image caption: -ਰਜਿੰਦਰ ਸਿੰਘ ਪੁਰੇਵਾਲ

ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਐਨ. ਐਸ. ਏ. 1 ਸਾਲ ਲਈ ਵਧਾਉਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਪੰਜਾਬ ਸਰਕਾਰ ਵਲੋਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ 10 ਸਾਥੀਆਂ ਤੇ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਤਹਿਤ ਨਜ਼ਰਬੰਦੀ ਦਾ ਇਕ ਸਾਲ ਪੂਰਾ ਹੋਣ ਤੋਂ ਬਾਅਦ ਨਵੇਂ ਸਿਰੇ ਤੋਂ ਦੁਬਾਰਾ ਉਨ੍ਹਾਂ ਸਾਰਿਆਂ ਤੇ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਇਕ ਸਾਲ ਲਈ ਹੋਰ ਵਧਾਉਣ ਦੇ ਹੁਕਮ ਜਾਰੀ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ| ਰਾਜ ਸਰਕਾਰ ਵਲੋਂ 18 ਮਾਰਚ 2023 ਨੂੰ ਇਨ੍ਹਾਂ ਸਾਰਿਆਂ ਵਿਰੁੱਧ ਐਨ.ਐਸ.ਏ. ਲਗਾਉਣ ਦੇ ਹੁਕਮਾਂ ਨਾਲ ਉਨ੍ਹਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀ 17 ਫਰਵਰੀ ਤੋਂ ਭੁੱਖ ਹੜਤਾਲ ਤੇ ਚੱਲ ਰਹੇ ਹਨ ਤੇ ਇਕ ਸਾਥੀ ਜੇਲ੍ਹ ਦੇ ਹਸਪਤਾਲ ਵਿਚ ਵੀ ਦਾਖਲ ਹੈ| ਦਿਲਚਸਪ ਗੱਲ ਇਹ ਹੈ ਕਿ ਹੁਣ ਜਦੋਂ ਹਾਈਕੋਰਟ ਵਿਚ ਪੰਜਾਬ ਸਰਕਾਰ ਵਲੋਂ ਪੇਸ਼ ਐਡੀਸ਼ਨਲ ਐਡਵੋਕੇਟ ਜਨਰਲ ਵਲੋਂ ਐਨ.ਐਸ.ਏ. ਦੁਬਾਰਾ ਲਗਾਏ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਅਦਾਲਤ ਵਲੋਂ ਹੁਕਮਾਂ ਸਬੰਧੀ ਜਾਣਕਾਰੀ ਮੰਗੇ ਜਾਣ &rsquoਤੇ ਸਰਕਾਰੀ ਵਕੀਲ ਨੇ ਇਸ ਲਈ ਸਮਾਂ ਮੰਗਿਆ ਤੇ ਹੁਕਮਾਂ ਸਬੰਧੀ ਦਸਤਾਵੇਜ਼ ਪੇਸ਼ ਨਾ ਕਰ ਸਕਿਆ| ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੇਸ਼ ਵਕੀਲ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਐਨ.ਐਸ.ਏ. ਕੇਵਲ ਇਕ ਸਾਲ ਲਈ ਲੱਗ ਸਕਦਾ ਹੈ, ਇਸੇ ਲਈ ਸਰਕਾਰ ਵਲੋਂ ਉਸ ਵਿਚ ਵਾਧਾ ਕਰਨ ਦੀ ਥਾਂ ਤੇ ਐਨ.ਐਸ.ਏ. ਦੇ ਨਵੇਂ ਹੁਕਮ ਕੀਤੇ ਹਨ| ਅੰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਚ ਤਬਦੀਲ ਕਰਨ ਸਬੰਧੀ ਜੋ ਕੇਸ ਕੀਤਾ ਗਿਆ ਸੀ ਉਹ ਵੀ ਅਜੇ ਸੁਣਵਾਈ ਅਧੀਨ ਹੈ| 
ਵਰਨਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਪਲਪੀ੍ਰਤ ਸਿੰਘ, ਭਗਵੰਤ ਸਿੰਘ ਉਰਫ ਬਾਜੇਕੇ, ਗੁਰਮੀਤ ਸਿੰਘ ਬੁਕਣਵਾਲਾ, ਕੁਲਵੰਤ ਸਿੰਘ ਕਾਧੋਕੇ, ਸਰਬਜੀਤ ਸਿੰਘ ਕਲਸੀ, ਗੁਰਿੰਦਰ ਸਿੰਘ ਔਜਲਾ ਤੇ ਬਸੰਤ ਸਿੰਘ ਡਿਬਰੂਗੜ੍ਹ ਵਿਖੇ ਹੀ ਨਜ਼ਰਬੰਦ ਹਨ ਤੇ ਇਨ੍ਹਾਂ ਸਾਰਿਆਂ ਤੇ ਐਨ.ਐਸ.