image caption: ਕੁਲਵੰਤ ਸਿੰਘ ਢੇਸੀ

ਚੋਣਾਂ ਦੇ ਢੋਲ ਢਮੱਕਿਆਂ ਤੋਂ ਸਿੱਖ ਪ੍ਰਹੇਜ਼ ਕਰਨ

 

ਤੁਮਨੇ ਜਿਸ ਖੂਨ ਕੋ ਮਕਤਲ ਮੇ ਦਬਾਨਾ ਚਾਹਾ, ਆਜ ਵੋ ਕੂਚਾ&ndash- ਬਾਜ਼ਾਰ ਮੇਂ ਆ ਨਿਕਲਾ ਹੈ

ਨਿੰਦਕਾਂ ਤੋਂ ਸੁਚੇਤ ਹੋਣ ਦੀ ਬੇਹੱਦ ਲੋੜ ਹੈ

ਤੀਸਰਾ ਘੱਲੂਘਾਰਾ - ਸਿੱਖਾਂ ਦੀ ਯੋਜਨਾਬੱਧ ਨਸਲਕੁਸ਼ੀ

ਇਹ ਲੇਖ ਲਿਖਣ ਵੇਲੇ ਤਕ ਭਾਰਤ ਭਰ ਤੋਂ ਲੋਕ ਸਭਾ ਦੇ ਨਤੀਜੇ ਆ ਰਹੇ ਹਨ। ਇਹਨਾ ਨਤੀਜਿਆਂ ਮੁਤਾਬਕ ਮੋਟਾ ਅੰਦਾਜ਼ਾ ਇਹ ਹੀ ਹੈ ਕਿ ਭਾਜਪਾ ਜਾਂ ਐਨ ਡੀ ਏ ਜੇਕਰ ਭਾਰਤ ਵਿਚ ਸਰਕਾਰ ਬਣਾ ਵੀ ਲੈਂਦੇ ਹਨ ਤਾਂ ਉਹਨਾ ਦੇ ਪਹਿਲਾਂ ਵਾਂਗ ਲੱਲੂ ਨਹੀਂ ਲੱਗਣੇ ਸਗੋਂ ਇਸ ਵਾਰ ਉਹਨਾ ਨੂੰ ਇੰਡੀਆ ਗੱਠਜੋੜ ਅਤੇ ਕਾਂਗਰਸ ਦਾ ਵੱਡਾ ਵਿਰੋਧ ਝੱਲਣਾ ਪਏਗਾ। ਜਿਥੋਂ ਤਕ ਪੰਜਾਬ ਦਾ ਸਵਾਲ ਹੈ, ਪੰਜਾਬ ਦੀਆਂ ਪੰਥਕ ਸਫਾਂ ਵਿਚ ਫਰੀਦਕੋਟ ਤੋਂ ਸ਼ਹੀਦ ਭਾਈ ਬਿਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਦੀ ਅਤੇ ਖਡੁਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਯਕੀਨੀ ਹੈ। ਕਾਂਗਰਸ ਨੂੰ ਪੰਜਾਬ ਵਿਚੋਂ ੭ ਸੀਟਾਂ ਤੇ, ਆਮ ਆਦਮੀ ਪਾਰਟੀ ਨੂੰ ੩ ਜਾਂ ੪ ਸੀਟਾਂ ਤੇ , ਅਕਾਲੀ ਦਲ ਨੂੰ ਦੋ ਜਾਂ ਤਿੰਨ ਸੀਟਾਂ ਤੇ, ਅਜ਼ਾਦ ਉਮੀਦਵਾਰਾਂ ਨੂੰ ਇੱਕ ਜਾਂ ਦੋ ਸੀਟਾਂ &lsquoਤੇ ਜਿੱਤ ਹਾਸਲ ਹੋ ਸਕਦੀ ਹੈ ਜਦ ਕਿ ਭਾਜਪਾ ਦਾ ਪੰਜਾਬ ਵਿਚੋਂ ਬਿਸਤਰਾ ਗੋਲ ਹੋਣ ਦੇ ਸੰਕੇਤ ਆ ਰਹੇ ਹਨ। ਇਸ ਲੇਖ ਵਿਚ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਾਂ ਕਿ ਕਿਓਂਕਿ ਇਹ ਹਫਤਾ ਸੰਨ ਚੁਰਾਸੀ ਦੇ ਘੱਲੂਘਾਰੇ ਦੀ ਚਾਲੀ ਸਾਲਾ ਵਰ੍ਹੇ ਗੰਢ ਦਾ ਹਫਤਾ ਹੈ ਇਸ ਕਰਕੇ ਪੰਜਾਬ ਦੇ ਜੇਤੂ ਉਮੀਦਵਾਰਾਂ ਅਤੇ ਦਲਾਂ ਨੂੰ ਢੋਲ ਢਮੱਕਿਆਂ, ਆਤਿਸ਼ਬਾਜੀਆਂ ਅਤੇ ਲੱਡੂਆਂ ਦੀ ਵੰਡ ਵੰਡਾਈ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਜੂਨ ੧੯੮੪ ਨੂੰ ਭਾਰਤੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲੇ ਲਈ ਉਹ ਤਾਰੀਖ ਨਿਸ਼ਚਿਤ ਕੀਤੀ ਜਿਸ ਦਿਨ ਕਿ ਸੰਗਤ ਦਰਬਾਰ ਸਾਹਿਬ ਵਿਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾ ਰਹੀਆਂ ਸਨ। ਇਸ ਹਮਲੇ ਵਿਚ ਉਹ ਕਿਹੜਾ ਜ਼ੁਲਮ ਹੈ ਜੋ ਭਾਰਤੀ ਫੌਜ ਨੇ ਸਿੱਖ ਸੰਗਤਾਂ ਤੇ ਨਹੀਂ ਕੀਤਾ। ਇਥੋਂ ਤਕ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਾ ਬਖਸ਼ਿਆ। ਇਹ ਦਿਨ ਸਿੱਖ ਮਾਨਸਿਕਤਾ ਦੇ ਦਿਲੋ ਦਿਮਾਗ ਵਿਚ ਸੂਲ਼ ਵਾਂਗ ਖੁਭਿਆ ਹੋਇਆ ਹੈ, ਇਸ ਕਰਕੇ ਇਹ ਗੱਲ ਵਾਰ ਵਾਰ ਦੁਹਰਾਉਣੀ ਪੈਂਦੀ ਹੈ ਕਿ ਅਸੀਂ ਚੁਰਾਸੀ ਨਹੀਂ ਭੁੱਲਣੀਦੁਨੀਆਂ ਭਰ ਵਿਚ ਬੈਠਾ ਸਿੱਖ ਇਸ ਦਿਨ ਨੂੰ ਰੋਸ ਅਤੇ ਰੋਹ ਨਾਲ ਮਨਾਉਂਦਾ ਹੈ। ਜਿੰਦਾ ਜ਼ਮੀਰ ਵਾਲੇ ਸਿੱਖਾਂ ਨੇ ਕੌਮਾਂਤਰੀ ਪੱਧਰ ਤੇ ਆਪੋ ਆਪਣੇ ਵਿੱਤ ਮੁਤਾਬਕ ਯਤਨ ਅਰੰਭੇ ਹੋਏ ਹਨ ਕਿ ਪੰਜਾਬ ਵਿਚ ਸਿੱਖ ਹੋਂਦ ਨੂੰ ਕਿਵੇਂ ਅਜ਼ਾਦ ਰੱਖਣਾ ਹੈ। ਜਿਹਨਾ ਦੇਸ਼ਾਂ ਵਿਚ ਸਿੱਖਾਂ ਨੂੰ ਜਮਹੂਰੀ ਹੱਕ ਹਨ ਉਹਨਾ ਦੇਸ਼ਾਂ ਵਿਚ ਹਰ ਸਾਲ ਜੂਨ ਦੇ ਮਹੀਨੇ ਵੱਡੀ ਪੱਧਰ ਤੇ ਮੁਜ਼ਾਹਰੇ ਵੀ ਅਯੋਜਿਤ ਕੀਤੇ ਜਾਂਦੇ। ਕਹਿੰਦੇ ਨੇ ਕਿ ਸਮਾਂ ਬਹੁਤ ਬਲਵਾਨ ਹੈ ਅਤੇ ਹਰ ਜ਼ਖਮ ਨੂੰ ਭਰਨ ਦੇ ਸਮਰੱਥ ਹੈ ਪਰ ਸੰਨ ਚੁਰਾਸੀ ਦੇ ਜ਼ਖਮ ਓਨਾ ਚਿਰ ਨਹੀਂ ਭਰਨੇ ਜਦੋਂ ਤਕ ਸਿੱਖ ਮਾਨਸਿਕਤਾ ਗੁਲਾਮ ਜ਼ਹਿਨੀਅਤ ਤੋਂ ਮੁਕਤ ਨਹੀਂ ਹੁੰਦੀ। ਇਹ ਅਜ਼ਾਦੀ ਸਿੱਖਾਂ ਨੇ ਕਿਵੇਂ ਲੈਣੀ ਅਤੇ ਕਿਸ ਅੰਦਾਜ਼ ਵਿਚ ਲੈਣੀ ਹੈ, ਇਹ ਪੰਥ ਦਾ ਸਮੂਹਕ ਫੈਸਲਾ ਹੈ ਪਰ ਇੱਕ ਗੱਲ ਪੱਕੀ ਹੈ ਕਿ ਚੁਰਾਸੀ ਨਹੀਂ ਭੁੱਲਣੀ।

