image caption: -ਰਜਿੰਦਰ ਸਿੰਘ ਪੁਰੇਵਾਲ

ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵਜੋਂ ਸੌਹੰ ਨਾ ਚੁੱਕਣ ਦੇਣਾ ਗੈਰ ਜਮਹੂਰੀ ਫੈਸਲਾ

ਪੰਜਾਬ ਦੇ 13 ਸੰਸਦ ਮੈਂਬਰਾਂ ਵਿਚੋਂ ਮੰਗਲਵਾਰ ਨੂੰ 12 ਨੇ ਸਹੁੰ ਚੁੱਕੀ| ਖਡੂਰ ਸਾਹਿਬ ਤੋਂ ਚੁਣੇ ਗਏ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ , ਜੋ ਕਿ ਆਸਾਮ ਦੀ ਡਿਬੜੂਗੜ੍ਹ ਜੇਲ੍ਹ ਵਿਚ ਬੰਦ ਹਨ, ਜ਼ਮਾਨਤ ਨਾ ਮਿਲਣ ਕਾਰਨ ਸੰਸਦ ਨਾ ਆ ਸਕੇ, ਨੇ ਸਹੁੰ ਨਹੀਂ ਚੁੱਕੀ| ਇਸ ਰੁਕਾਵਟ ਪਿਛੇ ਆਪ ਸਰਕਾਰ ਦਾ ਹੱਥ ਹੈ| ਆਪ ਸਰਕਾਰ ਇਕ ਪਾਸੇ ਕੇਜਰੀਵਾਲ ਉਪਰ ਕਨੂੰਨੀ ਕਾਰਵਾਈ ਬਾਰੇ ਮੋਦੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਸ ਰਹੀ ਹੈ|
ਦੂਜੇ ਪਾਸੇ ਆਪ ਅੰਮ੍ਰਿਤਪਾਲ ਸਿੰਘ ਨਾਲ ਹਿਟਲਰਸ਼ਾਹੀ ਵਰਤਾਰਾ ਆਪਨਾ ਰਹੀ ਹੈ| ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਛਲੇ ਸਾਲ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ. ਐਸ. ਏ.) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ| ਹਲਕਿਆਂ ਮੁਤਾਬਿਕ ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਡਿਬੜੂਗੜ੍ਹ ਜੇਲ੍ਹ ਤੋਂ ਆਰਜ਼ੀ ਰਿਹਾਈ ਬਾਰੇ ਕੋਈ ਫ਼ੈਸਲਾ ਨਹੀਂ ਲਿਆ, ਜਿਸ ਕਾਰਨ ਉਹ ਬੀਤੇ ਮੰਗਲਵਾਰ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਨਹੀਂ ਪਹੁੰਚ ਸਕੇੇ| 
ਜ਼ਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਹਾਲ ਵਿਚ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ| ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਨਾਲ ਹਰਾਇਆ ਸੀ| ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂਅ ਮੰਗਲਵਾਰ ਨੂੰ ਨਵੇਂ ਚੁਣੇ ਹੋਏ ਲੋਕ ਸਭਾ ਸੰਸਦ ਮੈਂਬਰਾਂ ਦੀ ਸੂਚੀ &rsquoਚ ਸ਼ਾਮਿਲ ਸੀ, ਜਿਨ੍ਹਾਂ ਨੇ ਉਸ ਦਿਨ ਸਹੁੰ ਚੁੱਕਣੀ ਸੀ| 
ਪੰਜਾਬ ਦੇ ਸੰਸਦ ਮੈਂਬਰਾਂ ਵਿਚ ਸਭ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਫਿਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ| ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂਅ ਲਿਆ ਗਿਆ, ਪਰ ਉਹ ਸਦਨ ਵਿਚ ਮੌਜੂਦ ਨਹੀਂ ਸੀ| ਯਾਦ ਰਹੇ ਕਿ ਪੰਜਾਬ ਦੇ 12 ਲੋਕ ਸਭਾ ਮੈਂਬਰਾਂ ਨੇ ਪੰਜਾਬੀ ਵਿੱਚ ਸਹੁੰ ਚੁੱਕੀ| ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਲੰਘੇ ਦਿਨ ਪੰਜਾਬੀ ਵਿਚ ਹਲਫ਼ ਲਿਆ ਸੀ| ਪੰਜਾਬੀ ਵਿੱਚ ਹਲਫ਼ ਲੈਣ ਵਾਲਿਆਂ ਚ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਮਲਵਿੰਦਰ ਸਿੰਘ ਕੰਗ, ਰਾਜ ਕੁਮਾਰ ਚੱਬੇਵਾਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ , ਸਰਬਜੀਤ ਸਿੰਘ ਖ਼ਾਲਸਾ, ਸੁਖਜਿੰਦਰ ਸਿੰਘ ਰੰਧਾਵਾ, ਸ਼ੇਰ ਸਿੰਘ ਘੁਬਾਇਆ, ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ ਅਤੇ ਡਾ. ਧਰਮਵੀਰ ਗਾਂਧੀ ਸ਼ਾਮਲ ਹਨ|  18ਵੀਂ ਲੋਕ ਸਭਾ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਸੰਸਦ ਮੈਂਬਰਾਂ ਨੇ ਪੰਜਾਬੀ ਵਿੱਚ ਸਹੁੰ ਚੁੱਕ ਕੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਹੈ| 
