image caption: ਕੁਲਵੰਤ ਸਿੰਘ ਢੇਸੀ

ਨੱਚਣ ਵਾਲੀ ਕੰਗਣਾ ਬਨਾਮ ਗੱਜਣ ਵਾਲੀ ਕੌਰ

 ਲਬੋਂ ਪੇ ਫੂ਼ਲ ਦਿਲੋਂ ਮੇਂ ਆਗ ਰੱਖਤੇ ਹੈਂ। ਯਹਾਂ ਸਭੀ ਅਪਨੇ ਚਿਹਰੋਂ ਪੇ ਨਕਾਬ ਰੱਖਤੇ ਹੈਂ।

ਅੱਜਕਲ ਚੰਡੀਗੜ੍ਹ ਏਅਰਪੋਰਟ &lsquoਤੇ ਲੋਕ ਸਭਾ ਮੈਂਬਰ ਅਤੇ ਬਾਲੀਵੁਡ ਨਾਇਕਾ ਕੰਗਣਾ ਰਣੌਤ ਦੀ ਹੋਈ ਝਾੜ ਝੰਬ ਬਾਰੇ ਮੀਡੀਏ ਵਿਚ ਹਲਚਲ ਹੈ। ਮੀਡੀਏ ਵਿਚ ਇਸ ਨੂੰ ਥੱਪੜ ਕਾਂਡ ਦੇ ਨਾਮ ਨਾਲ ਵੀ ਪ੍ਰਚਾਰਿਆ ਜਾ ਰਿਹਾ ਹੈ। ਇਹ ਥੱਪੜ ਕੰਗਣਾ ਰਣੌਤ ਨੂੰ ਸੀ ਆਈ ਐਸ ਐਫ (Central Industrial Security Force) ਦੀ ਇੱਕ ਅਧਿਕਾਰੀ ਵਾਲੋਂ ਮਾਰਿਆ ਦੱਸਿਆ ਜਾ ਰਿਹਾ ਹੈ। ਇਹ ਘਟਨਾ ਵੀਰਵਾਰ ੬ ਜੂਨ ਦੀ ਹੈ ਜਿਸ ਵੇਲੇ ਕੰਗਣਾ ਰਣੌਤ ਐਨ ਡੀ ਏ ਦੀ ਮੀਟਿੰਗ ਲਈ ਦਿੱਲੀ ਜਾ ਰਹੀ ਸੀ ਤਾਂ ਉਸ ਨੂੰ ਚੰਡੀਗੜ੍ਹ ਏਅਰਪੋਰਟ ਤੇ ਸੀ ਆਈ ਐਸ ਐਫ ਅਧਿਕਾਰੀ ਵਲੋਂ ਥੱਪੜ ਮਾਰ ਦਿੱਤਾ ਗਿਆ। ਇਸ ਬਾਬਤ ਮੀਡੀਏ ਵਿਚ ਕਈ ਕਹਾਣੀਆਂ ਹਨ। ਇੱਕ ਕਹਾਣੀ ਇਹ ਵੀ ਹੈ ਕਿ ਜਿਸ ਵੇਲੇ ਕੰਗਣਾਂ ਰਣੌਤ ਨੂੰ ਕੁਲਵਿੰਦਰ ਕੌਰ ਨਾਮ ਦੀ ਅਧਿਕਾਰੀ ਨੇ ਹੈਂਡ ਬੈਗ ਦੀ ਤਲਾਸ਼ੀ ਦੇਣ ਲਈ ਕਿਹਾ ਤਾਂ ਕੰਗਣਾ ਦਾ ਲਹਿਜ਼ਾ ਠੀਕ ਨਹੀਂ ਸੀ ਜਿਸ ਕਰਕੇ ਤਕਰਾਰ ਵੱਧ ਗਿਆ।ਇੱਕ ਕਹਾਣੀ ਇਹ ਵੀ ਹੈ ਜਿਸ ਵੇਲੇ ਕੰਗਣਾਂ ਨੇ ਕੁਲਵਿੰਦਰ ਕੌਰ ਦੇ ਨਾਂ ਦੀ ਪਲੇਟ ਪੜ੍ਹੀ ਤਾਂ ਊਸ ਨੇ ਉਸ ਨੂੰ ਖਾਲਿਸਤਾਨੀ ਕੌਰ ਕਿਹਾ ਤਾਂ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ। ਇੱਕ ਕਹਾਣੀ ਇਹ ਵੀ ਹੈ ਕਿ ਕੁਲਵਿੰਦਰ ਕੌਰ ਨੇ ਕੰਗਣਾਂ ਦੇ ਇਸ ਕਰਕੇ ਥੱਪੜ ਮਾਰਿਆ ਕਿਓਂਕਿ ਉਸ ਨੇ ਕਿਸਾਨ ਅੰਦੋਲਨ ਦੌਰਾਨ ਲੰਗਰ ਦੀ ਸੇਵਾ ਕਰਨ ਵਾਲੀਆਂ ਬੀਬੀਆਂ ਨੂੰ ਸੌ ਸੌ ਰੁਪਏ ਭਾੜੇ ਤੇ ਲਿਆਂਦੀਆਂ ਕਿਹਾ ਸੀ ਜਦ ਕਿ ਉਹਨਾ ਵਿਚ ਕੁਲਵਿੰਦਰ ਕੋਰ ਦੀ ਆਪਣੀ ਮਾਂ ਵੀ ਸੇਵਾ ਕਰ ਰਹੀ ਸੀ, ਕੁਲਵਿੰਦਰ ਕੌਰ ਨੇ ਕੰਗਣਾ ਦੀ ਇਸੇ ਗੁਸਤਾਖੀ ਕਰਕੇ ਉਸ ਦੇ ਥੱਪੜ ਜੜ ਦਿੱਤਾ। ਕੰਗਣਾ ਰਣੌਤ ਵਲੋਂ ਕਿਸਾਨ ਮੋਰਚੇ ਪ੍ਰਤੀ ਅਤੇ ਮੋਰਚੇ ਵਿਚ ਸੇਵਾ ਕਰਨ ਵਾਲੀਆਂ ਬੀਬੀਆਂ ਪ੍ਰਤੀ ਜੋ ਬਿਆਨਬਾਜੀ ਕੀਤੀ ਗਈ ਸੀ ਇਹ ਬਿਆਨ ਉਸ ਵੇਲੇ ਅਖਬਾਰਾਂ ਦੀਆਂ ਸੁਰਖੀਆਂ ਬਣੇ ਸਨ। ਕੰਗਣਾ ਰਣੌਤ ਵਲੋਂ ਪੰਜਾਬ ਵਿਚ ਵੱਧ ਰਹੇ ਅੱਤਵਾਦ ਬਾਰੇ ਵੀ ਖਾਹ ਮਖਾਹ ਵਾਵੇਲਾ ਕੀਤਾ ਜਾਂਦਾ ਹੈ ਜਿਸ ਸਬੰਧੀ ਪੰਜਾਬ ਦੇ ਲੋਕ ਉਸ ਦੇ ਇਸ ਰਵਈਏ ਤੋਂ ਬਹੁਤ ਔਖੇ ਹਨ ਜਦ ਕਿ ਭਾਜਪਾ ਅਜੇਹੇ ਲੋਕਾਂ ਨੂੰ ਟਿਕਟਾਂ ਦੇ ਕੇ ਨਿਵਾਜਦੀ ਹੈ ਜੋ ਕਿ ਘੱਟਗਿਣਤੀਆਂ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਹਨ।


ਇਸ ਘਟਨਾ ਤੋਂ ਤੁਰੰਤ ਬਾਅਦ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।ਇਸ ਮਾਮਲੇ ਦੀ ਜਾਂਚ ਲਈ ਸੀ ਆਈ ਐਸ ਐਫ ਅਧਿਕਾਰੀਆਂ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ। ਇਸ ਘਟਨਾ ਤੋਂ ਬਾਅਦ ਜਿਥੇ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਵਲੋਂ ਕੁਲਵਿੰਦਰ ਕੌਰ ਦੇ ਹੱਕ ਵਿਚ ਅਵਾਜ਼ ਬੁਲੰਦ ਹੋਈ ਉਥੇ ਹਿਮਾਚਲ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਕੰਗਣਾ ਦੇ ਹੱਕ ਵਿਚ ਇੱਕ ਨਹੀਂ ਅਨੇਕ ਰਾਜਨੀਤਕ ਵਿਅਕਤੀਆਂ ਦੇ ਬਿਆਨ ਆ ਰਹੇ ਹਨ। ਕੁਲਵਿੰਦਰ ਕੌਰ ਦੀ ਆਪਣੀ ਮਾਤਾ ਬੀਰ ਕੌਰ ਵਲੋਂ ਅਤੇ ਭਰਾ ਸ਼ੇਰ ਸਿੰਘ ਵਲੋਂ ਊਸ ਦੀ ਹਿਮਾਇਤ ਵਿਚ ਡੱਟ ਕੇ ਖੜ੍ਹਨ ਦੇ ਬਿਆਨ ਹਨ ਅਤੇ ਉਹਨਾ ਨੇ ਕਿਹਾ ਹੈ ਕਿ ਕੁਲਵਿੰਦਰ ਕੌਰ ਨੇ ਜੋ ਕੀਤਾ ਉਹ ਠੀਕ ਹੀ ਕੀਤਾ ਹੈ ਅਤੇ ਉਹ ਇਸੇ ਦੇ ਹੀ ਲਾਇਕ ਸੀ ਕਿਓਂਕਿ ਕੋਈ ਵੀ ਬੱਚਾ ਆਪਣੇ ਮਾਂ ਬਾਪ ਬਾਰੇ ਕੋਈ ਹੱਤਕ ਵਾਲੇ ਬਿਆਨ ਬਰਦਾਸ਼ਤ ਨਹੀਂ ਕਰ ਸਕਦਾ। ਬਠਿੰਡਾ ਸੀਟ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਕੁਲਵਿੰਦਰ ਕੌਰ ਦੇ ਹੱਕ ਵਿਚ ਬਿਆਨ ਦਿੰਦੇ ਕਿਹਾ ਹੈ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕੁਲਵਿੰਦਰ ਕੌਰ ਦੇ ਹੱਕ ਵਿਚ ਬਿਆਨ ਦਿੰਦੇ ਕਿਹਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਆਪਣੀ ਨਫਰਤ ਦਾ ਨਿਸ਼ਾਨਾ ਬਨਾਉਣ ਵਾਲੇ ਕੰਗਣਾਂ ਰਣੌਤ ਦੇ ਲੋਕਾਂ ਦਾ ਲਹਿਜ਼ਾ ਬੇਹੱਦ ਦੁਖਦਾਈ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਵੇਲੇ ਮਨੀ ਪੁਰ ਵਰਗੇ ਸੂਬਿਆਂ ਵਿਚ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਔਰਤਾਂ ਨੂੰ ਨੰਗਿਆਂ ਕਰਕੇ ਉਹਨਾ ਤੇ ਤਸ਼ੱਦਦ ਕੀਤਾ ਜਾਂਦਾ ਹੈ ਤਾਂ ਕੰਗਣਾ ਰਣੌਤ ਵਰਗੇ ਲੋਕਾਂ ਨੂੰ ਉਸ ਵੇਲੇ ਕੋਈ ਅੱਤਵਾਦ ਕਿਓਂ ਨਹੀਂ ਦਿਸਦਾ। ਹਾਥਰਸ ਵਰਗੀਆਂ ਦੇਸ਼ ਵਿਚ ਆਏ ਦਿਨ ਸ਼ਰਮਨਾਕ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਥੇ ਕਿ ਦਲਿਤਾਂ ਅਤੇ ਮੁਸਲਮਾਨ ਬੀਬੀਆਂ ਨਾਲ ਦਸ ਦਸ ਦਰਿੰਦੇ ਇਕੱਠੇ ਹੋ ਕੇ ਉਹਨਾ ਦਾ ਜਬਰ ਜਨਾਹ ਕਰਕੇ ਅੱਤ ਦਾ ਜ਼ੁਲਮ ਕਰਦੇ ਹਨ ਤਾਂ ਕੰਗਣਾ ਰਣੌਤ ਵਰਗੇ ਲੋਕ ਗੂੰਗੇ ਅਤੇ ਅੰਨ੍ਹੇ ਕਿਓਂ ਹੋ ਜਾਂਦੇ ਹਨ। ਇਹਨਾ ਲੋਕਾਂ ਨੂੰ ਪੰਜਾਬ ਦਾ ਖਾੜਕੂਪਨ ਇਸ ਕਰਕੇ ਰੜਕਦਾ ਹੈ ਕਿਓਕਿ ਪੰਜਾਬ ਇਹਨਾ ਦੀਆਂ ਸਰਕਾਰਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਦੇ ਖਿਲਾਫ ਅਵਾਜ਼ ਬੁਲੰਦ ਕਰਦਾ ਹੈ, ਉਹ ਭਾਵੇਂ ਕਿਸਾਨਾ ਦੀਆਂ ਮੰਗਾਂ ਹੋਣ ਜਾਂ ਘੱਟਗਿਣਤੀਆਂ ਦੀਆਂ ਹੋਰ ਮੰਗਾਂ ਹੋਣ। ਇਹ ਲੋਕ ਪੰਜਾਬ ਵਿਚ ਅੱਤਵਾਦ ਦਾ ਵਾਵੇਲਾ ਇਸ ਲਈ ਵੀ ਕਰਦੇ ਹਨ ਕਿਓਂਕਿ ਪੰਜਾਬ ਵਿਚ ਇਹਨਾ ਦੀ ਆਪਣੀ ਸਰਕਾਰ ਨਹੀਂ ਹੈ ਅਤੇ ਪੰਜਾਬ ਦੀ ਆਮ ਆਦਮੀ ਸਰਕਾਰ ਨੂੰ ਗੱਦੀਓਂ ਲਾਹ ਕੇ ਇਹ ਲੋਕ ਰਾਸ਼ਟਰਪਤੀ ਰਾਜ ਤਾਂ ਹੀ ਲਾਗੂ ਕਰਵਾ ਸਕਦੇ ਹਨ ਜੇਕਰ ਪੰਜਾਬ ਵਿਚ ਅਮਨ ਕਾਨੂੰਨ ਦੀ ਸਮੱਸਿਆ ਹੋ ਜਾਵੇ। ਅਤੰਕ ਪੰਜਾਬ ਨਹੀਂ ਕਰਦਾ ਸਗੋਂ ਭਾਜਪਾ ਸਰਕਾਰ ਕਰ ਰਹੀ ਹੈ ਜੋ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਰੋਕਣ ਲਈ ਸੜਕਾਂ ਵਿਚ ਸੂਏ ਗੱਡ ਕੇ ਕਿਸਾਨਾਂ &lsquoਤੇ ਜ਼ਹਿਰੀਲੇ ਧੂੰਏਂ ਦੇ ਬੰਬ ਸੁੱਟਦੇ ਹਨ ਅਤੇ ਗੰਦੇ ਪਾਣੀ ਦੀਆਂ ਬੁਸ਼ਾਰਾਂ ਮਾਰਦੇ ਹਨ।

ਕੰਗਣਾ ਰਣੌਤ ਨੂੰ ਅਤੇ ਉਸ ਦੀ ਮੱਦਤ ਤੇ ਆਏ ਮਨੋਹਰ ਲਾਲ ਖੱਟਰ ਵਰਗੇ ਲੋਕਾ ਨੂੰ ਪਹਿਲਵਾਨ ਔਰਤਾਂ ਤੇ ਇਹਨਾ ਦੇ ਆਪਣੇ ਲੋਕਾਂ ਵਲੋਂ ਕੀਤਾ ਜਾ ਰਿਹਾ ਜ਼ੁਲਮ ਨਜ਼ਰ ਕਿਓਂ ਨਹੀਂ ਅਉਂਦਾ ਜਿਸ ਦੇ ਸਬੰਧ ਵਿਚ ਪਹਿਲਵਾਨ ਬਜਰੰਗ ਪੁਨੀਆਂ ਨੇ ਲਿਖਿਆ ਹੈ ਕਿ, &lsquoਇਹ ਨੈਤਿਕਤਾ ਪੜ੍ਹਾਉਣ ਵਾਲੇ ਲੋਕ ਉਸ ਵੇਲੇ ਕਿੱਥੇ ਸਨ ਜਿਸ ਵੇਲੇ ਕਿਸਾਨਾ ਸਬੰਧੀ ਅਲਾਪ ਸ਼ਲਾਪ ਬੋਲਿਆ ਜਾ ਰਿਹਾ ਸੀ। ਹੁਣ ਇਹ ਸ਼ਾਤੀ ਦਾ ਪਾਠ ਪੜਾਉਣ ਆ ਗਏ। ਜਿਸ ਵੇਲੇ ਸਰਕਾਰੀ ਜਬਰ ਨਾਲ ਕਿਸਾਨ ਮਾਰੇ ਜਾ ਰਹੇ ਸਨ ਉਸ ਵੇਲੇ ਇਹਨਾ ਨੇ ਸ਼ਾਂਤੀ ਦਾ ਪਾਠ ਪੜ੍ਹਾਉਣਾ ਸੀ ਸਰਕਾਰ ਨੂੰ&rsquo।