ਇਸ ਵਾਰ ਦੀਆਂ ਪੰਜਾਬ ਵਿਚ ਲੋਕ ਸਭਾ ਚੋਣਾ ਲਈ ਸਰਕਾਰ ਨੇ ਉਹ ਤਾਰੀਖਾਂ ਨਿਸ਼ਚਿਤ ਕੀਤੀਆਂ ਹਨ, ਜਦੋਂ ਕਿ ਸਿੱਖ ਸੰਨ ਚੁਰਾਸੀ ਨੂੰ ਯਾਦ ਕਰਕੇ ਲਹੂ ਦੇ ਹੰਝੂ ਕੇਰਦੇ ਹੋਏ ਆਪਣੇ ਕੌਮੀ ਹੱਕਾਂ ਬਾਰੇ ਪੁਨਰ ਵਿਚਾਰ ਕਰਦੇ ਹਨ। ਪਰ ਲੋਕ ਸਭਾ ਚੋਣਾ ਸਬੰਧੀ ਇਸ ਵਾਰ ਪੰਜਾਬ ਦਾ ਮਹੌਲ ਬਦਲਿਆ ਹੋਵੇਗਾ ਅਤੇ ਜੂਨ ਚੁਰਾਸੀ ਸਬੰਧੀ ਸਮਾਰੋਹਾਂ ਤੇ ਚੋਣਾ ਦੇ ਸਮਾਰੋਹ ਛਾਏ ਹੋਏ ਦਿਖਾਈ ਦੇਣਗੇਚਾਰ ਤੋਂ ਛੇ ਜੂਨ ਨੂੰ ਜਦੋਂ ਚੋਣਾਂ ਦੇ ਨਤੀਜੇ ਆ ਰਹੇ ਹੋਣਗੇ ਤਾਂ ਪੰਜਾਬ ਵਿਚ ਢੋਲ ਵੱਜ ਰਹੇ ਹੋਣਗੇ ਅਤੇ ਜੇਤੂ ਧਿਰਾਂ ਦਾ ਜ਼ੋਰ ਆਪਣੇ ਆਗੂਆਂ ਗਲੀਂ ਹਾਰ ਪਉਣ ਅਤੇ ਲੱਡੂ ਵੰਡਣ ਵਲ ਹੋਵੇਗਾ। ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜਿਸ ਵੇਲੇ ਚੋਣਾਂ ਦੀਆਂ ਤਾਰੀਖਾਂ ਨਿਸਚਿਤ ਹੋ ਰਹੀਆਂ ਹੋਣਗੀਆਂ ਉਸ ਵੇਲੇ ਜ਼ਿੰਮੇਵਾਰ ਅਫਸਰਾਂ ਨੂੰ ਕੀ ਜੂਨ ਮਹੀਨੇ ਦੇ ਸਿੱਖ ਦੁਖਾਂਤ ਦਾ ਕੋਈ ਵੀ ਖਿਆਲ ਨਾ ਆਇਆ ਹੋਵੇਗਾ ਜਾਂ ਫਿਰ ਉਹਨਾ ਨੇ ਸਿੱਖ ਜ਼ਖਮਾਂ ਨੂੰ ਕੁਰੇਦਣ ਲਈ ਹੀ ਇਹ ਕਰਤੂਤ ਕੀਤੀ ਹੋਵੇਗੀ? ਸਰਕਾਰ ਨੇ ਜਾਂ ਸਰਕਾਰ ਦੇ ਟੁਕੜ ਬੋਚਾਂ ਨੇ ਤਾਂ ਜੋ ਕਰਨਾ ਕਰ ਦਿੱਤਾ ਪਰ ਸਿੱਖ ਸਮਾਜ ਇਸ ਸਬੰਧੀ ਜ਼ਰੂਰ ਕੁਝ ਵਿਚਾਰ ਕਰੇ

