image caption: ਕੁਲਵੰਤ ਸਿੰਘ ਢੇਸੀ

ਹਿੰਦੂਜਾ ਪਰਿਵਾਰ ਦੇ ਮੈਂਬਰਾਂ ਨੂੰ ਸਜ਼ਾ ਕਿਓਂ ?

 ਮੈਂ ਸਮਝਦਾ ਸੀ ਜਿਨ੍ਹਾਂ ਨੂੰ ਮੋਤੀਆਂ ਦੇ ਪਾਰਖੂ,,,ਉਹ ਵੀ ਸਾਗਰ ਕੰਢਿਓਂ ਘੋਗੇ ਉਠਾ ਕੇ ਤੁਰ ਗਏ।

ਸਾਡੇ ਨਿਤਾਪ੍ਰਤਿ ਜੀਵਨ ਵਿਚ ਅਜੇਹੀਆਂ ਅਨੇਕਾਂ ਹੀ ਘਟਨਾਵਾਂ ਵਾਪਰਦੀਆਂ ਹਨ ਜਿਹਨਾ ਤੋਂ ਜੇਕਰ ਸਹੀ ਸੇਧ ਅਤੇ ਸਬਕ ਲਿਆ ਜਾਵੇ ਤਾਂ ਮਨੁੱਖ ਦੀ ਜ਼ਿੰਦਗੀ ਵਿਚ ਇਨਕਲਾਬ ਆ ਸਕਦਾ ਹੈ ਅਤੇ ਸੰਸਾਰ ਵਿਚ ਅਨੇਕਾਂ ਬਲਾਵਾਂ ਤੋਂ ਬਚਿਆ ਜਾ ਸਕਦਾ ਹੈ। ਐਸੀ ਹੀ ਘਟਨਾ ਬਰਤਾਨੀਆਂ ਦੇ ਇੱਕ ਭਾਰਤੀ ਪਿਛੋਕੜ ਵਾਲੇ ਪਰਿਵਾਰ ਨਾਲ ਵਾਪਰੀ ਹੈ ਜਿਹਨਾ ਦੀ ਦੌਤਲ ੪੭ ਅਰਬ(ਬਿਲੀਅਨ) ਦੱਸੀ ਜਾਂਦੀ ਹੈ ਅਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਫੈਲੇ ਊਹਨਾ ਦੇ ਕਾਰੋਬਾਰ ਵਿਚ ਦੋ ਲੱਖ ਦੇ ਕਰੀਬ ਮਜ਼ਦੂਰ ਕੰਮ ਕਰਦੇ ਹਨ। ਇਸ ਪਰਿਵਾਰ ਦੇ ਮੈਂਬਰਾਂ ਨੂੰ ਸਵਿਸ ਅਦਾਲਤ ਵਲੋਂ ਹੋਈ ਚਾਰ ਅਤੇ ਸਾਢੇ ਚਾਰ ਸਾਲ ਦੀ ਸਜ਼ਾ ਦੇ ਸਬੰਧ ਵਿਚ ਜੋ ਲੇਖ ਬੀ ਬੀ ਸੀ ਪੰਜਾਬੀ ਵਿਚ ਪੜ੍ਹਨ ਨੂੰ ਮਿਲਿਆ ਉਸ ਦੀ ਸੁਰਖੀ ਸੀ, &lsquoਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰ ਦੇ ਮੈਬਰਾਂ ਨੂੰ ਸਜ਼ਾ: ਨੌਕਰਾਂ &lsquoਤੇ ਤਸ਼ੱਦਦ ਕਰਨ ਤੇ ਕੁੱਤਿਆ ਤੋਂ ਵੀ ਮਾੜੇ ਹਾਲ &lsquoਚ ਰੱਖਣ ਦੇ ਇਲਜ਼ਾਮ&rsquo।

ਇਸ ਖਬਰ ਬਾਰੇ ਹੋਰ ਵਿਆਖਿਆ ਵਿਚ ਜਾਣ ਤੋਂ ਪਹਿਲਾਂ ਆਓ ਅਸੀਂ ਮਨੁੱਖੀ ਪ੍ਰਵਿਰਤੀ ਵਿਚ ਲਾਲਚ ਤੇ ਹਿੰਸਾ ਦੇ ਦੋਸ਼ਾਂ ਪ੍ਰਤੀ ਮੋਟੀ ਮੋਟੀ ਗੱਲ ਕਰ ਲਈਏ ਕਿ ਮਨੁੱਖ ਦੁਨੀਆਂ ਭਰ ਦੀ ਦੌਲਤ ਅਤੇ ਸੁੱਖ ਸਹੂਲਤਾਂ ਹੁੰਦੇ ਹੋਏ ਵੀ ਮਾਨਸਿਕ ਵਿਗਾੜ ਕਾਰਨ ਕਿਵੇਂ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦਾ ਅਤੇ ਫਿਰ ਉਸ ਨੂੰ ਸਾਰੀ ਜ਼ਿੰਦਗੀ ਪਯਤਾਉਣਾ ਪੈਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕੋ ਪੰਕਤੀ ਵਿਚ ਮਨੁੱਖੀ ਮਨ ਦੇ ਇਸ ਭਿਆਨਕ ਵਿਗਾੜ ਬਾਰੇ ਇਓਂ ਉਚਾਰਨ ਕੀਤਾ ਹੈ-

