image caption: ਕੁਲਵੰਤ ਸਿੰਘ ਢੇਸੀ

ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀ ਅਬਾਦੀ ਦਾ ਮਾਮਲਾ

 ਲਬੋਂ ਪੇ ਫੂਲ ਦਿਲੋਂ ਮੇਂ ਆਗ ਰੱਖਤੇ ਹੈਂ। ਯਹਾਂ ਸਭੀ ਅਪਨੇ ਚੇਹਰੋਂ ਪੇ ਨਕਾਬ ਰੱਖਤੇ ਹੈਂ।

ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀ ਅਬਾਦੀ ਦਾ ਮਾਮਲਾ

ਡਾ: ਗੁਰਦਰਸ਼ਨ ਸਿੰਘ ਢਿੱਲੋਂ ਦਾ ਧਮਾਕਾ

ਮੋਦੀ ਦੇ ਬਿਆਨਾਂ &lsquoਤੇ ਵਿਅੰਗ ਹੋਣ ਲੱਗੇ

ਕੁਝ ਸਮਾਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਪੰਜਾਬ ਵਿਚ ਸਿੱਖਾਂ ਨੂੰ ਪੰਜ ਪੰਜ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਸੀ ਜੋ ਕਿ ਕੁਝ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਨ ਉਪਰੰਤ ਗੱਲ ਆਈ ਗਈ ਹੋ ਗਈ। ਕਿਹਾ ਗਿਆ ਸੀ ਕਿ ਪੰਜਾਬ ਵਿਚ ਸਿੱਖਾਂ ਦੀ ਗਿਣਤੀ ੫੨ ਫੀ ਸਦੀ ਰਹਿ ਗਈ ਹੈ ਅਤੇ ਜੇਕਰ ਅਬਾਦੀ ਘਟਣ ਦਾ ਇਹ ਅਮਲ ਜਾਰੀ ਰਿਹਾ ਤਾਂ ਬਾਹਰਲੇ ਲੋਕਾਂ ਦਾ ਪੰਜਾਬ ਵਿਚ ਬੋਲਬਾਲਾ ਹੋ ਜਾਣਾ ਹੈ ਅਤੇ ਪੰਜਾਬ ਦੇ ਸਿੱਖ ਉਹਨਾ ਤੋਂ ਕੁੱਟ ਖਾਇਆ ਕਰਨਗੇ।

ਇਹਨੀ ਹੀ ਦਿਨੀ ਬੀਬੀਸੀ ਪੰਜਾਬੀ ਵਲੋਂ ਇਮਰਾਨ ਕੁਰੈਸ਼ੀ ਵਲੋਂ ਲਿਖਿਆ ਇੱਕ ਲੇਖ ਭਾਰਤ ਵਿਚ ਸਿੱਖਾਂ ਤੇ ਹੋਰ ਘੱਟਗਿਣਤੀਆਂ ਦੀ ਅਬਾਦੀ ਵਧਣ ਬਾਰੇ ਰਿਪੋਰਟ ਤੇ ਇਤਰਾਜ਼ ਕਿਓਂ ਦੇ ਸਿਰਲੇਖ ਹੇਠ ਛਪਿਆ ਹੈ।

ਇਸ ਲੇਖ ਮੁਤਾਬਕ ਭਾਰਤ ਦੀ ਇਕਨਾਮਿਕ ਐਡਵਾਇਜ਼ਰੀ ਕੌਂਸਲ ਵਲੋਂ ਅਬਾਦੀ ਬਾਰੇ ਜਾਰੀ ਕੀਤੇ ਇੱਕ ਪੇਪਰ ਤੋਂ ਇਹ ਨਤੀਜੇ ਸਾਹਮਣੇ ਆਏ ਹਨ ਕਿ ਦੇਸ਼ ਵਿਚ ਮੁਸਲਮਾਨਾਂ ਅਤੇ ਸਿੱਖਾਂ ਦੀ ਜਨਮ ਦਰ ਵਧੀ ਹੈ ਜਦ ਕਿ ਬੋਧੀਆਂ ਅਤੇ ਜੈਨੀਆਂ ਦੀ ਜਨਮ ਦਰ ਘਟੀ ਹੈ ਅਤੇ ਦੇਸ਼ ਦੇ ਬਹੁ ਸੰਖਿਆ ਹਿੰਦੂਆਂ ਦੀ ਜਨਮ ਦਰ ਘਟੀ ਹੈ। ਕੀਤੇ ਗਏ ੨੮ ਵਿਸ਼ਲੇਸ਼ਣਾ ਤੋਂ ਪਤਾ ਲੱਗਾ ਕਿ ਭਾਰਤ ਵਿਚ ਘੱਟਗਿਣਤੀਆਂ ਸੁਰੱਖਿਅਤ ਹਨ ਭਾਵੇਂ ਕਿ ਭਾਜਪਾ ਦੇ ਫਿਰਕੂ ਤੇਵਰਾਂ ਕਰਕੇ ਘੱਟ ਗਿਣਤੀਆਂ ਦੇ ਭਵਿੱਖ &lsquoਤੇ ਬਹੁਤ ਸਵਾਲੀਆ ਚਿੰਨ੍ਹ ਹਨਐਡਵਾਇਜ਼ਰੀ ਕੌਂਸਲ ਦੇ ਪੇਪਰ ਮੁਤਾਬਕ ੧੯੫੦ ਵਿਚ ਜੋ ਮੁਸਲਮਾਨ ਭਾਰਤ ਦੀ ਅਬਾਦੀ ਦਾ ੯.੮੪ ਫੀਸਦੀ ਸਨ ਉਹਨਾ ਦੀ ਗਿਣਤੀ ੨੦੧੫ ਵਿਚ ਵਧ ਕੇ ੧੪.੦੯ ਹੋ ਗਈ ਅਤੇ ਇਹ ਵਾਧਾ ੪੩.੧੫ ਫੀ ਸਦੀ ਦਾ ਵਾਧਾ ਹੈ। ਇਸੇ ਤਰਾਂ ੧੯੫੦ ਵਿਚ ਸਿੱਖ ਭਾਰਤ ਦੀ ਅਬਾਦੀ ਦਾ ੧.੨੪ ਫੀ ਸਦੀ ਸਨ ਇਹ ਹਿੱਸੇਦਾਰੀ ੨੦੧੫ ਵਿਚ ਵਧ ਕੇ ੧.੮੫ ਫੀ ਸਦੀ ਹੋ ਗਈ ਅਤੇ ਇਹ ਵਾਧਾ ੬.੫੮ ਫੀ ਸਦੀ ਦਾ ਵਾਧਾ ਹੈ। ਇਸ ਰਿਪੋਰਟ ਮੁਤਾਬਕ ਸੰਨ ੧੯੫੦ ਵਿਚ ਹਿੰਦੂਆਂ ਦੀ ਜਿਹੜੀ ਗਿਣਤੀ ੮੪.੬੮ ਉਹ ੨੦੧੫ ਵਿਚ ਘਟ ਕੇ ੭੮.੦੬ ਹੋ ਗਈ ਤੇ ਹਿੰਦੂਆਂ ਦੀ ਜਨਮ ਦਰ ਵਿਚ ਇਹ ਘਾਟਾ ੭.੮੨ ਦਾ ਹੈ।

ਇਸ ਰਿਪੋਰਟ ਦੇ ਉਲਟ ਅਦਾਰਾ ਪਾਪੂਲੇਸ਼ਨ ਫਾਊਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਪੂਨਮ ਮੁਤਰੇਜਾ ਮੁਤਾਬਕ ਬੀਤੇ ਸਮੇਂ ਦੇ ਮੁਕਾਬਲੇ ਪਿਛਲੇ ਕੁਝ ਵਰਿਆਂ ਤੋਂ ਸਾਰੇ ਭਾਰਤ ਦੇ ਸਾਰੇ ਧਰਮਾ ਦੀ ਜਨਮ ਦਰ ਵਿਚ ਗਿਰਾਵਟ ਆਈ ਹੈ। ਇਸ ਹਿਸਾਬ ਨਾਲ ਸਭ ਤੋਂ ਵੱਧ ਗਿਰਾਵਟ ਮੁਸਲਮਾਨਾ ਦੀ ਜਨਮ ਦਰ ਵਿਚ ਆਈ ਹੈ।

ਇਹਨਾ ਆਂਕੜਿਆਂ ਅਤੇ ਨਤੀਜਿਆਂ ਦਾ ਵਿਰੋਧ ਪਾਪੂਲੇਸ਼ਨ ਫਾਊਂਡੇਸ਼ਨ ਆਫ ਇੰਡੀਆ ਨੇ ਕੀਤਾ ਹੈ। ਇਸ ਮਾਮਲੇ ਦੇ ਇੱਕ ਮਾਹਰ ਪ੍ਰੋ: ਪ੍ਰਸ਼ੋਤਮ ਐਮ ਕੁਲਕਰਣੀ ਨੂੰ ਵੀ ਭਾਰਤੀ ਐਡਵਾਈਜ਼ਰੀ ਕੌਂਸਲ ਦੇ ਨਤੀਜਿਆ &lsquoਤੇ ਇਤਰਾਜ਼ ਹੈ। ਇਹ ਕੌਂਸਲ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਹੈ। ਇਸ ਕੌਂਸਲ ਨੇ ਸ਼ੇਅਰ ਆਫ ਰਿਲਿਜਸ ਮਾਇਨੌਰਟੀਜ਼: ਏ ਕ੍ਰਾਸ ਕੰਟਰੀ ਐਨਾਲਿਸਿਸ ਸਿਰਲੇਖ ਹੇਠ ਜੋ ਪੇਪਰ ਜਾਰੀ ਕੀਤਾ ਹੈ ਜਿਸ ਤੇ ਵਾਦ ਵਿਵਾਦ ਹੈ। ਕਿਸੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਸੀ। ਆਰ ਐਸ ਐਸ ਦੇ ਆਗੂ ਅਤੇ ਹਿੰਦੂ ਸਾਧ ਤਾਂ ਇਸ ਸਬੰਧੀ ਬਹੁਤ ਵਾਵੇਲਾ ਕਰਦੇ ਹਨ ਕਿ ਕਿਸੇ ਨਾ ਕਿਸੇ ਤਰਾਂ ਦੇਸ਼ ਵਿਚ ਮੁਸਲਮਾਨਾਂ ਦੀ ਵਧ ਰਹੀ ਅਬਾਦੀ ਨੂੰ ਕਾਬੂ ਕੀਤਾ ਜਾਵੇ ਅਤੇ ਹਿੰਦੂਆਂ ਦੀ ਅਬਾਦੀ ਨੂੰ ਵਧਾਇਆ ਜਾਵੇ।