ਭਾਰਤ ਦੀ ਕੇਂਦਰੀ ਸਤਾ ਵਿਚ ਪੰਜਾਬ ਦੇ ੧੩ ਮੈਂਬਰ ਲੋਕ ਸਭਾ ਵਿਚ ਅਤੇ ਰਾਜ ਸਭਾ ਵਿਚ ਕੇਵਲ ੭ ਮੈਂਬਰ ਹੁੰਦੇ ਹਨਇੱਕ ਤਾਂ ਗਿਣਤੀ ਦੇ ਲਿਹਾਜ਼ ਨਾਲ ਪੰਜਾਬ ਦੀ ਇਹ ਨੁਮਾਇੰਦਗੀ ਪਾਰਲੀਮੈਂਟ ਦੇ ੫੫੦ ਅਤੇ ਲੋਕ ਸਭਾ ਦੇ ੨੫੦ ਮੈਂਬਰਾਂ ਵਿਚ ਨਾ ਹੋਣ ਬਰਾਬਰ ਹੈ, ਪਰ ਸਿੱਤਮ ਵਾਲੀ ਗੱਲ ਇਹ ਵੀ ਹੈ ਕਿ ਇਤਹਾਸਕ ਤੌਰ ਤੇ ਪੰਜਾਬ ਦੇ ਮੈਂਬਰ ਕੇਂਦਰ ਵਿਚ ਪੰਜਾਬ ਦੀ ਨੁਮਾਇੰਦਗੀ ਕਰਨੋ ਅਸਫਲ ਰਹੇ ਹਨ ਜੋ ਕਿ ਪੰਜਾਬ ਦੇ ਹਿੱਤਾਂ ਨਾਲ ਵੱਡਾ ਧਰੋਹ ਹੈਅਕਾਲੀਆਂ ਬਾਰੇ ਤਾਂ ਖਾਸ ਤੌਰ ਤੇ ਇਹ ਗੱਲ ਮਸ਼ਹੂਰ ਰਹੀ ਹੈ ਕਿ ਇਹ ਸੁੱਚੇ ਮੂੰਹ ਹੀ ਸਦਨਾ ਵਿਚ ਜਾਂਦੇ ਅਤੇ ਸੁੱਚੇ ਮੂੰਹ ਹੀ ਵਾਪਸ ਆ ਜਾਂਦੇ ਹਨ। ਇਤਹਾਸਕ ਤੌਰ &lsquoਤੇ ਇਹ ਮਾਣ ਕੇਵਲ ਤਿੰਨ ਚਾਰ ਸਿੱਖਾਂ ਨੂੰ ਹੀ ਮਿਲਦਾ ਹੈ ਜਿਹਨਾ ਨੇ ਪਾਰਲੀਮੈਂਟ ਵਿਚ ਜਾ ਕੇ ਪੰਜਾਬ ਜਾਂ ਸਿੱਖ ਮਸਲਿਆਂ ਬਾਰੇ ਬਣਦੀ ਅਵਾਜ਼ ਬੁਲੰਦ ਕੀਤੀ। ਵਧੇਰੇ ਕਰਕੇ ਪੰਜਾਬ ਦੇ ਮੈਂਬਰ ਆਪਣੇ ਸਿਆਸੀ ਆਕਾ ਮੁਤਾਬਕ ਹੀ ਸਦਨਾ ਵਿਚ ਜਾ ਕੇ ਮੂੰਹ ਖੋਲ੍ਹਦੇ ਹਨ। ਪਰ ਪੰਜਾਬ ਵਿਚ ਚੋਣਾ ਜਿੱਤਣ ਸਮੇਂ ਇਹ ਮੈਂਬਰ ਅਤੇ ਇਹਨਾ ਦੇ ਟੁੱਕੜ ਬੋਚ ਜਿਸ ਕਿਸਮਾ ਦਾ ਢੋਲ ਢਮੱਕਾ ਅਤੇ ਖਰੂਦ ਕਰਦੇ ਹਨ ਉਹ ਸ਼ਰਮਨਾਕ ਹੁੰਦਾ ਹੈ। ਇਸ ਵਾਰ ਰਾਜ ਸਭਾ ਵਿਚ ਤਾਂ ਕੇਜਰੀਵਾਲ ਦੇ ਇਸ਼ਾਰੇ ਤੇ ਭਗਵੰਤ ਮਾਨ ਨੇ ਅਜੇਹੇ ਮੈਂਬਰ ਭੇਜੇ ਜਿਨਾ ਦਾ ਪੰਜਾਬ ਨਾਲ ਸਬੰਧ ਹੀ ਨਹੀਂ ਸੀ। ਰਹੀ ਗੱਲ ਹੁਣ ਲੋਕ ਸਭਾ ਵਿਚ ਪੰਜਾਬ ਦੀ ਨੁਮਾਇੰਦਗੀ ਦੀ, ਉਸ ਸਬੰਧੀ ਵੀ ਕਿਆਸ ਆਰਾਈਆਂ ਹਨ ਕਿ ਪੰਜਾਬ ਦੀ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਭਰਵੀਂ ਉਮੀਦਵਾਰੀ ਦੀ ਉਮੀਦ ਨਹੀਂ ਹੈ।

ਇਸ ਲੇਖ ਰਾਹੀਂ ਅਸੀਂ ਪੰਜਾਬ ਅਤੇ ਸਿੱਖੀ ਨਾਲ ਦਰਦ ਰੱਖਣ ਵਾਲੇ ਲੋਕ ਸਭਾ ਲਈ ਕਾਮਯਾਬ ਹੋਏ ਮੈਂਬਰਾਂ ਨੂੰ ਅਪੀਲ ਕਰਾਂਗੇ ਕਿ ਉਹ ਸੰਨ ੧੯੮੪ ਨੂੰ ਦਰਬਾਰ ਸਾਹਿਬ ਤੇ ਭਾਰਤੀ ਹਮਲੇ ਨੂੰ ਮੁੱਖ ਰੱਖਦੇ ਹੋਏ ਢੋਲ ਢਮੱਕਿਆਂ ਅਤੇ ਲੱਡੂਆਂ ਦੇ ਪਾਗਲਪਨ ਤੋਂ ਮੁਕੰਮਲ ਤੌਰ ਤੇ ਪ੍ਰਹੇਜ਼ ਕਰਨ। ਕਾਮਯਾਬ ਹੋਏ ਇਹ ਮੈਂਬਰ ਭਾਵੇਂ ਕਿਸੇ ਵੀ ਰਾਜਨੀਤਕ ਦਲ ਨਾਲ ਸਬੰਧ ਰੱਖਦੇ ਹੋਣ ਪਰ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਪੰਜਾਬ ਦੇ ਹੱਕਾਂ ਦੀ ਪੈਰਵੀ ਕਰਦੇ ਹੋਏ ਲੋਕ ਸਭਾ ਵਿਚ ਆਪਣੀ ਅਵਾਜ਼ ਬੁਲੰਦ ਕਰਨ। ਭਾਰਤ ਦੀ ਰਾਜਨੀਤੀ ਵਿਚ ਭਾਜਪਾ ਵਲੋਂ ਜਿਸ ਤਰਾਂ ਦੇ ਤਾਨਾਸ਼ਾਹੀ ਤੇਵਰ ਵਰਤੇ ਜਾ ਰਹੇ ਹਨ ਉਹਨਾ ਨੂੰ ਦੇਖਦਿਆਂ ਹੋਇਆਂ ਨਾ ਕੇਵਲ ਪੰਜਾਬ ਦੇ ਸਗੋਂ ਸਗੋਂ ਸਾਰੇ ਹੀ ਦੇਸ਼ ਦੇ ਗੈਰ ਹਿੰਦੀ ਸੂਬਿਆਂ ਦੇ ਪਾਰਲੀਮੈਂਟ ਮੈਬਰਾਂ ਨੂੰ ਇੱਕ ਮੁੱਠ ਅਤੇ ਇੱਕ ਜੁੱਠ ਹੋ ਕੇ ਫਿਰਕੁ ਤਾਨਾਸ਼ਾਹੀ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜੇਕਰ ਉਹ ਇੰਝ ਨਹੀਂ ਕਰਦੇ ਤਾਂ ਇੱਕ ਗੱਲ ਪੱਕੀ ਹੈ ਕਿ ਭਵਿੱਖ ਵਿਚ ਦੇਸ਼ ਦੀਆਂ ਘੱਟਗਿਣਤੀਆਂ ਦੀ ਅਵਾਜ਼ ਬੰਦ ਕਰ ਦਿੱਤੀ ਜਾਵੇਗੀ। ਇੱਕ ਲੋਕਤੰਤਰਕ ਦੇਸ਼ ਵਿਚ ਰਾਜਨੀਤਕ ਦਲਾਂ ਨੂੰ ਲੋਕ ਹਿੱਤ ਮੁੱਦਿਆਂ ਤੇ ਲੋਕਾਂ ਦੀਆਂ ਵੋਟਾਂ ਮਿਲਣੀਆਂ ਚਾਹੀਦੀਆਂ ਹਨ ਪਰ ਭਾਰਤ ਵਿਚ ਮੰਦਰ ਮਸਜਿਦ ਦੀ ਰਾਜਨੀਤੀ ਵਰਤ ਕੇ ਵੋਟ ਬਟੋਰ ਲਈ ਜਾਂਦੀ ਹੈ। ਦੇਸ਼ ਦੀ ਗਰੀਬ ਜਨਤਾ ਹੋਰ ਗਰੀਬ ਹੁੰਦੀ ਜਾ ਰਹੀ ਹੈ ਅਤੇ ਅੰਬਾਨੀਆਂ ਅਡਾਨੀਆਂ ਦੇ ਲੱਲੂ ਲੱਗੇ ਹੋਏ ਹਨ। ਇਹਨਾ ਪੂੰਜੀਪਤੀਆਂ ਦਾ ਜ਼ਰਖ੍ਰੀਦ ਗੋਦੀ ਮੀਡੀਆ ਦੇਸ਼ ਦੀ ਜਨਤਾ ਨੂੰ ਸੱਚਾਈ &lsquoਤੋਂ ਦੂਰ ਰੱਖਦਾ ਹੋਇਆ ਆਪਣੇ ਭਾਜਪਾਈ ਆਗੂਆਂ ਦੇ ਅਕਸ ਸਥਾਪਤ ਕਰਨ ਲਈ ਤਤਪਰ ਰਹਿੰਦਾ ਹੈ। ਇਹ ਪੱਖਪਾਤੀ ਅਤੇ ਉਲਾਰ ਮੀਡੀਆ ਵੱਡੀ ਪੱਧਰ ਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਉਣ ਵਿਚ ਕਾਮਯਾਬ ਹੋਇਆ ਹੈ ਅਤੇ ਇੱਕ ਗੱਲ ਦੇਸ਼ ਵਿਚੋਂ ਸਮੂਹਕ ਤੌਰ &lsquoਤੇ ਫੈਲਦੀ ਜਾ ਰਹੀ ਹੈ ਕਿ ਜੇਕਰ ਇਸ ਵਾਰ ਭਾਰਤ ਵਿਚ ਧਰਮ ਨਿਰਪੱਖ ਮਹੌਲ ਨਾ ਬਣਿਆ ਤਾਂ ਭਵਿੱਖ ਵਿਚ ਦੇਸ਼ ਵਿਚ ਸ਼ਾਇਦ ਇੱਕ ਪਾਰਟੀ ਦਾ ਰਾਜ ਹੀ ਹੋ ਜਾਵੇ ਅਤੇ ਇਹ ਪਾਰਟੀ ਘੱਟਗਿਣਤੀ ਕੌਮਾਂ ਅਤੇ ਧਰਮਾਂ ਦਾ ਵੱਡੀ ਪੱਧਰ ਤੇ ਸ਼ੋਸ਼ਣ ਕਰਨ ਦੇ ਰਾਹ &lsquoਤੇ ਹੋਰ ਵੀ ਨਿਰਦਈ ਤਰੀਕੇ ਨਾਲ ਪੈ ਜਾਵੇ।