ਭੂਲਿਓ ਮਨੁ ਮਾਇਆ ਉਰਝਾਇਓ  ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ੧॥ ਰਹਾਉ  (੭੦੨)

ਇਸ ਕਥਨ ਦਾ ਸਪਸ਼ਟ ਭਾਵ ਇਹ ਹੀ ਹੈ ਕਿ ਮਨੁੱਖ ਮਨ ਮਾਇਆ ਕਰਕੇ ਉਲਝਦਾ ਹੈ ਅਤੇ ਫਿਰ ਲਾਲਚੀ ਬਿਰਤੀ ਕਰਕੇ ਜੋ ਵੀ ਕੰਮ ਕਰਦਾ ਹੈ ਉਹਨਾ ਵਿਚ ਉਲਝਦਾ ਤੁਰਿਆ ਜਾਂਦਾ ਹੈ। ਜਿਥੋਂ ਤਕ ਧੰਨ ਦੌਲਤ ਦਾ ਸਬੰਧ ਹੈ ਇਸ ਤੋਂ ਬਿਨਾ ਤਾਂ ਕਿਸੇ ਵੀ ਮਨੁੱਖ ਦਾ ਗੁਜ਼ਾਰਾ ਨਹੀ ਹੈ ਪਰ ਜਿਸ ਵੇਲੇ ਧੰਨ ਦੌਲਤ ਜੀਵਨ ਦੀ ਲੋੜ ਨਾ ਰਹਿ ਕੇ ਮਨ ਦੀ ਪਕੜ ਜਕੜ ਵਿਚ ਬਦਲ ਜਾਵੇ ਤਾਂ ਇਸ ਦੇ ਸਿੱਟੇ ਮਨੁੱਖ ਦੇ ਆਪਣੇ ਵਾਸਤੇ ਅਤੇ ਉਸ ਦੇ ਸਬੰਧੀਆਂ &lsquoਤੇ ਬਹੁਤ ਮਾਰੂ ਵੀ ਹੋ ਨਿਬੜਦੇ ਹਨ।


ਹਿੰਦੂਜਾ ਪਰਿਵਾਰ ਦੇ ਮੈਂਬਰ ਪ੍ਰਕਾਸ਼ ਅਤੇ ਕਮਲ ਹਿੰਦੂਜਾ ਅਤੇ ਉਹਨਾ ਦੇ ਪੁੱਤਰ ਅਤੇ ਨੂੰਹ ਨਮਰਤਾ ਨੂੰ ਸਵਿਸ ਅਦਾਲਤ ਵਲੋਂ ਚਾਰ ਅਤੇ ਸਾਢੇ ਚਾਰ ਸਾਲ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਹਨ। ਇਹ ਗੱਲ ਮੰਨਣ ਵਾਲੀ ਹੈ ਕਿ ਇਹਨਾ ਦੇਸ਼ਾਂ ਦੀਆਂ ਅਦਾਲਤਾਂ ਬਹੁਤ ਨਿਰਪੱਖ ਹਨ ਅਤੇ ਕਿਸੇ ਵੀ ਵਿਅਕਤੀ ਦਾ ਦੋਸ਼ ਸਿੱਧ ਹੋਣ &lsquoਤੇ ਕਿਸੇ ਕਿਸਮ ਦੀ ਸਿਫਾਰਸ਼ ਅਤੇ ਵੱਢੀ ਨਹੀਂ ਚੱਲਦੀ। ਇਹੀ ਕਾਰਨ ਹੈ ਕਿ ਇਹ ਦੇਸ਼ ਉਸ ਕਿਸਮ ਦੇ ਭ੍ਰਿਸ਼ਟਾਚਾਰ ਤੋਂ ਬਚੇ ਹੋਏ ਹਨ ਜਿਸ ਨੇ ਭਾਰਤੀ ਜਨ ਜੀਵਨ ਦਾ ਹਰ ਪੱਖ ਹੀ ਗ੍ਰਹਿਣਿਆ ਹੋਇਆ ਹੈ। ਧਰਮ ਕਰਮ ਨਾਲ ਸਬੰਧਥ ਸੰਸਥਾਵਾਂ ਅਤੇ ਵਿਅਕਤੀਆਂ ਨੇ ਇਸ ਕਿਸਮ ਦੇ ਗ੍ਰਹਿਣ ਤੋਂ ਬਚਣ ਦੀ ਸਿੱਖਿਆ ਦੇਣੀ ਹੁੰਦੀ ਹੈ ਪਰ ਭ੍ਰਿਸ਼ਟ ਬੁੱਧੀ ਦੇ ਵਿਅਕਤੀਆਂ ਖਾਸ ਕਰਕੇ ਰਾਜਸੀ ਵਿਅਕਤੀਆਂ ਦੇ ਦਖਲ ਕਾਰਨ ਉਹ ਸੰਸਥਾਵਾਂ ਵੀ ਭ੍ਰਿਸ਼ਟ ਹੋ ਜਾਂਦੀਆਂ ਹਨ ਅਤੇ ਭ੍ਰਿਸ਼ਟਾਚਾਰ ਨੂੰ ਬੜਾਵਾ ਦੇਣ ਲੱਗਦੀਆਂ ਹਨ। ਸਭ ਤੋਂ ਖਤਰਨਾਕ ਅਤੇ ਮਾਰੂ ਗੱਲ ਇਹ ਹੈ ਕਿ ਲਾਲਚ ਅਤੇ ਘੁੰਮਡ ਕਰਕੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਇਸਾਈਆਂ ਜਾਂ ਹੋਰ ਧਰਮਾ ਵਲੋਂ ਪ੍ਰਚਾਰਿਆ ਜਾ ਰਿਹਾ ਸੱਚ ਵੀ ਭ੍ਰਿਸ਼ਟ ਹੋ ਜਾਂਦਾ ਹੈ