ਜਿਥੋਂ ਤਕ ਸਿੱਖਾਂ ਦੀ ਭਾਰਤ ਜਾਂ ਦੁਨੀਆਂ ਭਰ ਵਿਚ ਅਬਾਦੀ ਦਾ ਸਵਾਲ ਹੈ ਤਾਂ ਇਹ ਗੱਲ ਸਰਸਰੀ ਨਜ਼ਰ ਮਾਰਿਆਂ ਹੀ ਸਮਝ ਆ ਜਾਵੇਗੀ ਕਿ ਸਿੱਖਾਂ ਵਿਚ ਜਨਮ ਦਰ ਲੱਗਾਤਾਰ ਘਟ ਰਹੀ ਹੈ। ਇਹ ਜਨਮ ਦਰ ਦੋ ਤਿੰਨ ਬੱਚਿਆਂ ਤੋਂ ਘਟ ਕੇ ਹੁਣ ਇੱਕ ਦੋ ਬੱਚਿਆਂ ਤਕ ਰਹਿ ਗਈ ਲੱਗਦੀ ਹੈ। ਇੱਕ ਗੱਲ ਪੱਕੀ ਹੈ ਕਿ ਜਿਸ ਕਿਸੇ ਖਿੱਤੇ ਵਿਚ ਵੀ ਕਿਸੇ ਘੱਟ ਗਿਣਤੀ ਦੀ ਜਨਮ ਦਰ ਅਗਰ ਲਗਾਤਾਰ ਘੱਟਦੀ ਚਲੇ ਜਾਵੇਗੀ ਤਾਂ ਉਹ ਉਸ ਦੇ ਭਵਿੱਖ &lsquoਤੇ ਜ਼ਰੂ੍ਰ ਅਸਰ ਪਾਏਗੀ। ਲੋਕ ਤੰਤਰ ਵਿਚ ਸਰਕਾਰਾਂ ਦਾ ਦਾਰੋਮਦਾਰ ਪਰਜਾ ਦੀ ਗਿਣਤੀ ਤੇ ਨਿਰਭਰ ਹੁੰਦਾ ਹੈ। ਭਾਰਤ ਵਿਚ ਘੱਟ ਗਿਣਤੀਆਂ ਲਈ ਖਤਰੇ ਵਧਦੇ ਜਾ ਰਹੇ ਹਨ ਕਿਓਂਕਿ ਭਾਰਤ ਵਿਚ ਲੋਕ ਤੰਤਰ ਖਤਰੇ ਵਿਚ ਹੈ, ਇਹ ਗੱਲ ਆਮ ਲੋਕਾਂ ਦੇ ਮੂੰਹ ਵਿਚ ਹੈ ਕਿ ਜੇਕਰ ਇਸ ਵਾਰ ਵੀ ਭਾਜਪਾ ਚੋਣਾਂ ਜਿੱਤ ਗਈ ਤਾਂ ਭਾਰਤ ਦਾ ਰਾਜ ਪ੍ਰਬੰਧ ਇੱਕ ਪਾਰਟੀ ਦਾ ਹੋ ਜਾਵੇਗਾ ਜਿਸ ਦੇ ਤੇਵਰ ਲਗਾਤਾਰ ਫਾਸ਼ੀ ਹੁੰਦੇ ਜਾਣਗੇ। ਭਾਰਤ ਦੀ ਆਰ ਐਸ ਐਸ ਦੇ ਆਗੂ ਤਾਂ ਸ਼ਰੇਆਮ ਇਹ ਗੱਲ ਲਲਕਾਰ ਲਲਕਾਰ ਕੇ ਕਹਿੰਦੇ ਹਨ ਕਿ ਭਵਿੱਖ ਵਿਚ ਘੱਟਗਿਣਤੀ ਮੁਸਲਮਾਨਾਂ ਨੂੰ ਹਰ ਪੱਖੋਂ ਹੀ ਕਾਬੂ ਕੀਤਾ ਜਾਵੇਗਾ। ਸਿੱਖਾਂ ਖਿਲਾਫ ਭਾਵੇਂ ਅਜੇ ਅਜੇਹੇ ਫਤਵੇ ਸ਼ਰੇਆਮ ਨਹੀਂ ਅਉਣ ਲੱਗੇ ਪਰ ਇੱਕ ਗੱਲ ਸਪੱਸ਼ਟ ਹੈ ਕਿ ਭਵਿੱਖ ਦੇ ਭਾਰਤ ਵਿਚ ਸਿੱਖ ਜੇਕਰ ਦੋ ਨੰਬਰ ਦੇ ਸਹਿਰੀ ਬਣਨਾ ਕਬੂਲ ਕਰ ਲੈਣਗੇ ਤਾਂ ਉਹਨਾ ਨੂੰ ਬਹੁਤਾ ਖਤਰਾ ਨਹੀਂ ਹੋਵੇਗਾ ਪਰ ਜਿਓਂ ਹੀ ਸਿੱਖਾਂ ਨੇ ਭਾਜਪਾ ਦੇ ਫਾਸ਼ੀ ਰਥ ਦਾ ਵਿਰੋਧ ਕੀਤਾ ਤਾਂ ਉਹਨਾ ਨਾਲ ਮਜੁਸਲਮਾਨਾਂ ਨਾਲੋਂ ਘੱਟ ਨਹੀਂ ਹੋਣੀ।

ਡਾ: ਗੁਰਦਰਸ਼ਨ ਸਿੰਘ &lsquoਢਿੱਲੋਂ&rsquo ਦਾ ਵੱਡਾ ਧਮਾਕਾ

ਅੱਜਕਲ ਬੀਬੀ ਮਨਵੀਰ ਕੌਰ ਵਲੋਂ ਡਾ: ਗੁਰਬਿੰਦਰ ਸਿੰਘ ਢਿੱਲੋਂ ਨਾਲ ਕੀਤੀ ਇੱਕ ਇੰਟਰਵਿਊ ਨੇ ਪੰਜਾਬ ਦੀ ਹੋਣੀ ਨੂੰ ਲੈ ਕੇ ਕੁਝ ਸੰਗੀਨ ਖੁਲਾਸੇ ਕੀਤੇ ਹਨ। ਗੁਰਬਿੰਦਰ ਸਿੰਘ ਢਿੱਲੋਂ ਉਹ ਵਿਦਵਾਨ ਹੈ ਜਿਸ ਤੋਂ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ &lsquoਤੇ ਕਾਂਗਰਸੀ ਸਰਕਾਰ ਵਲੋਂ ਕੀਤੇ ਹਮਲੇ ਸਬੰਧੀ ਵਾਈਟ ਪੇਪਰ ਲਿਖਵਾਇਆ ਸੀ। ਡਾ: ਢਿੱਲੋਂ ਦੀ ਬਹੁ ਚਰਚਿਤ ਅਤੇ ਵਧੇਰੇ ਵਿਕਰੀ ਵਾਲੀ ਪੁਸਤਕ ਇੰਡੀਆ ਕੁਮਿਟ ਸੁਈਸਾਈਡ ਨੇ ਉਸ ਨੂੰ ਵਿਦਵਾਨਾ ਦੀ ਸ਼੍ਰੇਣੀ ਵਿਚ ਅਗਲੀ ਕਤਾਰ ਵਿਚ ਲਿਆ ਖੜ੍ਹਿਆਂ ਕੀਤਾ ਭਾਵੇਂ ਕਿ ਡਾ: ਢਿੱਲੋਂ ਦੇ ਦਸਮ ਗ੍ਰੰਥ ਜਾਂ ਹੋਰ ਸਿੱਖ ਇਤਹਾਸਕ ਸਰੋਤਾਂ ਦੀ ਪ੍ਰਮਾਣਕਤਾ ਸਬੰਧੀ ਸਿੱਖ ਵਿਦਵਾਨਾ ਨਾਲ ਵੱਡੇ ਮੱਤ ਭੇਦ ਵੀ ਹਨ। ਇਸ ਲੇਖ ਵਿਚ ਅਸੀਂ ਮੌਜੂਦਾ ਇੰਟਰਵਿਊ ਦੇ ਸਿੱਖਾ ਦੀ ਹੋਣੀ ਸਬੰਧੀ ਉਹ ਅਹਿਮ ਪੱਖ ਪੇਸ਼ ਕਰ ਰਹੇ ਹਾਂ ਜੋ ਕਿ ਸਾਡੇ ਲੂੰ ਕੰਡੇ ਖੜ੍ਹੇ ਕਰਨ ਵਾਲੇ ਹਨ।

ਸਵਾਲ: ਸਿੱਖ ਸਿਆਸਤ ਦੀਆਂ ਵੱਖ ਵੱਖ ਧਰਾਵਾਂ ਜਿਵੇਂ ਕਿ ਅਨੇਕਾਂ ਅਕਾਲੀ ਦਲ, ਅਨੇਕਾਂ ਮੋਰਚਿਆਂ ਦੇ ਆਗੂ ਅਤੇ ਅਜ਼ਾਦ ਉਮੀਦਵਾਰਾਂ ਦੀ ਰਾਜਨੀਤੀ ਨੂੰ ਕਿਵੇਂ ਦੇਖ ਰਹੇ ਹੋ?