ਇਹਨਾ ਸਾਰੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਜ਼ਰੂਰੀ ਹੈ ਕਿ ਰਾਜਨੀਤਕ ਲੋਕ ਢੋਲ ਢਮੱਕਿਆਂ ਤੋਂ ਪ੍ਰਹੇਜ਼ ਰੱਖਣਪੰਜਾਬ ਦੇ ਪਾਣੀਆਂ ਦੀ ਲੁੱਟ ਜਾਰੀ ਹੈ ਅਤੇ ਸੁੱਕ ਰਹੇ ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਕਿਸੇ ਵੀ ਰਾਜਨੀਤਕ ਦੱਲ ਨੂੰ ਚਿੰਤਾ ਨਹੀਂ ਹੈ। ਇਹ ਗੱਲ ਵੀ ਉਚੇਚੇ ਤੌਰ ਤੇ ਗੌਰ ਕਰਨ ਵਾਲੀ ਹੈ ਕਿ ਇਸ ਵਾਰ ਸਿੱਖ ਕੌਮ ਚੁਰਾਸੀ ਦੇ ਘੱਲੂਘਾਰੇ ਦੀ ੪੦ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਸਰਕਾਰ ਵਲੋਂ ਪੂਰੀ ਕੋਸ਼ਿਸ਼ ਹੈ ਕਿ ਇਸ ਵਰ੍ਹੇ ਗੰਢ ਦੀ ਅਵਾਜ਼ ਨੂੰ ਢੋਲ ਢਮੱਕਿਆ ਵਿਚ ਦਬਾਅ ਦਿੱਤਾ ਜਾਵੇ ਤਾਂ ਸਿੱਖ ਪੰਥ ਇਹਨਾ ਦਿਨਾ ਵਿਚ ਇੱਕਮੁੱਠ ਹੋ ਕੇ ਆਪਣੇ ਸਬੰਧੀ ਮੀਲ ਪੱਥਰ ਸਾਬਤ ਹੋਣ ਵਾਲੇ ਰਾਜਨੀਤਕ ਫੈਸਲੇ ਨਾ ਕਰ ਸਕੇ।

ਨਿੰਦਕ ਲੋਕ ਨਿੰਦਾ ਤੋਂ ਪ੍ਰਹੇਜ਼ ਕਰਨ

ਇਹਨੀ ਦਿਨੀ ਇਕ ਸਿੱਖੀ ਸਰੂਪ ਵਾਲੇ ਸਿੋੱਖ ਦੀ ਇੱਕ ਵੀਡੀਓ ਦੇਖਣ ਨੂੰ ਮਿਲੀ ਜੋ ਕੋ ਉਸ ਬੀਬੀ ਦਾ ਚਰਿੱਤਰਘਾਤ ਕਰਨ ਲਈ ਬਣਾਈ ਗਈ ਸੀ ਜਿਸ ਦਾ ਗੋਦੀ ਵਿਚ ਪਿਆ ਬੱਚਾ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ। ਕਹਿਣ ਵਾਲਾ ਕਹਿ ਰਿਹਾ ਸੀ ਕਿ ਉਸ ਬੀਬੀ ਦੇ ਪਰਿਵਾਰ &lsquoਤੇ ਸਿੰਘਾਂ ਨੇ ਹੀ ਫਾਇਰ ਕੀਤੇ ਕਿਓਂਕਿ ਉਸ ਦਾ ਸਿੰਘ ਸੰਤਾਂ ਨੂੰ ਪਿੱਠ ਦੇ ਕੇ ਜਾ ਰਿਹਾ ਸੀ। ਨਿਰਸੰਦੇਹ ਚੁਰਾਸੀ ਦੇ ਨਾਜ਼ੁਕ ਸਮੇ ਇਸ ਤਰਾਂ ਦੇ ਬਿਆਨ ਦੇ ਕੇ ਨਿੰਦਕ ਲੋਕ ਕੀ ਸਿੱਧ ਕਰਨਾ ਚਹੁੰਦੇ ਹਨ।

ਇਤਹਾਸਕਾਰ ਅਜਮੇਰ ਸਿੰਘ ਨੇ ਆਪਣੀ ਇੱਕ ਕਿਤਾਬ ਵਿਚ ਲਿਖਿਆ ਸੀ ਕਿ ਕਿਸੇ ਵੀ ਲਹਿਰ ਦਾ ਸ਼ੂਧ ਜਲ ਉਸ ਲਹਿਰ ਦੇ ਵਿਚਾਲੇ ਬਹਿ ਰਿਹਾ ਹੁੰਦਾ ਹੈ ਜਾ ਕਿ ਕਿਨਾਰਿਆਂ ਤੇ ਅਕਸਰ ਮਿੱਟੀ ਘੱਟਾ ਵੀ ਹੁੰਦਾ ਹੈ। ਜਿਹਨਾ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਊਹਨਾ ਦਾ ਆਪਣਾ ਕੋਈ ਵੀ ਨਿੱਜੀ ਮਨੋਰਥ ਨਹੀਂ ਸੀ ਅਤੇ ਉਹ ਕੋਂਮ ਦੀ ਅਣਖ ਅਤੇ ਅਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਜਿਹੜੇ ਖਾੜਕੂ ਸਿੰਘਾਂ ਗੋਲੀ ਸਿੱਕਾ ਮੁੱਕਣ ਤੇ ਦਰਬਾਰ ਸਾਹਿਬ ਤੋਂ ਬਾਹਰ ਨਿਕਲੇ ਉਹਨਾ ਵਿਚੋਂ ਇੱਕ ਵੀ ਖਾੜਕੂ ਸਿੰਘ ਘਰ ਨਹੀਂ ਪਰਤਿਆ ਸਗੋਂ ਸੰਘਰਸ਼ ਵਿਚ ਜੂਝਦਿਆਂ ਉਹ ਆਪਣੀਆਂ ਜਾਨਾ ਕੌਮ ਦੇ ਲੇਖੇ ਲਾ ਗਏ।

ਜਿਸ ਕੌਮ ਦੇ ਲੋਕ ਆਪਣੇ ਸ਼ਹੀਦਾਂ ਦੀ ਕਦਰ ਕਰਨਗੇ , ਉਸ ਕੌੰਮ ਦਾ ਮਨੋਬਲ ਕਦੀ ਵੀ ਨੀਵਾਂ ਨਹੀਂ ਹੋਏਗਾ ਅਤੇ ਉਸ ਕੌਮ ਦਾ ਬੱਚਾ ਬੱਚਾ ਆਪਣੀ ਅਜ਼ਾਦੀ ਲਈ ਜੂਝਣ ਲਈ ਤਤਪਰ ਰਹੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਜੰਗ ਵਿਚ ਕੋਈ ਨਾ ਕੋਈ ਅਣਚਾਹੇ ਵਰਤਾਰੇ ਵੀ ਵਰਤ ਜਾਂਦੇ ਹਨ। ਕੋਈ ਘਟਨਾ ਕਿਸ ਹਾਲਾਤ ਵਿਚ ਕਿਵੇਂ ਵਰਤੀ ਉਸ ਬਾਰੇ ਤਾਂ ਸਾਨੂੰ ਪੂਰੀ ਪੂਰੀ ਜਾਣਕਾਰੀ ਵੀ ਨਹੀਂ ਹੁੰਦੀ। ਇਸ ਕਰਕੇ ਸਾਨੂੰ ਕਿਸੇ ਵੀ ਜੁਝਾਰੂ ਸਿੰਘ, ਸਿੰਘਣੀ ਦਾ ਚਿਰੱਤਰਘਾਤ ਕਰਨ ਤੋਂ ਪ੍ਰਹੇਜ਼ ਕਰਨਾ ਹੋਏਗਾ। ਇਹ ਸਮਾਂ ਜੁਝਾਂਰੂਆਂ ਦੀਆਂ ਵਾਰਾਂ ਗਉਣ ਦਾ ਹੈ ਤਾਂ ਕਿ ਸਰਕਾਰ ਨੂੰ ਖਬਰ ਹੋ ਜਾਵੇ ਕਿ ਸਰਕਾਰ ਦੇ ਕੋਈ ਮਨਸੂਬੇ ਜਾਂਬਾਜ਼ ਸਿੱਖ ਕੌਮ ਦੇ ਜੋਸ਼ ਨੂੰ ਮੱਠਾ ਨਹੀਂ ਕਰ ਸਕਦੇ ਅਤੇ ਸਿੱਖ ਪੰਥ ਆਪਣੀ ਖੁੱਸੀ ਅਜ਼ਾਦੀ ਹਰ ਹਾਲਤ ਵਿਚ ਬਹਾਲ ਕਰਕੇ ਹੀ ਰਹੇਗਾ।


ਤੀਸਰਾ ਘੱਲੂਘਾਰਾ - ਸਿੱਖਾਂ ਦੀ ਯੋਜਨਾਬੱਧ ਨਸਲਕੁਸ਼ੀ

ਕਿਹਾ ਜਾਂਦਾ ਹੈ ਕਿ ਛੋਟੇ ਘੱਲੂਘਾਰੇ ਵਿਚ ਸੱਤ ਹਜ਼ਾਰ ਦੇ ਗੇੜ ਵਿਚ ਸਿੱਖ ਸ਼ਹੀਦ ਹੋ ਗਏ ਸਨ ਜਦ ਕਿ ਦੂਜੇ ਵੱਡੇ ਘੱਲੂਘਾਰੇ ਵਿਚ ੨੫ ਤੋਂ ੩੦ ਹਜ਼ਾਰ ਸਿੱਖ ਸ਼ਹੀਦ ਹੋ ਗਏ ਸਨ। ਸੰਨ ਚੁਰਾਸੀ ਦੇ ਤੀਸਰੇ ਘੱਲੂਘਾਰੇ ਦੀ ਕੇਂਦਰ ਵਲੋਂ ਜੋ ਸਾਜਿਸ਼ ਰਚੀ ਗਈ ਉਹ ਪਹਿਲੇ ਘੱਲੂਘਾਰਿਆਂ ਤੋਂ ਕਿਤੇ ਵੱਧ ਮਾਰੂ ਅਤੇ ਦੂਰ ਅਸਰ ਕਰਨ ਵਾਲੀ ਸੀ। ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕੇਂਦਰ ਨੇ ਕਾਰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਹਨਾ ਦੇ ਸਹਿਯੋਗੀ ਸਿੰਘਾਂ ਦੀ ਗ੍ਰਿਫਤਾਰੀ ਦੱਸਿਆ। ਇਹ ਗੱਲ ਲੁਕੀ ਛਿਪੀ ਨਹੀਂ ਕਿ ਸੰਤਾਂ ਦੇ ਦਰਬਾਰ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਹੀ ਦੇਹਰਾਦੂਨ ਦੇ ਪਹਾੜੀ ਇਲਾਕੇ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਭਾਰਤੀ ਫੌਜ ਨੂੰ ਬਕਾਇਦਾ ਟਰੇਨਿੰਗ ਦਿੱਤੀ ਜਾ ਰਹੀ ਸੀ ਅਤੇ ਸਰਕਾਰ ਨੇ ਇੱਕ ਗੰਭੀਰ ਸਾਜਸ਼ ਤਹਿਤ ਦਰਬਾਰ ਸਾਹਿਬ &lsquoਤੇ ਹਮਲਾ ਕਰਨ ਲਈ ਹਾਲਾਤ ਪੈਦਾ ਕੀਤੇ। ਚੁਰਾਸੀ ਦੇ ਇਸ ਤੀਸਰੇ ਘੱਲੂਘਾਰੇ ਵਿਚ ਸਿੱਖਾਂ ਦਾ ਜਿਸ ਕਿਸਮ ਦਾ ਨੁਕਸਾਨ ਹੋਇਆ ਉਹ ਪਹਿਲਾਂ ਕਦੀ ਵੀ ਨਹੀ ਸੀ ਹੋਇਆ ਜਿਸ ਸਬੰਧੀ ਹੇਠ ਲਿਖੇ ਨੁਕਤੇ ਵਿਚਾਰਨਯੋਗ ਹਨ -