ਇਸ ਸਬੰਧੀ ਕਿਸੇ ਦਾਨਸ਼ਵਰ ਦਾ ਕਹਿਣ ਹੈ - &ldquoA corrupted truth is worse than the worst lie you can imagine.&rdquo

ਇਸ ਦਾ ਭਾਵ ਇਹ ਹੈ ਕਿ ਮਨੁੱਖੀ ਲਾਲਚ ਅਤੇ ਹਉਮੈ ਹੰਗਤਾ ਕਰਕੇ ਗ੍ਰਹਿਣਿਆਂ ਸੱਚ ਝੂਠ ਨਾਲੋਂ ਵੀ ਗਿਆ ਗੁਜ਼ਰਿਆ ਹੁੰਦਾ ਹੈ।

ਨੌਕਰਾਂ ਤੋਂ ਅਠਾਰਾਂ ਅਠਾਰਾਂ ਘੰਟੇ ਕੰਮ ਕਰਵਾਉਂਦੇ ਸਨ

ਅਦਾਲਤ ਵਿਚ ਇਹ ਗੱਲ ਵੀ ਜ਼ਾਹਰ ਹੋਈ ਕਿ ਹਿੰਦੂਜਾ ਪਰਿਵਾਰ ਦੇ ਮੈਂਬਰ ਭਾਰਤ ਤੋਂ ਮੰਗਾਵਾਏ ਆਪਣੇ ਨੌਕਰਾਂ ਤੋਂ ਅਠਾਰਾਂ ਅਠਾਰਾਂ ਘੰਟੇ ਕੰਮ ਕਰਵਾਉਂਦੇ ਸਨ ਅਤੇ ਤਨਖਾਹ ਵੀ ਪੂਰੀ ਨਹੀਂ ਸੀ ਦਿੰਦੇ। ਪਰਿਵਾਰ &lsquoਤੇ ਇਹ ਵੀ ਦੋਸ਼ ਹੈ ਕਿ ਉਹਨਾ ਨੇ ਨੌਕਰ ਗੈਰ ਕਾਨੂੰਨੀ ਤੌਰ &lsquoਤੇ ਰੱਖੇ ਹੋਏ ਸਨਇੱਕ ਗੱਲ ਇਥੇ ਸਮਝਣੀ ਬਹੁਤ ਜਰੁਰੀ ਹੈ ਕਿ ਹਿੰਦੂ ਧਰਮ ਦੀ ਆਸਥਾ ਮੁਤਾਬਕ ਇਸ ਪਰਿਵਾਰ ਦੀਆਂ ਰਿਹਾਇਸ਼ਾਂ ਵਿਚ ਬੜੇ ਆਲੀਸ਼ਾਨ ਮੰਦਰ ਵੀ ਬਣੇ ਹੋਏ ਹੋਣਗੇ ਅਤੇ ਉਹ ਆਪਣੇ ਭਾਈਚਾਰੇ ਵਿਚ ਧਰਮ ਕਰਮ ਨੂੰ ਮੰਨਣ ਵਾਲੇ ਅਤੇ ਦਾਨ ਪੁੰਨ ਕਰਨ ਵਾਲੇ ਵਿਅਕਤੀ ਕਰਕੇ ਜਾਣੇ ਜਾਂਦੇ ਹੋਣਗੇ। ਇਹ ਕਹਾਣੀ ਕੇਵਲ ਹਿੰਦੂਜਾ ਪਰਿਵਾਰ ਦੀ ਨਹੀਂ ਹੈ ਸਗੋਂ ਭਾਰਤੀ ਜਾਂ ਪੰਜਾਬੀ ਪਿਛੋਕੜ ਵਾਲੇ ਆਮ ਵਿਅਕਤੀ ਦੀ ਵੀ ਹੈ। ਸਾਡੇ ਵੱਡੇ ਕਾਰੋਬਾਰਾਂ ਵਾਲੇ ਹੋਣ ਜਾਂ ਆਮ ਛੋਟੇ ਕਾਰੋਬਾਰਾਂ ਵਾਲੇ ਹੋਣ ਜਿਵੇਂ ਕਿ ਬਿਲਡਰ ਜਾਂ ਦੁਕਾਨਾ ਵਾਲਾ ਭਾਈਚਾਰਾ ਹੈ ਅਸੀਂ ਆਪਣੇ ਕਾਮਿਆਂ ਨਾਲ ਇਨਸਾਫ ਨਹੀਂ ਕਰਦੇ ਸਾਡੇ ਨਾਲੋਂ ਗੋਰੇ ਮਾਲਕ ਕਿਤੇ ਚੰਗੇ ਹਨ। ਸਾਡੇ ਜਿਹੜੇ ਵਿਦਿਆਰਥੀ ਜਾਂ ਗੈਰ ਕਾਨੂੰਨੀ ਤੌਰ &lsquoਤੇ ਰਹਿਣ ਵਾਲੇ ਲੋਕ ਇਹਨਾ &lsquoਕਾਰੋਬਾਰੀਆਂ&rsquo ਦੇ ਅੜਿੱਕੇ ਆ ਜਾਦੇ ਹਨ ਉਹਨਾ ਦਾ ਤਾਂ ਫਿਰ ਰੱਬ ਹੀ ਰਾਖਾ ਹੁੰਦਾ ਹੈ। ਇਥੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਸਾਰੇ ਕਾਰੋਬਾਰੀ ਲੋਕ ਇਸੇ ਤਰਾਂ ਦੇ ਹੁੰਦੇ ਹਨ ਪਰ ਵੱਡੀ ਗਿਣਤੀ ਵਾਲੇ ਤਾਂ ਇਸੇ ਤਰਾਂ ਦੇ ਹੁੰਦੇ ਹਨ। ਦਿਹਾੜੀਆਂ ਲਉਣ ਵਾਲੇ ਕਿੰਨੇ ਲੋਕਾਂ ਦੇ ਕਿੰਨੇ ਕਿੰਨੇ ਪੈਸੇ ਮਾਰ ਲਏ ਜਾਂਦੇ ਹਨ ਅਤੇ ਊਹਨਾ ਤੋਂ ਕਿਹਨਾ ਕਿਹਨਾ ਗੈਰ ਮਨੁੱਖੀ ਹਾਲਤਾਂ ਵਿਚ ਕਿੰਨੇ ਕਿੰਨੇ ਘੰਟੇ ਕੰਮ ਕਰਵਾਇਆ ਜਾਂਦਾ ਹੈ ਇਹ ਵਿਸ਼ਾ ਇੱਕ ਵੱਖਰੇ ਲੇਖ ਅਤੇ ਸਰਵੇਖਣ ਦੀ ਮੰਗ ਕਰਦਾ ਹੈ।