ਜਵਾਬ: ਸੰਨ ਸੰਤਾਲੀ ਤੋਂ ਹੀ ਸਿੱਖ ਹੋਣੀ ਦਾ ਮੁੱਦਾ ਖਟਾਈ ਵਿਚ ਪਿਆ ਹੋਇਆ ਹੈ ਕਿਓਂਕਿ ਹਿੰਦੂ ਅਤੇ ਮੁਸਲਮਾਨਾ ਦੇ ਮੁਕਾਬਲੇ ਸਿੱਖ ਆਗੂ ਯੋਗ ਨਹੀਂ ਸਨ। ਸਿੱਖ ਆਗੂ ਨਹੀਂ ਸੀ ਸਮਝਦੇ ਕਿ ਇਤਹਾਸਕ ਪਰਿਪੇਖ ਵਿਚ ਹਿੰਦੂ ਸਿੱਖ (ਸੋਚ) ਦਾ ਰਿਸ਼ਤਾ (ਸਿਧਾਂਤਕ ਪੱਖ ਤੋਂ) ਅੱਗ ਪਾਣੀ ਦਾ ਰਿਸ਼ਤਾ ਰਿਹਾ ਹੈ। ਸਿੱਖ ਆਗੂ ਹਿੰਦੂ ਆਗੂਆਂ ਦੀ ਸੋਚ ਪੜ੍ਹਨੋ ਅਸਮਰਥ ਰਹੇ ਅਤੇ ਇਸੇ ਖਦਸ਼ੇ ਵਿਚ ਰਹੇ ਕਿ ਸਿੱਖਾਂ ਦਾ ਭਵਿੱਖ ਭਾਰਤ ਵਿਚ ਹੀ ਹੈ। ਇਸ ਸਵਾਲ ਦੇ ਜਵਾਬ ਵਿਚ ਆਸਟਰੀਆ ਦੇ ਇੱਕ ਚਿੰਤਕ ਦੇ ਹਵਾਲੇ ਨਾਲ ਇਹ ਗੱਲ ਕਹੀ ਕਿ The wars are fought in battle fields but won on the negotiating table ਭਾਵ ਕਿ ਲੜਾਈਆਂ ਜੰਗ ਦੇ ਮੈਦਾਨ ਵਿਚ ਲੜੀਆਂ ਜਾਂਦੀਆਂ ਹਨ ਪਰ ਗੱਲਬਾਤ ਨਾਲ ਜਿੱਤੀਆਂ ਜਾਂਦੀਆਂ ਹਨ। ਸੰਤਾਲੀ ਵੇਲੇ ਸਿੱਖ ਆਗੂਆਂ ਕੋਲ ਟਾਕ ਟੇਬਲ ਦੀ ਕੁਸ਼ਲਤਾ ਨਾ ਹੋਣ ਕਾਰਨ ਸਿੱਖ ਫਾਡੀ ਸਾਬਤ ਹੋਏ। ਸੰਤਾਲੀ ਵੇਲੇ ਗਾਂਧੀ ਅਤੇ ਹੋਰ ਹਿੰਦੂ ਆਗੂਆਂ ਨੇ ਮੁਸਲਮਾਨਾ ਨੂੰ ਵੱਖ ਕਰਨ ਦਾ ਫਾਰਮੂਲਾ ਘੜਿਆ ਅਤੇ ਲਾਗੂ ਕੀਤਾ ਕਿਓਂਕਿ ਦੇਸ਼ ਵਿਚ ਹਿੰਦੂ ਮੁਸਲਮਾਨਾਂ ਦੀ ਅਨੁਪਾਤ ੬੦:੪੦ ਸੀ ਅਤੇ ਹਿੰਦੂ ਆਗੂਆਂ ਨੂੰ ਇਹ ਸੰਸਾ ਸੀ ਕਿ ਅਜ਼ਾਦੀ ਤੋਂ ਬਾਅਦ ਹਿੰਦੂਆਂ ਦੀਆਂ ਅਛੂਤ ਆਖੀਆਂ ਜਾਣ ਵਾਲੀਆਂ ਸ਼੍ਰੇਣੀਆਂ ਇਸਲਾਮ ਧਾਰਨ ਕਰ ਲੈਣਗੀਆਂ ਕਿਓਂਕਿ ਮੁਸਲਮਾਨਾਂ ਵਿਚ ਛੂਤ ਛਾਤ ਨਹੀਂ ਹੈ ਅਤੇ ਇੰਝ ਸਮਾਂ ਪਾ ਕੇ ਦੇਸ਼ ਵਿਚ ਮੁਸਲਮਾਨ ਬਹੁ ਗਿਣਤੀ ਵਿਚ ਹੋ ਜਾਣਗੇ। ਨਹਿਰੂ,ਪਟੇਲ ਜਾਂ ਗਾਂਧੀ ਹਿੰਦੂ ਆਗੂਆਂ ਨੇ ਕਦੀ ਵੀ ਸਿੱਖਾਂ ਤੇ ਵਿਸ਼ਵਾਸ ਨਹੀਂ ਕੀਤਾ। ਸਿੱਖਾਂ ਨੇ ਦੇਸ਼ ਲਈ ਲੜਨ ਤੋਂ ਲੈਕੇ ਦੇਸ਼ ਦਾ ਢਿੱਡ ਭਰਨ ਤਕ ਜੋ ਕੁਝ ਵੀ ਕੀਤਾ ਇਸ ਨੂੰ ਦਰ ਕਿਨਾਰ ਕਰਕੇ, ਨਹਿਰੂ ਪਟੇਲ ਤੋਂ ਲਾ ਕੇ ਅਜੋਕੇ ਹਿੰਦੂ ਆਗੂਆਂ (ਮੋਦੀ ਤੇ ਅਮਿਤ) ਤਕ ਨੇ ਸਿੱਖਾਂ &lsquoਤੇ ਕਦੀ ਵਿਸ਼ਵਾਸ ਨਹੀਂ ਕੀਤਾ।

ਸਵਾਲ : ਮੋਦੀ ਸਰਕਾਰ ਨੂੰ ੧੦ ਸਾਲ ਹੋ ਗਏ ਤੇ ਹੁਣ ਤਕ ਸਿੱਖਾਂ ਦਾ ਮੋਦੀ ਤੇ ਵਿਸ਼ਵਾਸ ਕਿਓਂ ਨਹੀਂ ਬਣਿਆ?

ਜਵਾਬ : ਇਸ ਜਵਾਬ ਬੜਾ ਸਪੱਸ਼ਟ ਹੈ ਕਿ ਉਹ ਸਿੱਖਾਂ ਨੂੰ ਨਿਗਲਣਾ ਚਹੁੰਦੇ ਹਨ। ਕੋਈ ਵੀ ਹਿੰਦੂ ਆਗੂ ਕਿਸੇ ਵੀ ਕੀਮਤ ਤੇ ਸਿੱਖਾਂ ਦੀ ਅਜ਼ਾਦ ਪ੍ਰਭੂਸਤਾ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀ ਹਨ। ਇਸ ਲਈ ਸੈਂਕੜੇ ਸਬੂਤ ਦਿੱਤੇ ਜਾ ਸਕਦੇ ਹਨ। ਉਹਨਾ ਮੁਤਾਬਕ ਸਿੱਖਾਂ ਵਾਸਤੇ ਇਕ ਰਾਹ ਹੈ ਅਸਿਮੀਲੇਸ਼ਨ (assimilation) ਦਾ ਭਾਵ ਕਿ ਸਿੱਖ ਆਪਣੀ ਵੱਖਰੀ ਪਛਾਣ ਤਿਆਗ ਕੇ ਹਿੰਦੂਆਂ ਵਿਚ ਸਮਾ ਜਾਣ ਅਤੇ ਦੂਜਾ ਹੈ ਐਨਹੀਲੇਸ਼ਨ (annihilation) ਦਾ ਭਾਵ ਕਿ ਸਿੱਖ ਹੋਂਦ ਨੂੰ ਭਾਰਤ ਵਿਚ ਹਾਸ਼ੀਏ &lsquoਤੇ ਧੱਕ ਦਿਤਾ ਜਾਵੇ।

ਸਵਾਲ: ਮੋਦੀ ਨੇ ਸਿੱਖਾਂ ਨਾਲ ਮਾੜਾ ਕੀ ਕੀਤਾ ਹੈ?

ਜਵਾਬ: ਇਸ ਸਵਾਲ ਦਾ ਜਵਾਬ ਡਾ਼ ਢਿੱਲੋਂ ਨੇ ਹਾਲ ਪਾਹਰਿਆ ਨਾਲ ਦਿੱਤਾ ਕਿ ਮੋਦੀ ਨੇ ਹੇਮ ਕੁੰਟ ਸਾਹਿਬ ਨੂੰ ਦਰਬਾਰ ਸਾਹਿਬ ਦੇ ਬਰਾਬਰ ਮਾਨਤਾ ਦੇਣ ਲਈ ਅਕਾਸ਼ੀ ਆਵਾਜਾਈ ਲਈ ੧੨੦੦ ਕਰੋੜ ਦਿੱਤਾ ਹਾਲਾਂ ਕਿ ਹੇਮ ਕੁੰਟ ਦੀ ਕੋਈ ਇਤਹਾਸਕ ਪ੍ਰਮਾਣਕਤਾ ਨਹੀਂ ਹੈ ਅਤੇ ਉਸ ਦੀ ਨਿਸ਼ਾਨ ਦੇਹੀ ਕੇਵਲ ਬਚਿੱਤਰ ਨਾਟਕ ਦੇ ਅਧਾਰ ਤੇ ਦੱਸੀ ਜਾ ਰਹੀ ਹੈ ਜਿਸ ਦੀ ਆਪਣੀ ਕੋਈ ਪ੍ਰਮਾਣਕਤਾ ਨਹੀਂ ਹੈ। ਇਸੇ ਤਰਾਂ ਹਿੰਦੂ ਆਗੂ ਦਰਬਾਰ ਸਾਹਿਬ ਦੇ ਬਰਾਬਰ ਦੁਰਗਿਆਣਾ ਮੰਦਰ ਨੂੰ ਮਾਨਤਾ ਦੇ ਰਹੇ ਹਨ ਜਿਸ ਦੀ ਇਮਾਰਤ ਦੀ ਬਣਤਰ ਅਤੇ ਤੌਰ ਤਰੀਕਾ ਵੀ ਦਰਬਾਰ ਸਾਹਿਬ ਦੀ ਨਕਲ &lsquoਤੇ ਬਣਾਈ ਗਈ ਹਾਲਾਂ ਕਿ ਉਸ ਦੀ ਕੋਈ ਇਤਹਾਸਕ ਪ੍ਰਮਾਣਕਤਾ ਨਹੀਂ ਹੈ। ਹੁਣ ਜਿਵੇਂ ਭਗਵੰਤ ਮਾਨ ਆਪਣੀ ਪਤਨੀ ਅਤੇ ਨਵ ਜੰਮੇ ਆਪਣੇ ਬੇਟੇ ਨੂੰ ਲੈ ਕੇ ਦਰਬਾਰ ਸਾਹਿਬ ਦਰਸ਼ਨਾ ਲਈ ਗਿਆ ਤਾਂ ਉਹ ਆਪਣੇ ਪਰਿਵਾਰ ਨੂੰ ਦੁਰਗਿਆਣਾ ਮੰਦਰ ਵੀ ਲੈ ਕੇ ਗਿਆ ਜਿਥੇ ਕਿ ਊਸ ਦੀ ਮਿਲਣੀ ਬੀ ਜੇ ਪੀ ਆਗੂ (ਬੀਬੀ) ਲਕਸ਼ਮੀ ਕਾਂਤ ਚਾਵਲਾ ਨਾਲ ਹੁੰਦੀ ਹੈ। ਇਹ ਇੱਕ ਫਾਸ਼ੀ ਹਿੰਦੂ ਆਗੂ ਹੈ ਜਿਸ ਨੇ ਚੁਰਾਸੀ ਦੇ ਦਰਬਾਰ ਸਾਹਿਬ ਦੇ ਹਮਲੇ ਸਮੇਂ ਲੱਡੂ ਵੰਡੇ ਸਨ ਅਤੇ ਹਰ ਸਾਲ ਦਰਬਾਰ ਸਾਹਿਬ ਦੇ ਹਮਲੇ ਦੀ ਬਰਸੀ ਸਮੇਂ ਲੱਡੂ ਵੰਡਦੀ ਹੈ। ਭਗਵੰਤ ਸਿੰਘ ਮਾਨ ਨੇ ਕਿਸੇ ਵੀ ਹੋਰ ਸਿੱਖ ਜਾਂ ਗੈਰ ਸਿੱਖ ਨੂੰ ਉਹ ਮਾਨਤਾ ਨਹੀਂ ਦਿੱਤੀ ਜੋ ਕਿ ਇਸ ਔਰਤ ਨੂੰ ਦਿੱਤੀ। ਇਸ ਤੋਂ ਤਾਂ ਇਹੀ ਸੁਨੇਹਾ ਮਿਲਦਾ ਹੈ ਕਿ ਭਗਵੰਤ ਮਾਨ ਪੰਜਾਬ ਦਾ ਜਾਂ ਸਿੱਖੀ ਦਾ ਸਪੂਤ ਨਾ ਹੋ ਕੇ ਕੇਜਰੀਵਾਲ ਅਤੇ ਭਾਜਪਾ ਦਰਮਿਆਨ ਖੇਡਾਂ ਖੇਡ ਰਿਹਾ ਹੈ। ਉਹ ਸਿੱਖਾਂ ਅਤੇ ਪੰਜਾਬ ਦਾ ਵੈਰੀ ਹੈ। ਭਗਵੰਤ ਮਾਨ ਨੇ ਆਰ ਐਸ ਐਸ ਦੇ ਖਿਲਾਫ ਕਦੀ ਬਿਆਨ ਨਹੀਂ ਦਿੱਤਾ। ਕੈਰੋਂ ਤੋਂ ਲੈ ਕੇ ਪੰਜਾਬ ਦੇ ਹਰ ਮੁਖ ਮੰਤਰੀ ਨੇ ਪੰਜਾਬ ਦੇ ਹਿੱਤਾਂ ਦੇ ਵਿਰੁਧ ਕੰਮ ਕੀਤਾ। ਭਗਵੰਤ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਯੂ ਪੀ ਤੋਂ ਲਿਆ ਕੇ ਇੱਕ ਆਈ ਏ ਐਸ ਅਫਸਰ ਨੂੰ ਲਾਇਆ ਜੋ ਹਿੰਦੀ ਦੀ ਪੀ ਐਚ ਡੀ ਹੈ ਅਤੇ ਪੰਜਾਬੀ ਦਾ ਇੱਕ ਅੱਖਰ ਨਹੀਂ ਬੋਲ ਸਕਦੀ। ਉਹ ਔਰਤ ਕੇਜਰੀਵਾਲ ਦੀ ਚਹੇਤੀ ਹੈ ਅਤੇ ਭਗਵੰਤ ਮਾਨ ਨੇ ਸਿਰ ਨਿਵਾ ਕੇ ਆਪਣੇ ਆਕਾ ਦਾ ਹੁਕਮ ਮੰਨ ਲਿਆ। ਇਹ ਸਿੱਖੀ ਉੱਤੇ ਪੰਜਾਬੀ &lsquoਤੇ ਸਭਿਆਚਾਰਕ,ਸਮਾਜਕ ਅਤੇ ਭਾਸ਼ਾਈ ਹਮਲਾ ਹੈ