  1. ਪੁਰਾਣੀਆਂ ਜੰਗਾਂ ਰਿਵਾਇਤੀ ਹਥਿਆਰਾਂ ਨਾਲ ਲੜੀਆਂ ਜਾਂਦੀਆਂ ਸਨ ਅਤੇ ਸਿੱਧੇ ਮੁਕਾਬਲੇ ਹੁੰਦੇ ਸਨ। ਪਰ ਦਰਬਾਰ ਸਾਹਿਬ ਤੇ ਹਮਲਾ ਭਾਰਤ ਸਰਕਾਰ ਵਲੋ ਅੱਤ ਅਧੁਨਿਕ ਹਥਿਆਰਾਂ ਨਾਲ ਜ਼ਮੀਨੀ ਤੌਰ ਤੇ, ਹਵਾਈ ਤੌਰ &lsquoਤੇ ਅਤੇ ਜ਼ਮੀਨ ਦੋਜ਼ ਤੌਰ &lsquoਤੇ ਕੀਤਾ ਗਿਆ। ਇਹਨਾ ਵਿਚ ਟੈਂਕ, ਤੋਪਾਂ ਅਤੇ ਹਵਾਈ ਬੰਬਾਰੀ ਵੀ ਸ਼ਾਮਲ ਸੀਭਾਰਤ ਦਾ ਇਹ ਹਮਲਾ ਗਿਣਤੀ ਦੇ ਖਾੜਕੂ ਸਿੰਘਾਂ ਦੇ ਖਿਲਾਫ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਅਤੇ ਕੌਮ ਵਿਚ ਦਹਿਸ਼ਤ ਪੈਦਾ ਕਰਨ ਲਈ ਕੀਤਾ ਗਿਆ। ਇਹ ਹਮਲਾ ਨਾ ਕੇਵਲ ਦਰਬਾਰ ਸਾਹਿਬ &lsquoਤੇ ਹੀ ਕੀਤਾ ਗਿਆ ਸਗੋਂ ਸਰਕਾਰ ਨੇ ਸਿੱਖਾਂ ਦੇ ੪੦ ਹੋਰ ਪ੍ਰਮੁਖ ਸਿੱਖ ਗੁਰਦੁਆਰਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਅਤੇ ਸ਼ਾਂਤਮਈ ਸਿੱਖਾਂ ਦੀ ਯੋਜਨਾਬੱਧ ਤਰੀਕੇ ਨਾਲ ਨਸਲਕੁਸ਼ੀ ਕੀਤੀ।

  2. ਪੁਰਾਣੇ ਵੇਲਿਆਂ ਵਿਚ ਸਥਾਨਕ ਧਿਰਾਂ ਹੀ ਯੁੱਧਾਂ ਵਿਚ ਸ਼ਾਮਲ ਹੁੰਦੀਆਂ ਸੰਨ ਪਰ ਸੰਨ ੧੯੮੪ ਦੇ ਦਰਬਾਰ ਸਾਹਿਬ ਦੇ ਹਮਲੇ ਸਮੇਂ ਮੌਕੇ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੇ ਰੂਸ, ਬਰਤਾਨੀਆਂ ਅਤੇ ਹੋਰ ਦੇਸ਼ਾਂ ਤੋਂ ਵੀ ਮੱਦਤ ਲਈ।

  3. ਪੁਰਾਣੇ ਯੁੱਧਾਂ ਵਿਚ ਜ਼ਹਿਰੀ ਧੂੰਏਂ ਦੇ ਬੰਬ ਨਹੀਂ ਸੀ ਸੁੱਟੇ ਜਾਂਦੇ ਜੋ ਕਿ ਸਾਰੇ ਵਾਤਾਵਰਣ ਨੂੰ ਹੀ ਜ਼ਹਿਰੀਲਾ ਕਰ ਦੇਣ ਪਰ ਚੁਰਾਸੀ ਦੇ ਹਮਲੇ ਵੇਲੇ ਫੌਜ ਨੇ ਦਰਬਾਰ ਸਾਹਿਬ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰਕੇ ਜ਼ਹਿਰੀ ਧੂੰਏਂ ਦੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ ਜਿਹਨਾ ਨੇ ਖਾੜਕੂਆਂ ਦੇ ਨਾਲ ਨਾਲ ਆਮ ਸੰਗਤ ਨੂੰ ਵੀ ਪਿਆਸ ਅਤੇ ਧੂੰਏਂ ਕਰਕੇ ਵਿਆਕੁਲ ਕਰਦ ਦਿੱਤਾ।

  4. ਪੁਰਾਣੇ ਸਮਿਆਂ ਵਿਚ ਪ੍ਰਚਾਰ ਦੇ ਸਾਧਨ ਅੱਜ ਵਾਂਗ ਤੇਜ਼ ਤਰਾਰ ਨਹੀਂ ਸਨ ਪਰ ਚੁਰਾਸੀ ਦੇ ਸਮੇਂ ਭਾਰਤ ਸਰਕਾਰ ਨੇ ਮੀਡੀਏ ਤੇ ਪੂਰਨ ਤੌਰ &lsquoਤੇ ਕਬਜ਼ਾ ਕਰਕੇ ਆਮ ਜਨਤਾ ਨੂੰ ਸੱਚ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਜੇਕਰ ਲੋਕਾਂ ਨੂੰ ਸਰਕਾਰ ਦੇ ਕੀਤੇ ਜਾ ਰਹੇ ਜ਼ੁਲਮਾਂ ਦੀ ਜਾਣਕਾਰੀ ਹੁੰਦੀ ਤਾਂ ਪੰਜਾਬ ਵਿਚ ਵੱਡਾ ਵਿਦਰੋਹ ਹੋ ਜਾਣਾ ਸੀ। ਦਿੱਲੀ ਸਰਕਾਰ ਨੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਕੇਵਲ ਅਮਨ ਕਾਨੂੰਨ ਦਾ ਮੁੱਦਾ ਬਣਾ ਦਿੱਤਾ ਅਤੇ ਸਿੱਖ ਨੌਜਵਾਨੀ ਨੂੰ ਅੰਨੇ ਵਾਹ ਕਤਲ ਕਰਨਾ ਸ਼ੁਰੂ ਕਰ ਦਿਤਾ। ਭਾਰਤੀ ਪ੍ਰਚਾਰ ਸਾਧਨਾ ਨੇ ਸੱਚਾਈ &lsquoਤੇ ਪਰਦਾ ਪਾਉਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ।

