image caption: -ਰਜਿੰਦਰ ਸਿੰਘ ਪੁਰੇਵਾਲ

ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ ਐਨਐਸਏ ਇੱਕ ਸਾਲ ਹੋਰ ਵਧਾਈ

ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਉਪਰ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਹੈ| ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਪੱਪਲਪ੍ਰੀਤ ਸਿੰਘ, ਪ੍ਰਧਾਨ ਮੰਤਰੀ ਬਾਜੇਕੇ, ਸਰਬਜੀਤ ਕਲਸੀ ਉਪਰ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਹੈ| ਯਾਦ ਰਹੇ ਕਿ ਅਜਨਾਲਾ ਹਿੰਸਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਸਨ| ਉਨ੍ਹਾਂ ਉੱਤੇ ਐਨਐਸਏ ਵੀ ਲਗਾਇਆ ਗਿਆ ਸੀ| ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਡਿਬਰੂਗੜ੍ਹ ਜੇਲ੍ਹ ਚ ਬੰਦ ਹਨ| ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਦੀ ਸੀਟ ਇੱਕ ਲੱਖ 97 ਹਜ਼ਾਰ 120 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ| ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚ ਕਿਸੇ ਵੀ ਉਮੀਦਵਾਰ ਵੱਲੋਂ ਦਰਜ ਕੀਤੀ ਗਈ ਇਹ ਵੋਟਾਂ ਦੇ ਸਭ ਤੋਂ ਵੱਡੇ ਫਰਕ ਵਾਲੀ ਜਿੱਤ ਹੈ| ਖਡੂਰ ਸਾਹਿਬ ਸੀਟ ਤੋਂ ਚੋਣ ਜਿੱਤਣ ਮਗਰੋਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਾਥੀਆਂ ਦੀ ਐਨਐਸਏ ਵਧਾ ਕੇ ਪੰਜਾਬ ਸਰਕਾਰ ਨੇ ਸਖਤ ਸੰਕੇਤ ਦਿੱਤੇ ਹਨ|
ਦਰਅਸਲ ਸੰਸਦ ਮੈਂਬਰ ਬਣਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਚੋਂ ਬਾਹਰ ਆਉਣ ਦੀ ਚਰਚਾ ਚੱਲ ਰਹੀ ਹੈ| ਸਮਰਥਕਾਂ ਨੇ ਬੀਤੀ 16 ਜੂਨ ਨੂੰ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਸੀ| ਮਾਰਚ 2023 ਵਿਚ ਇਨ੍ਹਾਂ ਸਾਰਿਆਂ ਵਿਰੁੱਧ ਐਨਐਸਏ ਲਾਈ ਗਈ ਸੀ| ਅੰਮ੍ਰਿਤ ਪਾਲ ਸਿੰਘ ਦੇ ਸਮਰਥਕਾਂ ਦਾ ਦਾਅਵਾ ਸੀ ਕਿ 24 ਜੂਨ ਨੂੰ ਭਾਈ ਅੰਮ੍ਰਿਤ ਪਾਲ ਸਿੰਘ ਰਿਹਾਅ ਹੋ ਸਕਦੇ ਹਨ| ਪਰ ਪੰਜਾਬ ਸਰਕਾਰ ਛੱਡਣ ਦੇ ਮੂਡ ਵਿਚ ਨਹੀਂ ਹੈ| ਆਪ ਸਰਕਾਰ ਦਾ ਇਹ ਗੈਰ ਜਮਹੂਰੀ ਚਿਹਰਾ ਹੈ ਜੋ ਕਿ ਲੋਕਾਂ ਦੇ ਫਤਵੇ ਤੇ ਜਮਹੂਰੀਅਤ ਦਾ ਅਪਮਾਨ ਕਰ ਰਹੇ ਹਨ| ਆਪ ਸਰਕਾਰ ਸਿਖਾਂ ਵਿਰੁੱਧ ਕਾਂਗਰਸ ਵਾਂਗ ਕਾਲੇ ਕਨੂੰਨ ਵਰਤ ਰਹੀ ਹੈ| ਕੇਂਦਰ ਸਰਕਾਰ ਨੂੰ ਇਸ ਵਿਚ ਦਖਲ ਅੰਦਾਜ਼ੀ ਦੇਣੀ ਚਾਹੀਦੀ ਹੈ| ਸੁਪਰੀਮ ਕੋਰਟ ਨੂੰ ਵੀ ਇਸ ਬਾਰੇ ਨੋਟਿਸ ਲੈਣਾ ਚਾਹੀਦਾ ਹੈ|
