰਕਾਰ ਦਾ ਸਰੂਪ ਹੈ । ਅੱਗੇ ਚੱਲਕੇ ਲਿਖਦੇ ਹਨ : ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਅਰਥਾਤ-ਉਹੀ ਗੁਰੂ ਗੋਬਿੰਦ ਸਿੰਘ ਹੈ ਤੇ ਉਹੀ ਨਾਨਕ ਗੁਰੂ ਹੈ, ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਹੈ । ਭਾਈ ਨੰਦ ਲਾਲ ਨੇ ਆਪਣੀ ਪੰਜਾਬੀ ਦੀ ਲਿਖਤ ਤਨਖਾਹਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਦੇ (ਗੁਰੂ ਗੋਬਿੰਦ ਸਿੰਘ ਜੀ ਦੇ) ਬਚਨ ਹੇਠ ਲਿਖੇ ਅਨੁਸਾਰ ਅੰਕਿਤ ਕੀਤੇ ਹਨ : ਚੌਪਈ-ਸੁਣੋ ਨੰਦ ਲਾਲ ਏਹੋ ਸਾਚ, ਪਰਗਟ ਕਰਾਊਂ ਆਪਣੇ ਰਾਜ ॥ ਚਾਰ ਬਰਨ ਇਕ ਬਰਨ ਕਰਾਊਂ ॥ ਵਾਹਿਗੁਰੂ ਕਾ ਜਾਪ ਜਪਾਊਂ ॥ ਸਵਾ ਲਾਖ ਸੇ ਏਕ ਲੜਾਊਂ, ਚੜੇ੍ਹ ਸਿੰਘ ਤਿਸ ਮੁਕਤ ਕਰਾਊਂ । ਝੂਲਣ ਨੇਜੇ ਹਸਤੀ ਸਾਜੇ, ਦੁਆਰ ਦੁਆਰ ਪਰ ਨੌਬਤ ਬਾਜੈ ॥ ਸਵਾ ਲਾਖ ਜਬ ਧੁਖੈ ਪਲੀਤਾ, ਤਬ ਖ਼ਾਲਸੇ ਉਦੈ ਅਸਤ ਲੋ ਜੀਤਾ ॥ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦਾ ਰਾਜਸੀ ਨਿਸ਼ਾਨਾ ਵੀ ਨਿਸ਼ਚਤ ਕਰ ਦਿੱਤਾ । ਦੋਹਰਾ : ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ, ਖÍਾਰ ਹੋਇ ਸਭ ਮਿਲੇਂਗੇ ਬਚੇ ਸਰਨ ਜੋ ਹੋਇ ॥ ਨਾਨਕਸ਼ਾਹੀ ਰਾਸ਼ਟਰ (ਨਾਨਕ ਰਾਜ) ਦੀ ਪ੍ਰਣਾਲੀ ਦੇ ਲਾਗੂ ਕਰਤਾ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਹਰਾ ਕੇ ਪੰਜਾਬ ਵਿੱਚ ਪਹਿਲਾ ਨਾਨਕਸ਼ਾਹੀ ਪ੍ਰਭੂ ਸਤਾਧਾਰੀ ਸੁਤੰਤਰ ਸਿੱਖ ਰਾਜ ਸਥਾਪਤ ਕੀਤਾ, ਸਿੱਕਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਂਅ &lsquoਤੇ ਚਲਾਇਆ ।
ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬੰਦਾ ਸਿੰਘ ਬਹਾਦਰ ਨੇ ਜੋ ਨਾਨਕਸ਼ਾਹੀ ਕਰੰਸੀ ਸਿੱਖ ਰਾਸ਼ਟਰ ਦੀ ਜਾਰੀ ਕੀਤੀ । ਇਸ &lsquoਤੇ ਪਰਸਿਅਨ ਲਿਪੀ ਵਿੱਚ ਲਿਖਿਆ ਹੈ : 