  5. ਸਿੱਖ ਅਰਦਾਸ ਵਿਚ ਉਹਨਾ ਸ਼ਹੀਦੀਆਂ ਦਾ ਜ਼ਿਕਰ ਹੈ ਜੋ ਸਮੇਂ ਸਮੇਂ ਦੇ ਹਾਕਮਾ ਨੇ ਸਿੱਖਾਂ ਤੇ ਅਕਹਿ ਅਤੇ ਅਸਹਿ ਜ਼ੁਲਮ ਸਭ ਦੇ ਸਾਹਮਣੇ ਢਾਏਪਰ ਚੁਰਾਸੀ ਦੇ ਹਮਲੇ ਸਮੇਂ ਅਤੇ ਉਸ ਤੋਂ ਬਾਅਦ ਪੰਜਾਬ ਦੇ ਸਰਕਾਰੀ ਤਸੀਹਾ ਘਰਾਂ ਵਿਚ ਜਿਵੇਂ ਨਿਰਦੋਸ਼ ਸਿੱਖਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਤਸੀਹੇ ਦੇ ਕੇ ਮਾਰਿਆ ਗਿਆ ਉਹਨਾ ਬਾਰੇ ਜਾਣਕਾਰੀਆਂ ਅਜੇ ਤਕ ਵੀ ਗੁਪਤ ਹਨ। ਏਥੋਂ ਤਕ ਕਿ ਸ: ਜਸਵੰਤ ਸਿੰਘ ਖਾਲੜਾ ਵਰਗੇ ਉਹਨਾ ਸਿੱਖਾਂ ਨੂੰ ਵੀ ਨਾ ਬਖਸ਼ਿਆ ਗਿਆ ਜੋ ਕਿ ਸਰਕਾਰ ਵਲੋਂ ਸਿੱਖ ਨੌਜਵਾਨਾ ਦੀ ਕੀਤੀ ਗਈ ਨਸਲਕੁਸ਼ੀ ਦੇ ਆਂਕੜੇ ਇੱਕਠੇ ਕਰ ਰਹੇ ਸਨ ਭਾਈ ਖਾਲੜਾ ਅਤੇ ਉਹਨਾ ਦੇ ਸਹਿਯੋਗੀ ਸਿੰਘਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਸਿੱਖ ਨੌਜਵਾਨਾ ਦੀਆਂ ਉਹਨਾ ਲਾਸ਼ਾਂ ਦਾ ਖੁਰਾ ਖੋਜ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਨਾ ਨੂੰ ਸਰਕਾਰ ਲਾਵਾਰਸ ਕਹਿ ਕੇ ਸਾੜੀ ਜਾ ਰਹੀ ਸੀਇੱਕ ਅੰਦਾਜ਼ੇ ਮੁਤਾਬਕ ਇਹਨਾ ਦੀ ਗਿਣਤੀ ਵੀਹ ਤੋਂ ਪੱਚੀ ਹਜ਼ਾਰ ਤਕ ਸੀ। ਇਹੀ ਕਾਰਨ ਹੈ ਕਿ ਚੁਰਾਸੀ ਦੇ ਹਮਲੇ ਤੋਂ ਕਈ ਸਾਲਾਂ ਤਕ ਵੀ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਕਿਸੇ ਨੌਜਵਾਨ ਦੀ ਬਰਾਤ ਦੇਖਣ ਨੂੰ ਨਹੀਂ ਸੀ ਮਿਲੀ ਕਿਓਂਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਸਰਕਾਰ ਨੇ ਵੱਡੀ ਪੱਧਰ &lsquoਤੇ ਸਿੱਖ ਨੌਜਵਾਨਾ ਦੀ ਨਸਲਕੁਸ਼ੀ ਕੀਤੀ ਸੀ।

  6. ਚੁਰਾਸੀ ਤੋਂ ਪਹਿਲਾਂ ਦੇ ਘੱਲੂਘਾਰਿਆਂ ਵਿਚ ਵੈਰੀਆਂ ਨੇ ਸਿੱਖਾਂ ਦੇ ਧਾਰਮਕ ਅਤੇ ਇਤਹਾਸਕ ਸਰੋਤਾਂ ਨੂੰ ਇੰਝ ਗਿਣਮਿਥ ਕੇ ਨਿਸ਼ਾਨਾ ਨਹੀਂ ਸੀ ਬਣਾਇਆ ਜਾਂਦਾ ਜਿਵੇਂ ਕਿ ਸੰਨ ਚੁਰਾਸੀ ਵਿਚ ਸਰਕਾਰ ਨੇ ਕੀਤਾ। ਦਰਬਾਰ ਸਾਹਿਬ ਵਿਚ ਫੌਜ ਵਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਲੁੱਟ ਕਰਕੇ ਉਸ ਨੂੰ ਸਾੜ ਦੇਣ ਦਾ ਇੱਕ ਨਾਟਕ ਰਚਿਆ ਗਿਆਇਸ ਅੱਗਜ਼ਨੀ ਵਿਚ ਬੇਸ਼ਕ ਅਨੇਕਾਂ ਬੇਸ਼ਕੀਮਤੀ ਨਿਸ਼ਾਨੀਆਂ ਵੀ ਸਾੜ ਕੇ ਸੁਆਹ ਕਰ ਦਿੱਤੀਆਂ ਗਈਆਂ ਹੋਣ ਪਰ ਫੌਜ ਨੇ ਜੋ ਧਾਰਮਕ ਗ੍ਰੰਥ ਅਤੇ ਹੋਰ ਨਿਸ਼ਾਨੀਆਂ ਬੋਰੀਆਂ ਵਿਚ ਭਰ ਕੇ ਸਰਕਾਰ ਦੇ ਹਵਾਲੇ ਕੀਤੀਆਂ ਉਹਨਾ ਦਾ ਖੁਰਾਖੋਜ਼ ਅਜੇ ਤਕ ਨਹੀਂ ਲੱਗਾ। ਇਹ ਬੜੇ ਸ਼ਰਮ ਵਾਲੀ ਗੱਲ ਕਿ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਸਰਕਾਰ ਦੇ ਖਿਲਾਫ ਅਵਾਜ਼ ਵੀ ਬੁਲੰਦ ਨਹੀਂ ਕੀਤੀ ਕਿਓਂਕਿ ਅਕਾਲੀ ਦਲ ਦਾ ਭਾਜਪਾ ਨਾਲ ਨਾਪਾਕ ਗੱਠਜੋੜ ਰਿਹਾ ਹੈ ਅਤੇ ਅਕਾਲੀ ਦਲ ਦੇ ਮੁਖੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਜੀਵਨ ਮਨੋਰਥ ਕਿਸੇ ਵੀ ਹੱਦ ਤਕ ਡਿੱਗ ਕੇ ਸੱਤਾ ਹਾਸਲ ਕਰਨਾ ਸੀ ਇਹੀ ਕਾਰਨ ਸੀ ਕਿ ਉਸ ਨੇ ਭਾਜਪਾ ਨੂੰ ਬਿਨਾ ਸ਼ਰਤ ਹਿਮਾਇਤ ਦੇਣ ਦਾ ਐਲਾਨ ਵੀ ਕਰ ਰੱਖਿਆ ਸੀ। ਬਾਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ &lsquoਤੇ ਕਬਜਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਚੁਰਾਸੀ ਦੇ ਹਮਲੇ ਦੌਰਾਨ ਹੋਈ ਕੌਮ ਦੀ ਇਤਹਾਸਕ ਤਬਾਹੀ ਦੀ ਭਰਪਾਈ ਲਈ ਕੋਈ ਵੀ ਯਤਨ ਨਾ ਕੀਤਾ।