ਕੈਨੇਡਾ ਨਿਝਰ ਦੇ ਮਾਮਲੇ ਵਿਚ ਇਨਸਾਫ ਕਰਨ ਲਈ ਦ੍ਰਿੜ
ਭਾਈ ਹਰਦੀਪ ਸਿੰਘ  ਦੇ ਕਤਲ &rsquoਤੇ ਕੈਨੇਡਾ ਨੇ ਇਕ ਵਾਰ ਫਿਰ ਹਮਦਰਦੀ ਪ੍ਰਗਟਾਈ ਹੈ|  ਹਾਊਸ ਆਫ ਕਾਮਨਜ਼ ਵਿੱਚ ਖਾਲਿਸਤਾਨੀ  ਹਰਦੀਪ ਸਿੰਘ ਨਿੱਝਰ ਲਈ ਇੱਕ ਮਿੰਟ ਦਾ ਮੌਨ ਰੱਖਿਆ ਗਿਆ ਸੀ| ਹਾਊਸ ਆਫ ਕਾਮਨਜ਼ ਦੇ ਪਹਿਲੇ ਸਪੀਕਰ ਗ੍ਰੇਗ ਫਰਗਸ ਨੇ ਨਿੱਝਰ ਲਈ ਸ਼ੋਕ ਸੰਦੇਸ਼ ਪੜ੍ਹਿਆ| ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ| ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਮੌਤ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ| ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਸਨ| ਭਾਰਤ ਨੇ ਸਪੱਸ਼ਟ ਕਿਹਾ ਕਿ ਕੈਨੇਡਾ ਵੱਲੋਂ ਜੋ ਵੀ ਦੋਸ਼ ਲਾਏ ਗਏ ਹਨ, ਉਹ ਬੇਬੁਨਿਆਦ ਹਨ|
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜੀ-7 ਸੰਮੇਲਨ ਦੌਰਾਨ ਪੀਐਮ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਸੀ| ਇਸ ਮੁਲਾਕਾਤ ਤੋਂ ਬਾਅਦ ਟਰੂਡੋ ਨੇ  ਕਿਹਾ ਕਿ ਭਾਰਤ ਨਾਲ ਕਈ ਵੱਡੇ ਮੁੱਦਿਆਂ ਤੇ ਤਾਲਮੇਲ ਹੈ ਅਤੇ ਉਹ ਨਵੀਂ ਭਾਰਤ ਸਰਕਾਰ ਨਾਲ ਆਰਥਿਕ ਸਬੰਧਾਂ ਅਤੇ ਰਾਸ਼ਟਰੀ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨ ਦਾ ਮੌਕਾ ਦੇਖਦੇ ਹਨ|
ਮੰਨਿਆ ਜਾ ਰਿਹਾ ਸੀ ਕਿ ਕੈਨੇਡਾ ਭਾਰਤ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ  ਨਿੱਝਰ ਪ੍ਰਤੀ ਕੈਨੇਡਾ ਦੀ ਹਮਦਰਦੀ ਘੱਟ ਨਹੀਂ ਹੋ ਰਹੀ| ਉਹ ਸਿਖ ਭਾਈਚਾਰੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ| ਹੁਣ ਤਕ ਕੈਨੇਡਾ ਨੇ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨ ਪ੍ਰੀਤ ਸਿੰਘ (28), ਬਰੈਂਪਟਨ ਵਾਸੀ ਅਮਨਦੀਪ  ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁਕਾ ਹੈ| ਪੁਲਿਸ ਨੇ ਕਿਹਾ ਕਿ ਕਤਲ ਵਿੱਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ| ਪਰ ਹਾਲੇ ਤਕ ਕੈਨੇਡਾ ਨੂੰ ਸਫਲਤਾ ਹਾਸਲ ਨਹੀਂ ਹੋਈ| ਕੈਨੇਡਾ ਦੀ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਬਾਰੇ ਇਲਜ਼ਾਮ ਕੈਨੇਡੀਆਈ ਖ਼ੁਫੀਆ ਏਜੰਸੀਆਂ ਅਤੇ ਫਾਈਵ ਆਈਜ਼ ਸਮਝੌਤੇ ਵਿੱਚ ਸ਼ਾਮਲ ਇੱਕ ਮੁਲਕ ਵੱਲੋਂ ਦਿੱਤੀ ਗਈ ਸੂਚਨਾ ਉੱਤੇ ਅਧਾਰਿਤ ਹਨ| ਪਰ ਸੁਆਲ ਹੈ ਕਿ ਇਨਸਾਫ ਵਿਚ ਦੇਰੀ ਕਿਉਂ?ਇਸ ਬਾਰੇ ਕੈਨੇਡਾ ਨੂੰ ਸਪਸ਼ਟ ਕਰਨਾ ਚਾਹੀਦਾ ਹੈ|
ਹਿਮਾਚਲ ਵਿਚ ਸਿਖਾਂ ਉਪਰ ਹਮਲਿਆਂ ਬਾਰੇ ਸਰਨਾ ਨੇ ਭਾਜਪਾ ਉਪਰ ਲਗਾਏ ਦੋਸ਼
ਬੀਤੇ ਕਈ ਦਿਨਾਂ ਤੋਂ ਹਿਮਾਚਲ ਵਿਚ ਸਿੱਖ ਟੂਰਿਸਟਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ| ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਕਿਹਾ ਕਿ ਉਹ ਬਹੁਤ ਚੰਗੇ ਇਨਸਾਨ ਹਨ ਤੇ ਉਨ੍ਹਾਂ ਦੀ ਸਰਕਾਰ ਵਿਚ ਅਜਿਹੀਆਂ ਘਟਨਾਵਾਂ ਹੋਣੀਆਂ ਹੀ ਨਹੀਂ ਚਾਹੀਦੀਆਂ| ਉਨ੍ਹਾਂ ਕਿਹਾ ਕਿ ਇਹ ਸਭ ਕੰਮ ਭਾਜਪਾ ਦੀ ਸ਼ਹਿ ਤੇ ਹੋ ਰਹੇ ਹਨ| ਕੰਗਨਾ ਮਾਮਲੇ &rsquoਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੰਗਨਾ ਰਾਣੌਤ ਨੇ ਡਿਊਟੀ &rsquoਤੇ ਤਾਇਨਾਤ ਸੀ. ਆਈ. ਐੱਸ. ਐੱਫ. ਮੁਲਾਜ਼ਮ ਨਾਲ ਬਦਤਮੀਜ਼ੀ ਕੀਤੀ ਤੇ ਉਸ ਦਾ ਨਾਂ ਪੜ੍ਹ ਕੇ ਉਸ ਨੂੰ ਖਾਲਿਸਤਾਨੀ ਕਿਹਾ ਸੀ| ਇਸ ਕਾਰਨ ਕੁਲਵਿੰਦਰ ਕੌਰ ਨੇ ਕੰਗਨਾ ਦੇ ਥੱਪੜ ਮਾਰ ਦਿੱਤਾ|
ਉਨ੍ਹਾਂ ਕਿਹਾ ਕਿ ਭਾਜਪਾ ਆਗੂ ਵਿਜੈ ਸਾਂਪਲਾ ਨੇ ਕਿਹਾ ਸੀ ਕਿ ਡਿਊਟੀ ਤੇ ਤਾਇਨਾਤ ਮੁਲਾਜ਼ਮ ਨੂੰ ਆਪਣੀ ਵਰਦੀ ਦਾ ਖ਼ਿਆਲ ਰੱਖਣਾ ਚਾਹੀਦਾ ਸੀ ਤੇ ਅਜਿਹਾ ਕਦਮ ਨਹੀਂ ਸੀ ਚੁੱਕਣਾ ਚਾਹੀਦਾ| ਸਰਨਾ ਨੇ ਕਿਹਾ ਕਿ ਉਸ ਦੀ ਵਰਦੀ ਦਾ ਖ਼ਿਆਲ ਕੰਗਨਾ ਨੂੰ ਰੱਖਣਾ ਚਾਹੀਦਾ ਸੀ| ਉਸਦੀ ਡਿਊਟੀ ਵਿਚ ਵਿਘਨ ਨਹੀਂ ਪਾਉਣਾ ਚਾਹੀਦਾ ਸੀ| ਕੰਗਨਾ ਨੂੰ ਕੁਲਵਿੰਦਰ ਦੀ ਗੱਲ ਮੰਨਣੀ ਚਾਹੀਦੀ ਸੀ, ਖਾਲਿਸਤਾਨੀ ਕਹਿਣਾ ਸਹੀ ਨਹੀਂ ਸੀ|    
ਸਰਨਾ ਦੀ ਸੋਚ ਇਸ ਬਾਰੇ ਬਿਲਕੁੱਲ ਸਹੀ ਹੈ| ਭਗਵੇਂਵਾਦੀ ਫੋਰਸਾਂ ਸਿਖ ਪੰਥ ਵਿਰੁੱਧ  ਸਰਗਰਮ ਕਰ ਦਿਤੀਆਂ ਹਨ| ਜਿਸ ਤਰ੍ਹਾਂ ਭਾਰਤ ਵਿਚ ਮੁਸਲਮਾਨਾਂ ਵਿਰੁੱਧ ਨਫਰਤ ਫੈਲਾਈ ਜਾ ਰਹੀ ਸੀ ਉਸੇ ਤਰ੍ਹਾਂ ਸਿੱਖਾਂ ਵਿਰੁੱਧ ਫਿਰਕੂ ਨੀਤੀ ਅਪਨਾਈ ਜਾ ਰਹੀ ਹੈ| ਸਿਖਾਂ ਨੂੰ ਆਜਿਹੇ ਇਲਾਕਿਆਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ|
-ਰਜਿੰਦਰ ਸਿੰਘ ਪੁਰੇਵਾਲ