image caption: ਕੁਲਵੰਤ ਸਿੰਘ ਢੇਸੀ

ਪੰਥਕ ਉਮੀਦਵਾਰਾਂ ਦੇ ਅਪੰਥਕ ਹੋਣ ਤੇ ਵਧ ਰਿਹਾ ਹੈ ਰੌਲਾ

 

ਲੋਕ ਰਾਜੀ ਪੰਘੂੜੇ ਬਰਤਾਨੀਆਂ ਦੇ ਲੋਕ ਰਾਜ ਵਿਚ ਮਘੋਰਾ

ਰੋ ਪਏ ਪੰਜਾਬੀ ਪਾਤਰ ਦੇ ਜਾਣ ਤੇ

ਜਿਵੇਂ ਜਿਵੇਂ ਪੰਜਾਬ ਵਿਚ ਲੋਕ ਸਭਾ ਚੋਣਾ ਦਾ ਮੈਦਾਨ ਭਖਦਾ ਨਜ਼ਰ ਆ ਰਿਹਾ ਹੈ ਤਿਵੇਂ ਤਿਵੇਂ ਦੂਸ਼ਣਬਾਜ਼ੀ ਅਤੇ ਗਾਲੀ ਗਲੋਚ ਵੀ ਵਧਦੀ ਜਾ ਰਹੀ ਹੈ। ਇਸ ਤਲਖ ਮਹੌਲ ਵਿਚ ਦਾਗੀ ਉਮੀਦਵਾਰਾਂ ਨੂੰ ਟਿਕਣਾ ਔਖਾ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਬਹਿੰਸ ਵੀ ਮਘਦੀ ਜਾ ਰਹੀ ਹੈ ਕਿ ਪੰਥ ਦੇ ਨਾਮ ਤੇ ਵੋਟਾਂ ਮੰਗਣ ਵਾਲੇ ਚਿਹਰੇ ਜਾਅਲੀ ਹਨ ਜਾਂ ਅਸਲੀ। ਇਸ ਦੀ ਅਹਿਮ ਮਿਸਾਲ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਰਮਿਆਨ ਚਲ ਰਿਹਾ ਮੁਕਾਬਲਾ ਹੈ। ਪੰਜਾਬ ਦੇ ਬਹੁਤ ਸਾਰੇ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਵਿਚੋਂ ਕੌਮ ਦੀ ਅਗਵਾਈ ਕਰਨ ਵਾਲੇ ਯੋਗ ਆਗੂ ਦਾ ਅਕਸ ਦੇਖ ਰਹੇ ਹਨ, ਜਦ ਕਿ ਕੁਝ ਲੋਕ ਉਸ ਨੂੰ ਗਰਮ ਖਿਆਲੀ ਅਤੇ ਦੂਰ ਅੰਦੇਸ਼ੀ ਦੀ ਘਾਟ ਵਾਲਾ ਆਗੂ ਸਮਝਦੇ ਹਨ। ਦੂਜੇ ਪਾਸੇ ਭਾਈ ਵਿਰਸਾ ਸਿੰਘ ਵਲਟੋਹਾ ਭਾਵੇਂ ਖਾੜਕੂ ਵਿਰਾਸਤ ਦੀ ਦਾਅਵੇਦਾਰੀ ਕਰਦਾ ਹੈ ਪਰ ਬਹੁਤ ਸਾਰੇ ਲੋਕ ਉਸ ਤੇ ਬਹੁਤ ਘਟੀਆ ਇਲਜ਼ਾਮ ਬਾਜ਼ੀ ਕਰ ਰਹੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਖਡੂਰ ਸਾਹਿਬ ਹਲਕੇ ਵਿਚ ਆਪਣੀ ਚਮੜੀ ਬਚਾਉਣ ਲਈ ਵਲਟੋਹੇ ਦਾ ਸਿਰ ਉਖਲ਼ੀ ਵਿਚ ਦਿੱਤਾ ਹੋਇਆ ਹੈ। ਨਾ ਕੇਵਲ ਅਕਾਲੀ ਦਲ ਵਿਚ ਹੀ ਸਗੋਂ ਦੂਜੀਆਂ ਪਾਰਟੀਆਂ ਵਿਚ ਕਈ ਆਗੂ ਆਪਣੇ ਆਪ ਨੂੰ ਪੰਥਕ ਆਗੂ ਬਿਆਨਣ ਦਾ ਭਰਮ ਪਾਲ ਰਹੇ ਹਨ।

ਹਾਲਾਤ ਏਨੇ ਹਾਸੋਹੀਣੇ ਹਨ ਕਿ ਕਿਸੇ ਵੀ ਆਗੂ ਬਾਰੇ ਕੁਝ ਪਤਾ ਨਹੀਂ ਕਦੋਂ ਉਸ ਨੇ ਦਲ ਬਦਲੀ ਕਰ ਲੈਣੀ ਹੈ। ਪਹਿਲਾਂ ਜੋ ਆਗੂ ਇੱਕ ਸਿਆਸੀ ਪਾਰਟੀ ਦੀ ਸਿਫਤ ਕਰਦਾ ਨਹੀਂ ਸੀ ਥੱਕਦਾ ਪਾਰਟੀ ਬਦਲਦੇ ਸਾਰ ਹੀ ਉਹ ਉਸੇ ਪਾਰਟੀ ਨੂੰ ਭੰਡਣ ਲੱਗ ਪੈਂਦਾ ਹੈ ਅਤੇ ਨਵੇਂ ਦਲ ਦੀ ਸਿਫਤ ਕਰਨੀ ਸ਼ੁਰੂ ਕਰ ਦਿੰਦਾ ਹੈ।

ਬਹੁ ਚਰਚਿਤ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਬੀਬੀ ਪਰਮਪਾਲ ਕੌਰ, ਮਲੂਕੇ ਦਾ ਬੇਟਾ ਅਤੇ ਉਸ ਦੀ ਪਤਨੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਦੀ ਸ਼ਰਨ ਵਿਚ ਜਾ ਚੁੱਕੇ ਹਨ। ਬੀਬੀ ਪਰਮਪਾਲ ਇੱਕ ਆਈ ਏ ਐਸ ਅਫਸਰ ਹੈ ਜਿਸ ਨੇ ਅਸਤੀਫਾ ਦੇ ਕੇ ਝਾਜਪਾ ਦਾ ਪੱਲਾ ਫੜ ਲਿਆ ਪਰ ਸਰਕਾਰ ਨੇ ਉਸ ਦਾ ਅਸਤੀਫਾ ਇਹ ਕਹਿ ਕੇ ਨਾ ਮਨਜ਼ੂਰ ਕਰ ਦਿੱਤਾ ਸੀ ਕਿ ਉਸ ਦਾ ਤਰੀਕਾ ਗਲਤ ਸੀ। ਸਾਡੇ ਰਾਜਨੀਤਕ ਆਗੂ ਅਸੂਲਾਂ ਕਰਕੇ ਨਹੀਂ ਸਗੋਂ ਆਪਣੇ ਨਿੱਜੀ ਸੁਆਰਥ ਲਈ ਸਿਆਸੀ ਦਲਾਂ ਵਿਚ ਦਾਖਲ ਹੁੰਦੇ ਹਨ ਅਤੇ ਫਿਰ ਆਪਣਾ ਸੁਆਰਥ ਬਦਲਦੇ ਹੀ ਛੜੱਪੇ ਮਾਰ ਕੇ ਏਧਰੋਂ ਓਧਰ ਜਾਂਦੇ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਆਗੂ ਤਾਂ ਆਈ ਬੀ ਦੇ ਛਾਪਿਆਂ ਤੋਂ ਡਰਦੇ ਹੀ ਭਾਜਪਾ ਦੀ ਛਤਰੀ ਹੇਠ ਜਾ ਰਹੇ ਹਨ


