image caption: -ਰਜਿੰਦਰ ਸਿੰਘ ਪੁਰੇਵਾਲ

ਭਾਜਪਾ ਦੀ ਧਰੁਵੀਕਰਨ ਦੀ ਸਿਆਸਤ ਪੰਜਾਬ ਵਿਚ ਕਾਮਯਾਬ ਨਹੀਂ ਹੋਵੇਗੀ

ਪੰਜਾਬ ਵਿਚ ਧਰੁਵੀਕਰਨ ਦੀ ਸਿਆਸਤ ਖੇਡੀ ਜਾ ਰਹੀ ਹੈ ਤਾਂ ਜੋ ਕਿਸਾਨੀ ਪੰਜਾਬ ਦੀ ਸਿਆਸਤ ਤੇ ਭਾਈਚਾਰੇ ਤੋਂ ਵਖ ਕੀਤੀ ਜਾਵੇ| ਬਿਜਨਸ ਕਲਾਸ, ਭਈਆਵਾਦ, ਦਲਿਤਵਾਦ ਨੂੰ ਕਿਸਾਨੀ ਵਿਰੁਧ ਉਭਾਰਨ ਦੇ ਯਤਨ ਹਨ| ਇਹ ਸਭ ਭਾਜਪਾ ਦੀ ਮਾਨਸਿਕਤਾ ਦਾ ਹਿਸਾ ਹੈ| ਪੰਜਾਬ ਵਿਚ ਭਾਜਪਾ ਉਮੀਦਵਾਰਾਂ ਦਾ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਕਾਰਣ ਭਾਜਪਾ ਨੇ ਫਿਰਕੂ ਨੀਤੀ ਤਹਿਤ ਧਰੁਵੀਕਰਨ ਦੀ ਸਿਆਸਤ ਕਰਨੀ ਸ਼ੁਰੂ ਕਰ ਦਿਤੀ ਹੈ| ਭਾਜਪਾ ਪੰਜਾਬ ਪ੍ਰਧਾਨ ਜਾਖੜ, ਗਾਇਕ ਹੰਸਰਾਜ ਜੋ ਫਰੀਦਕੋਟ ਤੋਂ ਉਮੀਦਵਾਰ ਹਨ, ਕਿਸਾਨਾਂ ਬਾਰੇ ਭੜਕਾਊ ਬਿਆਨਬਾਜ਼ੀ ਤੋਂ ਪਿਛੇ ਨਹੀਂ ਰਹੇ| ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਹੰਸਰਾਜ ਹੰਸ ਨੇ ਕਿਹਾ ਸੀ ਕਿ ਇਹ ਲੋਕ 4 ਜੂਨ ਨੂੰ ਪੈਰਾਂ &rsquoਚ ਡਿੱਗ ਕੇ ਮੁਆਫੀ ਮੰਗਣਗੇ| ਫਿਰ ਇਨ੍ਹਾਂ ਨੂੰ ਦੇਖਾਂਗੇ| ਉਨ੍ਹਾਂ ਕਿਹਾ ਸੀ ਕਿ 2 ਦਿਨ ਪਹਿਲਾਂ ਬਰਨਾਲਾ ਦੇ ਲਾਲਿਆਂ ਨੇ ਕਿਸਾਨਾਂ ਨੂੰ ਕੁੱਟਿਆ ਸੀ, ਉੱਥੇ ਤਾਂ ਕੁਝ ਨਹੀਂ ਕਰ ਸਕੇ ਪਰ ਇੱਥੇ ਹਰ ਰੋਜ਼ ਆ ਜਾਂਦੇ ਹਨ| ਬੀਜੇਪੀ ਤੇ ਕਿਸਾਨਾਂ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ| ਭਾਜਪਾ ਨੇ  ਦਲਿਤਾਂ, ਭਈਆਂ, ਹਿੰਦੂ ਭਾਈਚਾਰੇ ਨੂੰ ਕਿਸਾਨਾਂ ਵਿਰੁਧ ਭੜਕਾਉਣਾ ਸ਼ੁਰੂ ਕਰ ਦਿਤਾ ਹੈ ਤਾਂ ਜੋ ਧਰੁਵੀਕਰਨ ਦੀ ਸਿਆਸਤ ਤਹਿਤ ਹਰਿਆਣੇ ਵਾਂਗ ਕਿਸਾਨ ਭਾਈਚਾਰੇ ਦੀ ਸਿਆਸੀ ਹੋਦ ਖਤਮ ਕੀਤੀ ਜਾਵੇ| ਪਰ ਇਹ ਧਰੁਵੀਕਰਨ ਦੀ ਭਗਵਾਂ ਮੁਹਿੰਮ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੀ, ਕਿਉਂਕਿ ਸਿਖ ਭਾਈਚਾਰਾ ਕਿਸਾਨਾਂ ਨਾਲ ਜੁੜਿਆ ਹੋਇਆ ਜਿਥੇ ਦਲਿਤਵਾਦ ਦਾ ਸੁਆਲ ਖਤਮ ਹੋ ਜਾਂਦਾ ਹੈ| ਬਹੁਗਿਣਤੀ ਹਿੰਦੂ ਭਾਈਚਾਰਾ ਟਕਰਾਅ ਦੇ ਹਕ ਵਿਚ ਨਹੀਂ|