  7. ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ੩੧ ਅਕਤੂਬਰ ਨੂੰ ਜਿਸ ਵੇਲੇ ਭਾਈ ਬਿਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਇੰਦਰਾਂ ਦਾ ਕਤਲ ਕਰ ਦਿੱਤਾ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਚਿੱਟੇ ਦਿਨ ਹਜ਼ਾਰਾ ਸਿੱਖਾਂ ਨੂੰ ਜਿੰਦਾ ਜਲਾ ਦਿੱਤਾ ਗਿਆ, ਕਾਂਗਰਸ ਦੀ ਸ਼ਹਿ &lsquoਤੇ ਭੜਕੀ ਭੀੜ ਨੇ ਪੁਲਿਸ ਦੇ ਸਹਿਯੋਗ ਨਾਲ ਸਿੱਖਾਂ ਦੇ ਘਰਾਂ ਨੂੰ ਲੁੱਟਿਆ ਅਤੇ ਸਿੱਖ ਬੀਬੀਆਂ ਨਾਲ ਜਬਰਜਨਾਹ ਕੀਤੇ। ਇਸ ਜ਼ੁਲਮ ਬਾਰੇ ਭਾਰਤੀ ਸਰਕਾਰਾਂ ਨੇ ਅਨੇਕਾਂ ਕਮਿਸ਼ਨ ਬਿਠਾਏ ਅਤੇ ਸਿੱਖਾਂ ਨੂੰ ਇਨਸਾਫ ਦਾ ਯਕੀਨ ਦਵਾਇਆ ਪਰ ਹੋਇਆ ਕੁਝ ਵੀ ਨਾ। ਕਾਂਗਰਸ ਨੇ ਤਾਂ ਸਿੱਖ ਕਾਤਲਾਂ ਨੂੰ ਸਗੋਂ ਗੱਦੀਆਂ ਦੇ ਕੇ ਨਿਵਾਜਿਆ।

ਸੰਨ ਚੌਰਾਸੀ ਦੇ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਨੂੰ ਅੱਜ ਚਾਲੀ ਸਾਲ ਹੋ ਗਏ ਹਨ। ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨਾਲ ਆਪਣੇ ਨੇੜਲੇ ਸਬੰਧਾਂ ਦਾ ਜ਼ਿਕਰ ਬੜੇ ਹੀ ਧੜੱਲੇ ਨਾਲ ਕਰਦਾ ਹੈ ਅਤੇ ਪੰਜਾਂ ਪਿਆਰਿਆਂ ਵਿਚੋਂ ਇੱਕ ਪਿਆਰੇ ਦਾ ਜ਼ਿਕਰ ਵੀ ਕਰਦਾ ਹੈ ਜੋ ਕਿ ਗੁਜਰਾਤ ਨਾਲ ਸਬੰਧਤ ਸੀ। ਪਰ ਨਰਿੰਦਰ ਮੋਦੀ ਦੀ ਸਰਕਾਰ ਨੇ ਸਿੱਖਾਂ ਨਾਲ ਆਪਣੇ ਸਬੰਧਾਂ ਦਾ ਪ੍ਰਗਟਾਵਾ ਕੌਮਾਂਤਰੀ ਤੌਰ ਤੇ ਉਹਨਾ ਸਿੱਖਾਂ ਤੇ ਜਾਨਲੇਵਾ ਹਮਲੇ ਕਰਵਾ ਕੇ ਕੀਤਾ ਹੈ ਜੋ ਕਿ ਸਿੱਖ ਕੌਮ ਦੀ ਅਜ਼ਾਦੀ ਲਈ ਆਪਣੀ ਵਿੱਤ ਮੁਤਾਬਕ ਕੋਸ਼ਿਸ਼ਾਂ ਕਰ ਰਹੇ ਹਨ। ਭਾਜਪਾ ਦੀ ਸਿੱਖਾਂ ਖਿਲਾਫ ਇਸ ਖੂਨੀ ਨੀਤੀ ਦਾ ਭਾਂਡਾ ਕੌਮਾਂਤਰੀ ਤੌਰ ਤੇ ਭੱਜ ਚੁੱਕਾ ਹੈ। ਭਾਜਪਾ ਰਾਜ ਵਿਚ ਸਿੱਖਾਂ ਦੇ ਇਤਹਾਸਕ ਗੁਰਦੁਆਰੇ ਜਿਵੇਂ ਕਿ ਸਿੱਕਮ ਦੇ ਗਰੁਦੁਆਰਾ ਡਾਂਗ ਮਾਰ, ਜਗਨ ਨਾਥ ਪੁਰੀ ਦੇ ਗੁਰਦੁਆਰਾ ਮੰਗੂ ਮੱਠ ਅਤੇ ਹਰਦੁਆਰ ਦੇ ਗੁਰਦੁਆਰਾ ਹਰਿ ਕੀ ਪੌੜੀ ਦੀ ਸੇਵਾ ਦਾ ਸਿੱਖਾਂ ਹੱਥੋਂ ਨਿਕਲ ਜਾਣਾ ਸਿੱਖ ਪੰਥ ਤੇ ਵੱਡਾ ਹਮਲਾ ਹੈਮਨਜਿੰਦਰ ਸਿੰਘ ਸਿਰਸਾ ਵਰਗੇ ਭਾਜਪਾਈ ਆਗੂ ਜਿਹੜੇ ਕਿਸੇ ਲਾਲਚ ਜਾਂ ਡਰ ਕਾਰਨ ਭਾਜਪਾ ਵਿਚ ਸ਼ਾਮਲ ਹੋਏ ਉਹ ਸਿਰਫ ਸਮਾਂ ਟਾਲਣ ਲਈ ਬਿਆਨ ਦੇਣ ਤਕ ਸੀਤਮ ਹਨ ਅਤੇ ਨਤੀਜਾ ਕੁਝ ਨਹੀਂ ਨਿਕਲਦਾ ਦਿਖਾਈ ਦੇ ਰਿਹਾ

ਦਰਬਾਰ ਸਾਹਿਬ ਦੇ ਹਮਲੇ ਮਗਰੋਂ ਜਿਸ ਸਮਝੌਤੇ ਨੂੰ ਲੌਂਗੋਵਾਲ ਰਾਜੀਵ ਸਮਝੌਤਾ ਕਹਿ ਕੇ ਪ੍ਰਚਾਰਿਆ ਗਿਆ ਅਤੇ ਟਾਲਿਆ ਗਿਆ ਉਹ ਸਮਝੌਤਾ ਅਸਲ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਪੰਜਾਬ ਦੇ ਰਾਜਪਾਲ ਦੇ ਦਸਤਖਤਾਂ ਹੇਠ ਹੋਇਆ ਸੀ, ਜਿਸ ਤੇ ਅਮਲ ਕਰਨ ਦੀ ਭਾਜਪਾ ਨੇ ਕਦੀ ਲੋੜ ਨਹੀਂ ਸਮਝੀ। ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਕੇਂਦਰ ਦੀ ਕਾਂਗਰਸੀ ਸਰਕਾਰ ਨੇ ਹਮੇਸ਼ਾਂ ਹੀ ਅੰਨ੍ਹੇ ਬੋਲੇ ਹੋਣ ਦਾ ਕਿਰਦਾਰ ਨਿਭਾਇਆ ਅਤੇ ਇਹ ਅਮਲ ਭਾਜਪਾ ਰਾਜ ਵਿਚ ਵੀ ਜਾਰੀ ਹੈ। ਇਸ ਸਭ ਕਾਸੇ ਦੇ ਨਤੀਜੇ ਵਜੋਂ ਸਿੱਖ ਕੌਮ ਅੱਜ ਉਹਨਾ ਪੰਥਕ ਚਿਹਰਿਆਂ ਦੀ ਭਾਲ ਵਿਚ ਹੈ ਜੋ ਕਿ ਇਸ ਜਿੱਲ੍ਹਣ ਭਰੇ ਮਹੌਲ ਵਿਚੋਂ ਕੱਢ ਕੇ ਕੌਮ ਦੀ ਯੋਗ ਅਗਵਾਈ ਕਰ ਸਕੇ।

ਕੁਲਵੰਤ ਸਿੰਘ ਢੇਸੀ