ਏਥੇ ਅਸੀਂ ਕੇਵਲ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਕਿਸੇ ਦੇ ਪੰਥਕ ਹੋਣ ਜਾਂ ਨਾ ਹੋਣ ਦੀ ਬਹਿਂਸ ਚੱਲ ਰਹੀ ਹੈ ਇਸ ਦਾ ਕੀ ਸਾਰ ਬਣਦਾ ਹੈ। ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਅਕਾਲੀ ਦਲ ਨੂੰ ਪੰਥਕ ਸਮਝ ਕੇ ਵੋਟਾਂ ਪਉਂਦੇ ਰਹੇ ਹਨ ਪਰ ਜਦ ਤੋਂ ਅਕਾਲੀ ਦਲ ਨੇ ਪੰਥਕ ਦਲ ਹੋਣ ਦੀ ਬਜਾਏ ਸਿਆਸੀ ਦਲ ਦਲ ਬਣਨ ਦਾ ਅਮਲ ਸ਼ੁਰੂ ਕਰ ਦਿੱਤਾ ਤਾਂ ਹੌਲੀ ਹੌਲੀ ਲੋਕਾਂ ਦਾ ਮੋਹ ਅਕਾਲੀ ਦਲ ਤੋਂ ਟੁੱਟਣ ਲੱਗ ਪਿਆ। ਇਸੇ ਤਰਾਂ ਕਾਂਗਰਸ ਨੂੰ ਭਾਰਤ ਦੀ ਅਜ਼ਾਦੀ ਦੀ ਪਿੱਠਭੂਮੀ ਵਿਚ ਇੱਕ ਵਫਾਦਾਰ ਰਾਸ਼ਟਰੀ ਦਲ ਵਜੋਂ ਦੇਖਿਆ ਜਾਂਦਾ ਸੀ ਪਰ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਦਾ ਮੋਹ ਕਾਂਗਰਸ ਤੋਂ ਉੱਠ ਗਿਆ ਅਤੇ ਉਹ ਬਦਲੇ ਹੋਏ ਹਾਲਾਤਾਂ ਵਿਚ ਅਕਾਲੀ ਦਲ ਵਲ ਉੱਲਰ ਗਏ। ਭਾਰਤ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਹੀ ਅਦਲਾ ਬਦਲੀ ਹੁੰਦੀ ਰਹੀ ਹੈ ਜਦ ਕਿ ਭਾਜਪਾ ਨੂੰ ਅਕਾਲੀ ਦਲ ਵਿਚ ਸੀਮਤ ਸੱਤਾ ਪ੍ਰਾਪਤ ਰਹੀ ਹੈ। ਫਿਰ ਅਚਾਨਕ ਹੀ ਪੰਜਾਬ ਦੇ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਵਿਚ ਪੈ ਗਿਆ ਪਰ ਜਾਪਦਾ ਹੈ ਕਿ ਇਹ ਮੋਹ ਹੁਣ ਦਿਨੋ ਦਿਨ ਭੰਗ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੀ ਸਿਆਸਤ ਹੁਣ ਕਿਸੇ ਵੀ ਰਾਜਨੀਤਕ ਦਲ ਦੇ ਰੁਤਬੇ ਨਾਲੋਂ ਉਮੀਦਵਾਰਾਂ ਦੇ ਨਿੱਜੀ ਕੱਦ ਅਕਾਰ ਵਲ ਵਧਦੀ ਜਾ ਰਹੀ ਹੈ। ਇਹ ਰਾਜਨੀਤੀ ਬੜਾ ਖਰਚੀਲਾ ਧੰਦਾ ਹੈ ਜਿਸ ਵਿਚ ਨਸ਼ਿਆਂ ਦੀ ਵਰਤੋਂ ਆਮ ਹੁੰਦੀ ਹੈ। ਜਿਸ ਉਮੀਦਵਾਰ ਨੇ ਚੋਣਾਂ ਜਿੱਤਣ ਲਈ ਅੰਨ੍ਹਾਂ ਪੈਸਾ ਖਰਚਣਾ ਹੈ ਉਸ ਨੇ ਸੱਤਾ ਹਾਸਲ ਹੁੰਦਿਆਂ ਹੀ ਉਹ ਪੈਸਾ ਨਜਾਇਜ ਤਰੀਕੇ ਵਰਤ ਕੇ ਜਮ੍ਹਾਂ ਵੀ ਕਰਨਾ ਹੁੰਦਾ ਹੈ ਇਸ ਕਰਕੇ ਕਿਸੇ ਉਮੀਦਵਾਰ ਤੋਂ ਇਹ ਉਮੀਦ ਕਰਨੀ ਔਖੀ ਹੈ ਕਿ ਉਹ ਚੋਣਾਂ ਜਿੱਤ ਕੇ ਪੰਥਕ ਜਾਂ ਦੇਸ਼ ਭਗਤ ਰਹੇਗਾ। ਪੰਥ ਤੇ ਦੇਸ਼ ਭਗਤੀ ਦੀ ਦਾਅਵੇਦਾਰੀ ਅਕਸਰ ਜਾਅਲੀ ਹੁੰਦੀ ਹੈ। ਹੁਣ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸੱਚੇ ਅਰਥਾਂ ਵਿਚ ਪੰਥਕ ਕੌਣ ਹੈ ਜਾਂ ਹੋ ਸਕਦਾ ਹੈ।