ਮਜ਼ਦੂਰਾਂ &lsquoਤੇ ਕੀਤੇ ਜਾਂਦੇ ਇਸ ਸੋਸ਼ਣ ਦੀਆਂ ਕਹਾਣੀਆਂ ਅਰਬ ਸੇਠਾਂ ਦੀਆਂ ਤਾਂ ਅਕਸਰ ਪੜਨ ਸੁਣਨ ਨੂੰ ਮਿਲਦੀਆਂ ਹਨ ਪਰ ਸਾਡੇ ਦੇਸੀ ਸੇਠ ਜੋ ਕਹਿਰ ਆਪਣੇ ਕਾਮਿਆਂ &lsquoਤੇ ਕਰਦੇ ਹਨ ਉਸ ਦਾ ਇਕ ਦਰਦਨਾਕ ਪੱਖ ਇਹ ਵੀ ਹੈ ਕਿ ਇਹ ਕਿਸੇ ਵੀ ਕਾਨੂੰਨ ਦੇ ਦਾਇਰੇ ਵਿਚ ਨਹੀਂ ਅਉਂਦੇ।

ਇਸ ਕਰਕੇ ਕਿਸੇ ਚਿੰਤਕ ਦਾ ਕਹਿਣਾ ਹੈ ਕਿ - We can't legislate human nature.

ਭਾਵ ਕਿ ਮਨੁੱਖੀ ਸੁਭਾਅ ਨੂੰ ਕਿਸੇ ਵੀ ਕਾਨੂੰਨ ਦੇ ਦਾਇਰੇ ਵਿਚ ਨਹੀਂ ਲਿਆਂਦਾ ਜਾ ਸਕਦਾ। ਮਨੁੱਖੀ ਸੁਭਾਅ ਜਾਂ ਮਨ ਨੂੰ ਦਾਨਵਤਾ ਤੋਂ ਕੱਢ ਕੇ ਮਾਨਵਤਾ ਵਲ ਲੈ ਕੇ ਜਾਣਾ ਧਰਮ ਦਾ ਅਤੇ ਧਰਮੀਆਂ ਦਾ ਕੰਮ ਹੁੰਦਾ ਹੈ ਪਰ ਇਹ ਮਸਲਾ ਉਸ ਵੇਲੇ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਦੋਂ ਧਰਮਾਂ ਨੂੰ ਮੰਨਣ ਵਾਲੇ ਰਾਮ ਜਾਂ ਅੱਲਾ ਦਾ ਨਾਂ ਲੈ ਕੇ ਕਿਸੇ ਨੂੰ ਵੱਧ ਤਸੀਹੇ ਦਿੰਦੇ ਹਨ ਜਾਂ ਕਿਸੇ ਦਾ ਸਿਰ ਵੱਢਦੇ ਹਨ।

ਮਨੁੱਖੀ ਸੁਭਾਅ ਦੀ ਕਠੋਰਤਾ ਬਾਰੇ ਇੱਕ ਚਿੰਤਕ ਦਾ ਕਹਿਣਾ ਹੈ &ndash

Human nature is evil, and goodness is caused by intentional activity.