ਹੁਣ ਤਕ ਪੰਜਾਬ ਦੇ ਹਰ ਮੁਖ ਮੰਤਰੀ ਦਾ ਕਿਰਦਾਰ ਇਸੇ ਤਰਾਂ ਦਾ ਰਿਹਾ ਹੈ ਕਿਓਕਿ ਕੇਂਦਰ ਕੋਲ ਸਿੱਖ ਅਤੇ ਪੰਜਾਬ ਵਿਰੋਧੀ ਫਰੇਮ ਵਰਕ ਹੀ ਐਸਾ ਹੈ।ਹੁਣ ਦਰਬਾਰਾ ਸਿੰਘ ਦੀ ਗੱਲ ਲੈ ਲਓ, ਉਸ ਨੇ ਸੁਪਰੀਮ ਕੋਰਟ ਵਿਚ ਪੰਜਾਬ ਦੇ ਪਾਣੀਆਂ ਦੇ ਕੇਸ ਨੂੰ ਇੰਦਰਾਂ ਗਾਂਧੀ ਦੇ ਦਬਾਅ ਹੇਠ ਵਾਪਸ ਲੈ ਲਆ। ਹਾਲਾਂ ਕਿ ਫੈਸਲਾ ਸਿੱਖਾਂ ਦੇ ਹੱਕ ਵਿਚ ਹੋਣ ਜਾ ਰਿਹਾ ਸੀ।

ਰਹੀ ਗੱਲ ਮੋਦੀ ਦੀ ਉਸ ਨੇ ਸਾਹਿਬਜ਼ਾਦਿਆਂ ਦੀ ਬਤੌਰ ਸਾਹਿਬਜ਼ਾਦਿਆਂ ਦੇ ਤੌਰ ਤੇ ਪਛਾਣ ਨੂੰ ਬੀਰ ਬਾਲ ਦੀ ਪਛਾਣ ਦੇ ਦਿੱਤੀ ਹੈ

ਸਵਾਲ: ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਕੀ ਖਿਆਲ ਹਨ ?

ਜਵਾਬ: ਮੋਦੀ ਨੇ ਇਸ ਲਾਂਘੇ ਦੀ ਅਸਿੱਧੇ ਤੌਰ ਤੇ ਵਿਰੋਧਤਾ ਕੀਤੀ ਪਰ ਜਦੋਂ ਬੇਬਸੀ ਹੋ ਗਈ ਤਾਂ ਉਸ ਦਾ ਕਰੈਡਿਟ ਲੈਣ ਲਈ ਪੈਂਤੜਾ ਬਦਲ ਲਿਆ।

ਸਵਾਲ: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਤਾਂ ਤੁਸੀਂ ਖੁਸ਼ ਨਹੀਂ ਹੋ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਕ ਦੋ ਚੰਗੇ ਉਮੀਦਵਾਰ ਖੜ੍ਹੇ ਕੀਤੇ ਹਨ ਜਿਵੇਂ ਕਿ ਬਠਿੰਡਾ ਤੋਂ ਲੱਖਾ ਸਿਧਾਣਾ , ਅੰਮ੍ਰਿਤਸਰ ਤੋਂ ਇਮਾਨ ਸਿੰਘ ਅਤੇ ਸੰਗਰੂਰ ਤੋਂ ਖੁਦ ਸਿਮਰਨਜੀਤ ਸਿੰਘ ਮਾਨ। ਕੁਝ ਹੋਰ ਵੀ ਹਨ। ਅੰਮ੍ਰਿਤਪਾਲ ਸਿੰਘ ਵੀ ਸਿਆਸਤ ਵਿਚ ਆਇਆ ਹੈ- ਕਿਵੇਂ ਦੇਖਦੇ ਹੋ?

ਜਵਾਬ: ਜਿਥੋਂ ਤਕ ਅੰਮ੍ਰਿਤਪਾਲ ਸਿੰਘ ਦਾ ਸਵਾਲ ਹੈ ਉਸ ਬਾਰੇ ਮੈਂ ਨਿੱਜੀ ਤੌਰ ਤੇ ਤਾਂ ਵਾਕਿਫ ਨਹੀਂ ਹਾਂ ਪਰ ਅਖਬਾਰਾਂ ਜਾਂ ਸੋਸ਼ਲ ਮੀਡੀਏ ਵਿਚ ਜੋ ਪੜ੍ਹਿਆ ਹੈ ਉਸ ਮੁਤਾਬਕ ਉਸ ਨੇ ਕੋਈ ਜ਼ੁਰਮ ਨਹੀਂ ਕੀਤਾ ਸਗੋਂ ਉਹ ਤਾਂ ਨਸ਼ੇ ਛੁਡਵਾ ਕੇ ਨੌਜਵਾਨਾਂ ਨੂੰ ਅਮ੍ਰਿਤ ਛਕਾਉਣ ਦੀ ਲਹਿਰ ਚਲਾ ਰਿਹਾ ਸੀ। ਖਾਲਸੇ ਦੀ ਸਾਜਨਾ ਤੋਂ ਹੀ ਸਿੱਖ ਵਿਰੋਧੀ ਹਿੰਦੂ ਪੈਂਤੜਾ ਜਾਰੀ ਹੈ। ਸਿਖਾਂ ਦਾ ਵਿਰੋਧ ਮੁਸਲਮਾਨ ਅਤੇ ਹਿੰਦੂ ਹਾਕਮਾ ਵਲੋਂ ਹੁੰਦਾ ਹੀ ਆਇਆ ਹੈ। ਸੰਤ ਜਰਨੈਲ ਸਿੰਘ ਨੇ ਵੀ ਤਾਂ ਨਸ਼ੇ ਛਡਾਉਣ ਲਈ ਅੰਮ੍ਰਿਤ ਛਕਾਉਣਾ ਸ਼ੁਰੁ ਕੀਤਾ ਸੀ।

ਸਵਾਲ: ਪੰਜਾਬ ਤੋਂ ਬਾਹਰ ਸਿੱਖ ਰੈਫਰੈਂਡਮ ਦੀ ਜੋ ਲਹਿਰ ਚੱਲੀ ਹੈ ਉਸ ਬਾਰੇ ਤੁਹਾਡੇ ਕੀ ਖਿਆਲ ਹਨ?

ਜਵਾਬ: ਉਹ ਵੀ ਸਿੱਖਾਂ ਨਾਲ ਕੀਤੇ ਵਿਸ਼ਵਾਸਘਾਤ ਦਾ ਨਤੀਜਾ ਹੈ। ਨਾ ਕੇਵਲ ਨਹਿਰੂ ਪਟੇਲ ਜਾ ਮੋਦੀ ਹੀ ਸਗੋਂ ਡਾ: ਮਨਮੋਹਨ ਵੀ ਕੇਂਦਰ ਦੀ ਇਸੇ ਪ੍ਰਕਿਰਿਆ ਦਾ ਹਿੱਸਾ ਸੀ। ਪਾਣੀਆਂ ਦੇ ਮਾਮਲੇ ਤੇ ਉਸ ਨੇ ਵੀ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ ਸੀ। ੨੦੦੪ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਮੁਖ ਮੰਤਰੀ ਹੁੰਦਿਆ ਪੰਜਾਬ ਪਾਣੀਆਂ ਦੇ ਸਭ ਸਮਝੌਤੇ ਰੱਦ ਕਰ ਦਿੱਤੇ ਸਨ ਜਿਸ &lsquoਤੇ ਕਿ ਰਾਜਪਾਲ ਦੇ ਵੀ ਹਸਤਾਖਰ ਸਨ। ਡਾ: ਮਨਮੋਹਨ ਸਿੰਘ ਨੇ ਉਹ ਦਸਤਾਵੇਜ਼ ਆਪਣੇ ਹੱਥ ਲੈ ਕੇ ਸੁਪਰੀਮ ਕੋਰਟ ਵਿਚ ਦੇ ਦਿੱਤਾ ਜਿਸ ਦਾ ਫੈਸਲਾ ਹਾਲੇ ਤਕ ਨਹੀਂ ਆਇਆ। ਮਨਮੋਹਨ ਸਿੰਘ ਦੇ ਖਜ਼ਾਨਾ ਮੰਤਰੀ ਹੁੰਦਿਆਂ ਜਦੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦਾ ਮੁੱਦਾ ਯੂ ਐਨ ਵਿਚ ਉੱਠਿਆ ਤਾਂ ਭਾਰਤ ਨੇ ਮਨਮੋਹਨ ਸਿੰਘ ਨੂੰ ਭੇਜ ਕੇ ਉਹ ਰਫਾ ਦਫਾ ਕਰਵਾ ਦਿੱਤਾ। ਅਜੋਕੇ ਰਾਜ ਦਾ ਸੰਕਲਪ ਬਹੁਤ ਮਾਰੂ ਹੈ। ਭਾਰਤ ਮਾਤਾ ਦੇ ਨਾਅਰੇ ਹੇਠ ਕਿਸੇ ਨੂੰ ਵੀ ਸਲਾਖਾਂ ਪਿੱਛੇ ਤਾੜਿਆ ਜਾ ਸਕਦਾ ਹੈ ਅਤੇ ਜਾਨੋ ਵੀ ਮਾਰਿਆ ਜਾ ਸਕਦਾਭਾਰਤ ਮਾਤਾ ਤਾਂ ਸਿੱਖਾਂ ਦੀ ਸੌਤੇਲੀ ਮਾਤਾ ਹੈ। ਬਹੁਤ ਸਾਰੇ ਸਿੱਖਾਂ ਨੂੰ ਇਸ ਦਾ ਅਹਿਸਾਸ ਨਹੀਂ ਹੈ।

ਬਦੇਸ਼ਾਂ ਤੋਂ ਸਿੱਖਾਂ ਦੇ ਹੱਕ ਵਿਚ ਭਰਵੀਂ ਅਵਾਜ਼ ਇਸ ਕਰਕੇ ਉੱਠ ਰਹੀ ਹੈ ਕਿਓਂਕਿ ਉਥੇ ਬੋਲਣ ਦੀ ਅਜ਼ਾਦੀ ਹੈ ਜਦ ਕਿ ਭਾਰਤ ਵਿਚ ਚੰਗੇ ਚੰਗੇ ਵਿਦਵਾਨਾ ਨੂੰ ਸਲਾਖਾਂ ਪਿੱਛੇ ਡੱਕਿਆ ਹੋਇਆ ਹੈ।

ਸਵਾਲ: ਕੀ ਰੈਫਰੈਂਡਮ ਨਾਲ ਸਿੱਖਾਂ ਨੂੰ ਕੋਈ ਪ੍ਰਾਪਤੀ ਹੋ ਸਕਦੀ ਹੈ?