ਪੰਥ ਲਫਜ਼ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਸਬੰਧੀ ਵਰਤਿਆ ਹੈ। ਭਾਈ ਸਾਹਿਬ ਜੀ ਨੇ ੪੫ਵੀਂ ਪਉੜੀ ਵਿਚ ਗੁਰੂ ਅੰਗਦ ਸਾਹਿਬ ਜੀ ਦੀ ਗੁਰਿਆਈ ਦੇ ਸਬੰਧ ਵਿਚ ਇਹ ਸਤਰਾਂ ਲਿ਼ਖੀਆਂ ਹਨ &mdashਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥੁ ਚਲਾਇਆ॥ ਜਿਸ ਦਾ ਭਾਵ ਹੈ ਗੁਰੂ ਨਾਨਕ ਸਾਹਿਬ ਨੇ ਇਸ ਜਗਤ ਵਿਚ &lsquoਨਿਰਮਲ ਪੰਥ&rsquo ਨਾਮ ਦਾ ਧਰਮ ਜਾਂ ਮਾਰਗ ਚਲਾਇਆ। ਨਿਰਮਲ ਦਾ ਭਾਵ ਸੱਚਾ ਸੁੱਚਾ ਹੁੰਦਾ ਹੈ ਅਤੇ ਪੰਥ ਤੋਂ ਭਾਵ ਰਾਹ ਜਾ ਮਾਰਗ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੀ ਇਹ ਮਾਰਗ ਕੇਵਲ ਸਿੱਖਾਂ ਨੂੰ ਹੀ ਦਿੱਤਾ ਜਾਂ ਕੁਲ ਮਨੁੱਖਤਾ ਨੂੰ? ਏਥੇ ਅਸੀਂ ਇੱਕ ਸਵਾਲ ਕਰਕੇ ਅਰਥ ਸਪੱਸ਼ਟ ਤੌਰ &lsquoਤੇ ਸਮਝ ਸਕਦੇ ਹਾਂ ਕਿ ਕੀ ਗੁਰੂ ਨਾਨਕ ਸਾਹਿਬ ਦੇ ਸਾਰੀ ਜ਼ਿੰਦਗੀ ਅੰਗ ਸੰਗ ਰਹਿਣ ਵਾਲੇ ਭਾਈ ਮਰਦਾਨਾ ਜੀ ਪੰਥਕ ਸਨ ਜਾਂ ਨਹੀਂ? ਜਾਂ ਗੁਰ ਇਤਹਾਸ ਵਿਚ ਅੱਗੇ ਜਾ ਕੇ ਕੀ ਦਸਵੇਂ ਪਾਤਸ਼ਾਹ ਲਈ ਆਪਣਾ ਸਾਰਾ ਪਰਿਵਾਰ ਵਾਰਨ ਵਾਲੇ ਪੀਰ ਬੁੱਧੂ ਸ਼ਾਹ ਪੰਥਕ ਸਨ ਜਾਂ ਨਹੀਂ?


ਇਸ ਦਾ ਮਤਲਬ ਇਹ ਹੈ ਕਿ ਸੱਚ ਦੇ ਰਾਹ &lsquoਤੇ ਚੱਲਣ ਵਾਲਾ ਵਿਅਕਤੀ ਜਾਂ ਵਿਅਕਤੀ ਸਮੂਹ ਹੀ ਪੰਥਕ ਹੋ ਸਕਦਾ ਹੈ। ਗੁਰਦੁਆਰਾ ਸੁਧਾਰ ਲਹਿਰ ਸਮੇਂ ਅਕਾਲੀ ਦਲ ਦਾ ਰੁਤਬਾ ਏਨਾ ਉੱਚਾ ਉੱਠ ਗਿਆ ਸੀ ਕਿ ਅਕਾਲੀ ਦਲ ਨੂੰ ਪੰਥਕ ਰੁਤਬਾ ਮਿਲਣਾ ਸਹਿ ਸੁਭਾ ਸੀ। ਪਰ ਜਦੋਂ ਤੋਂ ਅਕਾਲੀ ਆਗੂ ਸਿੱਖ ਸਿਧਾਤਾਂ ਤੋਂ ਥਿੜਕਦੇ ਗਏ ਤਾਂ ਅਕਾਲੀ ਦਲ ਦੇ ਪੰਥਕ ਮਰਤਬੇ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ। ਵਿਰਾਸਤੀ ਅਕਾਲੀ ਦਲ ਜਦੋਂ ਪ੍ਰਕਾਸ਼ ਸਿੰਘ ਬਾਦਲ ਵਰਗੇ ਖੁਦਗਰਜ਼, ਮੌਕਾ ਪ੍ਰਸਤ ਅਤੇ ਪਰਿਵਾਰ ਪ੍ਰਸਤ ਪੂੰਜੀਪਤੀ ਦੀ ਨਿੱਜੀ ਮਲਕੀਅਤ ਬਣ ਗਿਆ ਤਾਂ ਉਸ ਦੇ ਬਦਲ ਲਈ ਅਨੇਕਾਂ ਅਕਾਲੀ ਦਲ ਬਣੇ। ਇਹਨਾ ਅਕਾਲੀ ਦਲਾਂ ਨੇ ਆਪਣੀ ਵੱਖਰੀ ਪਛਾਣ ਲਈ ਆਪਣੇ ਦਲਾਂ ਦੇ ਨਾਲ ਜਿਸ ਵੇਲੇ ਵੱਖੋ ਵੱਖ ਲਕਬ ਲਉਣੇ ਸ਼ੁਰੂ ਕਰ ਦਿੱਤੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਦਲ ਦੇ ਨਾਮ ਨਾਲ ਅਕਾਲੀ ਦਲ ਬਾਦਲ ਲਾ ਲਿਆ ਜਿਸ ਤੋਂ ਇਹੀ ਭਾਵ ਬਣਦਾ ਸੀ ਕਿ ਇਹ ਦਲ ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਉਸ ਦੇ ਪਰਿਵਾਰ ਦੀ ਨਿੱਜੀ ਮਲਕੀਅਤ ਹੈ। ਇਸ ਦਲ ਵਿਚ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਫੈਸਲੇ ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਮੁਤਾਬਕ ਹੁੰਦੇ ਸਨ ਅਤੇ ਦਲ ਦੇ ਜਿਸ ਕਿਸੇ ਆਗੂ ਨੇ ਵੀ ਕਿਸੇ ਗਲੋਂ ਅਸਹਿਮਤੀ ਪ੍ਰਗਟ ਕੀਤੀ ਤਾਂ ਉਸ ਨੂੰ ਲਾਂਭੇ ਕਰ ਦਿੱਤਾ ਗਿਆਇਸ ਦਲ ਲਈ ਵੱਡੀ ਚਣੌਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗਠਨ ਵੇਲੇ ਹੋਈ ਸੀ ਜਿਸ ਦਾ ਕਿ ਸ: ਸਿਮਰਨਜੀਤ ਸਿੰਘ ਸਰਬਸੰਮਤੀ ਨਾਲ ਆਗੂ ਬਣ ਗਿਆ ਸੀ ਅਤੇ ਸੰਨ ੧੯੮੯ ਨੂੰ ਇਹ ਦਲ ਲੋਕ ਸਭਾ ਦੀਆਂ ੧੩ ਸੀਟਾਂ ਵਿਚੋਂ ੭ ਸੀਟਾਂ &lsquoਤੇ ਜਿੱਤ ਹਾਸਲ ਕਰਨ ਵਿਚ ਸਫਲ ਹੋ ਗਿਆ ਪਰ ਸ: ਸਿਮਰਨਜੀਤ ਸਿੰਘ ਦੀ ਅਗਵਾਈ ਵਿਚ ਇਹ ਦਲ ਸੁੰਗੜ ਕੇ ਉਸ ਦੀ ਨਿੱਜੀ ਸੀਟ ਤਕ ਸੀਮਤ ਹੋ ਗਿਆ ਅਤੇ ਹੁਣ ਇਹ ਦਲ ਭਾਰਤ ਦੇ ਚੋਣ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਦੇ ਨਾਮ ਨਾਲ ਰਜਿਸਟਰ ਹੈ।