ਭਾਵ ਕਿ ਮਨੁੱਖ ਪਾਪੀ ਪ੍ਰਵਿਰਤੀ ਦਾ ਮਾਲਕ ਹੈ ਅਤੇ ਇਸ ਨੂੰ ਬੜੇ ਤਰੱਦਦ ਨਾਲ ਪੁੰਨ ਜਾਂ ਨੇਕੀ ਵਲ ਲੈ ਕੇ ਜਾਣਾ ਪੈਂਦਾ ਹੈ। ਇਥੇ ਇਕ ਗੱਲ ਗੌਰ ਕਰਨ ਵਾਲੀ ਇਹ ਵੀ ਹੈ ਕਿ ਆਪਣੀ ਜ਼ਾਲਮ ਅਤੇ ਕਠੋਰ ਪ੍ਰਵਿਰਤੀ ਦਾ ਸ਼ਿਕਾਰ ਮਨੱਖ ਖੁਦ ਵੀ ਹੁੰਦਾ ਹੈ ਅਤੇ ਫਿਰ ਉਸ ਤੋਂ ਦੂਜੇ ਪ੍ਰਭਾਵਿਤ ਹੁੰਦੇ ਹਨ। ਮਨੁੱਖ ਦੇ ਸਵੈ ਵਿਰੋਧੀ ਅਤੇ ਆਤਮਘਾਤੀ ਰਵੱਈਏ ਬਾਰੇ ਕਿਸੇ ਨੇ ਕਿਹਾ ਹੈ ਕਿ &ndash

Human nature is you get carried away, so we have to protect ourselves from ourselves.

ਇਸ ਦਾ ਭਾਵ ਇਹ ਹੈ ਮਨੁੱਖ ਅਕਸਰ ਆਪਣੀਆਂ ਕਮਜ਼ੋਰੀਆਂ ਦੀ ਅਣਦੇਖੀ ਕਰਦਾ ਹੈ ਅਤੇ ਮਨੁੱਖ ਨੂੰ ਆਪਣੇ ਆਪੇ ਤੋਂ ਬਚਾਉਣਾ ਬਹੁਤ ਜਰੂਰੀ ਹੈ।

ਹੁਣ ਜੇਕਰ ਤੁਸੀਂ ਹਿੁੰਦੂਜਾ ਪਰਿਵਾਰ ਦਾ ਪੱਖ ਪੁੱਛੋ ਤਾਂ ਉਹ ਸ਼ਾਇਦ ਹੀ ਆਪਣਾ ਗੁਨਾਹ ਕਬੂਲ ਕਰਨ ਜਾਂ ਅਦਾਲਤ ਵਿਚ ਇੰਝ ਉਹਨਾ ਨੇ ਕੀਤਾ ਹੋਵੇ ਹਾਲਾਂ ਕਿ ਇਹ ਸਾਬਤ ਹੋ ਚੁੱਕਾ ਹੈ ਅਤੇ ਉਹਨਾ ਦੇ ਮੈਂਬਰਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ। ਇਸ ਤਰਾਂ ਹਰ ਵਿਅਕਤੀ ਆਪਣੀ ਲੋਈ ਵਿਚ ਝਾਕਣੋ ਅਸਮਰਥ ਹੁੰਦਾ ਹੈ ਸਗੋਂ ਆਪਣੇ ਆਪ ਨੂੰ ਕਲੀਨ ਚਿੱਟ ਦੇਈ ਰੱਖਦਾ ਹੈ।

ਹਿੰਦੂਜਾ ਪਰਿਵਾਰ ਘਰ ਦੇ ਨੌਕਰਾਂ ਨਾਲੋਂ ਵੱਧ ਖਰਚ ਕੁੱਤਿਆ &lsquoਤੇ ਕਰਦਾ ਸੀ

ਸਵਿਸ ਕਾਨੂੰਨ ਮੁਤਾਬਕ ਹਿੰਦੂਜਾ ਪਰਿਵਾਰ ਜੋ ਤਨਖਾਹ ਆਪਣੇ ਨੌਕਰਾਂ ਨੂੰ ਦਿੰਦਾ ਸੀ ਉਹ ਸਰਕਾਰੀ ਪੱਧਰ ਤੋਂ ਦਸ ਗੁਣਾ ਘੱਟ ਸੀ। ਜਦ ਕਿ ਹਿੰਦੂਜਾ ਪਰਿਵਾਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਆਪਣੇ ਕਾਮਿਆਂ ਨੂੰ ਰਿਹਾਇਸ਼ ਅਤੇ ਖਾਣਾ ਵੀ ਦਿੰਦੇ ਸਨ। ਇਥੇ ਵੀ ਅਸੀਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਵਾਲ ਧਿਆਨ ਦਿਵਾਉਣਾ ਚਹੁੰਦੇ ਹਾਂ।