ਸਿੱਕਾ ਜ਼ਦ ਬਰ ਹਰ ਦੋ ਆਲਮ ਫ਼ਜਲਿ ਸੱਚਾ ਸਾਹਿਬ ਅਸਤ
ਫ਼ਤਿਹ ਗੁਰੂ ਗੋਬਿੰਦ ਸਿੰਘ ਸ਼ਾਹਿ-ਸ਼ਹਾਨ ਤੇਗਿ ਏ ਨਾਨਕ ਵਾਹਿਬ ਅਸਤ
ਸਿੱਕੇ ਦੇ ਦੂਜੇ ਪਾਸੇ ਲਿਖਿਆ ਗਿਆ : ਜ਼ਰਬ ਖ਼ਾਲਸਾ ਮੁਬਾਰਕਿ ਬਖਤ ਬ-ਅਮਾਜ-ਉਦ-ਦਹਿਰ ਜ਼ੀਨਤ ਏ ਤਖ਼ਤ ਮੁਸੱਵਰਤਿ ਸ਼ਹਿਰ ਸਨਾਹ । ਇਸ ਦੇ ਅਰਥ ਹਨ : ਨਾਨਕ ਦੀ ਤੇਗ ਦੀ ਤੋਰ ਨੇ ਸੰਸਾਰ ਨੂੰ ਅਜਿਹੀਆਂ ਬਖ਼ਸ਼ਾ ਬਖ਼ਸ਼ੀਆਂ ਹਨ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਇਸ ਫ਼ਤਹਿ ਦੀ ਰਹਿਮਤ ਅਕਾਲ ਪੁਰਖ ਨੇ ਆਪ (ਨਾਨਕਸ਼ਾਹੀ ਗਣਰਾਜ ਨੂੰ) ਬਖ਼ਸ਼ੀ ਹੈ । ਸਿੱਕਾ ਜਾਰੀ ਹੋਇਆ ਸੰਸਾਰ ਦੇ ਅਜਿਹੇ ਸ਼ਾਂਤੀ ਅਸਥਾਨ ਤੋਂ ਰਾਜ ਦੀ ਰਾਜਧਾਨੀ (ਲੋਹਗੜ੍ਹ) ਅਜਿਹੇ ਧੰਨਭਾਗੀ ਸ਼ਹਿਰ ਦੀ ਮੂਰਤ ਹੈ ਜੋ ਸੰਸਾਰ ਨੂੰ ਸੁੱਖ-ਸ਼ਾਂਤੀ ਦੇਵੇਗੀ । (ਹਵਾਲਾ-ਨਾਨਕਸ਼ਾਹੀ ਨਜ਼ਰੀਆ, ਸਰਕਾਰ-ਏ-ਖ਼ਾਲਸਾ ਬਾਬਾ ਬੰਦਾ ਸਿੰਘ ਬਹਾਦਰ - ਲੇਖਕ ਅਤਿੰਦਰਪਾਲ ਸਿੰਘ)
ਸਿੱਖ ਰਾਜ ਅਤੇ ਸਰਕਾਰ-ਏ-ਖ਼ਾਲਸਾ ਦੀ ਮੋਹਰ, ਦੇਗੋ ਤੇਗੋ ਫ਼ਤਿਹ ਨੁਸਰਤ ਬੇ-ਦਿਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ । ਇਹ ਮੋਹਰ ਉਸ ਵਕਤ ਤੋਂ ਵਰਤਮਾਨ ਤੱਕ ਖ਼ਾਲਸਾ ਪੰਥ ਦੇ ਹਰ ਹੁਕਮ &lsquoਤੇ ਲੱਗਦੀ ਹੈ । ਮਹਾਰਾਜਾ ਰਣਜੀਤ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਇਸੇ ਮੋਹਰ ਨੂੰ ਹੀ ਸੁਤੰਤਰ ਸਿੱਖ ਰਾਸ਼ਟਰ ਦੀ ਮੋਹਰ ਮੰਨਿਆ ਹੈ । ਨਾਨਕ ਰਾਜ ਦੇ ਪ੍ਰਤੱਖ ਇਤਿਹਾਸਕ ਪ੍ਰਮਾਣ ਹਨ ਕਿ ਸਿੱਖਾਂ ਦੇ ਪਹਿਲੇ ਬਾਦਸ਼ਾਹ ਬੰਦਾ ਸਿੰਘ ਬਹਾਦਰ ਅਤੇ ਦੂਸਰੇ ਸਿੱਖ ਬਾਦਸ਼ਾਹ ਰਣਜੀਤ ਸਿੰਘ ਨੇ ਵੀ ਸਿੱਕਾ ਨਾਨਕ ਦੇ ਨਾਂਅ ਦਾ ਹੀ ਚਲਾਇਆ । ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਨਾ ਕੇਵਲ ਇਕ ਰਾਜਸੀ ਕੌਮ ਦੀ ਹੀ ਸਿਰਜਨਾ ਕੀਤੀ ਸਗੋਂ ਹਿੰਦ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਬਦ ਪੰਜਾਬ ਇਕ ਅੱਡਰੇ ਰਾਜਸੀ ਖੇਤਰ ਦੇ ਨਾਂ ਨਾਲ ਉਭਰਿਆ (ਇਸ ਕਰਕੇ ਸ਼ਾਹ ਮੁਹੰਮਦ ਨੇ ਕਿਹਾ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ) ਅਰਥਾਤ ਪੰਜਾਬ ਦੇਸ਼ ਹਿੰਦ ਨਾਲੋਂ ਅਲਗ ਅਜ਼ਾਦ ਦੇਸ਼ ਸੀ ਤੇ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਅੱਜ ਵੀ ਹੇਠ ਲਿਖੇ ਅਨੁਸਾਰ ਹੈ : ਦੇਗੋ ਤੇਗੋ ਫ਼ਤਿਹ ਨੁਸਰਤ-ਬੇ-ਦਿਰੰਗ, ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ-ਸ੍ਰੀ ਅਕਾਲ ਜੀ ਸਹਾਇ, ਸ੍ਰੀ ਅਕਾਲ ਤਖ਼ਤ ਸਾਹਿਬ । ਨਾਨਕ ਸ਼ਾਹੀ ਸ਼ਬਦ ਸਿੱਖ ਕੌਮ ਦੀ ਅੱਡਰੀ ਤੇ ਵਿਲੱਖਣ ਕੌਮੀਅਤ ਦਾ ਪ੍ਰਗਟਾਵਾ ਕਰਦਾ ਹੈ । ਉਕਤ ਦੋਵੇਂ ਸਰੋਕਾਰ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਅਤੇ ਖ਼ਾਲਸਾ ਰਾਜ ਸਥਾਪਤ ਕਰਨ ਲਈ ਮਾਰਗ ਦਰਸ਼ਨ ਹਨ । ਅੱਜ ਲੋੜ ਹੈ ਨੌਜੁਆਨ ਸਿੱਖ ਪੀੜ੍ਹੀ ਨੂੰ ਇਹ ਪੜ੍ਹਾਇਆ ਤੇ ਦ੍ਰਿੜ ਕਰਵਾਇਆ ਜਾਵੇ ਕਿ : ਗੁਰੂ ਗ੍ਰੰਥ ਨਾਨਕ ਨਿਰਮਲ ਪੰਥ ਦਾ ਸਿਧਾਂਤ ਹੈ ਅਤੇ ਗੁਰੂ ਪੰਥ ਇਸ ਸਿਧਾਂਤ ਦਾ ਪ੍ਰਤੱਖ ਅਮਲ ਹੈ । ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਨੂੰ ਸਤਿਕਾਰ ਯੋਗ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਦਰਪਣ ਸਿੱਖ ਰਹਿਤ ਮਰਯਾਦਾ ਜਰੂਰ ਪੜ੍ਹਨੀ ਚਾਹੀਦੀ ਹੈ, ਇਸ ਨਾਲ ਕਈ ਵਾਦ-ਵਿਵਾਦ ਨਜਿੱਠੇ ਜਾ ਸਕਦੇ ਹਨ । ਅੰਤ ਵਿੱਚ ਨਾਨਕਸ਼ਾਹੀ ਵਰੇ੍ਹ ਦੀ ਸਮੂਹ ਖ਼ਾਲਸਾ ਪੰਥ ਨੂੰ ਵਧਾਈ ਦਿੰਦਾ ਹੋਇਆ ਸਮਾਪਤੀ ਕਰਦਾ ਹਾਂ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।