image caption:

ਕੀਨੀਆ ਦੇ ਰਾਸ਼ਟਰਪਤੀ ਨੇ ਨਵੇਂ ਵਿੱਤ ਬਿੱਲ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

 ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਐਲਾਨ ਕੀਤਾ ਕਿ ਉਹ ਟੈਕਸਾਂ ਨੂੰ ਵਧਾਉਣ ਸਬੰਧੀ ਵਿਵਾਦਪੂਰਨ ਬਿੱਲ 'ਤੇ ਦਸਤਖ਼ਤ ਨਹੀਂ ਕਰਨਗੇ। ਰਾਸ਼ਟਰਪਤੀ ਦਾ ਬਿਆਨ ਬਿੱਲ ਵਿਰੁਧ ਵੱਡੇ ਪੱਧਰ 'ਤੇ ਪ੍ਰਦਰਸ਼ਨਾਂ ਤੋਂ ਇਕ ਦਿਨ ਬਾਅਦ ਆਇਆ ਹੈ, ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੰਸਦ 'ਤੇ ਹਮਲਾ ਕੀਤਾ ਅਤੇ ਕਈ ਲੋਕ ਮਾਰੇ ਗਏ ਸਨ। ਕੀਨੀਆ ਸਰਕਾਰ ਵਿਰੁਧ ਅਜਿਹੇ ਹਿੰਸਕ ਪ੍ਰਦਰਸ਼ਨ ਕਈ ਦਹਾਕਿਆਂ ਬਾਅਦ ਹੋਏ ਹਨ।

ਸਰਕਾਰ ਕਰਜ਼ੇ ਦਾ ਭੁਗਤਾਨ ਕਰਨ ਲਈ ਨਵੇਂ ਟੈਕਸ ਤੋਂ ਪੈਸਾ ਇਕੱਠਾ ਕਰਨਾ ਚਾਹੁੰਦੀ ਸੀ, ਪਰ ਕੀਨੀਆ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਿੱਲ ਆਰਥਿਕ ਤੰਗੀਆਂ ਨੂੰ ਵਧਾਏਗਾ ਕਿਉਂਕਿ ਲੱਖਾਂ ਲੋਕਾਂ ਨੂੰ ਜੀਵਨ ਲਈ ਸੰਘਰਸ਼ ਕਰਨਾ ਪਵੇਗਾ। ਵਿਵਾਦਪੂਰਨ ਵਿੱਤ ਬਿੱਲ ਨੂੰ ਲੈ ਕੇ ਮੰਗਲਵਾਰ ਨੂੰ ਦੇਸ਼ 'ਚ ਹਫੜਾ-ਦਫੜੀ ਦੇ ਮੱਦੇਨਜ਼ਰ ਸਰਕਾਰ ਨੂੰ ਫ਼ੌਜ ਤਾਇਨਾਤ ਕਰਨੀ ਪਈ ਸੀ ਅਤੇ ਰੂਟੋ ਨੇ ਪ੍ਰਦਰਸ਼ਨਕਾਰੀਆਂ ਦੀ ਕਾਰਵਾਈ ਨੂੰ 'ਦੇਸ਼ਧ੍ਰੋਹੀ' ਦਸਿਆ ਸੀ।

ਰਾਸ਼ਟਰਪਤੀ ਨੇ ਹੁਣ ਕਿਹਾ ਹੈ ਕਿ ਬਿੱਲ ਨੇ "ਵਿਆਪਕ ਅਸੰਤੁਸ਼ਟੀ" ਪੈਦਾ ਕੀਤੀ ਹੈ ਅਤੇ ਉਨ੍ਹਾਂ ਨੇ ਲੋਕਾਂ ਦੀ ਗੱਲ ਸੁਣੀ ਹੈ ਅਤੇ "ਉਨ੍ਹਾਂ ਨੇ ਜੋ ਕਿਹਾ ਹੈ, ਉਸ ਨੂੰ ਸਵੀਕਾਰ ਕੀਤਾ ਹੈ" ਇਸ ਬਾਰੇ ਚਰਚਾ ਕਰਨ ਦੀ ਲੋੜ ਹੈ ਕਿ ਅਸੀਂ ਮਿਲ ਕੇ ਦੇਸ਼ ਦੇ ਮਾਮਲਿਆਂ ਦਾ ਪ੍ਰਬੰਧਨ ਕਿਵੇਂ ਕਰਦੇ ਹਾਂ।

ਕੀਨੀਆ ਦੇ ਲੋਕਾਂ ਨੂੰ ਬੁੱਧਵਾਰ ਨੂੰ ਸੜਕਾਂ 'ਤੇ ਅੱਥਰੂ ਗੈਸ ਅਤੇ ਫ਼ੌਜ ਦਾ ਸਾਹਮਣਾ ਕਰਨਾ ਪਿਆ। ਇਕ ਦਿਨ ਪਹਿਲਾਂ ਹਜ਼ਾਰਾਂ ਲੋਕਾਂ ਨੇ ਸੰਸਦ 'ਤੇ ਹਮਲਾ ਕੀਤਾ ਸੀ। ਰਾਸ਼ਟਰਪਤੀ ਨੇ ਇਸ ਨੂੰ ਅਣਆਗਿਆਕਾਰੀ ਦੀ ਕਾਰਵਾਈ ਅਤੇ "ਹੋਂਦ ਲਈ" ਖ਼ਤਰਾ ਕਿਹਾ ਸੀ। ਮਨੁੱਖੀ ਅਧਿਕਾਰ ਸਮੂਹਾਂ ਮੁਤਾਬਕ ਬਿੱਲ ਵਿਰੁਧ ਪ੍ਰਦਰਸ਼ਨਾਂ ਦੌਰਾਨ ਹਿੰਸਾ 'ਚ ਘੱਟੋ-ਘੱਟ 22 ਲੋਕ ਮਾਰੇ ਗਏ ਹਨ। ਰੂਟੋ ਨੇ ਇਸ ਨੂੰ 'ਮੰਦਭਾਗਾ' ਕਰਾਰ ਦਿਤਾ।