ਆਮ ਸਧਾਰਨ ਕੰਮਾਂ ਕਾਰਾਂ ਦੀ ਤਾ ਛੱਡੋ, ਯੂ ਕੇ ਵਿਚ ਜਿਹਨਾ ਗ੍ਰੰਥੀਆਂ ਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਖਿਲਾਫ ਮੁਕੱਦਮੇ ਕੀਤੇ ਹਨ ਉਹਨਾ ਵਿਚੋਂ ਬਹਤੇ ਗ੍ਰੰਥੀਆਂ ਦੇ ਹੱਕ ਵਿਚ ਹੀ ਗਏ ਹਨ। ਅਸੀਂ ਗ੍ਰੰਥੀਆਂ ਨਾਲ ਦੁਰਵਿਵਹਾਰ ਵੀ ਕਰਦੇ ਹਾਂ ਅਤੇ ਉਹਨਾ ਨੂੰ ਪੂਰੀ ਤਨਖਾਹ ਵੀ ਨਹੀਂ ਦਿੰਦੇ ਹਾਲਾਂ ਕਿ ਕਈ ਵੇਰਾਂ ਪ੍ਰਬੰਧਕ ਬੜੇ ਅਮੀਰ ਹੁੰਦੇ ਹਨ ਅਤੇ ਗੁਰਦੁਆਰਾ ਗੋਲਕਾਂ ਵੀ ਭਰਪੂਰ ਹੁੰਦੀਆਂ ਹਨ। ਅਸੀਂ ਗੁਰੂ ਸਾਹਿਬ ਨੂੰ ਮਹਿੰਗੇ ਰੁਮਾਲੇ ਭੇਂਟ ਕਰਦੇ ਹਾਂ ਅਤੇ ਸਾਡੇ ਗੁਰਦੁਆਰੇ ਮਿਲੀਅਨਾਂ ਦੇ ਹਨ ਪਰ ਸਾਡਾ ਗ੍ਰੰਥੀਆਂ ਪ੍ਰਤੀ ਵਤੀਰਾ ਸੱਚੀਂ ਮੁੱਚੀਂ ਇੱਕ ਗੁਰੂ ਦੇ ਵਜ਼ੀਰ ਵਾਲਾ ਨਹੀਂ ਸਗੋਂ ਇੱਕ ਨੌਕਰ ਵਾਲਾ ਹੁੰਦਾ ਹੈ ਜਿਸ ਨੇ ਵੱਖ ਵੱਖ ਕਮੇਟੀਆਂ ਦੀ ਤਾਬੇਦਾਰੀ ਕਰਨੀ ਹੁੰਦੀ ਹੈ ਅਤੇ ਕਈ ਵੇਰਾਂ ਪ੍ਰਬੰਧਕਾਂ ਦੇ ਭੇੜ ਵਿਚ ਗ੍ਰੰਥੀ ਵੀ ਰਗੜੇ ਜਾਂਦੇ ਹਨ।

ਅਸੀਂ ਬਾਣੀ ਵੇਚਣ ਦੇ ਰੇਟ ਰੱਖੇ ਹੋਏ ਹਨ, ਲੱਖਾਂ ਪੌਂਡ ਨਗਰ ਕੀਰਤਨਾ &lsquoਤੇ ਖਰਚ ਕਰਦੇ ਹਾਂ, ਮੋਟੀਆਂ ਰਕਮਾ ਖਰਚ ਕੇ ਪੰਜਾਬ ਤੋਂ ਪ੍ਰਚਾਰਕ ਮੰਗਵਾ ਕੇ ਆਤਮ ਰਸ ਕੀਰਤਨ ਦਰਬਾਰ ਕਰਵਾਉਂਦੇ ਹਾਂ ਅਤੇ ਰੱਜਿਆਂ ਨੂੰ ਤੂੜ ਤੂੜ ਕੇ ਰਜਾਉਂਦੇ ਹਾਂ ਪਰ ਪੜ੍ਹੇ ਲਿਖੇ ਅਤੇ ਨਾਮ ਕਮਾਈ ਵਾਲੇ ਗ੍ਰੰਥੀ ਅਸੀਂ ਨਹੀਂ ਰੱਖਦੇ ਕਿਓਂਕਿ ਉਹਨਾ ਨੇ ਸਾਡੀ ਗੁਲਾਮੀ ਨਹੀਂ ਕਰਨੀ ਹੁੰਦੀ। ਇਹੀ ਕਾਰਨ ਹੈ ਕਿ ਸਿੱਖ ਪੰਥ ਵਿਚ ਕੋਈ ਵੀ ਵਿਅਕਤੀ ਨਹੀਂ ਚਹੁੰਦਾ ਕਿ ਉਸ ਦਾ ਬੱਚਾ ਗ੍ਰੰਥੀ ਬਣੇ।

ਹਿੰਦੂਜਾ ਭਾਈਆਂ ਦੇ ਆਪੋ ਵਿਚੀ ਸਬੰਧ ਚੰਗੇ ਨਹੀਂ ਸਨ

ਸਾਲ ੨੦੨੦ ਨੂੰ ਯੂ ਕੇ ਦੀ ਅਦਾਲਤ ਵਿਦ ਦਾਇਰ ਇੱਕ ਹਲਫਨਾਮੇ ਮੁਤਾਬਕ ਹਿੰਦੂਜਾ ਭਰਾਵਾਂ ਦੇ ਰਿਸ਼ਤੇ ਸੁਖਾਵੇਂ ਨਹੀਂ ਸਨ। ਵੱਡੇ ਭਰਾ ਸ਼੍ਰੀ

ਸ਼੍ਰੀ ਚੰਦ ਵਲੋਂ ਛੋਟੇ ਭਰਾ ਦੇ ਖਿਲਾਫ ਸਵਿਰਜ਼ਰਲੈਂਡ ਵਿਚ ਇੱਕ ਬੈਂਕ ਦੀ ਮਾਲਕੀ ਨੂੰ ਲੈ ਕੇ ਮੁਕੱਦਮਾ ਚੱਲਿਆ ਸੀ।