ਜਵਾਬ: ਦੇਖੋ, ਜਦੋਂ ਕਿਸੇ ਕੌਮ ਨੂੰ ਧੱਕ ਕੇ ਕੰਧ ਨਾਲ ਲਾ ਦਿੱਤਾ ਜਾਵੇ (ਖੂੰਜੇ ਲਾ ਦਿੱਤਾ ਜਾਵੇ) ਤਾਂ ਉਹ ਕੀ ਕਰੂ?


ਸਵਾਲ: ਅਮਰੀਕਾ ਨੇ ਕਿਹਾ ਹੈ ਕਿ ਗੁਰਪਤਵੰਤ ਸਿੰਘ ਪੰਨੂੰ ਨੂੰ ਮਰਵਾਉਣ ਦੀ ਭਾਰਤ ਦੀ ਨੀਤੀ ਸੀ?

ਜਵਾਬ: ਉਹ ਤਾਂ ਸਾਬਤ ਹੋ ਚੁੱਕਾ ਹੈ। ਇੰਡੀਅਨ ਇੰਟੈਲੀਜੈਂਸ ਦੇ ਗੋਇਲ ਦਾ ਇਸ ਸਬੰਧੀ ਨਾਮ ਵੀ ਆ ਚੁੱਕਾ ਹੈ। ਗੌਰਵ ਆਰੀਏ ਵਰਗੇ ਬੰਦੇ ਤਾਂ ਖੁਲ੍ਹੇ ਆਮ ਕਹਿੰਦੇ ਰਹੇ ਕਿ ਹਮ ਸਿੱਖੋਂ ਕੋ ਘੁਸ ਕੇ ਮਾਰੇਂਗੇ। ਆਰਮੀ ਦੇ ਮੇਜਰ ਜਨਰਲ ਅਤੇ ਲੈਫਟੀਨੈਂਟ ਜਨਰਲ ਇਸੇ ਕਿਸਮ ਦੇ ਬਿਆਨ ਸ਼ਰੇਆਮ ਦਿੰਦੇ ਰਹੇ ਹਨ। ਗੁਰਦੀਪ ਸਿੰਘ ਨਿੱਝਰ ਦਾ ਕਤਲ ਵੀ ਵਿਚ ਇਸੇ ਲੜੀ ਤਹਿਤ ਹੋਇਆ ਜਿਸ ਨੂੰ ਅੱਤਵਾਦੀ ਕਹਿ ਕੇ ਮਾਰਿਆ ਗਿਆ।

ਸਵਾਲ: ਲੋਕ ਸਭਾ ਵੋਟਾਂ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਬਾਰੇ ਤੁਹਾਡਾ ਕੀ ਖਿਆਲ ਹੈ?

ਜਵਾਬ: ਕੇਜਰੀਵਾਲ ਬਹੁਤ ਖਤਰਨਾਕ ਕਿਸਮ ਦਾ ਆਦਮੀ ਹੈ। ਉਸ ਨੇ ਸਵਾਤੀ ਮਾਲੀਵਾਲ ਨੂੰ ਕਿੰਨੀ ਬੇਦਰਦੀ ਨਾਲ ਆਪਣੇ ਪੀ ਏ ਤੋਂ ਕੁਟਵਾਇਆ। ਖਹਿਰੇ ਨੂੰ ਬੁਰੀ ਤਰਾਂ ਪ੍ਰੇਸ਼ਾਨ ਕੀਤਾ ਗਿਆ। ਸਿੱਖ ਤਾ ਕਿਤੇ ਵੀ ਸੁਰੱਖਿਅਤ ਨਹੀਂ ਹੈ।


ਸਵਾਲ: ਆਖ਼ਿਰ ਸਿੱਖਾਂ ਦਾ ਸੰਘਰਸ਼ ਕਿਸ ਗੱਲ ਲਈ ਹੈ?

ਜਵਾਬ: ਸਿੱਖਾਂ ਦਾ ਸੰਘਰਸ਼ ਜਿੰਦਾ ਰਹਿਣ ਲਈ ਹੈ। ਸਿੱਖ ਸਵੈਮਾਨ ਨਾਲ ਜਿਊਣਾ ਚਹੁੰਦੇ ਹਨ। ਜੇਕਰ ਕਿਸੇ ਨੇ ਦਿੱਲੀ ਦੀ ਕੰਧ &lsquoਤੇ ਖਾਲਿਸਤਾਨ ਜਿੰਦਾਬਾਦ ਲਿਖ ਦਿੱਤਾ ਤਾਂ ਉਸ ਨੂੰ ਸੀਖਾਂ ਪਿੱਛੇ ਤਾੜ ਦਿੱਤਾ ਜਾਂਦਾ ਹੈ ਅਤੇ ਉਸ ਦੀ ਕੋਈ ਸੁਣਵਾਈ ਵੀ ਨਹੀਂ ਹੁੰਦੀ। ਸਿੱਖਾਂ ਵਾਲੀ ਲੜਾਈ ਹੀ ਕਦੀ ਯਹੂਦੀਆਂ ਦੀ ਜਾਂ ਹੋਰ ਕੌਮਾਂ ਦੀ ਰਹੀ ਹੈ।

ਸਵਾਲ : ਕਿ ਤੁਸੀਂ ਖਾਲਿਸਤਾਨ ਦੀ ਹਿਮਾਇਤ ਕਰਦੇ ਹੋ?

ਜਵਾਬ: ਮੈਂ ਖਾਲਿਸਤਾਨ ਦਾ ਹਿਮਾਇਤੀ ਉਸ ਹਾਲਤ ਵਿਚ ਹੀ ਹਾਂ ਜਦੋਂ ਤੁਹਾਡੇ ਕੋਲ ਹੋਰ ਕੋਈ ਰਾਹ ਹੀ ਨਹੀਂ ਰਹਿ ਜਾਂਦਾ। ਤੁਸੀਂ ਮਾਣ ਨਾਲ ਜਿਊਣਾ ਚਹੁੰਦੇ ਹੋ ਨਾ ਕਿ ਦੋ ਨੰਬਰ ਦੇ ਸ਼ਹਿਰੀ ਹੋ ਕੇ ਜਾ ਗੁਲਾਮ ਹੋ ਕੇ ਪਰ ਤੁਹਾਨੂੰ ਜਿਊਣ ਨਹੀਂ ਦਿੱਤਾ ਜਾਂਦਾ, ਤੁਾਹਡੀ ਹਰ ਅਜ਼ਾਦੀ ਖਤਮ ਕਰ ਦਿੱਤੀ ਜਾਂਦੀ ਹੈ। ਤੁਹਾਡੇ ਧਰਮ, ਤੁਹਾਡੀ ਬੋਲੀ ਅਤੇ ਤੁਹਾਡੇ ਸਭਿਆਚਾਰ ਭਾਵ ਕਿ ਸਿੱਖ ਰਹਿਤਲ &lsquoਤੇ ਹਰ ਪੱਖੋਂ ਪਾਬੰਦੀਆਂ ਹਨ।

ਸਵਾਲ: ਪੰਜਾਬ ਵਿਚ ਸਿੱਖ ਮੁੱਦੇ ਅਤੇ ਪੰਜਾਬ ਦੇ ਮੁੱਦੇ ਕੀ ਵੱਖ ਵੱਖ ਹਨ ਜਾਂ ਸਾਂਝੇ ਹਨ?

ਜਵਾਬ: ਦੇਖੋ ਸਿੱਖਾਂ ਨੂੰ ਪੰਜਾਬ ਵਿਚ ਅਜ਼ਾਦੀ ਨਾਲ ਰਹਿਣ ਲਈ ਜਦੋਂ ਕੇਂਦਰ ਹੱਕ ਨਾ ਦੇਵੇ ਤਾਂ ਸਿੱਖ ਕੀ ਕਰਨ? ਮਿਸਾਲ ਦੇ ਤੌਰ ਤੇ ਤੁਸੀਂ ਰਾਜ ਸਭਾ ਦੇ ੬ ਮੈਂਬਰ ਬਣਾਉਂਦੇ ਹੋ ਅਤੇ ਉਹ ਸਾਰੇ ਹੀ ਪੰਜਾਬ ਤੋਂ ਬਾਹਰਲੇ ਹਨ ਜਾਂ ਜੇਕਰ ਕੋਈ ਪੰਜਾਬੀ ਮੂਲ ਦਾ ਹੋਵੇ ਵੀ ਤਾਂ ਉਹ ਵੀ ਬਿਗਾਨਾ ਹੋਵੇ। ਬੰਦੀ ਸਿੱਖਾਂ ਦਾ ਮੁੱਦਾ ਲੈ ਲਓ। ਉਹ ਸਾਰੇ ਆਪਣੀ ਸਜ਼ਾ ਭੁਗਤ ਚੁੱਕੇ ਹਨ ਪਰ ਉਹਨਾ ਦੀ ਰਿਹਾਈ ਨਹੀਂ ਹੋ ਰਹੀ। ਉਧਰ ਮੋਦੀ ਅਮਿਤ ਸ਼ਾਹ ਮੁਸਲਮਾਨਾ ਨਾਲ ਕੀ ਕਰ ਰਹੇ ਹਨ। ਬਿਲਕਸ ਬਾਨੋ ਦਾ ਕੇਸ ਦੇਖ ਲਓ। ਇਤਹਾਸਕ ਤੌਰ &lsquoਤੇ ਏਨਾ ਜ਼ੁਲਮ ਕਿੱਥੇ ਹੁੰਦਾ ਹੈ? ਹੁਣ ਸਿੱਖ ਮਾਨਸਿਕ ਅਤੇ ਬੌਧਿਕ ਤੌਰ &lsquoਤੇ ਹਰ ਮੁੱਦੇ &lsquoਤੇ ਭਾਰਤ ਵਿਚ ਇੱਕ ਮੰਗਤਾ ਕੌਮ ਬਣ ਕੇ ਰਹਿ ਗਈ ਹੈ।