ਇਹ ਸਭ ਵਿਆਖਿਆ ਦੇਣ ਤੋਂ ਭਾਵ ਇਹ ਹੀ ਹੈ ਕਿ ਹੁਣ ਸਿੱਖਾਂ ਦਾ ਕੋਈ ਵੀ ਐਸਾ ਸਿਆਸੀ ਇਕੱਠ ਨਹੀਂ ਹੈ ਜੋ ਕਿ ਪੰਥਕ ਦਾਅਵੇਦਾਰੀ ਕਰ ਸਕੇ। ਕੁਝ ਲੋਕਾਂ ਦਾ ਖਿਆਲ ਹੈ ਕਿ ਜੇਕਰ ਬਾਦਲ ਅਕਾਲੀ ਦਲ ਨਾਲੋਂ ਬਾਦਲਾਂ ਦਾ ਨਾਮ ਲਾਹ ਦਿਤਾ ਜਾਵੇ ਤਾਂ ਸ਼ਾਇਦ ਇਸ ਦਲ ਨੂੰ ਮੁੜ ਪੰਥਕ ਰੁਤਬਾ ਹਾਸਲ ਹੋ ਜਾਵੇ ਪਰ ਇਹ ਸਪੱਸ਼ਟ ਹੈ ਕਿ ਜਦੋਂ ਤਕ ਸੁਖਬੀਰ ਸਿੰਘ ਬਾਦਲ ਕਾਇਮ ਮੁਕਾਮ ਹੈ ਉਦੋਂ ਤਕ ਇਹ ਦਲ ਬਾਦਲ ਪਰਿਵਾਰ ਦੀ ਨਿੱਜੀ ਮਲਕੀਅਤ ਵਜੋ ਹੀ ਚੱਲੇਗਾ ਅਤੇ ਦਲ ਦੇ ਸਾਰੇ ਫੈਸਲੇ ਇਸ ਪਰਿਵਾਰ ਦੀ ਮਰਜ਼ੀ ਮੁਤਾਬਕ ਹੀ ਹੋਣਗੇ।

ਜੇਕਰ ਅਸੀਂ ਲੋਕਤੰਤਰ ਦੇ ਸੰਕਲਪ ਦੀ ਗੱਲ ਕਰੀਏ ਤਾਂ ਅਗਾਂਹ ਵਧੂ ਰਾਜਨੀਤੀ ਵਿਚ ਸਿਆਸੀ ਪਾਰਟੀਆਂ ਦਾ ਰੁਤਬਾ ਉਹਨਾ ਪਾਰਟੀਆਂ ਦੀਆਂ ਲੋਕ ਹਿੱਤੀ ਨੀਤੀਆਂ ਤੇ ਅਧਾਰਤ ਹੁੰਦਾ ਹੈ ਨਾ ਕਿ ਕਿਸੇ ਧਰਮ, ਜ਼ਾਤ ਜਾਂ ਰੰਗ ਨਸਲ ਤੇ। ਜਦੋਂ ਤੋਂ ਅਕਾਲੀ ਦਲ (ਬਾਦਲ) ਨੇ ਗੈਰ ਸਿੱਖਾਂ ਨੂੰ ਵੀ ਅਕਾਲੀ ਦਲ ਵਿਚ ਲੈਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਸਾਰੇ ਸਿੱਖਾਂ ਦੀ ਇਹ ਸ਼ਿਕਾਇਤ ਸੀ ਕਿ ਇਹ ਦਲ ਹੁੰਣ ਪੰਥਕ ਨਹੀਂ ਰਿਹਾ ਸਗੋਂ ਇਹ ਪੰਜਾਬ ਪਾਰਟੀ ਬਣ ਗਿਆ ਹੈ ਜਦ ਕਿ ਇਸ ਤਰਾਂ ਦਾ ਫਤਵਾ ਦੇਣਾ ਲੋਕ ਮੁੱਲਾਂ ਦੇ ਖਿਲਾਫ ਹੈ। ਜੇਕਰ ਅਕਾਲੀ ਦਲ (ਬਾਦਲ) ਲੋਕ ਹਿੱਤਾਂ ਤੇ ਪਹਿਰਾ ਦਿੰਦੇ ਹੋਏ ਸੱਚੀ ਸੁੱਚੀ ਰਾਜਨੀਤੀ ਕਰਦਾ ਤਾਂ ਗੈਰ ਸਿੱਖ ਉਮੀਦਵਾਰਾਂ ਦੇ ਅਕਾਲ ਦਲ ਸ਼ਾਮਲ ਹੋਣ ਦੇ ਬਾਵਜ਼ੂਦ ਵੀ ਅਕਾਲੀ ਦਲ ਦੀ ਪੰਥਕ ਛਵੀ ਨੂੰ ਢਾਅ ਨਹੀਂ ਸੀ ਲੱਗਣੀ। ਸੱਚੀ ਗੱਲ ਤਾਂ ਇਹ ਹੈ ਕਿ ਬਹੁ ਧਰਮੀ, ਬਹੁ ਭਾਸ਼ੀ ਅਤੇ ਬਹੁ ਜਾਤੀ ਕਿਸੇ ਖਿੱਤੇ ਵਿਚ ਕਿਸੇ ਇੱਕ ਵਿਸ਼ੇਸ਼ ਧਰਮ ਤੇ ਅਧਾਰਤ ਕਿਸੇ ਸਿਆਸੀ ਦਲ ਦਾ ਬੋਲਬਾਲਾ ਉਸੇ ਹਾਲਤ ਵਿਚ ਜਾਇਜ਼ ਹੋ ਸਕਦਾ ਹੈ ਜੇਕਰ ਉਸ ਵਿਚ ਦੂਜੇ ਧਰਮਾ ਅਤੇ ਜਾਤੀਆਂ ਦੇ ਹਿੱਤ ਬਰਾਬਰ ਸ਼ਾਮਲ ਹੋਣ। ਸੰਨ ਚੁਰਾਸੀ ਦੇ ਹੱਲੇ ਤੋਂ ਬਾਅਦ ਪੰਜਾਬ ਵਿਚ ਜਿਸ ਤਰਾਂ ਹਿੰਦੂ ਸਿੱਖਾਂ ਵਿਚ ਪਾੜਾ ਪੈ ਗਿਆ ਸੀ ਉਸ ਨੂੰ ਰੋਕਣ ਵਿਚ ਅਤੇ ਪ੍ਰਦੇਸ਼ ਵਿਚ ਸਾਂਝੀਵਾਲਤਾ ਦਾ ਮਹੌਲ ਕਾਇਮ ਕਰਨ ਵਿਚ ਅਕਾਲੀ ਦਲ ਦੇ ਭਾਜਪਾ ਨਾਲ ਗਠਜੋੜ ਨੇ ਬਣਦਾ ਕਿਰਦਾਰ ਨਿਭਾਇਆ ਹੈ ਅਤੇ ਅਕਾਲੀ ਦਲ ਨੇ ਪ੍ਰਦੇਸ਼ ਦੇ ਦਲਿਤ ਵਰਗ ਨੂੰ ਵੀ ਨਿਰਾਸ਼ ਨਹੀਂ ਹੋਣ ਦਿੱਤਾ ਪਰ ਅਫਸੋਸ ਕਿ ਜਦੋ ਤੋਂ ਇਹ ਅਕਾਲੀ ਦਲ ਮਹਿਜ਼ ਬਾਦਲ ਦਲ ਬਣ ਗਿਆ ਅਤੇ ਫਿਰ ਸੁਆਰਥ,ਪਰਿਵਾਰ ਪ੍ਰਸਤੀ ਦੇ ਨਾਲ ਨਾਲ ਇਹ ਦਲ ਦੇਹਧਾਰੀਆਂ ਦੇ ਪੈਰਾਂ &lsquoਤੇ ਅੰਨੇ ਵਾਹ ਡਿਗ ਪਿਆ ਤਾਂ ਇਹ ਲੋਕਾਂ ਦੇ ਮਨੋ ਲਹਿ ਗਿਆ।ਬੀ ਜੇ ਪੀ ਹੁਣ ਭਾਰਤ ਵਿਚ ਹਾਵੀ ਹੈ ਅਤੇ ਆਮ ਲੋਕ ਰਾਏ ਹੈ ਕਿ ਜੇਕਰ ਇਸ ਵਾਰ ਵੀ ਜੇਕਰ ਬੀ ਜੇ ਪੀ ਜਿੱਤ ਜਾਂਦੀ ਹੈ ਤਾਂ ਭਾਰਤ ਵਿਚ ਇਹ ਪੱਕੇ ਪੈਰੀਂ ਹੋ ਜਾਵੇਗੀ ਅਤੇ ਫਾਸ਼ੀਵਾਦ ਭਾਰੂ ਹੋ ਜਾਵੇਗਾ। ਭਾਰਤ ਵਿਚ ਬੀ ਜੇ ਪੀ ਦੇ ਫਾਸ਼ੀ ਰੱਥ ਦਾ ਮੁਕਾਬਲਾ ਕਰਨ ਦੀ ਜੇਕਰ ਕਿਸੇ ਵਿਚ ਹਿੰਮਤ ਹੈ ਤਾਂ ਉਹ ਕੇਵਲ ਅਕਾਲੀ ਦਲ ਹੀ ਹੈ ਜਿਵੇਂ ਕਿ ਅਕਾਲੀ ਦਲ ਨੇ ਇੰਦਰਾਂ ਗਾਂਧੀ ਦੀ ਐਮਰਜੈਂਸੀ ਸਮੇਂ ਕੀਤਾ ਸੀ। ਜੇਕਰ ਸ: ਸੁਖਬੀਰ ਸਿੰਘ ਦੀ ਅਗਵਾਈ ਵਿਚ ਅਕਾਲੀ ਦਲ ਮੁੜ ਇਹ ਕ੍ਰਿਸ਼ਮਾ ਕਰਨ ਦੇ ਕਾਬਲ ਹੋਣ ਗਿਆ ਤਾਂ ਅਕਾਲੀ ਦਲ ਨੂੰ ਸਹਿ ਸੁਭਾ ਹੀ ਪੰਥਕ ਰੁਤਬਾ ਹਾਸਲ ਹੋ ਜਾਵੇਗਾ। ਪੰਜਾਬ ਦੇ ਲੋਕ ਤਾਂ ਹਾਲੇ ਵੀ ਅਕਾਲੀ ਦਲ ਦੇ ਪੰਥਕ ਅਤੇ ਸਰਬਪ੍ਰਵਾਣਤ ਹੋਣ ਦੀ ਰਾਹ ਵਲ ਦੇਖ ਰਹੇ ਹਨ।