ਹੁਣ ਦੇਖੀਏ ਕਿ ਅਸੀਂ ਕਿੰਨੇ ਕੁ ਭਾਈ ਭਾਈ ਹਾਂ? ਕਹਿਣ ਨੂੰ ਤਾਂ ਅਸੀਂ ਕਹੀ ਜਾਂਦੇ ਹਾਂ ਕਿ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਧੀਆਂ ਪੁੱਤਰ ਹਾਂ ਪਰ ਸਾਡੀ ਆਪਸ ਵਿਚ ਕਿੰਨੀ ਕੁ ਬਣਦੀ ਹੈ ਜੱਗ ਜਾਹਰ ਹੈ। ਅਸੀਂ ਦੂਜਿਆਂ ਨੂੰ ਲੰਗ ਛਕਾਉਣ ਦੀਆਂ ਫੜਾਂ ਤਾਂ ਜ਼ਰੂਰ ਮਾਰਦੇ ਹਾਂ ਪਰ ਇੋੱਕ ਦੂਸਰੇ ਨੂੰ ਦੇਖਣਾ ਨਹੀਂ ਚਹੁੰਦੇ ਅਤੇ ਗੁਰ ਦਰਬਾਰ ਵਿਚ ਇੱਕ ਦੂਜੇ ਦੀਆਂ ਪੱਗਾਂ ਉਤਾਰਦੇ ਹਾਂ। ਅਸੀਂ ਜ਼ੁਬਾਨੀ ਕਲਾਮੀ ਕਹਿੰਦੇ ਕਿ ਅਸੀਂ ਖਾਲਿਸਤਾਨ ਬਨਾਉਣਾ ਚਹੁੰਦੇ ਹਾਂ ਪਰ ਇੱਕ ਗੁਰਦਆਰਾ ਵੀ ਸਾਡੇ ਤੋਂ ਸੁੱਖੀਂ ਸਾਂਦੀ ਨਹੀਂ ਚੱਲਦਾਲੱਖਾਂ ਪੌਂਡ ਅਸੀਂ ਮੁਕੱਦਮਿਆਂ &lsquoਤੇ ਖਰਚਦੇ ਹਾਂ ਅਤੇ ਜਦੋਂ ਵੀ ਗੁਰਦੁਆਰਾ ਚੋਣਾਂ ਹੁੰਦੀਆਂ ਹਨ ਤਾ ਵੈਰ ਵਿਰੋਧ ਹੋਰ ਵੀ ਵਧ ਜਾਂਦਾ ਹੈ। ਇਹ ਹੈ ਸਾਡੇ ਭਾਈਆਂ ਦਾ ਹਾਲ ਜਿਹੜੇ ਦਾਅਵਾ ਕਰਦੇ ਹਨ ਕਿ ਅਸੀਂ ਤਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਜਦ ਕਿ ਦਸਮ ਪਿਤਾ ਤਾਂ ਆਪਣੇ ਆਪ ਨੂੰ ਪਰਮ ਪੁਰਖ ਦਾ ਦਾਸ ਕਹਿੰਦੇ ਸਨ।

ਟੈਡ ਨੈਲਸਨ ਦਾ ਇਕ ਕਥਨ ਹੈ- Power corrupts, and obsolete power corrupts absolutely.

ਭਾਵ ਕਿ ਸੱਤਾ ਮਨੁੱਖ ਨੂੰ ਭ੍ਰਿਸ਼ਟ ਕਰ ਦਿੰਦੀ ਹੈ।

ਸਾਡੇ ਧਾਰਮਕ ਅਤੇ ਰਾਜਨੀਤਕ ਆਗੂ ਇਸ ਦੀ ਜਿਊਂਦੀ ਜਾਗਦੀ ਮਿਸਾਲ ਹਨ-

ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਵਿਚ ਬੰਦੇ ਦੀ ਹਾਸੋਹੀਣੀ ਹਾਲਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ &ndashਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ  ਚੂਹਾ ਖਡ  ਮਾਵਈ ਤਿਕਲਿ ਬੰਨੑੈ ਛਜ (੧੨੮੬)

ਅੱਜਕਲ ਦੇ ਚੋਣਾਂ ਦੇ ਮਹੌਲ ਵਿਚ ਇਸ ਤੁਕ ਦਾ ਅਰਥ ਇਹ ਬਣਦਾ ਹੈ ਕਿ ਜਿਸ ਵੇਲੇ ਕਿਸੇ ਵਿਅਕਤੀ ਨੂੰ ਦੌਲਤ ਅਤੇ ਮਰਤਬਾ ਪ੍ਰਾਪਤ ਹੁੰਦਾ ਹੈ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈ। ਜਿਵੇਂ ਜੇ ਚੂਹੇ ਦੀ ਪੂਛ ਨੂੰ ਛੱਜ ਬੰਨ੍ਹ ਦਿਓ ਤਾਂ ਉਸ ਦਾ ਮੁੜ ਖੁੱਡ ਵਿਚ ਵੜਨਾ ਔਖਾ ਹੋ ਜਾਂਦਾ ਹੈ ਤਿਵੇਂ ਹੀ ਜਿਸ ਵੇਲੇ ਕੋਈ ਵਿਅਕਤੀ ਕਿਸੇ ਪਦ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਆਪਣੀ ਔਕਾਤ ਨੂੰ ਭੁੱਲ ਜਾਂਦਾ ਹੈ। ਅਫਸੋਸ ਵਾਲੀ ਗੱਲ ਇਹ ਵੀ ਹੁੰਦੀ ਹੈ ਕਿ ਸਾਡੇ ਲਾਈਲੱਗ ਅਤੇ ਸ਼ੇਖੀਖੋਰ ਲੋਕ ਇਹਨਾ ਆਗੂਆਂ ਦੁਆਲੇ ਪੂਛ ਫੇਰਦੇ ਉਹਨਾ ਦੇ ਹੰਕਾਰ ਨੂੰ ਹੋਰ ਵੀ ਬੜਾਵਾ ਦਿੰਦੇ ਹਨ ਜਿਵੇਂ ਕਿ ਚੋਣਾਂ ਵਿਚ ਜਿੱਤੇ ਹੋਏ ਵਿਧਾਇਕਾਂ ਦੇ ਗਲ਼ਾਂ ਵਿਚ ਹਾਰ ਪੈਂਦੇ ਹਨ ਅਤੇ ਮੂੰਹਾਂ ਵਿਚ ਲੱਡੂ ਤੁੰਨੇ ਜਾਂਦੇ ਹਨ ਅਤੇ ਫਿਰ ਇਹ ਹੀ ਆਗੂ ਲੋਕਾਂ ਨੂੰ ਲੁੱਟਣ ਲਈ ਪੰਜ ਸਾਲ ਰੱਜ ਕੇ ਭ੍ਰਿਸ਼ਟਾਚਾਰ ਕਰਦੇ ਹਨ।

