image caption:

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਦੀ ਹਮਾਇਤ ਦਾ ਐਲਾਨ

 ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਨਵੇਂ ਪੜਾਅ &rsquoਚ ਦਾਖਲ ਹੋ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਬਾਗ਼ੀ ਆਗੂਆਂ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਅਕਾਲੀ ਉਮੀਦਵਾਰ ਦੀ ਹਮਾਇਤ ਨੂੰ ਲੈ ਕੇ ਵੱਖੋ ਵੱਖਰੇ ਪੈਂਤੜੇ ਅਪਣਾ ਲਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜਲੰਧਰ ਜ਼ਿਮਨੀ ਚੋਣ &rsquoਚ ਉੱਤਰੀ ਪਾਰਟੀ ਦੀ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਦੀ ਹਮਾਇਤ ਨਾ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਬਾਗ਼ੀ ਧੜੇ ਨੇ ਪਾਰਟੀ ਦੀ ਅਧਿਕਾਰਤ ਉਮੀਦਵਾਰ ਸੁਰਜੀਤ ਕੌਰ ਦੇ ਹੱਕ &rsquoਚ ਡਟਣ ਦਾ ਫ਼ੈਸਲਾ ਕੀਤਾ ਹੈ। ਚੇਤੇ ਰਹੇ ਕਿ ਜਲੰਧਰ ਜ਼ਿਮਨੀ ਚੋਣ ਵਾਸਤੇ ਉਮੀਦਵਾਰਾਂ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਨੇ ਅਕਾਲੀ ਉਮੀਦਵਾਰ ਸੁਰਜੀਤ ਕੌਰ ਦੇ ਨਾਮ ਦਾ ਐਲਾਨ ਕੀਤਾ ਸੀ। ਪਾਰਟੀ ਅੰਦਰ ਬਗ਼ਾਵਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅਧਿਕਾਰਤ ਉਮੀਦਵਾਰ ਤੋਂ ਹੱਥ ਪਿਛਾਂਹ ਖਿੱਚ ਲਏ ਹਨ ਜਦਕਿ ਅਕਾਲੀ ਉਮੀਦਵਾਰ ਸੁਰਜੀਤ ਕੌਰ ਨੂੰ ਤੱਕੜੀ ਚੋਣ ਨਿਸ਼ਾਨ ਵੀ ਅਲਾਟ ਹੋ ਚੁੱਕਾ ਹੈ। ਸੁਰਜੀਤ ਕੌਰ ਦੀ ਨੇੜਤਾ ਪਾਰਟੀ ਦੇ ਬਾਗ਼ੀ ਆਗੂਆਂ ਨਾਲ ਹੈ।

ਡਾ. ਚੀਮਾ ਨੇ ਅੱਜ ਕਿਹਾ ਕਿ ਅਕਾਲੀ ਦਲ ਜ਼ਿਮਨੀ ਚੋਣ ਵਿੱਚ ਬਸਪਾ ਉਮੀਦਵਾਰ ਦੀ ਹਮਾਇਤ ਕਰੇਗਾ। ਉਨ੍ਹਾਂ ਕਿਹਾ ਕਿ ਬਾਗ਼ੀ ਧੜੇ ਨੇ ਜਲੰਧਰ ਚੋਣ ਵਿਚ ਟਕਸਾਲੀ ਪਰਿਵਾਰ ਦੀ ਸੁਰਜੀਤ ਕੌਰ ਨੂੰ ਚੋਣਾਂ ਵਿੱਚ ਝੋਕ ਕੇ ਖ਼ੁਦ ਜਲੰਧਰ ਵਿੱਚ ਹੀ ਪਾਰਟੀ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਬੀਬੀ ਸੁਰਜੀਤ ਕੌਰ ਟਕਸਾਲੀ ਪਰਿਵਾਰ &rsquoਚੋਂ ਹਨ ਅਤੇ ਪਰਿਵਾਰ ਅੱਜ ਵੀ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਥਾਨਕ ਲੀਡਰਸ਼ਿਪ ਵੀ ਚਾਹੁੰਦੀ ਸੀ ਕਿ ਪਾਰਟੀ ਦੀ ਮਜ਼ਬੂਤੀ ਵਾਸਤੇ ਪਹਿਲਾਂ ਦੋ ਸਾਲ ਜਲੰਧਰ (ਪੱਛਮੀ) ਵਿਚ ਆਧਾਰ ਕਾਇਮ ਕਰ ਲਿਆ ਜਾਵੇ ਕਿਉਂਕਿ ਇਹ ਸੀਟ 23 ਸਾਲ ਭਾਜਪਾ ਕੋਲ ਰਹੀ ਹੈ ਅਤੇ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ 2600 ਵੋਟਾਂ ਪਈਆਂ ਸਨ।