ਲੋਕ ਰਾਜੀ ਪੰਘੂੜੇ ਬਰਤਾਨੀਆਂ ਦੇ ਪੰਘੂੜੇ ਵਿਚ ਮਘੋਰੇ ਦਾ ਖਤਰਾ

ਬਰਤਾਨੀਆਂ ਦੀਆਂ ਸਥਾਨਕ ਚੋਣਾ ਵਿਚ ਲੇਬਰ ਦੀ ਧੜੱਲੇ ਨਾਲ ਜਿੱਤ ਹੋਈ ਹੈ ਅਤੇ ਲੇਬਰ ਨੇ ਟੋਰੀਆਂ ਦੇ ਅਨੇਕਾਂ ਹਲਕਿਆਂ ਵਿਚ ਮਘੋਰੇ ਕਰ ਦਿੱਤੇ ਹਨ। ਲੇਬਰ ਦੀ ਇਸ ਜਿੱਤ ਨੇ ਰਿਸ਼ੀ ਸੁਨਿਕ ਸਾਹਮਣੇ ਵੱਡੀ ਚਣੌਤੀ ਖੜ੍ਹੀ ਕਰ ਦਿੱਤੀ ਹੈ ਅਤੇ ਉਸ ਨੂੰ ਅਗਲੀਆਂ ਪਾਰਲੀਮੈਂਟਰੀ ਚੋਣਾ ਵਿਚ ਲੇਬਰ ਦੀ ਜਿੱਤ ਨੂੰ ਕੰਧ&lsquoਤੇਲਿਖਿਆ ਪੜਨਾ ਪੈ ਰਿਹਾ ਹੈ ਭਾਂਵੇਂ ਕਿ ਉਸ ਦੀ ਜਾਚੇ ਭਵਿੱਖ ਵਿਚ ਹੰਗ ਪਾਰਲੀਮੈਂਟ ਵੀ ਹੋ ਸਕਦੀ ਹੈ। ਟੋਰੀ ਵੋਟ ਬੈਂਕ ਵਿਚ ਮਘੋਰਿਆਂ ਦਾ ਵੱਡਾ ਕਾਰਨ ਇਜ਼ਰਾਈਲ ਵਲੋਂ ਗਾਜ਼ਾ ਤੇ ਕੀਤੇ ਜਾ ਰਹੇ ਹਮਲੇ ਅਤੇ ਜੰਗੀ ਜ਼ੁਰਮ ਜਾਰੀ ਰੱਖਣਾ ਮੰਨਿਆ ਜਾ ਰਿਹਾ ਹੈ। ਇਹਨਾ ਚੋਣਾਂ ਵਿਚ ਦਰਜਨਾ ਮੁਸਲਮਾਨ ਉਮੀਦਵਾਰ ਕਾਮਯਾਬ ਹੋਏ ਹਨ ਜੋ ਕਿ ਇਜ਼ਰਾਈਲ ਦੇ ਖਿਲਾਫ ਮੁਜ਼ਾਹਰੇ ਕਰਨ ਵਿਚ ਸਰਗਰਮ ਰਹੇ ਸਨ। ਲੇਬਰ ਆਗੂ ਸਰ ਕੀਅਰ ਸਟਾਮਰ ਨੂੰ ਮੁਸਲਮਾਨ ਉਮੀਦਵਾਰਾਂ ਵਲੋਂ ੧੮ ਮੰਗਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਅਤੇ ਇਹ ਭਵਿੱਖਬਾਣੀਆਂ ਹੋਣ ਲੱਗ ਪਈਆਂ ਹਨ ਇਸ ਵਾਰ ਦੀਆਂ ਪਾਰਲੀਮੈਂਟਰੀ ਚੋਣਾਂ ਵਿਚ ਮੁਸਲਮਾਨ ਵੋਟ ਆਪਣਾ ਬੋਲਬਾਲਾ ਵਿਖਾਉਣ ਵਾਲੀ ਹੈ। ਲੰਡਨ ਦੇ ਮੇਅਰ ਸਦੀਕ ਖਾਨ ਸਮੇਤ ਅਨੇਕਾਂ ਐਸੇ ਮੁਸਲਮਾਨ ਚਿਹਰੇ ਹਨ ਜੋ ਕਿ ਅਉਣ ਵਾਲੀ ਰਾਜਨੀਤੀ ਨੂੰ ਪ੍ਰਭਾਵਤ ਕਰਨਗੇ। ਇਹਨੀ ਦਿਨੀ ਇੱਕ ਉੱਡਦੀ ਉੱਡਦੀ ਖਬਰ ਇਹ ਵੀ ਮਿਲੀ ਹੈ ਕਿ ਯੂ ਕੇ ਵਿਚ ਮੁਸਲਮਾਨਾਂ ਵਲੋਂ ਪਾਰਟੀ ਆਫ ਇਸਲਾਮ ਨਾਮ ਦੀ ਇੱਕ ਰਾਜਨੀਤਕ ਪਾਰਟੀ ਰਜਿਸਟਰ ਕਰਵਾ ਲਈ ਗਈ ਹੈ।

ਹੁਣ ਇਹ ਪੇਸ਼ਨਗੋਈਆਂ ਹੋਣ ਲੱਗੀਆਂ ਹਨ ਕਿ ਜੇਕਰ ਪਾਰਟੀ ਆਫ ਇਸਲਾਮ ਬਰਤਾਨੀਆਂ ਵਿਚ ਹਰਕਤ ਵਿਚ ਅਉਂਦੀ ਹੈ ਤਾ ਦੇਸ਼ ਦੇ ਚਾਲੀ ਲੱਖ ਮੁਸਲਮਾਨਾ ਦੀ ਹਿਮਾਇਤ ਨਾਲ ਇਹ ਪਾਰਟੀ ਰਾਤੋ ਰਾਤ ਬਰਤਾਨੀਆਂ ਦੀ ਤੀਜੀ ਵੱਡੀ ਰਾਜਨੀਤਕ ਪਾਰਟੀ ਬਣ ਜਾਵੇਗੀ ਜੋ ਕਿ ਆਪਣੀਆਂ ਉਲਾਰ ਇਸਲਾਮਕ ਕੱਟੜਪੰਥੀ ਨੀਤੀਆਂ ਨੂੰ ਲਾਗੂ ਕਰਨ ਦੀ ਧੁੰਨ ਵਿਚ ਇੱਕ ਐਂਟੀ ਮੁਸਲਮ ਦੇਸ਼ ਵਿਆਪੀ ਲਹਿਰ ਨੂੰ ਜਨ ਦੇ ਸਕਦੀ ਹੈ ਜਿਦ ਦੇ ਦੁਸ਼ਟ ਪ੍ਰਭਾਵ ਸਾਰੇ ਈ ਏਸ਼ੀਅਨ ਮੂਲ ਦੇ ਲੋਕਾਂ &lsquoਤੇ ਪੈਣਗੇ। ਬੀ ਐਨ ਪੀ ਅਤੇ ਨੈਸ਼ਨਲ ਫਰੰਟ ਵਰਗੀਆਂ ਗੋਰਿਆਂ ਦੀਆਂ ਪਾਰਟੀਆਂ ਮੁੜ ਹਰਕਤ ਵਿਚ ਆ ਜਾਣਗੀਆਂ ਅਤੇ ਜੇਕਰ ਇਹ ਰੁਝਨਾ ਵੱਧਦੇ ਹਨ ਤਾਂ ਲੋਕਤੰਤਰ ਮੁੱਲਾਂ ਦਾ ਦੇਸ਼ ਵਿਚ ਘਾਣ ਹੋਣ ਲੱਗ ਪਏਗਾ। ਇਹ ਗੱਲ ਸਮਝਣ ਵਾਲੀ ਹੈ ਕਿ ਇਸ ਦੇਸ਼ ਵਿਚ ਅਕਸਰ ਹੀ ਅਸੀਂ ਕਿਸੇ ਉਮੀਵਾਰ ਨੂੰ ਪਾਰਟੀ ਦੀਆਂ ਨੀਤੀਆਂ ਕਰਕੇ ਨਹੀ ਸਗੋਂ ਹਿੰਦੂ, ਸਿੱਖ ਜਾਂ ਮੁਸਲਮਾਨ ਹੋਣ ਕਰਕੇ ਵੀ ਵੋਟ ਪਉਂਦੇ ਹਾਂ। ਲੰਡਨ ਦੇ ਮੇਅਰ ਨੂੰ ੧੩ ਲੱਖ ਮੁਸਲਮਾਨਾਂ ਦੀਆਂ ਵੋਟਾਂ ਉਸ ਦੇ ਸੋਸ਼ਲਿਸਟ ਹਾਂ ਲਿਬਰਲ ਖਿਆਲਾਂ ਕਰਕੇ ਨਹੀਂ ਸਗੋ ਉਸ ਦੇ ਮੁਸਲਮਾਨ ਹੋਣ ਕਰਕੇ ਪਈਆਂ ਸੀ

ਜੇਕਰ ਪਾਰਟੀ ਆਫੀ ਇਸਲਾਮ ਹਰਕਤ ਵਿਚ ਆਉਂਦੀ ਹੈ ਤਾਂ ਇਸ ਨਾਲ ਸਭ ਤੋਂ ਵੱਡ ਧੱਕਾ ਲੇਬਰ ਪਾਰਟੀ ਨੂੰ ਲੱਗਣ ਵਾਲਾ ਹੈ। ਯੂ ਕੇ ਦੇ ਮੁਸਲਮਾਨ ਲੇਬਰ ਆਗੂ ਕੀਅਰ ਸਟਾਰਮਰ ਦੇ ਇਜ਼ਰਾਈਲ ਪੱਖੀ ਪੈਂਤੜੇ ਤੋਂ ਪਹਿਲਾਂ ਹੀ ਔਖੇ ਹਨ ਅਤੇ ਜੇਕਰ ਦੇਸ਼ ਦੀ ਮੁਸਲਮਾਨ ਜਨਤਾ ਅੰਧਾ ਧੁੰਦ ਪਾਰਟੀ ਆਫ ਇਸਲਾਮ ਵਲ ਉਲਟ ਗਈ ਤਾਂ ਲੇਬਰ ਪਾਰਟੀ ਦੀ ਰਾਜਨਿਤਕ ਸਥਿਤੀ ਡਾਵਾਂਡੋਲ ਹੋ ਜਾਵੇਗੀ ਅਤੇ ਡੈਮੋਕਰੇਟਿਕ ਸੰਕਲਪ ਨੂੰ ਵੱਡੀ ਢਾਅ ਲੱਗੇਗੀ।


ਰੋ ਪਏ ਪੰਜਾਬੀ ਪਾਤਰ ਦੇ ਜਾਣ &lsquoਤੇ

ਸ਼ਨੀਵਾਰ ੧੧ ਮਈ ਤੜਕਸਾਰ ਪੰਜਾਬ ਦੇ ਨਾਮਵਰ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਦਾ ਦਿਲ ਦਾ ਦੌਰਾ ਪੈਣ ਕਾਰਨ ਉਹਨਾ ਦੇ ਘਰ ਲੁਧਿਆਣਾ ਵਿਚ ਦਿਹਾਂਤ ਹੋ ਗਿਆ। ਉਹ ੭੯ ਸਾਲ ਦੇ ਸਨ। ਜਿਓਂ ਹੀ ਇਹ ਖਬਰ ਦੁਨੀਆਂ ਭਰ ਵਿਚ ਫੈਲੀ ਤਾਂ ਪੰਜਾਬੀ ਭਾਈਚਾਰਾ ਗ਼ਮ ਵਿਚ ਡੁੱਬ ਗਿਆ। ਸੁਰਜੀਤ ਪਾਤਰ ਦੀ ਯਾਦ ਵਿਚ ਪਤਾ ਨਹੀਂ ਕਿੰਨੀਆਂ ਅੱਖਾਂ ਨਮ ਹੋਈਆਂ ਅਤੇ ਪਤਾ ਨਹੀਂ ਕਿੰਨੇ ਲੋਕਾਂ ਨੇ ਉਸ ਦੀਆਂ ਸਤਰਾਂ ਨੂੰ ਗੁਣਗੁਣਾ ਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਇਹਨੀ ਦਿਨੀ ਸੋਸ਼ਲ ਮੀਡੀਏ &lsquoਤੇ ਹਰ ਪਾਸੇ ਪਾਤਰ ਦੀਆਂ ਕਵਿਤਾਵਾਂ ਦੀ ਭਰਮਾਰ ਰਹੀ ਹੈ

ਸੰਨ ੧੯੪੭ ਦੇ ਬਟਵਾਰੇ ਸਮੇਂ ਅੰਮ੍ਰਿਤਾ ਪ੍ਰੀਤਮ ਨੇ ਅੱਜ ਆ਼਼ਖਾਂ ਵਾਰਸ ਸ਼ਾਹ ਨੂੰ ਨਾਮ ਦੀ ਕਵਿਤਾ ਲਿਖੀ ਸੀ ਜੋ ਕਿ ਪੰਜਾਬ ਦੇ ਬੱਚੇ ਬੁੱਢੇ ਸਾਰਿਆਂ ਦੀ ਜ਼ੁਬਾਨ &lsquoਤੇ ਚੜ੍ਹ ਗਈ। ਮੇਰੀ ਜਾਚੇ ਅੰਮ੍ਰਿਤਾਪ੍ਰੀਤਮ ਦੀ ਹੋਰ ਕੋਈ ਵੀ ਕਵਿਤਾ ਅੱਜ ਆਖਾਂ ਵਾਰਸ ਸ਼ਾਹ ਦਾ ਰੁਤਬਾ ਨਾ ਹਾਸਲ ਕਰ ਸਕੀ ਪਰ ਸੁਰਜੀਤ ਪਾਤਰ ਦੀਆਂ ਇੱਕ ਨਹੀਂ ਅਨੇਕ ਕਵਿਤਾਵਾਂ, ਗੀਤ ਅਤੇ ਗਜ਼ਲਾਂ ਪੰਜਾਬੀਆਂ ਦੇ ਦਿਲਾਂ ਨੂੰ ਟੁੰਬਦੀਆਂ ਅਤੇ ਲੋਕਾਂ ਦੇ ਬੋਲਾਂ ਤੇ ਥਿਰਕਦੀਆਂ ਰਹੀਆਂ ਹਨ। ਸੁਰਜੀਤ ਪਾਤਰ ਵਿਚ ਇੱਕ ਖਾਸ ਗੁਣ ਇਹ ਵੀ ਸੀ ਕਿ ਉਹ ਆਪਣੀਆਂ ਆਪਣੀਆਂ ਕਵਿਤਾਵਾਂ ਨੂੰ ਬਾ-ਕਮਾਲ ਲਹਿਜ਼ੇ ਵਿਚ ਗਾਇਆ ਵੀ ਕਰਦੇ ਸਨ। ਜਿਸ ਦਿਨ ਉਹਨਾ ਦੀ ਮੌਤ ਹੁੰਦੀ ਹੈ ਊਸ ਤੋਂ ਇੱਕ ਦਿਨ ਪਹਿਲਾਂ ਵੀ ਉਹ ਕਿਸੇ ਕਵੀ ਦਰਬਾਰ ਵਿਚ ਆਪਣੀ ਕਵਿਤਾ ਗਾ ਕੇ ਆਏ ਸਨ।

