image caption:

ਨਿਊਯਾਰਕ ਸਟੇਟ ਅਸੈਂਬਲੀ ’ਚ ਖਾਲਸਾ ਸਾਜਨਾ ਦਿਵਸ ਮਨਾਇਆ

 ਅਮਰੀਕਾ ਦੇ ਸਿੱਖਾਂ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਦੇ ਬੈਨਰ ਹੇਠ ਨਿਊਯਾਰਕ ਸਟੇਟ ਅਸੈਂਬਲੀ ਕੰਪਲੈਕਸ ਵਿੱਚ ਖਾਲਸਾ ਸਾਜਨਾ ਦਿਵਸ (ਵਿਸਾਖੀ) ਮਨਾਇਆ ਗਿਆ। ਇਸ ਦੌਰਾਨ ਪਾਕਿਸਤਾਨ ਵਿਚ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਵੱਡਾ ਜਥਾ ਭਲਕੇ ਸ਼੍ਰੋਮਣੀ ਕਮੇਟੀ ਦਫਤਰ ਤੋਂ ਰਵਾਨਾ ਹੋਵੇਗਾ। ਵਰਲਡ ਸਿੱਖ ਪਾਰਲੀਮੈਂਟ ਸਿੱਖ ਜਥੇਬੰਦੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਨਿਊਯਾਰਕ ਸਟੇਟ ਅਸੈਂਬਲੀ ਵਿੱਚ ਮਨਾਏ ਗਏ ਸਮਾਗਮ ਦੌਰਾਨ ਅਸੈਂਬਲੀ ਮੈਂਬਰਾਂ ਜੇ. ਮਮਦਾਨੀ, ਗਰੇਸ ਲੀ, ਖਲੀਲ ਐਂਡਰਸਨ, ਸਟੀਵਨ ਰਾਗਾ, ਜੈਫਰੀਅਨ ਔਰਬੀ, ਜੈਸੀਕਾ ਗੌਂਜਾਲਿਜ਼ ਅਤੇ ਕੈਟਲੀਨਾ ਕਰੂਜ਼ ਆਦਿ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿੱਚ ਵਿਸਾਖੀ ਨੂੰ ਨੈਸ਼ਨਲ ਸਿੱਖ ਡੇਅ ਵਜੋਂ ਅਤੇ ਅਪਰੈਲ ਮਹੀਨੇ ਨੂੰ ਸਿੱਖ ਐਪਰੀਸੀਏਸ਼ਨ ਅਤੇ ਅਵੇਅਰਨੈਸ ਮੰਥ ਵਜੋਂ ਮਨਾਇਆ ਜਾਂਦਾ ਹੈ। ਇਸ ਸੰਦਰਭ ਵਿੱਚ ਨਿਊਯਾਰਕ ਸਟੇਟ ਅਸੈਂਬਲੀ ਕੰਪਲੈਕਸ ਵਿੱਚ ਵਿਸਾਖੀ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਜਿਸ ਵਿੱਚ ਕੋਵਿਡ ਦੌਰਾਨ ਨਿਊਯਾਰਕ ਤੇ ਹੋਰ ਥਾਵਾਂ &rsquoਤੇ ਸਿੱਖਾਂ ਵਲੋਂ ਲੋਕਾਂ ਲਈ ਲਾਏ ਗਏ ਲੰਗਰ, ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਭੇਜੀ ਗਈ ਮਦਦ, ਯੂਕਰੇਨ ਵਿੱਚ ਚੱਲ ਰਹੇ ਸੰਕਟ ਸਮੇਂ ਯੂਨਾਈਟਿਡ ਸਿਖਜ਼ ਨਾਲ ਮਿਲ ਕੇ ਕੀਤੇ ਗਏ ਰਾਹਤ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਸੈਂਬਲੀ ਮੈਂਬਰਾਂ ਵੱਲੋਂ ਕਈ ਸਿੱਖ ਮਾਮਲਿਆਂ ਵਿੱਚ ਸਿੱਖ ਭਾਈਚਾਰੇ ਨੂੰ ਅਹਿਮ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀ ਵੱਲੋਂ ਹਿੰਮਤ ਸਿੰਘ, ਬਲਜਿੰਦਰ ਸਿੰਘ, ਮੱਖਣ ਸਿੰਘ ਰੋਚੈਸਟਰ, ਸੁਖਜਿੰਦਰ ਸਿੰਘ ਬਾਜਵਾ, ਬਲਜੀਤ ਸਿੰਘ, ਚਰਨਜੀਤ ਸਿੰਘ ਸਮਰਾ, ਵਰਿੰਦਰ ਸਿੰਘ ਵਿੱਕੀ, ਜਸਲੀਨ ਕੌਰ, ਮਨਵੀਰ ਸਿੰਘ, ਜਗਪ੍ਰੀਤ ਸਿੰਘ ਸ਼ਾਮਿਲ ਹੋਏ।