image caption:

ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ

 ਬ੍ਰਿਟਿਸ਼ ਰਾਜਧਾਨੀ ਲੰਡਨ 'ਚ ਬੁੱਧਵਾਰ (24 ਅਪ੍ਰੈਲ) ਦੀ ਸਵੇਰ ਨੂੰ 5 ਘੋੜਿਆਂ ਨੂੰ ਸੜਕ 'ਤੇ ਬੇਤਰਤੀਬ ਦੌੜਦੇ ਦੇਖ ਕੇ ਲੋਕ ਹੈਰਾਨ ਰਹਿ ਗਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੁਝ ਘੋੜੇ ਜ਼ਖਮੀ ਵੀ ਸਨ। ਉਨ੍ਹਾਂ ਦੇ ਸਰੀਰ ਵਿੱਚੋਂ ਖੂਨ ਨਿਕਲ ਰਿਹਾ ਸੀ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਸ ਮਗਰੋਂ ਪੁਲਿਸ ਨੇ ਕਿਸੇ ਤਰ੍ਹਾਂ ਘੋੜਿਆਂ ਨੂੰ ਕਾਬੂ ਕਰਕੇ ਇਲਾਜ ਲਈ ਭੇਜ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਇਹ ਸਾਰੇ ਘੋੜੇ ਬ੍ਰਿਟਿਸ਼ ਫੌਜ ਦੇ ਸਨ, ਜੋ ਸ਼ਾਹੀ ਪਰਿਵਾਰ ਦੀ ਸੁਰੱਖਿਆ ਸੰਭਾਲਣ ਵਾਲੀ ਟੁਕੜੀ ਵਿਚ ਸ਼ਾਮਿਲ ਹਨ।
ਸੈਂਟਰਲ ਲੰਡਨ ਦੇ ਐਲਡਵਿਚ ਰੋਡ 'ਤੇ ਘੋੜੇ ਦੌੜ ਰਹੇ ਸਨ, ਜਿਸ ਕਾਰਨ ਉੱਥੇ ਟ੍ਰੈਫਿਕ ਜਾਮ ਹੋ ਗਿਆ। ਘੋੜੇ ਇੱਕ ਡਬਲ ਡੈਕਰ ਬੱਸ ਅਤੇ ਕਈ ਵਾਹਨਾਂ ਨਾਲ ਵੀ ਟਕਰਾ ਗਏ। ਇਸ ਕਾਰਨ ਉਹ ਜ਼ਖਮੀ ਹੋ ਗਏ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬ੍ਰਿਟਿਸ਼ ਆਰਮੀ ਨੇ ਦੱਸਿਆ ਕਿ ਬਕਿੰਘਮ ਪੈਲੇਸ ਨੇੜੇ ਬੇਲਗਰਾਵੀਆ 'ਚ 7 ਘੋੜਿਆਂ ਦੀ ਰਿਹਰਸਲ ਕੀਤੀ ਜਾ ਰਹੀ ਸੀ। ਇਹ ਰਸਮੀ ਰਿਹਰਸਲ ਹੈ ਜਿਸ ਨੂੰ ਟਰੂਪਿੰਗ ਦਿ ਕਲਰ ਕਿਹਾ ਜਾਂਦਾ ਹੈ। ਸਾਰੇ ਘੋੜੇ ਲਾਈਫ ਗਾਰਡਜ਼ ਦਲ ਦੇ ਸਨ ਜੋ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਲਈ ਤਾਇਨਾਤ ਹੈ।