ਸੁਰਜੀਤ ਪਾਤਰ ਦਾ ਜਨਮ ਜਲੰਧਰ ਜਿਲੇ ਦੇ ਪਿੰਡ ਪੱਤੜ ਕਲਾਂ ਵਿਚ ਹੋਇਆ। ਉਸ ਨੇ ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਅਤੇ ਖਹਿਰਾ ਮੱਝਾ ਦੇ ਸਕੂਲ ਤੋਂ ਦਸਵੀਂ ਕਰਨ ਤੋਂ ਬਾਅਦ ਰਣਧੀਰ ਗੌਰਮਿੰਟ ਕਾਲਜ ਤੋਂ ਬੀ ਏ ਪਾਸ ਕੀਤੀ। ਪੰਜਾਬੀ ਯੂਨੀਵਰਸਟੀ ਤੋਂ ਐਮ ਏ ਅਤੇ ਪੀ ਐਚ ਡੀ ਕੀਤੀ। ਪਾਤਰ ਨੇ ਪੀ ਐਚ ਡੀ ਪੰਜਾਬੀ ਯੂਨੀਵਰਸਟੀ ਤੋਂ ਹੀ ਕੀਤੀ ਜਿਸ ਦਾ ਵਿਸ਼ਾ ਸੀ ਟਰਾਂਸਫੋਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਬਾਣੀਉਹ ਪੰਜਾਬੀ ਕਲਾ ਪ੍ਰੀਸ਼ਦ ਦੇ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਸਨ। ੨੦੧੨ ਵਿਚ ਉਸ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਬੁੱਢਾ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਅਤੇ ਪੰਜਾਬ ਖੇਤੀਬਾੜੀ ਲੁਧੀਆਣਾ ਵਿਚ ਪਾਤਰ ਲੈਕਚਰਾਰ ਰਹੇ। ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੁਨੀਵਰਸਟੀ ਫਤਹਿਗੜ੍ਹ ਵਿਚ ਵਿਜ਼ਟਿੰਗ ਪ੍ਰੋਫੈਸਰ ਦੇ ਅਹੁਦੇ &lsquoਤੇ ਰਹੇ।


ਪਾਤਰ ਦੀ ਪ੍ਰਮੁਖ ਪਛਾਣ ਇੱਕ ਆਹਲਾ ਗਜ਼ਲਗੋ ਵਜੋਂ ਹੈ ਅਤੇ ਕੌਮਾਂਤਰੀ ਪੱਧਰ ਤੇ ਮਾਂ ਬੋਲੀ ਦੇ ਪਿਆਰਿਆਂ ਨੇ ਪਾਤਰ ਨੂੰ ਸੱਦਾ ਪੱਤਰ ਭੇਜ ਭੇਜ ਕੇ ਉਸ ਦੀਆਂ ਗਜ਼ਲਾਂ ਸੁਣੀਆਂ ਅਤੇ ਰੱਜ ਕੇ ਸਤਿਕਾਰਿਆ। ਪਾਤਰ ਦੀਆਂ ਇਹਨਾ ਕਿਰਤਾਂ ਦੀ ਸੂਚੀ ਲੰਬੀ ਹੈ ਪਰ ਜਿਹਨਾ ਗਜਲਾਂ ਤੋਂ ਹਰ ਪੰਜਾਬੀ ਹੀ ਵਾਕਿਫ ਹੈ ਉਹਨਾ ਵਿਚ ਕ੍ਰਮਵਾਰ ਇਹ ਪ੍ਰਮੁਖ ਹਸਤਾਖਰ ਹਨ &ndash

  • ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁਪ ਰਿਹਾ ਤਾਂ ਸ਼ਮ੍ਹਾਂਦਾਨ ਕੀ ਕਹਿਣਗੇ

  • ਬਲਦਾ ਬਿਰਖ ਹਾਂ , ਖਤਮ ਹਾਂ, ਸ਼ਾਮ ਤੀਕ ਹਾਂ

  • ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ

ਪਾਤਰ ਦੇ ਕਾਵਿ ਸੰਗ੍ਰਿਹ ਹਵਾ ਵਿਚ ਲਿਖੇ ਹਰਫ, ਬਿਰਖ ਅਰਜ਼ ਕਰੇ, ਹਨੇਰੇ ਵਿਚ ਸੁਲਗਦੀ ਵਰਨਮਾਲਾ, ਲਫਜ਼ਾਂ ਦੀ ਦਰਗਾਹ, ਪਤਝੜ ਦੀ ਪਾਜ਼ੇਬ, ਸੁਰ ਜ਼ਮੀਨ ਅਤੇ ਚੰਨ ਸੂਰਜ ਦੀ ਵਹਿੰਗੀ ਮਸ਼ਹੂਰ ਰਚਨਾਵਾਂ ਹਨ। ਪਾਤਰ ਨੇ ਦੋ ਵਾਰਤਕ ਅਤੇ ਅਨੇਕਾਂ ਅਨੁਵਾਦ ਵੀ ਲਿਖੇ। ਪਾਤਰ ਨੂੰ ਪਦਮ ਸ਼੍ਰੀ ਤੋਂ ਇਲਾਵਾ ਸਾਹਿਤ ਅਕਾਦਮੀ ਸਨਮਾਨ, ਸ਼੍ਰੋਮਣੀ ਪੰਜਾਬੀ ਕਵੀ ਸਨਮਾਨ, ਪੰਚਨਾਦ ਪੁਰਸਕਾਰ, ਸਰਸਵਤੀ ਸਨਮਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਵਲੋਂ ਡਾਕਟਰ ਆਫ ਫਿਲਾਸਫੀ ਆਨਰਜ਼ ਅਨੇਕਾਂ ਸਨਮਾਨ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ।

ਪਾਤਰ ਨੇ ਰਾਜਨੀਤੀਕ, ਸਮਾਜਿਕ ਅਤੇ ਹਰ ਤਰਾਂ ਦੀਆਂ ਬੁਰਾਈਆਂ ਖਿਲਾਫ ਕਲਮ ਭਗੌਤੀ ਨੂੰ ਸੂਤੀ ਰੱਖਿਆ, ਉਸ ਨੂੰ ਬੜਾ ਆਸ਼ਾਵਾਦੀ ਅਤੇ ਸੰਵੇਦਨਸ਼ੀਲ ਲੇਖਕ ਹੋਣ ਦਾ ਮਾਣ ਹਾਸਲ ਰਿਹਾ ਹੈ। ਅਸੀਂ ਮਹਾਨ ਕਵੀ ਸੁਰਜੀਤ ਪਾਤਰ ਨੂੰ ਆਪਣੇ ਵਲੋਂ ਸ਼ਰਧਾਜਲੀ ਪੇਸ਼ ਕਰਦੇ ਹਾਂ।

ਲੇਖਕ: ਕੁਲਵੰਤ ਸਿੰਘ ਢੇਸੀ