ਇਹ ਘਟਨਾ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ ਵਿਚ ਆ ਖੜ੍ਹੀਆਂ ਹਨ ਜਿਹਨਾ ਵਲੋਂ ਕੁਲਵਿੰਦਰ ਕੌਰ ਦੇ ਹੱਕ ਵਿਚ ਮੁਜ਼ਹਾਰਾ ਵੀ ਲਾਮਬੰਦ ਕੀਤਾ ਗਿਆ ਅਤੇ ਕਿਸਾਨ ਆਗੂਆਂ ਵਲੋਂ ਉਹਨਾ ਦੇ ਪਰਿਵਾਰ ਨੂੰ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਸੋਸ਼ਲ ਸਾਈਟਾਂ ਤੇ ਕੁਝ ਲੋਕਾਂ ਵਲੋਂ ਨੌਕਰੀ ਤੋਂ ਬਰਖਾਸਤ ਹੋਈ ਕੁਲਵਿੰਦਰ ਕੌਰ ਨੂੰ ਮਾਇਕ ਸਹਾਇਤਾ ਕਰਨ ਦੇ ਵੀ ਬਿਆਨ ਆ ਰਹੇ ਹਨ। ਕੰਗਣਾ ਰਣੌਤ ਵਲੋਂ ਸਮੇਂ ਸਮੇਂ &lsquoਤੇ ਜੋ ਵਿਵਾਦਤ ਬਿਆਨ ਆਏ ਹਨ ਉਹਨਾ ਵਿਚੋਂ ਹੇਠ ਲਿਖੇ ਵਿਸ਼ੇਸ ਹਨ।

ਦਲਜੀਤ ਦੁਸਾਂਝ ਨੂੰ ਕਿਹਾ ਕਿ ਉਸ ਨੂੰ ਖਾਲਿਸਤਾਨ ਵਾਇਰਸ ਦੀ ਬਿਮਾਰੀ ਹੈ

ਨਾ ਕੇਵਲ ਦਲਜੀਤ ਦੁਸਾਂਝ ਨੂੰ ਹੀ ਸਗੋਂ ਕੰਗਣਾ ਨੇ ਤਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖੀਆ ਸੀ ਕਿ ਪੰਜਾਬ ਦੇ ਸਾਰੇ ਨਾਇਕਾਂ (celebrities) ਨੂੰ ਹੀ ਖਾਲਿਸਤਾਨੀ ਵਾਇਰਸ ਦੀ ਬਿਮਾਰੀ ਹੈ ਅਤੇ ਭਾਰਤ ਸਰਕਾਰ ਨੂੰ ਉਹਨਾ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸਬੰਧਤ ਪੋਸਟ ਨੂੰ ਉਸ ਵੇਲੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਸੰਦਰਭ ਵਿਚ ਪਾਇਆ ਗਿਆ ਸੀ। ਦਲਜੀਤ ਸਿੰਘ ਨੇ ਇਸ ਪੋਸਟ ਦਾ ਉੱਤਰ ਦਿੰਦਿਆਂ ਲਿਖਿਆ ਸੀ ਕਿ ਪੰਜਾਬ ਮੇਰਾ ਵਸਦਾ ਰਹੇ। ਹੁਣ ਕੰਗਣਾ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਪੰਜਾਬ ਵਿਚ ਕੇਵਲ ਸਿੱਖ ਹੀ ਤਾਂ ਨਹੀਂ ਰਹਿੰਦੇ। ਪੰਜਾਬ ਦੀਆਂ ਕਿਸਾਨੀ ਅਤੇ ਹੋਰ ਸੁਬਾਈ ਮੰਗਾਂ ਕੇਵਲ ਸਿੱਖਾਂ ਨਾਲ ਹੀ ਤਾਂ ਸਬੰਧਤ ਨਹੀਂ ਹਨ ਪਰ ਉਸ ਵੇਲੇ ਕੰਗਣਾ ਨੇ ਦਲਜੀਤ ਦੁਸਾਂਝ ਅਤੇ ਉਸ ਦੀ ਹਿਮਾਇਤ ਕਰਨ ਵਾਲੇ ਪੰਜਾਬੀਆਂ ਨੂੰ ਭੜਕਾਉਣ ਵਿਚ ਕੋਈ ਵੀ ਕਸਰ ਨਹੀਂ ਸੀ ਛੱਡੀ ਅਤੇ ਵਾਰ ਵਾਰ ਪੁਲਸ ਦੀਆਂ ਧਮਕੀਆਂ ਦਿੰਦੇ ਹੋਏ ਉਸ ਨੇ ਪੰਜਾਬ ਦੇ ਸਿੱਖਾਂ ਨੂੰ ਖਾਲਿਸਤਾਨੀ, ਵੱਖਵਾਦੀ ਅਤੇ ਅਤੰਕਵਾਦੀ ਕਹਿ ਕੇ ਭੜਕਾਇਆ ਸੀ।

ਇਸ ਤੋਂ ਇਲਾਵਾ ਕੰਗਣਾਂ ਰਣੌਤ ਸੁਭਾਸ਼ ਚੰਦਰ ਬੋਸ ਬਾਰੇ, ਬੀਫ ਖਾਣ ਬਾਰੇ, ਕਾਂਗਰਸੀ ਆਗੂ ਸ੍ਰੀ ਮਤੀ ਸੁਪਰਿਆ ਸੁਨੇਤ ਬਾਰੇ ਅਤੇ ਖਾਲਿਸਤਾਨ ਦੇ ਮੁੱਦੇ ਬਾਰੇ ਸੁਰਖੀਆਂ ਵਿਚ ਰਹੀ ਹੈ। ਕੰਗਣਾਂ ਰਣੌਤ ਅਤੇ ਉਸ ਵਰਗੇ ਕਰੋੜਾਂ ਹੋਰ ਹਿੰਦੂਆਂ ਮੁਤਾਬਕ ਤਾਂ ਭਾਰਤ ਵਿਚ ਕੇਵਲ ਹਿੰਦੂ ਰਾਜ ਦੀ ਹੀ ਗੱਲ ਕੀਤੀ ਜਾ ਸਕਦੀ ਹੈ, ਪਰ ਹਿੰਦੂਆਂ ਨੂੰ ਅਜ਼ਾਦੀ ਲੈ ਕੇ ਦੇਣ ਵਾਲੀ ਸਿੱਖ ਕੌਮ ਦੀ ਅਜ਼ਾਦੀ ਬਾਰੇ ਕੋਈ ਅਵਾਜ਼ ਉੱਠਦੀ ਹੈ ਤਾਂ ਇਹ ਲੋਕ ਕਪੜਿਆਂ ਤੋਂ ਬਾਹਰ ਆ ਜਾਂਦੇ ਹਨ, ਹਾਲਾਂਕਿ ਦੇਸ਼ ਦੀ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਸਾਬਕਾ ਸਿੱਖ ਐਮ ਪੀ ਸ: ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਸਹਿਯੋਗੀ ਕਰ ਹੀ ਰਹੇ ਹਨ।