ਹਲਕਿਆਂ ਮੁਤਾਬਿਕ ਫਿਲਹਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਭਵਨ ਲਿਆ ਕੇ ਸੰਸਦ ਮੈਂਬਰ ਵਜੋਂ ਹਲਫ਼ ਦਿਵਾਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ| ਐਨ. ਐਸ. ਏ. ਤਹਿਤ ਗ੍ਰਿਫ਼ਤਾਰ ਹੋਇਆ ਵਿਅਕਤੀ ਬਾਅਦ ਵਿਚ ਸਹੁੰ ਚੁੱਕ ਸਕਦਾ ਹੈ| ਗ੍ਰਹਿ ਮੰਤਰਾਲੇ ਨੇ ਲੋਕ ਸਭਾ ਨਤੀਜਿਆਂ ਤੋਂ ਐਨ ਪਹਿਲਾਂ, 3 ਜੂਨ ਨੂੰ ਇਸ ਸੰਬੰਧ &rsquoਚ ਆਦੇਸ਼ ਵੀ ਪਾਸ ਕੀਤਾ| ਆਦੇਸ਼ ਮਤਾਬਿਕ ਭਾਈ ਅੰਮ੍ਰਿਤਪਾਲ ਸਿੰਘ 23 ਅਪ੍ਰੈਲ, 2025 ਤੱਕ ਐਨ. ਐਸ. ਏ. ਹਿਰਾਸਤਵਿ&rsquoਚ ਰਹੇਗਾ| ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ &rsquoਵਿਚ ਭਾਈ ਅੰਮ੍ਰਿਤਪਾਲ ਸਿੰਘ ਅਤੇ 9 ਹੋਰਨਾਂ ਦੀ ਐਨ. ਐਸ. ਏ. ਗ੍ਰਿਫ਼ਤਾਰੀ ਇਕ ਹੋਰ ਸਾਲ ਲਈ ਵਧਾ ਦਿੱਤੀ ਸੀ| ਇਸ ਦਾ ਜਥੇਦਾਰ ਅਕਾਲ ਤਖਤ ਸਾਹਿਬ ਤੇ ਸਮੁਚੇ ਪੰਥ ਨੇ ਸਖਤ ਰੋਸ ਪ੍ਰਗਟਾਇਆ ਸੀ| 
ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਇਸ ਬਾਰੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਤੇ ਕੇਂਦਰ ਦੀ ਸਰਕਾਰ ਵਲੋਂ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨਾਂ ਵਜ੍ਹਾ ਐੱਨ.ਐੱਸ.ਏ. ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ| ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਜਿੱਤ ਦਰਜ ਕਰਵਾ ਕੇ ਸੰਸਦ ਵਿਚ ਭੇਜਿਆ ਹੈ| ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਆਗਿਆ ਦੇਣ ਦੀ ਮੰਗ ਕੀਤੀ ਸੀ| ਡਿਪਟੀ ਕਮਿਸ਼ਨਰ ਵਲੋਂ ਪੰਜਾਬ ਦੇ ਮੁੱਖ ਸਕੱਤਰ ਰਾਹੀਂ ਇਜਾਜ਼ਤ ਲੈਣ ਲਈ ਲੋਕ ਸਭਾ ਦੇ ਸਕੱਤਰ ਨੂੰ ਪੱਤਰ ਭੇਜਿਆ ਗਿਆ ਹੈ, ਪਰ ਅਜੇ ਤੱਕ ਉਸ ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਜਾਂ ਜਾਣ ਬੁੱਝ ਕੇ ਪੰਜਾਬ ਅਤੇ ਕੇਂਦਰ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਵਿਚ ਅੜਿੱਕਾ ਡਾਹ ਰਹੀਆਂ ਹਨ| 
ਸਾਡਾ ਮੰਨਣਾ ਹੈ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵੱਡੇ ਲੋਕ ਫ਼ਤਵੇ ਨਾਲ ਸੰਸਦੀ ਚੋਣ ਜਿੱਤਣ ਵਾਲੇ ਵਿਅਕਤੀ ਨੂੰ ਲੋਕ ਸਭਾ ਚ ਲਿਜਾ ਕੇ ਬਣਦੀ ਕਾਰਵਾਈ ਕਰਵਾਈ ਜਾਂਦੀ| ਜੇਕਰ ਸਰਕਾਰ ਨੇ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਵਿਚ ਲਿਜਾ ਕੇ ਸਹੁੰ ਚੁਕਾਉਣ ਦਾ ਇੰਤਜ਼ਾਮ ਨਾ ਕੀਤਾ ਤਾਂ ਲੋਕਾਂ ਦੇ ਵੱਡੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਦੇਸਾਂ ਵਿਦੇਸ਼ਾਂ ਵਿਚ ਇਸ ਬਾਰੇ ਸਿਖ ਪੰਥ ਵਿਚ ਰੋਸ ਵਧਦਾ ਜਾ ਰਿਹਾ ਹੈ| ਸ੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜੇਕਰ ਸਰਕਾਰ ਜਲਦੀ ਕਦਮ ਨਹੀਂ ਚੁਕਦੀ ਤਾਂ ਉਸਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਹੈ| 
-ਰਜਿੰਦਰ ਸਿੰਘ ਪੁਰੇਵਾਲ