ਮਨਵੀਰ ਕੌਰ ਵਲੋਂ ਰੈਫਰੈਂਡਮ ਦੇ ਮੁੱਦੇ &lsquoਤੇ ਅਮਰੀਕਾ ਦੇ ਫਿਰਕੂ ਦ੍ਰਿਸ਼ਟੀ ਕੋਣ ਬਾਰੇ ਪੁੱਛੇ ਸਵਾਲ ਤੇ ਡਾ: ਢਿੱਲੋਂ ਨੇ ਸੰਨ ੧੯੧੭ ਦੇ ਨਾਸਤਕ ਸੋਵੀਅਤ ਰੂਸ ਬਨਾਮ ਧਰਮ ਨਿਰਪੱਖ ਯੂਰਪ ਦੇ ਹਵਾਲੇ ਨਾਲ ਇੱਕ ਗੱਲ ਸਮਝਾਈ ਕਿ ਇਸਾਈਆਂ ਦੀ ਬਹੁਗਿਣਤੀ ਵਾਲੇ ਦੇਸ਼ਾਂ ਵਿਚ ਧਰਮ ਨਿਰਪੱਖ (Secularism) ਦਾ ਸੰਕਲਪ ਇਕ ਚੁਸਤੀ ਵਾਲਾ ਸ਼ੋਸ਼ਾ ਹੈ। ਜਿਸ ਦੇਸ਼ ਵਿਚ ਕਿਸੇ ਇੱਕ ਧਰਮ ਦੀ ਬਹੁ ਗਿਣਤੀ ਅਤੇ ਬੋਲ ਬਾਲਾ ਹੋਵੇ ਉਥੇ ਉਸੇ ਦੀ ਮਾਨਤਾ ਵੀ ਹੋ ਹੀ ਜਾਣੀ ਹੁੰਦੀ ਹੈ। ਅਖੌਤੀ ਤੌਰ ਤੇ ਭਾਰਤ ਭਾਵੇਂ ਆਪਣੇ ਆਪ ਨੂੰ ਧਰਮ ਨਿਰਪੱਖ ਦੇਸ਼ ਦੱਸੇ ਪਰ ਰਾਜ ਦੀਆਂ ਸਾਰੀਆਂ ਰਸਮਾਂ ਹਿੰਦੂ ਧਰਮ ਮੁਤਾਬਕ ਹੁੰਦੀਆਂ ਹਨ ਅਤੇ ਉਹਨਾ ਦੇ ਧਰਮ ਸੰਸਕਾਰਾਂ ਦੀ ਜੀਵਨ ਦੇ ਹਰ ਪੱਖ ਵਿਚ ਤੂਤੀ ਬੋਲਦੀ ਹੈ।

ਅਖੀਰ ਤੇ ਡਾ: ਢਿੱਲੋਂ ਨੇ ਇਹ ਕਿਹਾ ਕਿ ਭਾਰਤ ਵਿਚ ਸਿੱਖਾਂ ਨਾਲ ਰਾਜ ਵਲੋਂ ਬੜਾ ਵੱਡਾ ਅਨਰਥ ਹੋ ਰਿਹਾ ਹੈ ਅਤੇ ਬੇਇਸਨਸਾਫੀ ਹੋ ਰਹੀ ਹੈ ਹਾਲਾਂ ਕਿ ਸਿੱਖ ਕੌੰਮ ਤਾਂ ਸਰਬਤ ਦਾ ਭਲਾ ਮੰਗਣ ਵਾਲੀ ਹੈ।

ਨਰਿੰਦਰ ਮੋਦੀ ਦੇ ਬਿਆਨਾਂ &lsquoਤੇ ਵਿਅੰਗ ਹੋਣ ਲੱਗੇ


ਪ੍ਰਧਾਨ ਮੰਤਰੀ ਨਰਿੰਦਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਭਾਰਤ ਵਿਚ ਆਪਣੀ ਕਿਸਮ ਦਾ ਪਹਿਲਾ ਪ੍ਰਧਾਨ ਮੰਤਰੀ ਹੈ ਜਿਸ ਦੇ ਬਿਆਨ ਬੜੇ ਅਟਪਟੇ, ਉਲਾਰ ਅਤੇ ਹਾਸੋ ਹੀਣੇ ਹੋਇਆ ਕਰਦੇ ਹਨਆਓ ਇਹਨਾ ਬਿਆਨਾ ਤੇ ਸਰਸਰੀ ਨਜ਼ਰ ਮਾਰੀਏ -

ਧੱਕੜ ਸਰਕਾਰ&mdashਪਾਕਿਸਤਾਨ ਵਿਚ ਭੁੱਖ ਨੰਗ ਦਾ ਜ਼ਿਕਰ ਕਰਦਿਆਂ ਨਰਿੰਦਰ ਮੋਦੀ ਆਪਣੀ ਸਰਕਾਰ ਨੂੰ ਧਾਕੜ ਸਕਰਾਰ ਕਹਿ&rsquo ਰਿਹਾ ਹੈ। ਮੋਦੀ ਨੇ ਧਾਕੜ ਦਾ ਜੁਮਲਾ ਅਮੀਰ ਖਾਨ ਦੀ ਦੰਗਲ ਫਿਲਮ ਦੇ ਗੀਤ &lsquoਐਸੀ ਧਾਕੜ ਹੈ ਧਾਕੜ ਹੈ, ਐਸੀ ਧਾਕੜ ਹੈ&rsquo ਤੋ ਲਿਆ ਹੈ। ਹਾਲਾਂ ਕਿ ਹਰਿਆਣਾ ਅਤੇ ਯੂ ਪੀ ਵਰਗੇ ਹਿੰਦੀ ਬੋਲਦੇ ਰਾਜਾਂ ਵਿਚ ਵੀ ਭਾਜਪਾ ਨੂੰ ਡਰ ਲੱਗਣ ਲੱਗ ਪਿਆ ਹੈ ਅਤੇ ਭਾਜਪਾ ਦੇ ਲੀਡਰ ਪਿੰਡਾਂ ਵਿਚ ਜਾਣ ਤੋਂ ਡਰਦੇ ਹਨ। ਹਰਿਆਣਾ ਵਿਚ ਪ੍ਰਚਾਰ ਫੇਰੀ ਦੌਰਾਨ ਮੋਦੀ ਨੂੰ ਪਹਿਲਵਾਨ ਬੇਟੀਆਂ ਦੀ ਯਾਦ ਆਈ ਤਾਂ ਲੋਕੀ ਉਸ ਦੇ ਬਿਆਨਾ &lsquoਤੇ ਹੈਰਾਨ ਰਹਿ ਗਏ। ਜਿਸ ਵੇਲੇ ਦਿੱਲੀ ਵਿਚ ਕਿਸਾਨਾ ਦਾ ਮੋਰਚਾ ਚੱਲ ਰਿਹਾ ਸੀ ਉਸ ਸਮੇਂ ਪਹਿਲਵਾਨ ਬੀਬੀਆਂ ਵੀ ਦਿੱਲੀ ਦੇ ਜੰਤਰ ਮੰਤਰ ਤੇ ਡੇਢ ਮਹੀਨਾ ਬੈਠੀਆਂ ਰਹੀਆਂ ਸਨ ਕਿਓਂਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਰਿਜ ਭੂਸ਼ਨ ਸ਼ਰਨ ਸਿੰਘ &lsquoਤੇ ਪਹਿਲਵਾਨ ਔਰਤਾਂ ਨਾਲ ਜਿਨਸੀ ਸੋਸ਼ਨ ਦੇ ਦੋਸ਼ ਸਨਇਹ ਬੰਦਾ ਭਾਜਪਾ ਦਾ ਐਮ ਪੀ ਸੀ ਅਤੇ ਭਾਜਪਾ ਸਰਕਾਰ ਇਸ ਦੀ ਪਿੱਠ &lsquoਤੇ ਸੀ। ਜਨਵਰੀ ੨੦੨੩ ਨੂੰ ਸ਼ੁਰੂ ਹੋਏ ਇਸ ਮੋਰਚੇ ਦਾ ਅੰਤ ਇਸ ਸ਼ਰਤ ਤੇ ਹੋਇਆ ਸੀ ਕਿ ਭਾਜਪਾ ਸਰਕਾਰ ਬ੍ਰਿਜ ਭੂਸ਼ਨ ਦੇ ਦੋਸ਼ਾਂ ਸਬੰਧੀ ਇੱਕ ਕਮੇਟੀ ਦਾ ਗਠਨ ਕਰਕੇ ਇਨਸਾਫ ਕਰੇਗੀ ਪਰ ਤਿੰਨ ਚਾਰ ਮਹੀਨੇ ਉਡੀਕ ਕਰਨ ਤੋਂ ਬਾਅਦ ਪਹਿਲਵਾਨ ਬੀਬੀਆਂ ਨੂੰ ੨੩ ਅਪ੍ਰੈਲ ਨੂੰ ਮੁੜ ਅੰਦੋਲਨ ਸ਼ੁਰੂ ਕਰਨਾ ਪਿਆ ਕਿਓਂਕਿ ਸਰਕਾਰ ਬ੍ਰੁਜ ਭੂਸ਼ਨ ਨੂੰ ਬਚਾਉਣ ਲਈ ਹਰ ਤਰਾਂ ਦੇ ਹੱਥ ਕੰਡੇ ਅਪਣਾ ਰਹੀ ਸੀ। ਜਿਸ ਕਮੇਟੀ ਦਾ ਭਾਜਪਾ ਨੇ ਗਠਨ ਕੀਤਾ ਸੀ ਉਹ ਤਾਂ ਐਫ ਆਈ ਆਰ ਵੀ ਸੁਪਰੀਮ ਕੋਰਟ ਦੇ ਦਖਲ ਨਾਲ ਹੀ ਆਇਦ ਕਰ ਸਕੀ ਸੀ। ਸਰਕਾਰ ਵਲੋਂ ਪਹਿਲਵਾਨ ਬੀਬੀਆਂ ਤੇ ਵੀ ਦਬਾਅ ਜਾਰੀ ਸੀ ਕਿ ਉਹ ਆਪਣਾ ਕੇਸ ਵਾਪਸ ਲੈ ਲੈਣ। ਉਸ ਵੇਲੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੋਹਾਂ ਨੇ ਪਹਿਲਵਾਨ ਬੀਬੀਆਂ ਦੇ ਮਾਮਲੇ ਤੇ ਚੁੱਪ ਧਾਰਨ ਕਰ ਲਈ ਸੀ। ਇਸ ਮੋਰਚੇ ਦੀ ਮੁਖੀ ਬੀਬੀ ਸ਼ਸ਼ੀ ਮਲਿਕ ਨੇ ਉਸ ਵੇਲੇ ਬਿਆਨ ਦਿੱਤੇ ਸਨ ਕਿ ਇਹਨਾ ਆਗੂਆਂ ਦੀ ਚੁੱਪ ਨੇ ਉਸ ਨੂੰ ਡੂੰਘਾ ਦੁੱਖ ਪਹੁੰਚਾਇਆ ਸੀ। ਵਿਰੋਧੀ ਪਾਰਟੀਆਂ ਅਤੇ ਮੀਡੀਏ ਵਿਚ ਇਹ ਵੀ ਜ਼ਿਕਰ ਸੀ ਕਿ ਪਹਿਲਾਨ ਬੀਬੀਆਂ ਦੇ ਸਬੰਧ ਕਿਸਾਨੀ ਪਰਿਵਾਰਾਂ ਨਾਲ ਹੋਣ ਕਾਰਨ ਵੀ ਭਾਰਤ ਦੇ ਆਗੂ ਉਹਨਾ ਪ੍ਰਤੀ ਕੋਈ ਵੀ ਹਮਦਰਦੀ ਨਹੀਂ ਸਨ ਜ਼ਾਹਰ ਕਰਦੇ। ੨੮ ਮਈ ੨੦੨੩ ਨੂੰ ਬੀਬੀਆਂ ਦੇ ਮੋਰਚੇ ਦੌਰਾਨ ਉਹਨਾ ਨਾਲ ਪੁਲਿਸ ਵਲੋਂ ਕੀਤੀ ਧੱਕਾ ਮੁੱਕੀ ਅਤੇ ਪੁਲਿਸ ਹਿਰਾਸਤ ਖਿਲਾਫ &lsquoਯੁਨਾਈਟਿਡ ਵਰਲਡ ਰੈਸਲਿੰਗ&rsquo ਅਤੇ &lsquoਇੰਟਰਨੈਸ਼ਨਲ ਓਲਿੰਪਕ ਕਮੇਟੀ&rsquo ਵਲੋਂ ਤਿੱਖੇ ਬਿਆਨ ਆਏ। ੨੫ ਜੂਨ ੨੦੨੩ ਨੂੰ ਪਹਿਲਵਾਨ ਬੀਬੀਆਂ ਨੇ ਫੈਸਲਾ ਕੀਤਾ ਕਿ ਉਹ ਮੋਰਚੇ ਦਾ ਰਾਹ ਛੱਡ ਕੇ ਕਾਨੂੰਨੀ ਪ੍ਰਕਿਰਿਆ ਦਾ ਆਸਰਾ ਲੈਣਗੀਆਂ। ਦਿੱਲੀ ਵਿਚ ਸਿਟ (SIT) ਅੱਗੇ ਵੀ ਇਹ ਕੇਸ ਗਿਆ। ਪਹਿਲਵਾਨ ਬੀਬੀਆਂ &lsquoਤੇ ਦਬਾਓ ਜਾਰੀ ਰਿਹਾ ਅਤੇ ਇੱਕ ਨਬਾਲਗ ਪਹਿਲਵਾਨ ਬੀਬੀ ਨੇ ਆਪਣੇ ਪਿਤਾ ਦੇ ਕਹਿਣ &lsquoਤੇ ਕੇਸ ਵਾਪਸ ਵੀ ਲੈ ਲਿਆ। ਇਸ ਸਕੈਂਡਲ ਦੇ ਰੇੜਕੇ ਕਰਕੇ ੨੦੨੩ ਦੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦਿੱਲੀ ਤੋਂ ਬਦਲ ਕੇ ਅਸਤਾਨਾ, ਕਜ਼ਾਕਸਤਾਨ ਵਿਚ ਕਰ ਦਿੱਤੀ ਗਈ। ਭਾਰਤ ਵਿਚ ਜੋ ਮੁਕੱਦਮੇ ਸਰਕਾਰ ਦੇ ਟੁੱਕੜ ਬੋਚਾਂ ਖਿਲਾਫ ਹੋਣ ਉਹਨਾ ਨੂੰ ਵਰਿਆਂ ਦੇ ਵਰ੍ਹੇ ਲਟਕਾ ਦਿੱਤਾ ਜਾਂਦਾ ਹੈ ।ਬ੍ਰਿਜ ਭੂਸ਼ਣ ਖਿਲਾਫ ਭਾਵੇਂ ਚਾਰ ਪਹਿਲਵਾਨ ਬੀਬੀਆਂ ਨੇ ਆਡੀਓ ਵੀਡੀਓ ਸਬੂਤ ਵੀ ਪੇਸ਼ ਕੀਤੇ ਪਰ ਦਿੱਲੀ ਪੁਲਿਸ ਨੇ ਕਿਹਾ ਕਿ ਇਹ ਸਬੂਤ ਕਾਫੀ ਨਹੀਂ ਹਨ। ਹੁਣ ਮੋਦੀ ਸਰਕਾਰ ਨੇ ਭਾਜਪਾ ਦੀ ਲੋਕ ਸਭਾ ਟਿਕਟ ਬ੍ਰਿਜ ਭੂਸ਼ਨ ਦੇ ਮੁੰਡੇ ਨੂੰ ਦੇ ਦਿਤੀ ਹੈ।