 ਇਨ੍ਹਾਂ ਬੀਜੇਪੀ ਉਮੀਦਵਾਰਾਂ ਵੱਲੋਂ ਕਿਸਾਨਾਂ ਖਿਲਾਫ ਕੀਤੀ ਤਿੱਖੀ ਬਿਆਨਬਾਜ਼ੀ ਨੇ ਬਲਦੀ ਉਪਰ ਤੇਲ ਦਾ ਕੰਮ ਕੀਤਾ ਹੈ| ਭੜਕੇ ਕਿਸਾਨਾਂ ਨੇ ਹੁਣ ਪੰਜਾਬ ਦੌਰੇ ਉਪਰ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਘੇਰਨ ਦਾ ਐਲਾਨ ਕਰ ਦਿੱਤਾ ਹੈ| ਚੋਣ ਕਮਿਸ਼ਨ ਵਿਚ ਹੰਸਰਾਜ ਦੀ ਸ਼ਿਕਾਇਤ ਕਰਕੇ ਨੋਟਿਸ ਵੀ ਦਿਵਾਇਆ ਹੈ| ਕਿਸਾਨ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ 23 ਮਈ ਨੂੰ ਪਟਿਆਲਾ ਵਿੱਚ ਰੈਲੀ ਲਈ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਬਜ਼ਿੱਦ ਹਨ| ਇਸ ਦੀ ਤਿਆਰੀ ਸਬੰਧੀ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪਟਿਆਲਾ ਜ਼ਿਲ੍ਹੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਖਿਲਾਫ਼ ਜਮਹੂਰੀ ਢੰਗ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ| ਹਾਲਾਂਕਿ, ਇਸ ਦੌਰਾਨ ਐਸਪੀ ਸਿਟੀ ਸਰਫ਼ਰਾਜ਼ ਆਲਮ ਸਮੇਤ ਕੁਝ ਹੋਰ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸਾਨ ਆਪਣੇ ਫੈਸਲੇ ਉਪਰ ਅੜੇ ਹੋਏ ਹਨ| ਕਿਸਾਨਾਂ ਵੱਲੋਂ ਪੀਐਮ ਮੋਦੀ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਲਿਖਤੀ ਵਾਅਦਾ ਕਰਨ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਿਉਂ ਨਹੀਂ ਕੀਤਾ| ਕਿਸਾਨਾਂ ਨੂੰ ਝੂਠ ਬੋਲ ਕੇ ਕਿਉਂ ਠੱਗਿਆ ਗਿਆ? 
ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਵੀ ਅਲਰਟ ਤੇ ਹੈ| ਪੰਜਾਬ ਪਖੀ ਪਾਰਟੀਆਂ ਤੇ ਪੰਥਕ ਧੜਿਆਂ ਧਰੁਵੀਕਰਨ ਦੀ ਭਗਵੀਂ ਨੀਤੀ ਦਾ ਮੁਕਾਬਲਾ ਕਰਨ ਲਈ ਸਾਂਝੀਵਾਲਤਾ ਦੀ ਰਾਜਨੀਤੀ ਕਰਨੀ ਚਾਹੀਦੀ ਹੈ| ਪਿੰਡਾਂ ਵਿਚ ਕਿਸਾਨ ਭਾਈਚਾਰਾ ਮਜਹਬੀ ਤੇ ਹੋਰ ਦਬੇ ਕੁਚਲਿਆਂ ਨੂੰ ਸਾਂਝ ਰਖਣੀ ਚਾਹੀਦੀ ਹੈ| ਧਰੁਵੀਕਰਨ ਦੀ ਸਿਆਸਤ ਦਾ ਨੁਕਸਾਨ ਸਿਖ ਧਰਮ ਨੂੰ ਵੀ ਹੋਵੇਗਾ ਤੇ ਜੱਟ ਭਾਈਚਾਰੇ ਨੂੰ ਵੀ| 
