image caption:

ਅਮਰੀਕਾ 'ਚ ਭਾਰਤੀ ਨੌਜਵਾਨ 'ਤੇ 2.50 ਲੱਖ ਡਾਲਰ ਦਾ ਇਨਾਮ, ਪਤਨੀ ਦਾ ਕਤਲ ਕਰ ਕੇ ਫਰਾਰ

 ਨਿਊਯਾਰਕ - ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਹਾਲ ਹੀ ਵਿਚ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ।

ਅਮਰੀਕਾ ਦੀ ਐੱਫ. ਬੀ. ਆਈ ਨੇ ਉਸ 'ਤੇ 2.50 ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ। ਐੱਫ.ਬੀ.ਆਈ. ਨੇ ਐਕਸ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਮਰੀਕਾ ਵਿਚ ਰਹਿੰਦੇ ਭਦਰੇਸ਼ ਕੁਮਾਰ ਪਟੇਲ ਨੇ 2015 ਵਿਚ ਆਪਣੀ ਪਤਨੀ ਪਲਕ ਪਟੇਲ ਦਾ ਕਤਲ ਕੀਤਾ ਸੀ ਤੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ।

ਉਸ ਸਮੇਂ ਭਦਰੇਸ਼ ਕੁਮਾਰ ਪਟੇਲ 24 ਸਾਲ ਦਾ ਸੀ। ਭਦਰੇਸ਼ ਅਤੇ ਉਸ ਦੀ ਪਤਨੀ ਪਲਕ ਦੋਵੇਂ ਅਮਰੀਕਾ ਦੇ ਹੈਨੋਵਰ, ਮੈਰੀਲੈਂਡ ਸੂਬੇ ਵਿਚ ਸਥਿਤ ਇੱਕ ਡੰਕਿਨ ਡੋਨਟਸ (ਕੌਫੀ ਸ਼ਾਪ) ਵਿਚ ਇਕੱਠੇ ਕੰਮ ਕਰਦੇ ਸਨ। ਭਦਰੇਸ਼ ਨੇ ਡੰਕਿਨ ਡੋਨਟਸ ਦੀ ਰਸੋਈ ਵਿੱਚ ਹੀ ਆਪਣੀ 21 ਸਾਲਾ ਪਤਨੀ ਪਲਕ ਪਟੇਲ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਘਟਨਾ ਦੇ ਸਮੇਂ ਬਹੁਤ ਸਾਰੇ ਗਾਹਕ ਮੌਜੂਦ ਸਨ।