ਇਸ ਵੇਲੇ ਹਰਿਆਣੇ ਦੀਆ ਦਸ ਦੀਆਂ ਦਸ ਸੀਟਾਂ &lsquoਤੇ ਮੋਦੀ ਨੂੰ ਏਨਾ ਖਤਰਾ ਲੱਗ ਰਿਹਾ ਹੈ ਕਿ ਉਸ ਨੂੰ ਹੁਣ ਅੰਬਾਲਾ ਦੀ ਰੈਲੀ ਵਿਚ ਮੋਦੀ ਨੂੰ ਕਿਸਾਨਾ ਅਤੇ ਪਹਿਲਵਾਨ ਔਰਤਾਂ &lsquoਤੇ ਬੋਲਣਾ ਪਿਆ ਹੈ। ਮੋਦੀ ਨੇ ਆਪਣੇ ਭਾਸ਼ਣ ਵਿਚ ਕਿਹਾ, ਸਾਥੀਓ ਖੇਲੋਂ ਕੀ ਦੁਨੀਆਂ ਮੇ ਆਜ ਕਲ ਹਰਿਆਣਾ ਕਾ ਇਤਨਾ ਨਾਮ ਹੈ। ਔਰ ਉਸ ਕੇ ਪੀਛੇ ਹਮਾਰੀ ਬੇਟੀਓਂ ਕੀ ਤਾਕਤ ਹੈ। ਔਰ ਮੋਦੀ ਨੇ ਬੇਟੀਓਂ ਕੇ ਲੀਏ ਸੈਨਿਕ ਸਕੂਲੋਂ ਕੇ ਵੀ ਦਰਵਾਜ਼ੇ ਖੋਹਲ ਦੀਏ ਹੈਂ-&lsquoਅਸਲ ਵਿਚ ਹੁਣ ਹਰਿਆਣਾ ਅਤੇ ਯੂ ਪੀ ਵਿਚ ਭਾਜਪਾ ਵਿਰੋਧੀ ਲਹਿਰ ਚੱਲ ਰਹੀ ਹੈ ਅਤੇ ਜੇ ਇਸ ਹਿੰਦੀ ਬੈਲਟ ਵਿਚ ਭਾਜਪਾ ਦਾ ਮੂੰਹ ਖੱਟਾ ਹੋ ਗਿਆ ਤਾਂ ਉਸ ਦਾ ਪਾਸਾ ਪੁੱਠਾ ਪੈ ਜਾਵੇਗਾ। ਹਰਿਆਣਾ ਵਿਚ ੨੫ ਮਈ ਨੂੰ ਚੋਣ ਹੋ ਰਹੀ ਹੈ। ਬ੍ਰਿਜ ਭੂਸ਼ਣ ਦੇ ਮੁੰਡੇ ਦੀ ਸੀਟ ਨੂੰ ਭਾਜਪਾ ਨੇ ਆਪਣੇ ਵਕਾਰ ਦਾ ਮੁੱਦਾ ਬਣਾ ਲਿਆ ਹੈ। ਤੇ ਹੁਣ ਮੋਦੀ ਆਪਣੇ ਚੋਣ ਪ੍ਰਚਾਰ ਵਿਚ ਜੋ ਨਾ ਸੋ ਅਟਪਟੇ ਬਿਆਨ ਦੇ ਰਿਹਾ ਹੈ।

ਮੁਸਲਮਾਨਾਂ ਦੇ ਵਿਰੁਧ ਬਿਆਨ

ਇੱਕ ਪਾਸੇ ਤਾਂ ਮੋਦੀ ਕਹਿੰਦਾ ਹੈ ਕਿ, &lsquoਜਿਸ ਦਿਨ ਮੈਂ ਹਿੰਦੂ ਮੁਸਲਮਾਨ ਕਰੂੰਗਾ ਉਸ ਦਿਨ ਮੈਂ ਸਰਵਜਨਿਕ ਜੀਵਨ ਮੇਂ ਰਹਿਨੇ ਕੇ ਕਾਬਲ ਨਹੀਂ ਰਹੂੰਗਾ। ਕਾਂਗਰਸ ਦੇ ਹਵਾਲੇ ਨਾਲ ਮੋਦੀ ਦਾ ਬਿਆਨ ਹੈ ਕਿ ਉਹ ਕਹਿੰਦੇ ਹਨ ਕਿ ਦੇਸ਼ ਦੀ ਸੰਪਤੀ &lsquoਤੇ ਪਹਿਲਾ ਅਧਿਕਾਰ ਮੁਸਲਮਾਨਾ ਦਾ ਹੈ। ਉਹ ਕਹਿੰਦਾ ਹੈ ਕਿ ਭਾਜਪਾ ਵਿਰੋਧੀ ਦੇਸ਼ ਦੀ ਸਾਰੀ ਸੰਪਤੀ ਇਕੱਠੀ ਕਰਕੇ ਉਹਨਾ ਨੂੰ ਵੰਡਣਗੇ ਜਿਹਨਾ ਦੇ ਵੱਧ ਬੱਚੇ ਹਨ। ਦੇਸ਼ ਦੀ ਸੰਪਤੀ ਘੁਸਪੈਠੀਆਂ ਨੂੰ ਵੰਡਣਗੇ। ਬਾਅਦ ਵਿਚ ਮੋਦੀ ਨੇ ਕਿਹਾ ਕਿ ਉਸ ਨੇ ਇਹ ਬਿਆਨ ਮੁਸਲਮਾਨਾਂ ਸਬੰਧੀ ਨਹੀਂ ਗਰੀਬਾਂ ਬਾਬਤ ਦਿੱਤੇ ਸਨ ਕਿਓਂਕਿ ਗਰੀਬਾਂ ਦੇ ਵੀ ਵੱਧ ਬੱਚੇ ਹੁੰਦੇ ਹਨ। ਜਦ ਕਿ ਆਪਣੇ ਬਿਆਨਾ ਵਿਚ ਤਾਂ ਮੋਦੀ ਨੇ ਸਪੱਸ਼ਟ ਕਿਹਾ ਸੀ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਕਿਹਾ ਸੀ ਕਿ ਦੇਸ਼ ਦੀ ਸੰਪਤੀ &lsquoਤੇ ਪਹਿਲਾ ਅਧਿਕਾਰ ਮੁਸਲਮਾਨਾ ਦਾ ਹੈ। ਮੀਡੀਏ ਵਿਚ ਆਪਣੇ ਮੁਸਲਮਾਨਾਂ ਦੇ ਖਿਲਾਫ ਬਿਆਨਾ ਦੇ ਸਪੱਸ਼ਟੀਕਰਨ ਦੇ ਕੇ ਦੁਬਾਰਾ ਮਹਾਂਰਾਸ਼ਟਰ ਦੀ ਪ੍ਰਚਾਰ ਫੇਰੀ ਦੌਰਾਨ ਓਹੀ ਤਵਾ ਲਉਣਾ ਜਾਰੀ ਰੱਖਿਆ ਕਿ ਕਾਂਗਰਸ ਚਹੁੰਦੀ ਸੀ ਕਿ ਦੇਸ਼ ਦੇ ਬੱਜਟ ਦਾ ੧੫ ਫੀ ਸਦੀ ਕੇਵਲ ਮੁਸਲਮਾਨਾ &lsquoਤੇ ਖਰਚ ਹੋਵੇ। ਭਾਰਤ ਦੀਆਂ ਲੋਕ ਸਭਾ ਚੋਣਾਂ ਵਿਚ ੧.੨ ਟਰਿਲੀਅਨ ਰੁਪਿਆ ਖਰਚ ਕੀਤਾ ਜਾ ਰਿਹਾ ਹੈ ਪਰ ਭਾਰਤ ਦੇ ਨਾਮ ਨਿਹਾਦ ਆਗੂ ਅਪਣੇ ਊਟ ਪਟਾਂਗ ਬਿਆਨਾ ਕਰਕੇ ਮਖੌਲ ਬਣੇ ਹੋਏ ਹਨ।