ਪੰਜਾਬ ਦੇ ਪੰਜਾਬੀ ਜਿਹਨਾ ਨੇ ਦੇਸ਼ ਦਾ ਢਿੱਡ ਭਰਦਿਆਂ ਪੰਜਾਬ ਨੂੰ ਬੰਜਰ ਹੋਣ ਦੇ ਰਾਹ ਪਾ ਦਿੱਤਾ ਅਤੇ ਦੇਸ਼ ਦੀਆਂ ਸਰਹੱਦਾਂ &lsquoਤੇ ਹਮੇਸ਼ਾਂ ਹੀ ਆਪਣਾ ਲਹੂ ਡੋਲ੍ਹਦੇ ਰਹੇ ਹਨ ਅੱਜ ਉਹ ਭਾਜਪਾ ਦੇ ਇਹਨਾ ਲੋਕਾਂ ਨੂੰ ਇਸ ਕਰਕੇ ਬੁਰੇ ਲੱਗਦੇ ਹਨ ਕਿ ਪੰਜਾਬ ਵਿਚ ਉਹ ਇਹਨਾ ਦੇ ਫਿਰਕੂ ਅਤੇ ਉਲਾਰ ਰਾਜਸੀ ਰੁਤਬੇ ਦੀਆਂ ਜੜ੍ਹਾਂ ਨਹੀਂ ਲੱਗਣ ਦੇ ਰਹੇ ਅਤੇ ਆਪਣੀਆਂ ਹੱਕੀ ਮੰਗਾਂ ਵਾਸਤੇ ਡਟ ਕੇ ਸੰਘਰਸ਼ ਕਰਦੇ ਹਨ ਜਦ ਕਿ ਅੰਬਾਨੀਆਂ ਅਡਾਨੀਆਂ ਦੇ ਹੱਥਾਂ ਵਿਚ ਖੇਡ ਰਹੀ ਭਾਜਪਾ ਕੇਵਲ ਤੇ ਕੇਵਲ ਇਹਨਾ ਪੂੰਜੀਵਾਦੀਆਂ ਦੇ ਹੱਕਾਂ ਵਿਚ ਭੁਗਤਦੀ ਹੋਈ ਕਿਰਤੀਆਂ ਮੂੰਹੋਂ ਅੰਨ ਦੀ ਬੁਰਕੀ ਖੋਹਣ ਲਈ ਤਤਪਰ ਹੈ।

ਕੁਲਵਿੰਦਰ ਕੌਰ ਦੇ ਹੱਕ ਵਿਚ ਨਿੱਤਰੇ ਸਿੱਖ ਸਹਿਜ ਵਿਚ ਰਹਿਣ

ਬੇਟੀ ਕੁਲਵਿੰਦਰ ਕੌਰ ਦੇ ਹੱਕ ਵਿਚ ਨਿੱਤਰੇ ਲੋਕਾਂ ਵਿਚੋਂ ਕਈਆਂ ਵਲੋਂ ਲੋੜ ਤੋਂ ਵੱਧ ਗਰਮ ਅਤੇ ਉਕਸਾਹਟ ਭਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਕਈ ਵੇਰਾਂ ਇਸ ਤਰਾਂ ਦੇ ਛੋਟੇ ਛੋਟੇ ਮੁੱਦੇ ਜਦੋਂ ਲੋੜ ਤੋਂ ਵੱਧ ਤੂਲ ਫੜ ਜਾਂਦੇ ਹਨ ਤਾਂ ਉਹ ਵਿਸਫੋਟਕ ਵੀ ਹੋ ਜਾਂਦੇ ਹਨ ਜੋ ਦੋ ਭਾਈਚਾਰਿਆਂ ਵਿਚ ਬੇਲੋੜੀ ਹਿੰਸਾ ਦਾ ਕਾਰਨ ਬਣ ਜਾਂਦੇ ਹਨ। ਸਿੱਖ ਪੰਜਾਬ ਵਿਚ ਹੋਵੇ ਜਾਂ ਬਾਕੀ ਭਾਰਤ ਵਿਚ ਪਰ ਸਿੱਖ &lsquoਤੇ ਲਾਗੂ ਕਾਨੂੰਨ ਨਿਰਪੱਖ ਨਹੀਂ ਹੈ ਸਗੋਂ ਭਾਜਪਾ ਜਾਂ ਆਰ ਐਸ ਐਸ ਦਾ ਹੈ। ਇਹੀ ਕਾਰਨ ਹੈ ਕਿ ਸਜ਼ਾਵਾਂ ਪੁਰੀਆਂ ਕਰ ਚੁੱਕੇ ਸਾਡੇ ਬੰਦੀ ਸਿੱਖਾਂ ਨੂੰ ਰਿਹਾ ਨਹੀ ਕੀਤਾ ਜਾ ਰਿਹਾ ਅਤੇ ਦੇਸ਼ ਦਾ ਗ੍ਰਹਿ ਮੰਤਰੀ ਇਹ ਗੱਲ ਠੋਕ ਕੇ ਕਹਿੰਦਾ ਹੈ ਕਿ ਉਹਨਾ ਨੇ ਸਿੱਖ ਨਹੀਂ ਛੱਡਣੇ। ਅਮਿਤ ਸ਼ਾਹ ਨੇ ਲੋਕ ਸਭਾਂ ਚੋਣਾਂ ਵਿਚੋਂ ਹਾਰੇ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਵੀ ਸਿੱਖਾਂ ਦੀ ਨਸਲਕੁਸ਼ੀ ਜਾਂ ਕਤਲੇਆਮ ਕਰਨ ਦੇ ਦੋਸ਼ੀ ਹਨ ਉਹਨਾ ਦੇ ਪਰਿਵਾਰਾਂ ਨੂੰ ਭਾਜਪਾ ਗੱਦੀਆਂ ਦੇ ਕੇ ਨਿਵਾਜਦੀ ਰਹੇਗੀ। ਭਾਜਪਾ ਪੱਖੀ ਜਿਹੜੇ ਅਫਸਰ ਪੁਲਿਸ ਦੇ ਵੱਡੇ ਰੁਤਬਿਆਂ ਤੇ ਹਨ ਉਹ ਤਾਂ ਹਾਈਕੋਰਟ ਜਾਂ ਸੀ ਬੀ ਆਈ ਦੇ ਫੈਸਲਿਆਂ ਨੂੰ ਵੀ ਉਲਟਾ ਰਹੇ ਹਨ। ਇਹਨਾ ਹਾਲਾਤਾਂ ਵਿਚ ਸਿੱਖਾਂ ਨੇ ਹਰ ਚਣੌਤੀ ਨੂੰ ਬੜੀ ਦੂਰ ਅੰਦੇਸ਼ੀ ਅਤੇ ਸਹਿਜ ਨਾਲ ਹੱਲ ਕਰਨਾ ਪਵੇਗਾ। ਸਿੱਖਾਂ ਤੇ ਸ਼ੋਸ਼ਣ ਕਰਨ ਦਾ ਭਾਜਪਾ ਕੋਲ ਸਭ ਤੋਂ ਵੱਡਾ ਹਥਿਆਰ ਇਹ ਹੀ ਹੈ ਕਿ ਸਿੱਖ ਨੌਜਵਾਨ ਕਾਨੂੰਨ ਆਪਣੇ ਹੱਥ ਵਿਚ ਲੈਣ ਅਤੇ ਉਹਨਾ ਨੂੰ ਤਸ਼ੱਦਦ ਕਰਨ ਦਾ ਮੌਕਾ ਮਿਲੇ।

ਇਹ ਇੱਕ ਚੰਗੀ ਖਬਰ ਹੈ ਕਿ ਭਾਜਪਾ ਨੂੰ ਕੇਂਦਰ ਵਿਚ ਉਹ ਬਹੁਮੱਤ ਨਹੀਂ ਪ੍ਰਾਪਤ ਹੋਇਆ ਜਿਸ ਦੀ ਉਸ ਨੂੰ ਉਮੀਦ ਸੀ। ਜੇਕਰ ਵੱਡਾ ਬਹੁਮਤ ਭਾਜਪਾ ਨੂੰ ਮਿਲ ਜਾਂਦਾ ਤਾਂ ਸੰਵਿਧਾਨ ਵਿਚ ਜੀਅ ਆਈਆਂ ਤਰਮੀਮਾਂ ਕਰਕੇ ਉਸ ਨੇ ਸਿੱਖਾਂ ਵਰਗੀ ਘੱਟ ਗਿਣਤੀ ਅਤੇ ਖਾੜਕੂ ਕੌਮ ਦਾ ਵੱਡੀ ਪੱਧਰ ਤੇ ਸ਼ੋਸ਼ਣ ਕਰਨ ਦਾ ਰਾਹ ਲੱਭ ਲੈਣਾ ਸੀ। ਪਿਛਲੇ ਦਸ ਸਾਲ ਦੇ ਰਾਜ ਮਗਰੋਂ ਭਾਜਪਾ ਬੜਾ ਕੁਝ ਐਸਾ ਵੀ ਕਰ ਚੁੱਕੀ ਹੈ ਕਿ ਹੁਣ ਸਿੱਖਾ ਨੂੰ ਨਿਆਂ ਪਾਲਕਾ ਅਤੇ ਗੁਪਤਚਰ ਏਜੰਸੀਆਂ ਤੋਂ ਵੀ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ। ਅਗਲੇ ਪੰਜਾਂ ਸਾਲਾਂ ਵਿਚ ਭਾਰਤ ਵਿਚ ਪੁਲਿਸ ਅਤੇ ਨਿਆਂ ਪਾਲਕਾ ਦੀ ਹਾਲਤ ਹੋਰ ਵੀ ਪਤਲੀ ਹੋਣ ਵਾਲੀ ਹੈ। ਇਸ ਕਰਕੇ ਸਿੱਖ ਨੌਜਵਾਨਾ ਨੂੰ ਉਕਸਾਹਟ ਤੋਂ ਬਚ ਕੇ ਚੱਲਣਾ ਹੋਵੇਗਾ।

ਲੇਖਕ: ਕੁਲਵੰਤ ਸਿੰਘ ਢੇਸੀ