ਸੋ ਇਸ ਸਾਰੇ ਵੇਰਵੇ ਦਾ ਭਾਵ ਅਰਥ ਇਹ ਹੀ ਹੈ ਕਿ ਸਾਡੀ ਜਗੀਰਦਾਰੂ ਅਤੇ ਜੰਗਾਲੀ ਹੋਈ ਬਿਰਤੀ ਵਿਚ ਇੱਕ ਹਿੰਦੂਜਾ ਬੈਠਾ ਹੋਇਆ ਹੈ, ਜਿਸ ਦਾ ਦੇਖਣ ਨੂੰ ਅਕਸ ਭਾਵੇਂ ਕਿੰਨੇ ਵੀ ਧਰਮੀ, ਦਾਨੀ ਜਾਂ ਕਾਰੋਬਾਰੀ ਵਾਲਾ ਹੋਵੇ ਪਰ ਅੰਦਰੋਂ ਉਹ ਨਿਹਾਇਤ ਖੁਦਰਗਰਜ਼, ਹਿੰਸਕ ਅਤੇ ਮਾਰੂ ਇਨਸਾਨ ਹੁੰਦਾ ਹੈ ਅਤੇ ਇਸ ਤਰਾਂ ਦੀ ਬਿਰਤੀ ਤਾਂ ਫਿਰ ਸਕੇ ਭਰਾਵਾਂ ਨੂੰ ਵੀ ਨਹੀਂ ਬਖਸ਼ਦੀ।

ਮਨੁੱਖ ਦੀ ਅਪ੍ਰਾਧੀ ਬਿਰਤੀ ਬਾਰੇ ਗੁਰੂ ਅਮਰਦਾਸ ਜੀ ਦੇ ਸਪਸ਼ਟ ਬਚਨ ਹਨ &ndash

ਮਾਇਆਧਾਰੀ ਅਤਿ ਅੰਨਾ ਬੋਲਾ  ਸਬਦੁ  ਸੁਣਈ ਬਹੁ ਰੋਲ ਘਚੋਲਾ  (੩੧੩)

ਭਾਵ ਕਿ ਮਨ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੇ ਗਿਆਨ ਇੰਦ੍ਰੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਉਹ ਅੱਖਾਂ ਹੁੰਦਿਆਂ ਹੋਇਆਂ ਵੀ ਅੱਤ ਅੰਨ੍ਹਾਂ ਅਤੇ ਕੰਨ ਹੁੰਦੇ ਹੋਏ ਵੀ ਬੋਲਾ ਹੁੰਦਾ ਹੈ ਅਤੇ ਸੱਚ ਦਾ ਸੁਨੇਹਾ ਸੁਣਨੋ ਅਸਮਰਥ ਹੋ ਜਾਂਦਾ ਹੈ। ਇਸ ਮਾਨਸਿਕ ਰੌਲ ਘਚੋਲੇ ਵਿਚ ਮਨੁੱਖ ਜਿਥੇ ਖੁਦ ਪੀੜਤ ਹੁੰਦਾ ਹੈ ਉਥੇ ਉਹ ਸਮਾਜ ਲਈ ਵੀ ਦੁਸ਼ਵਾਰੀਆਂ ਹੀ ਪੈਦਾ ਕਰਦਾ ਹੈ।

ਇੱਕ ਦਾਨਸ਼ਵਰ ਦਾ ਕਹਿਣਾ ਹੈ ਕਿ &ndash

&ldquoGreed blinds the hearts ability to see.&rdquoਭਾਵ ਕਿ ਲਾਲਚ ਵਿਚ ਅੰਨ੍ਹਾ ਹੋਇਆ ਵਿਅਕਤੀ ਆਪਣੀ ਦੇਖਣ ਦੀ ਸ਼ਕਤੀ ਖੋਹ ਬੈਠਦਾ ਹੈ।

ਲੇਖਕਕੁਲਵੰਤ ਸਿੰਘ ਢੇਸੀ