ਮੋਦੀ ਸ਼ਾਹ

ਮੋਦੀ ਦਾ ਕਹਿਣਾ ਹੈ ਕਿ ਮੈਂ ਏਨੀਆਂ ਗਾਲ੍ਹਾਂ ਸਹਿਣ ਕਰਦਾ ਹਾਂ ਤਾਂ ਸੁਭਾਵਿਕ ਹੈ ਕਿ ਮੈਂ ਸ਼ਹਿਨਸ਼ਾਹ ਹਾਂ।

ਮੋਦੀ ਦੇ ਕਾਂਗਰਸ ਵਿਰੋਧੀ ਬਿਆਨ

ਮੋਦੀ ਵਲੋਂ ਕਦੀ ਕਿਹਾ ਜਾਂਦਾ ਹੈ ਕਿ ਕਾਂਗਰਸੀ ਔਰਤਾਂ ਦਾ ਸੋਨਾ ਲੈ ਲੈਣਗੇ। ਕਦੀ ਕਹਿੰਦਾ ਹੈ ਕਿ ਕਾਂਗਰਸ ਔਰਤਾਂ ਦਾ ਮੰਗਲ ਸੂਤਰ ਛੀਨ ਲੇਗੀ। ਕਦੇ ਕਹਿੰਦਾ ਹੈ ਕਿ ਕਾਂਗਰਸ ਮਟਨ ਬਣਾ ਰਹੀ ਹੈ। ਕਦੀ ਕਹਿੰਦਾ ਹੈ ਕਿ ਕਾਂਗਰਸ ਵਾਲੇ ਦੇਸ਼ ਦੇ ਲੋਕਾਂ ਨੂੰ ਚਿੜਾਨਾ ਚਹੁੰਦੇ ਹਨ। ਗੁਜਰਾਤ ਦੇ ਆਪਣੇ ਭਾਸ਼ਣ ਵਿਚ ਮੋਦੀ ਨੇ ਕਿਹਾ ਕਿ ਅਗਰ ਤੁਹਾਡੇ ਕੋਲ ਦੋ ਮੱਝਾਂ ਹਨ ਤਾਂ ਕਾਂਗਰਸ ਵਾਲੇ ਇੱਕ ਖੋਹ ਕੇ ਲੈ ਜਾਣਗੇ। ਇਹ ਵੀ ਬਿਆਨ ਦਿੱਤੇ ਜਾ ਰਹੇ ਹਨ ਕਿ ਕਾਂਗਰਸ ਹਿੰਦੂ ਧਰਮ ਨੂੰ ਖਤਮ ਕਰਨਾ ਚਹੁੰਦੀ ਹੈ। ਕਾਂਗਰਸ ਦੇ ਉੜੀਸਾ ਵਿਚ ਆਗੂ ਨਵੀਨ ਪਟਨਾਇਕ ਬਾਰੇ ਮੋਦੀ ਨੇ ਬਿਆਨ ਦਿੱਤਾ ਕਿ ਉਹ ਤਾਂ ਉੜੀਸਾ ਦੇ ਜਿਲਿਆਂ ਦੇ ਕੈਪੀਟਲ ਦਾ ਨਾਂ ਵੀ ਨਹੀਂ ਦੱਸ ਸਕਦਾ। ਹੁਣ ਮੋਦੀ ਨੂੰ ਕੌਣ ਦੱਸੇ ਕਿ ਜ਼ਿਲਿਆਂ ਦੀਆਂ ਰਾਜਧਾਨੀਆਂ ਨਹੀਂ ਹੁੰਦੀਆਂ।

ਮੋਦੀ ਫੈਸਟੋ ਵਿਚ ਮੋਦੀ ਦੀਆਂ ਮੂਰਤਾਂ

ਭਾਜਪਾ ਦੇ ੨੦੨੪ ਦੇ ਮੈਨੀਫੈਸਟੋ ਵਿਚ ਮੋਦੀ ਦੀਆਂ ੪੮ ਮੂਰਤਾਂ ਲੱਗੀਆਂ ਹੋਈਆਂ ਹਨ ਇਸ ਕਰਕੇ ਇਸ ਨੂੰ ਮੋਦੀ ਫੈਸਟੋ ਕਿਹਾ ਜਾਂਦਾ ਹੈ। ਇਸ ਮੈਨੀਫੈਸਟੋ ਦੇ ਸ਼ੁਰੂਆਤ ਹੀ ਮੋਦੀ ਨੇ ਇੱਕ ਗੱਪ ਠੋਕ ਕੇ ਕੀਤੀ ਹੈ ਕਿ ਭਾਰਤ ਦੁਨੀਆਂ ਦੇ ਪੰਜ ਪੱਛੜੇ ਦੇਸ਼ਾਂ ਵਿਚ ਅਉਂਦਾ ਸੀ ਜਦ ਕਿ ਹੁਣ ਭਾਰਤ ਦਾ ਸ਼ੁਮਾਰ ਪੰਜ ਅਗਾਂਹਵਧੂ ਦੇਸ਼ਾਂ ਵਿਚ ਹੈ। ਮੋਦੀ ਦੇ ਬਹੁ ਚਰਚਿਤ ਨਾਅਰੇ &lsquoਸਭ ਦਾ ਸਾਥ ਸਭ ਦਾ ਵਿਕਾਸ&rsquo ਵੀ ਲੋਕੀ ਜਾਣਦੇ ਹਨ ਕੇਵਲ ਦੋ ਵਿਅਕਤੀਆਂ ਅੰਬਾਨੀ ਅਤੇ ਅਡਾਨੀ ਦੇ ਸਾਥ ਅਤੇ ਵਿਕਾਸ ਤਕ ਸੀਮਤ ਹੋ ਕੇ ਰਹਿ ਗਿਆ ਹੈ। ਮੋਦੀ ਆਪਣੇ ਇਹਨਾ ਗੁਜਰਾਤੀ ਭਾਈਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਅਤੇ ਭਾਜਪਾ ਦੀਆਂ ਨੀਤੀਆਂ ਇਹਨਾ ਪੂੰਜੀਪਤੀਆਂ ਦੇ ਹਿੱਤਾਂ ਅਨੁਸਾਰ ਹੀ ਹੋਣਗੀਆਂ। ਮਹਿੰਗਾਈ ਲੋਕਾਂ ਦੀ ਜਾਨ ਕੱਢ ਰਹੀ ਹੈ ਅਤੇ ਦੇਸ਼ ਦੇ ਗਰੀਬ ਹਾਸ਼ੀਏ &lsquoਤੇ ਹਨ।

ਗੁਰਦੁਆਰਾ ਸਾਹਿਬ ਦੇ ਦਰਸ਼ਨ

ਇਹਨੀ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਨਮ ਅਸਥਾਨ ਦਸਮ ਪਤਸ਼ਾਹ ਪਟਨਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਣ ਅਤੇ ਫੇਰ ਲੰਗਰ ਵਿਚ ਜਾ ਕੇ ਸੇਵਾ ਕਰਨ ਦੀਆਂ ਖਬਰਾਂ ਸੁਰਖੀਆਂ ਵਿਚ ਹਨ ਕਿ ਇੰਝ ਕਰਨ ਨਾਲ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਐਸੇ ਪ੍ਰਧਾਨ ਮੰਤਰੀ ਬਣੇ, ਜਿਹਨਾ ਨੇ ਜਾ ਕੇ ਜਨਮ ਅਸਥਾਨ ਦੇ ਦਰਸ਼ਨ ਕੀਤੇ। ਗੁਰਦਾਆਰਾ ਸਾਹਿਬ ਜਾਣਾ ਜਾਂ ਜਾ ਕੇ ਸੇਵਾ ਕਰਨਾ ਦਾ ਹੱਕ ਤਾਂ ਸਭ ਆਮ ਖਾਸ ਸ਼ਰਧਾਲੂ ਨੂੰ ਹੈ ਪਰ ਆਮ ਸਿੱਖ ਵਲੋਂ ਪ੍ਰਧਾਨ ਮੋਦੀ ਦਾ ਅਜੇਹਾ ਕਰਨਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਹਿੱਸੇ ਵਜੋਂ ਹੀ ਦੇਖਿਆ ਜਾਂਦਾ ਹੈ ਕਿਓਂਕਿ ਜਿਸ ਦੇਗ ਵਿਚ ਉਹ ਖੁਰਚਣਾ ਫੇਰਦੇ ਦਿਖਾਈ ਦਿੰਦੇ ਸਨ ਉਸ ਦੇ ਹੇਠਾਂ ਤਾਂ ਅੱਗ ਹੀ ਨਹੀਂ ਸੀ। ਸੋਸ਼ਲ ਸਾਈਟਾਂ &lsquoਤੇ ਇਸ ਸਬੰਧੀ ਤਿੱਖੇ ਤੇਵਰਾਂ ਦੀਆਂ ਪੋਸਟਾਂ ਪੜ੍ਹਨ ਨੂੰ ਮਿਲੀਆਂ ਹਨ ਕਿ ਜਿਸ ਸਮੇਂ ਦੇਸ਼ ਦੇ ਕਿਸਾਨ ਸਾਲ ਭਰ ਸੜਕਾਂ &lsquoਤੇ ਬੈਠੇ ਰਹੇ ਹਨ ਅਤੇ ਉਹਨਾ ਨੂੰ ਰੋਕਣ ਲਈ ਧੂੰਏਂ ਦੇ ਬੰਬ, ਗੰਦੇ ਪਾਣੀ ਦੀਆਂ ਬੁਛਾਰਾਂ ਅਤੇ ਸੜਕਾਂ ਤੇ ਸੂਏ ਵਗੈਰਾ ਗੱਡ ਕੇ ਕਿਸਾਨਾ ਦੇ ਮੁਜ਼ਾਹਰਾ ਕਰਨ ਦੇ ਹੱਕ ਨੂੰ ਖੋਹਣ ਸਮੇਂ ਮੋਦੀ ਦੀ ਗੁਰਦੁਆਰੇ ਜਾਂ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਕਿੱਥੇ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਵਿਚ ਸ਼ਹੀਦ ਹੋਏ ਉਹਨਾ ੮੦੦ ਸਿੱਖਾਂ ਲਈ ਕੋਈ ਥਾਂ ਵੀ ਹੈ ਕਿਓਂਕਿ ਸਰਕਾਰ ਨੇ ਭਾਵੇਂ ਕਿਸਾਨੀ ਖਿਲਾਫ ਤਿੰਨ ਕਾਲੇ ਕਾਨੂੰਨ ਤਾਂ ਸਲ ਭਰ ਦੇ ਅੰਦੋਲਨ ਮਗਰੋਂ ਵਾਪਸ ਲੈ ਲਏ ਸਨ ਪਰ ਕਿਸਾਨ ਵਿਰੋਧੀ ਨੀਤੀਆਂ ਤੋਂ ਸਰਕਾਰ ਪਿੱਛੇ ਨਹੀਂ ਹਟੀ।

ਕੁਲਵੰਤ ਸਿੰਘ ਢੇਸੀ