ਔਰਤ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ਚ ਬ੍ਰਿਜ ਭੂਸ਼ਣ ਖ਼ਿਲਾਫ਼ ਦੋਸ਼ ਤੈਅ, ਪਰ ਨਿਆਂ ਵਿਚ ਦੇਰੀ
ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਵਿਚ ਬੀਤੇ ਦਿਨੀਂ ਸੁਣਵਾਈ ਹੋਈ| ਇਸ ਦੌਰਾਨ ਕੁਸ਼ਤੀ ਮਹਾਸੰਘ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਦਾਲਤ ਵਿਚ ਪੇਸ਼ ਹੋਏ ਇਸ ਦੌਰਾਨ ਅਦਾਲਤ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ| ਦੂਜੇ ਪਾਸੇ ਬ੍ਰਿਜ ਭੂਸ਼ਣ ਨੇ ਮਹਿਲਾ ਭਲਵਾਨਾਂ ਵਲੋਂ ਲਗਾਏ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ| ਅਦਾਲਤ ਨੇ ਮੁਲਜ਼ਮ ਖ਼ਿਲਾਫ਼ ਔਰਤਾਂ ਦੇ ਜਿਨਸੀ ਸ਼ੋਸ਼ਣ, ਧਮਕਾਉਣ ਤੇ ਮਰਿਆਦਾ ਭੰਗ ਕਰਨ ਦੇ ਦੋਸ਼ ਤੈਅ ਕੀਤੇ ਹਨ| ਬ੍ਰਿਜ ਭੂਸ਼ਨ ਨੇ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਪਿਪੰਕਾ ਰਾਜਪੂਤ ਦੇ ਸਾਹਮਣੇ ਦੋਸ਼ਾਂ ਤੋਂ ਇਨਕਾਰ ਕੀਤਾ| ਅਦਾਲਤ ਨੇ ਇਸ ਮਾਮਲੇ ਵਿਚ ਸਹਿ-ਮੁਲਜ਼ਮ ਅਤੇ ਸੰਘ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਵਿਰੁੱਧ ਅਪਰਾਧਿਕ ਧਮਕੀ ਦੇਣ ਦਾ ਦੋਸ਼ ਵੀ ਤੈਅ ਕੀਤਾ ਹੈ| ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਪੁੱਛਿਆ ਕਿ ਉਹ ਮੁਕੱਦਮੇ ਦਾ ਦਾਅਵਾ ਕਰ ਰਹੇ ਹਨ ਜਾਂ ਗ਼ਲਤੀ ਸਵੀਕਾਰ ਕਰ ਰਹੇ ਹੋ? ਇਸ ਤੇ ਬ੍ਰਿਜ ਭੂਸ਼ਣ ਸਿੰਘ ਦੇ ਵਕੀਲ ਨੇ ਕਿਹਾ ਕਿ ਮੁਕੱਦਮੇ ਦਾ ਦਾਅਵਾ ਕਰ ਰਹੇ ਹਾਂ| ਇਸ ਤੋਂ ਬਾਅਦ ਅਦਾਲਤ ਨੇ ਬ੍ਰਿਜ ਭੂਸ਼ਣ ਨੂੰ ਪੁੱਛਿਆ ਕਿ, ਕੀ ਤੁਸੀਂ ਗ਼ਲਤੀ ਮੰਨਦੇ ਹੋ? ਇਸ ਤੇ ਉਨ੍ਹਾਂ ਨੇ ਕਿਹਾ ਕਿ ਕੋਈ ਸਵਾਲ ਹੀ ਨਹੀਂ ਹੈ, ਜਦ ਗ਼ਲਤੀ ਕੀਤੀ ਨਹੀਂ ਤਾਂ ਮੰਨੀਏ ਕਿਉਂ? ਇਸ ਮਾਮਲੇ ਵਿਚ ਇਕ ਹੋਰ ਮੁਲਜ਼ਮ ਵਿਨੋਦ ਤੋਮਰ ਨੇ ਵੀ ਇਲਜ਼ਾਮਾਂ ਤੋਂ ਇਨਕਾਰ ਕਰਦੇ ਹੋਏ ਖ਼ੁਦ ਨੂੰ ਬੇਕਸੂਰ ਦੱਸਿਆ ਹੈ|ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਨੂੰ ਤੈਅ ਕੀਤੀ ਹੈ|
ਇਹ ਕੋਈ ਲੁਕਿਆ ਹੋਇਆ ਤੱਥ ਨਹੀਂ ਹੈ ਕਿ ਭਾਰਤ ਦੀਆਂ ਬਹੁਤੀਆਂ ਖੇਡ ਫੈਡਰੇਸ਼ਨਾਂ ਦੇ ਮੁਖੀ ਉਹ ਮਰਦ ਹਨ ਜਿਨ੍ਹਾਂ ਦਾ ਜਾਂ ਤਾਂ ਕੋਈ ਸਿਆਸੀ ਕੁਨੈਕਸ਼ਨ ਹੈ ਜਾਂ ਉਹ ਅਫ਼ਸਰਸ਼ਾਹੀ ਤੋਂ ਆਉਂਦੇ ਹਨ ਜਾਂ ਫ਼ਿਰ ਉਹ ਅਮੀਰ ਕਾਰੋਬਾਰੀ ਹਨ| ਉਹ ਜਿਆਦਾਤਰ ਇਸਤਰੀ ਖਿਡਾਰੀਆਂ ਨਾਲ ਸ਼ੋਸ਼ਣ ਕਰਦੇ ਹਨ|ਅੰਕੜਿਆਂ ਮੁਤਾਬਕ 2010 ਤੋਂ 2020 ਤੱਕ ਭਾਰਤੀ ਸਪੋਰਟਸ ਅਥਾਰਿਟੀ ਕੋਲ 45 ਸ਼ਿਕਾਇਤਾਂ ਜਿਨਸੀ ਸ਼ੋਸ਼ਣ ਵਾਲੀਆਂ ਸਨ ਅਤੇ ਇਨ੍ਹਾਂ ਵਿੱਚੋਂ 29 ਸ਼ਿਕਾਇਤਾਂ ਕੋਚਾਂ ਖ਼ਿਲਾਫ਼ ਸਨ|&rsquo ਹਾਲਾਂਕਿ ਕੋਚਾਂ ਖ਼ਿਲਾਫ਼ ਕਾਰਵਾਈ ਦਾ ਪੱਧਰ ਬਹੁਤ ਹੀ ਘੱਟ ਸੀ| ਪੰਜ ਕੋਚਾਂ ਦੀ ਤਨਖ਼ਾਹ ਵਿੱਚ ਕਟੌਤੀ ਹੋਈ, ਇੱਕ ਨੂੰ ਸਸਪੈਂਡ ਕੀਤਾ ਗਿਆ ਅਤੇ ਦੋ ਦੇ ਇਕਰਾਰਨਾਮੇ ਖ਼ਤਮ ਕਰ ਦਿੱਤੇ ਗਏ|
ਅਸੀਂ ਇਹ ਮਹਿਸੂਸ ਕਰਦੇ ਹਨ ਕਿ ਕੋਚਿੰਗ ਵਿੱਚ ਔਰਤਾਂ ਜਾਂ ਔਰਤਾਂ ਦਾ ਸਟਾਫ਼ ਪੂਰਾ ਵਾਤਾਵਰਣ ਔਰਤਾਂ ਲਈ ਜ਼ਿਆਦਾ ਸਹਿਜ ਬਣਾ ਸਕਦਾ ਹੈ| ਪਰ ਹਾਲ ਦੀ ਘੜੀ ਵਿਸ਼ੇਸ਼ ਮਹਿਲਾਂ ਕੋਚਾਂ ਦੀ ਕਮੀ ਹੈ| ਔਰਤਾਂ ਦੇ ਮੁੱਦੇ ਜਿਵੇਂ ਕਿ ਹਾਥਰਸ, ਉਨਾਓ ਆਦਿ ਕਈ ਅਜਿਹੇ ਮਾਮਲੇ ਹਨ ਜੋ ਕਦੇ ਵੀ ਸਿਆਸੀ ਮੁੱਦੇ ਨਹੀਂ ਬਣਦੇ| ਅਦਾਲਤਾਂ ਵੀ ਨਿਆਂ ਕਰਨ ਵਿਚ ਦੇਰੀ ਕਰਦੀਆਂ ਹਨ| ਇਸ ਕਾਰਣ ਦੋਸ਼ੀਆਂ ਨੂੰ ਸਬੂਤ ਮਿਟਾਉਣ ਦਾ ਮੌਕਾ ਮਿਲ ਜਾਂਦਾ ਹੈ| ਨਿਆਂ ਤਾਂ ਦੂਰ ਦੀ ਗਲ ਹੈ| ਦਿੱਲੀ ਸਿਖ ਕਤਲੇਆਮ 84ਦੌਰਾਨ ਜੋ ਸਿਖ ਇਸਤਰੀਆਂ ਨਾਲ ਵਾਪਰਿਆ ਉਸਦਾ ਹਾਲੇ ਤਕ ਇਨਸਾਫ ਨਹੀਂ ਮਿਲਿਆ|
-ਰਜਿੰਦਰ ਸਿੰਘ ਪੁਰੇਵਾਲ