ਏ. ਦੁਬਾਰਾ ਲਗਾ ਦਿੱਤਾ ਗਿਆ ਹੈ| ਹਾਈਕੋਰਟ ਵਲੋਂ ਇਸ ਕੇਸ ਤੇ ਅਗਲੀ ਸੁਣਵਾਈ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਹੋਵੇਗੀ, ਜਿਸ ਵਿਚ ਪੰਜਾਬ ਸਰਕਾਰ ਵਲੋਂ ਨਜ਼ਰਬੰਦੀ ਸਬੰਧੀ ਨਵੇਂ ਹੁਕਮਾਂ ਸਬੰਧੀ ਜਾਣਕਾਰੀ ਪੇਸ਼ ਕੀਤੀ ਜਾਵੇਗੀ| ਸੂਚਨਾ ਅਨੁਸਾਰ ਪੰਜਾਬ ਸਰਕਾਰ ਵਲੋਂ ਐਨ.ਐਸ.ਏ. ਵਿਚ ਦੁਬਾਰਾ ਨਜ਼ਰਬੰਦੀ ਸਬੰਧੀ ਕੀ ਨਵਾਂ ਆਧਾਰ ਬਣਾਇਆ ਗਿਆ ਹੈ ਇਹ ਵੀ ਸਪੱਸ਼ਟ ਨਹੀਂ ਹੈ| ਭਾਈ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੂੰ ਅਪ੍ਰੈਲ 2023 ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ, ਦੇ ਬਹੁਤੇ ਸਾਥੀ ਮਾਰਚ 2023 ਚ ਹੀ ਗ੍ਰਿਫ਼ਤਾਰ ਕਰ ਲਏ ਗਏ ਸਨ| ਵਰਨਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਦੇ ਸੈਲ ਚੋਂ ਇਕ ਸਪਾਈ ਕੈਮਰਾ ਤੇ ਮੋਬਾਈਲ ਫੜੇ ਜਾਣ ਦੇ ਦਾਅਵੇ ਤੋਂ ਬਾਅਦ ਸਰਕਾਰ ਵਲੋਂ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਮੁਅੱਤਲ ਕਰਨ ਤੋਂ ਬਾਅਦ ਉਸ ਨੂੰ 8 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਸੀ| ਹਾਲਾਂਕਿ ਅੰਮ੍ਰਿਤਪਾਲ ਸਿੰਘ ਦਾ ਦੋਸ਼ ਹੈ ਕਿ ਇਹ ਸਪਾਈ ਕੈਮਰਾ ਉਨ੍ਹਾਂ ਦੀ ਜਾਸੂਸੀ ਕਰਨ ਲਈ ਲਗਾਇਆ ਹੋਇਆ ਸੀ| ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਤੇ ਦੂਜੇ ਪਰਿਵਾਰਕ ਮੈਂਬਰ ਵੀ ਮਗਰਲੇ ਕੁਝ ਸਮੇਂ ਤੋਂ ਅੰਮ੍ਰਿਤਸਰ ਹੈਰੀਟੇਜ ਸਟਰੀਟ ਤੇ ਧਰਨਾ ਲਗਾ ਰਹੇ ਹਨ ਤੇ ਉਨ੍ਹਾਂ ਵਲੋਂ ਭਾਈ ਅੰਮਿਬਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਤੇ ਉਨ੍ਹਾਂ ਦੀ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲੀ ਦੀ ਵੀ ਮੰਗ ਕੀਤੀ ਜਾ ਰਹੀ ਹੈ|
ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਸਿਖਾਂ ਨਾਲ ਅਨਿਆਂ ਕਰ ਰਹੀ ਹੈ| ਸਿੱਖ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਤੇ ਬੇਸ਼ਰਮੀ ਨਾਲ ਸਰਕਾਰੀ ਦਖ਼ਲਅੰਦਾਜ਼ੀ, ਰਾਜਸੀ ਕੈਦੀਆਂ ਦੀ ਰਿਹਾਈ ਵਿੱਚ ਨਿਆਇਕ ਸਿਸਟਮ ਦਾ ਦੋਹਰਾ ਚੇਹਰਾ, ਐਨ. ਐਸ. ਏ. ਦੀ ਘੋਰ ਦੁਰਵਰਤੋਂ, ਐਨ. ਆਈ. ਏ. ਰਾਹੀਂ ਦਮਨ-ਚੱਕਰ ਨੂੰ ਪੰਜਾਬ ਸਰਕਾਰ ਵਲੋਂ ਛੋਟ ਦੇਣੀ ਸੰਵਿਧਾਨ ਤੇ ਕਨੂੰਨ ਵਿਰੋਧੀ ਹਨ| ਭਾਈ ਅੰਮ੍ਰਿਤ ਪਾਲ ਸਿੰਘ ਤੇ ਉਸਦੇ ਸਾਥੀਆਂ ਨਾਲ ਜ਼ਾਲਮਾਨਾ ਸਲੂਕ ਘਟੀਆ ਤੇ ਜ਼ਾਲਮਾਨਾ ਵਰਤਾਰਾ ਹੈ| ਪੰਜਾਬ ਸਰਕਾਰ ਬੇਅੰਤ ਸਿੰਘ ਦੇ ਰਾਹਾਂ ਨੂੰ ਨਾ ਅਪਨਾਵੇ ਜਿਸ ਕਰਕੇ ਪੰਜਾਬ ਸਰਕਾਰ ਨੇ ਸੰਕਟ ਭੋਗਿਆ ਹੈ|
-ਰਜਿੰਦਰ ਸਿੰਘ ਪੁਰੇਵਾਲ